ਪਰਾਲੀ ਪ੍ਰਦੂਸ਼ਣ ਪ੍ਰਕਾਸ਼ ਪੁਰਬ ਮੌਕੇ ਵੀ ਨਹੀਂ ਟਲੇ ਪੰਜਾਬੀਚਰਨਜੀਤ ਭੁੱਲਰ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਵੀ ਪੰਜਾਬੀ ਪਰਾਲੀ ਨੂੰ ਅੱਗਾਂ ਲਾਉਣ ਤੋਂ ਨਹੀਂ ਟਲੇ। ਬੇਸ਼ੱਕ ਪਿਛਲੇ ਦਿਨਾਂ ਨਾਲੋਂ ਪ੍ਰਕਾਸ਼ ਦਿਹਾੜੇ ਵਾਲੇ ਦਿਨ ਪਰਾਲੀ ਨੂੰ ਸਾੜਣ ਦੇ ਕੇਸ ਕਾਫ਼ੀ ਘਟ ਰਹੇ ਪ੍ਰੰਤੂ ਲੋਕਾਂ ਨੇ ਇਸ ਪਵਿੱਤਰ ਦਿਹਾੜੇ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਅਮਲ ’ਚ ਨਹੀਂ ਲਿਆਂਦਾ। ਪੰਜਾਬ ’ਚ ਅੱਜ ਇੱਕੋ ਦਿਨ ’ਚ 94 ਥਾਵਾਂ ’ਤੇ ਪਰਾਲੀ ਨੂੰ ਅੱਗ ਲਾਈ ਗਈ ਅਤੇ ਸਭ ਤੋਂ ਵੱਧ ਅੱਜ ਜ਼ਿਲ੍ਹਾ ਮੋਗਾ ’ਚ ਡੇਢ ਦਰਜਨ ਕੇਸ ਸਾਹਮਣੇ ਆਏ। ਉਂਜ 15 ਸਤੰਬਰ ਤੋਂ ਹੁਣ ਤੱਕ ਪਰਾਲੀ ਸਾੜਨ ’ਚ ਮੁੱਖ ਮੰਤਰੀ ਪੰਜਾਬ ਦਾ ਜੱਦੀ ਜ਼ਿਲ੍ਹਾ ਸੰਗਰੂਰ ਪਹਿਲੇ ਨੰਬਰ ’ਤੇ ਹੈ ਜਿੱਥੇ ਹੁਣ ਤੱਕ 526 ਕੇਸ ਰਿਪੋਰਟ ਹੋਏ ਹਨ। ਪੰਜਾਬ ’ਚ ਹੁਣ ਤੱਥ 2933 ਕੇਸ ਸਾਹਮਣੇ ਆਏ ਹਨ ਜਦੋਂ ਕਿ ਪਿਛਲੇ ਵਰ੍ਹੇ ਇਸ ਸਮੇਂ ਤੱਕ 4755 ਕੇਸ ਰਿਪੋਰਟ ਹੋਏ ਸਨ। ਪੰਜਾਬ ਸਰਕਾਰ ਨੇ ਪਹਿਲੀ ਨਵੰਬਰ ’ਤੇ ਪਰਾਲੀ ਪ੍ਰਦੂਸ਼ਣ ਰੋਕਣ ਲਈ ਸਖ਼ਤੀ ਵਧਾ ਦਿੱਤੀ ਹੈ।
ਜ਼ਿਲ੍ਹਾ ਸੰਗਰੂਰ ’ਚ ਪਿਛਲੇ ਦਿਨਾਂ ’ਚ ਦੋ ਤਿੰਨ ਕਿਸਾਨਾਂ ਨੂੰ ਆਰਜ਼ੀ ਤੌਰ ’ਤੇ ਹਿਰਾਸਤ ’ਚ ਵੀ ਲਿਆ ਗਿਆ ਸੀ ਅਤੇ ਕਈ ਥਾਵਾਂ ’ਤੇ ਅਧਿਕਾਰੀਆਂ ਦਾ ਘਿਰਾਓ ਵੀ ਹੋਇਆ ਹੈ। ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀਜ਼ ਵੀ ਹੁਣ ਦਫ਼ਤਰਾਂ ਚੋਂ ਨਿਕਲ ਕੇ ਖੇਤਾਂ ’ਚ ਪੁੱਜਣ ਲੱਗੇ ਹਨ। ਸਖ਼ਤੀ ਦੇ ਬਾਵਜੂਦ ਅੱਜ ਜ਼ਿਲ੍ਹਾ ਸੰਗਰੂਰ ’ਚ 16 ਥਾਵਾਂ ’ਤੇ ਪਰਾਲੀ ਸਾੜੀ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਸਲੋਕ ’ਚ ਵਾਤਾਵਰਣ ਦੀ ਸੰਭਾਲ ਦੀ ਮਹੱਤਤਾ ਦਰਸਾਈ ਹੈ। ਅੱਜ ਪੰਜਾਬ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਰੰਤੂ ਦੂਸਰੀ ਤਰਫ਼ ਪਰਾਲੀ ਸਾੜਣ ਤੋਂ ਵੀ ਅੱਜ ਸੰਕੋਚ ਨਹੀਂ ਕੀਤਾ ਗਿਆ। ਉੱਤਰੀ ਭਾਰਤ ਦੇ ਛੇ ਸੂਬਿਆਂ ’ਚ ਹੁਣ ਤੱਕ ਕੁੱਲ 5863 ਸਾਹਮਣੇ ਆਏ ਹਨ ਜਿਨ੍ਹਾਂ ਚੋਂ 2933 ਕੇਸ ਇਕੱਲੇ ਪੰਜਾਬ ਦੇ ਹਨ। ਇਸ ਸੀਜ਼ਨ ਦੌਰਾਨ ਸਭ ਤੋਂ ਵੱਧ ਕੇਸ ਪਹਿਲੀ ਨਵੰਬਰ ਨੂੰ 442 ਰਿਕਾਰਡ ਹੋਏ ਸਨ।
ਲੰਘੇ ਕੱਲ੍ਹ 321 ਕੇਸ ਸਾਹਮਣੇ ਆਏ ਜਿਸ ਦੇ ਮੁਕਾਬਲੇ ਅੱਜ ਪ੍ਰਕਾਸ਼ ਪੁਰਬ ਵਾਲੇ ਦਿਨ 94 ਕੇਸ ਹੀ ਰਿਪੋਰਟ ਹੋਏ ਹਨ ਜਿਸ ਤੋਂ ਇਹ ਵੀ ਪ੍ਰਭਾਵ ਬਣਦਾ ਹੈ ਕਿ ਪੰਜਾਬੀਆਂ ਨੇ ਅੱਜ ਸੰਕੋਚ ਵਰਤਿਆ ਹੈ। ਗੁਆਂਢੀ ਸੂਬੇ ਹਰਿਆਣਾ ’ਚ ਹੁਣ ਤੱਕ 171 ਕੇਸ ਹੀ ਰਿਕਾਰਡ ਹੋਏ ਹਨ ਜੋ ਕਿ ਪੰਜਾਬ ਦੇ ਮੁਕਾਬਲੇ ਕਾਫ਼ੀ ਘੱਟ ਹਨ। ਉੱਤਰ ਪ੍ਰਦੇਸ਼ ’ਚ ਹੁਣ ਤੱਕ 1121 ਕੇਸ ਰਿਪੋਰਟ ਹੋਏ ਹਨ। ਪੰਜਾਬ ’ਚ ਇਸ ਵੇਲੇ ਤੱਕ 92 ਫ਼ੀਸਦੀ ਤੋਂ ਵੱਧ ਝੋਨੇ ਦੀ ਫ਼ਸਲ ਦੀ ਕਟਾਈ ਹੋ ਚੁੱਕੀ ਹੈ। ਅਗਲੀ ਕਣਕ ਦੀ ਫ਼ਸਲ ਦੀ ਬਿਜਾਈ ਲਈ 15 ਨਵੰਬਰ ਤੱਕ ਦੇ ਸਮੇਂ ਨੂੰ ਢੁਕਵਾਂ ਦੱਸਿਆ ਜਾਂਦਾ ਹੈ ਜਿਸ ਕਰਕੇ ਕਿਸਾਨਾਂ ਕੋਲ ਸਿਰਫ਼ ਦਸ ਦਿਨਾਂ ਦਾ ਸਮਾਂ ਬਚਿਆ ਹੈ। ਹਾੜ੍ਹੀ ਦੀ ਫ਼ਸਲ ਦੀ ਤਿਆਰੀ ’ਚ ਪਰਾਲੀ ਸਾੜਨ ਦੇ ਕੇਸਾਂ ’ਚ ਇਕਦਮ ਵਾਧਾ ਵੀ ਹੋ ਸਕਦਾ ਹੈ। ਹਕੀਕਤ ਇਹ ਵੀ ਹੈ ਕਿ ਦੋ ਵਰ੍ਹਿਆਂ ’ਚ ਪੰਜਾਬ ’ਚ ਪਰਾਲੀ ਸਾੜਨ ਦਾ ਰੁਝਾਨ ਕਾਫ਼ੀ ਘਟਿਆ ਵੀ ਹੈ।
ਰੋਪੜ ਜ਼ਿਲ੍ਹੇ ’ਚ ਹਾਲੇ ਤੱਕ ਪਰਾਲੀ ਪ੍ਰਦੂਸ਼ਣ ਦਾ ਇੱਕ ਵੀ ਕੇਸ ਨਹੀਂ ਆਇਆ ਹੈ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਤੱਕ 10 ਥਾਵਾਂ ’ਤੇ ਪਰਾਲੀ ਸਾੜੀ ਗਈ ਸੀ। ਪਠਾਨਕੋਟ ਜ਼ਿਲ੍ਹੇ ’ਚ ਸਿਰਫ਼ ਇੱਕ ਕੇਸ ਹੀ ਰਿਕਾਰਡ ਕੀਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ’ਚ ਪਿਛਲੇ ਸਾਲ ਦੇ ਮੁਕਾਬਲੇ ਬਹੁਤਾ ਫ਼ਰਕ ਨਹੀਂ ਆਇਆ ਹੈ। ਪਿਛਲੇ ਸਾਲ 204 ਕੇਸ ਸਨ ਅਤੇ ਐਤਕੀਂ 201 ਕੇਸ ਰਿਕਾਰਡ ਹੋਏ ਹਨ। ਇਸ ਸਮੇਂ ਤੱਕ ਪੰਜਾਬ ਦਾ ਇੱਕੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਜਿੱਥੇ ਕੇਸ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹੋ ਗਏ ਹਨ।
.jpg)
No comments:
Post a Comment