ਸਰਕਾਰੀ ‘ਇਨਾਮ’ ਜਨਾਬ ਘਰ ਪਰਤੇ, ਮੁੱਦਈ ਹੋਇਆ ਬੇਘਰ..। ਚਰਨਜੀਤ ਭੁੱਲਰ
ਚੰਡੀਗੜ੍ਹ : ਵਿਜੀਲੈਂਸ ਬਿਊਰੋ ਵੱਲੋਂ ‘ਪਾਰਟੀ ਫੰਡ’ ਮਾਮਲੇ ’ਚ ਫੜੇ ਡਿਪਟੀ ਚੀਫ ਇੰਜਨੀਅਰ ਹਰਮਿੰਦਰ ਸਿੰਘ ਨੂੰ ਪਾਵਰਕੌਮ ਨੇ ਬਹਾਲੀ ਤੋਂ ਕੁਝ ਸਮੇਂ ਮਗਰੋਂ ਹੁਸ਼ਿਆਰਪੁਰ ਦਫ਼ਤਰ ’ਚ ਮੁੜ ਤਾਇਨਾਤ ਕੀਤਾ ਹੈ। ਇਸੇ ਦਫ਼ਤਰ ’ਚ ਪਹਿਲਾਂ ਉਸ ’ਤੇ ਕੇਸ ਦਰਜ ਹੋਇਆ ਸੀ। ਵਿਜੀਲੈਂਸ ਬਿਊਰੋ ਕੋਲ ਇਸ ਡਿਪਟੀ ਚੀਫ ਇੰਜਨੀਅਰ ਦੀ ਸ਼ਿਕਾਇਤ ਕਰਨ ਵਾਲੇ ਐਕਸੀਅਨ ਲਖਵੀਰ ਸਿੰਘ ਨੂੰ ਮੁਕੇਰੀਆਂ ਤੋਂ ਬਦਲ ਕੇ ਪਹਿਲਾਂ ਗੁਰਦਾਸਪੁਰ ਟਰਾਂਸਫ਼ਰ ਕੀਤਾ ਤੇ ਮਹੀਨੇ ਮਗਰੋਂ ਰਣਜੀਤ ਸਾਗਰ ਡੈਮ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਵਿਜੀਲੈਂਸ ਰੇਂਜ ਜਲੰਧਰ ਵੱਲੋਂ ਹਰਮਿੰਦਰ ਸਿੰਘ ਖ਼ਿਲਾਫ਼ ਵੱਢੀਖੋਰੀ ਮਾਮਲੇ ’ਚ ਐੱਫ ਆਈ ਆਰ 1 ਫਰਵਰੀ 2025 ਨੂੰ ਦਰਜ ਕੀਤੀ ਗਈ ਸੀ। ਪਾਵਰਕੌਮ ਨੇ ਅਗਲੇ ਦਿਨ ਹਰਮਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ।
ਐੱਫ਼ ਆਈ ਆਰ ਮੁਤਾਬਕ ਲਖਵੀਰ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਡਿਪਟੀ ਚੀਫ ਇੰਜਨੀਅਰ ਹਰਮਿੰਦਰ ਸਿੰਘ ਨੇ 29 ਜਨਵਰੀ ਨੂੰ ਦਫ਼ਤਰ ਬੁਲਾ ਕੇ ‘ਪਾਰਟੀ ਫੰਡ’ ਦੇ ਨਾਮ ’ਤੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਪਾਰਟੀ ਫੰਡ ਦੇ ਨਾਮ ਹੇਠ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਪਾਰਟੀ ਫੰਡ’ ਮਾਮਲਾ ਸਦਨ ’ਚ ਉਠਾਇਆ ਸੀ। ਐਕਸੀਅਨ ਲਖਵੀਰ ਸਿੰਘ ਨੇ ਹੁਣ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਪਰੋਕਤ ਵਿਥਿਆ ਦੱਸੀ ਹੈ। ਉਨ੍ਹਾਂ ਪੱਤਰ ’ਚ ਕਿਹਾ ਕਿ ਹਰਮਿੰਦਰ ਸਿੰਘ ਦੀ 28 ਫਰਵਰੀ 2025 ਨੂੰ ਜ਼ਮਾਨਤ ਹੋ ਗਈ ਸੀ ਅਤੇ ਮੁਅੱਤਲੀ ਦੌਰਾਨ ਹਰਮਿੰਦਰ ਸਿੰਘ ਨੂੰ ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਹੈ ਕਿ ਡਿਪਟੀ ਚੀਫ ਇੰਜਨੀਅਰ ਨੂੰ ਬਹਾਲੀ ਮਗਰੋਂ ਉਸੇ ਜ਼ਿਲ੍ਹੇ, ਉਸੇ ਦਫ਼ਤਰ, ਉਸੇ ਅਸਾਮੀ ’ਤੇ ਹੁਣ ਤਾਇਨਾਤ ਕੀਤਾ ਹੈ ਜਿਸ ਦਫ਼ਤਰ ’ਚ ਤਾਇਨਾਤੀ ਦੌਰਾਨ ਵਿਜੀਲੈਂਸ ਕੇਸ ਦਰਜ ਹੋਇਆ ਸੀ।
ਪੱਤਰ ’ਚ ਲਿਖਿਆ ਹੈ ਕਿ ਸੁਪਰੀਮ ਕੋਰਟ ਅਨੁਸਾਰ ਬਹਾਲੀ ਮਗਰੋਂ ਕੋਈ ਵੀ ਅਧਿਕਾਰੀ ਉਸੇ ਦਫ਼ਤਰ ’ਚ ਤਾਇਨਾਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲਿਖਿਆ ਹੈ ਕਿ ਜੋ ‘ਪਾਰਟੀ ਫੰਡ’ ਮਾਮਲੇ ’ਚ ਸਰਕਾਰੀ ਗਵਾਹ ਹਨ, ਉਹ ਹੁਣ ਡਿਪਟੀ ਚੀਫ ਇੰਜਨੀਅਰ ਅਧੀਨ ਕੰਮ ਕਰ ਰਹੇ ਹਨ ਜਿਸ ਨਾਲ ਕੇਸ ਪ੍ਰਭਾਵਿਤ ਹੋਵੇਗਾ। ਐਕਸੀਅਨ ਲਖਵੀਰ ਸਿੰਘ ਨੇ ਮੰਗ ਕੀਤੀ ਕਿ ਇਸ ਅਧਿਕਾਰੀ ਨੂੰ ਫ਼ੌਰੀ ਹੁਸ਼ਿਆਰਪੁਰ ਸਰਕਲ ’ਚੋਂ ਤਬਦੀਲ ਕੀਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ’ਚ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ। ਇਹ ਮਾਮਲਾ ਸੁਰਖ਼ੀਆਂ ’ਚ ਆਉਣ ਮਗਰੋਂ ਵਿਰੋਧੀ ਧਿਰਾਂ ਨੇ ਕਾਫ਼ੀ ਰੌਲਾ ਪਾਇਆ ਸੀ। ਉਸ ਵੇਲੇ ਪੀ ਐੱਸ ਈ ਬੀ ਇੰਜਨੀਅਰਜ਼ ਐਸੋਸੀਏਸ਼ਨ ਨੇ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ‘ਪਾਰਟੀ ਫੰਡ’ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਸੀ।
%20final.jpg)
No comments:
Post a Comment