Showing posts with label social. Show all posts
Showing posts with label social. Show all posts

Thursday, December 3, 2020

                                             ਦਿੱਲੀ ਘੋਲ
                          ਨਾ ਗ਼ਮ ਚੇਤੇ ਆਏ, ਨਾ ਖ਼ੁਸ਼ੀ ਰਹੀ ਯਾਦ
                                           ਚਰਨਜੀਤ ਭੁੱਲਰ                                

ਚੰਡੀਗੜ੍ਹ : ਇਹ 'ਦਿੱਲੀ ਘੋਲ' ਦਾ ਹੀ ਪ੍ਰਤਾਪ ਹੈ ਕਿ ਸੈਂਕੜੇ ਕਿਸਾਨ ਸਭ ਕੁਝ ਤਿਆਗ ਕੇ ਸੰਘਰਸ਼ੀ ਗੂੰਜ ਪਾਉਣ ਲੱਗੇ ਹਨ। ਉਹ ਨਾ ਕਿਸੇ ਖ਼ੁਸ਼ੀ ਵਿੱਚ ਸ਼ਰੀਕ ਹੋ ਰਹੇ ਹਨ ਤੇ ਨਾ ਹੀ ਕਿਸੇ ਗਮੀ 'ਚ ਜਾ ਰਹੇ ਹਨ, ਉਨ੍ਹਾਂ ਲਈ ਦਿੱਲੀ ਮੋਰਚਾ ਹੀ ਜ਼ਿੰਦਗੀ ਹੈ। ਸੰਗਰੂਰ ਦੇ ਪਿੰਡ ਘਰਾਚੋਂ ਦੀ ਮਾਤਾ ਰਣਜੀਤ ਕੌਰ ਲਈ ਦਿੱਲੀ ਮੋਰਚਾ ਸਭ ਕੁਝ ਹੈ। ਉਸ ਦਾ ਸਹੁਰਾ ਅਤੇ ਭੈਣ ਅਧਰੰਗ ਦੇ ਮਰੀਜ਼ ਹਨ ਜਿਨ੍ਹਾਂ ਦੀ ਸੰਭਾਲ ਉਸ ਦੇ ਹਿੱਸੇ ਸੀ, ਪਰ ਹੁਣ ਉਹ ਉਨ੍ਹਾਂ ਨੂੰ ਛੱਡ ਦਿੱਲੀ ਔਰਤਾਂ ਦੇ ਜਥੇ 'ਚ ਪੁੱਜ ਗਈ ਹੈ। ਉਸਦਾ ਆਖਣਾ ਹੈ ਕਿ ਅਧਰੰਗ ਤੋਂ ਤਾਂ ਬਚ ਜਾਵਾਂਗੇ, ਖੇਤੀ ਕਾਨੂੰਨਾਂ ਤੋਂ ਬਚਣਾ ਮੁਸ਼ਕਲ ਹੈ। ਉਹ ਆਖਦੀ ਹੈ ਕਿ ਘਰ ਪਏ ਅਧਰੰਗ ਦੇ ਦੋਵੇਂ ਮਰੀਜ਼ ਵੀ ਖ਼ੁਦ ਦੁੱਖ ਝੱਲ ਰਹੇ ਹਨ ਪਰ ਉਸ ਨੂੰ ਫੋਨ ਕਰ ਕੇ ਮੋਰਚੇ 'ਚ ਡਟਣ ਦਾ ਹੌਸਲਾ ਵੀ ਦੇ ਰਹੇ ਹਨ। ਮਾਨਸਾ ਦੇ ਪਿੰਡ ਰਾਅਪੁਰ ਮਾਖਾ ਦਾ ਕਰਨੈਲ ਸਿੰਘ ਟਿਕਰੀ ਸਰਹੱਦ 'ਤੇ ਬੈਠਾ ਹੈ। ਉਸ ਦੀ 38 ਸਾਲ ਦੀ ਭਰਜਾਈ ਦੀ ਮੌਤ ਹੋ ਗਈ। ਉਹ ਭਰਜਾਈ ਦੇ ਸਸਕਾਰ 'ਤੇ ਨਹੀਂ ਗਿਆ। ਆਖਦਾ ਹੈ ਕਿ ਸਹੁੰ ਖਾਧੀ ਸੀ ਕਿ ਬਿਨਾਂ ਜਿੱਤੇ ਵਾਪਸ ਨਹੀਂ ਜਾਣਾ।
            ਬਰਨਾਲਾ ਦੇ ਪਿੰਡ ਭੈਣੀ ਮਹਿਰਾਜ ਦੇ ਕਿਸਾਨ ਨਿਰਮਲ ਸਿੰਘ ਦੀ ਇੱਕ ਲੱਤ ਅਤੇ ਇੱਕ ਬਾਂਹ ਕੱਟੀ ਹੋਈ ਹੈ। ਪਿੰਡ ਵਿੱਚ ਡੇਅਰੀ ਦਾ ਕੰਮ ਕਰਦਾ ਸੀ। ਪਿੱਛੇ ਪਰਿਵਾਰ ਬੁਲਾ ਰਿਹਾ ਹੈ, ਪਰ ਉਹ ਆਖਦਾ ਹੈ ਕਿ ਖਾਲੀ ਹੱਥ ਦਿੱਲੀਓਂ ਮੁੜ ਗਿਆ ਤਾਂ ਪਸ਼ੂ ਵੀ ਨਹੀਂ ਬਚਣਗੇ। ਉਹ ਇੱਕੋ ਬਾਂਹ ਖੜ੍ਹੀ ਕਰ ਕੇ ਨਾਅਰੇ ਮਾਰ ਰਿਹਾ ਹੈ। ਇਨ੍ਹਾਂ ਸਭ ਕਿਸਾਨਾਂ ਦਾ ਜੋਸ਼ ਤੇ ਜਜ਼ਬਾ ਵੇਖਣ ਵਾਲਾ ਹੈ। ਇਨ੍ਹਾਂ ਲਈ ਸਭ ਤੋਂ ਪਹਿਲੀ ਤਰਜੀਹ ਕਿਸਾਨ ਜੰਗ ਜਿੱਤਣਾ ਹੈ। ਫਤਹਿਗੜ੍ਹ ਛੰਨਾ ਦੇ ਕਿਸਾਨ ਭਰਾ ਬਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦਿੱਲੀ ਸਰਹੱਦ 'ਤੇ ਬੈਠੇ ਹਨ। ਇਨ੍ਹਾਂ ਭਰਾਵਾਂ ਦਾ ਪਿਤਾ ਗੁਰਦਿਆਂ ਦਾ ਮਰੀਜ਼ ਹੈ ਜਿਸ ਨੂੰ ਘਰ ਛੱਡ ਉਹ ਮੋਰਚੇ 'ਚ ਬੈਠੇ ਹਨ। ਉਨ੍ਹਾਂ ਦੀ ਮਾਂ ਇਕੱਲੀ ਹੀ ਉਸ ਨੂੰ ਸੰਭਾਲ ਰਹੀ ਹੈ। ਮਾਂ ਜਸਮੇਲ ਕੌਰ ਨੇ ਦੋਵੇਂ ਪੁੱਤਰਾਂ ਨੂੰ ਇਹ ਆਖ ਦਿੱਲੀ ਭੇਜ ਦਿੱਤਾ ਕਿ 'ਤੁਸੀਂ ਖੇਤ ਬਚਾਓ'। ਦੋਵੇਂ ਭਰਾ ਆਖਦੇ ਹਨ ਕਿ ਉਹ ਆਪਣੇ ਪਿਤਾ ਦੇ ਖੇਤ ਬਚਾਉਣ ਲਈ ਰਾਜਧਾਨੀ ਆਏ ਹਨ। ਇਸੇ ਤਰ੍ਹਾਂ 12ਵੀਂ ਕਲਾਸ 'ਚ ਪੜ੍ਹਦਾ ਅਰਸ਼ਦੀਪ ਸਕੂਲ ਵਰਦੀ 'ਚ ਧਰਨੇ ਵਿੱਚ ਬੈਠਾ ਹੈ। ਉਹ ਆਖਦਾ ਹੈ ਕਿ ਪਿਤਾ ਦੀ ਪੈਲੀ ਬਚ ਗਈ ਤਾਂ ਹੀ ਅੱਗੇ ਪੜ੍ਹ ਸਕਾਂਗਾ। ਉਹ ਦੱਸਦਾ ਹੈ ਕਿ ਵਰਦੀ 'ਚ ਇਸ ਕਰਕੇ ਆਇਆ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ 'ਕੱਲੇ ਕਿਸਾਨ ਨਹੀਂ, ਉਨ੍ਹਾਂ ਦੇ ਮੁੰਡੇ ਵੀ ਆਏ ਹਨ।
            ਦੂਜੇ ਪਾਸੇ ਬਹੁਤੇ ਕਿਸਾਨਾਂ ਤੇ ਜਵਾਨਾਂ ਨੇ ਆਪਣੇ ਘਰਾਂ ਵਿੱਚ ਖ਼ੁਸ਼ੀ ਦੇ ਪ੍ਰੋਗਰਾਮ ਛੱਡ ਕੇ ਦਿੱਲੀ ਨਾਲ ਟੱਕਰਨ ਨੂੰ ਪਹਿਲ ਦਿੱਤੀ ਹੈ। ਪਬਲਿਕ ਕਾਲਜ ਸਮਾਣਾ ਵਿੱਚ ਬਾਕਸਰ ਕੋਚ ਰਾਮ ਸਿੰਘ ਦੇ ਘਰ ਭਤੀਜੀ ਦਾ ਵਿਆਹ ਸੀ। ਦਿੱਲੀ ਅੰਦੋਲਨ 'ਚ ਠੁਰ-ਠੁਰ ਕਰਦੇ ਬਜ਼ੁਰਗਾਂ ਦੀ ਤਸਵੀਰ ਦੇਖੀ। ਉਹ ਘਰ ਬਿਨਾਂ ਕਿਸੇ ਨੂੰ ਦੱਸੇ ਰਾਤ ਨੂੰ ਹੀ ਦਿੱਲੀ ਪਹੁੰਚ ਗਿਆ। ਉਹ ਆਖਦਾ ਹੈ ਕਿ ਜਿਨ੍ਹਾਂ ਬਜ਼ੁਰਗਾਂ ਦੀ ਉਮਰ ਪੋਤਿਆਂ ਨਾਲ ਖੇਡਣ ਦੀ ਹੈ, ਉਹ ਬੁਛਾੜਾਂ ਝੱਲ ਰਹੇ ਹਨ। ਵਿਆਹ ਨਾਲੋਂ ਜ਼ਮੀਨ ਪਹਿਲਾਂ ਹੈ। ਕੌਮਾਂਤਰੀ ਬਾਕਸਰ ਨੇ ਦੱਸਿਆ ਕਿ ਉਹ 9 ਦਸੰਬਰ ਨੂੰ ਮੁੜ ਪੂਰੀ ਟੀਮ ਨੂੰ ਨਾਲ ਲੈ ਕੇ ਦਿੱਲੀ ਜਾਵੇਗਾ। ਜਲਾਲਾਬਾਦ ਦੇ ਪਿੰਡ ਚੱਕ ਅਤਰ ਵਾਲਾ ਦਾ ਅੰਮ੍ਰਿਤਪਾਲ ਮਗਨਰੇਗਾ 'ਚ ਠੇਕੇ 'ਤੇ ਨੌਕਰੀ ਕਰਦਾ ਹੈ, ਉਹ ਬਿਨਾਂ ਤਨਖਾਹ ਤੋਂ ਛੁੱਟੀ ਲੈ ਕੇ ਦਿੱਲੀ ਗਿਆ ਹੈ। ਉਸ ਦੀ ਭੂਆ ਦੀ ਲੜਕੀ ਦਾ ਵੀ ਹੁਣ ਵਿਆਹ ਸੀ। ਉਹ ਆਖਦਾ ਹੈ ਕਿ ਜ਼ਮੀਨ ਚਲੀ ਗਈ ਤਾਂ ਖਾਵਾਂਗੇ ਕੀ?
           ਭੈਣੀ ਮਹਿਰਾਜ ਦੇ ਰਘਬੀਰ ਸਿੰਘ ਨੇ ਆਪਣੇ ਮਸੇਰੇ ਭਰਾ ਦੇ ਵਿਆਹ ਨਾਲੋਂ ਦਿੱਲੀ 'ਚ ਘੋਲ ਦਾ ਸਾਂਝੀ ਬਣਨ ਨੂੰ ਪਹਿਲ ਦਿੱਤੀ। ਪਿੰਡ ਅਕਲੀਆ ਦੇ ਜੀਤ ਸਿੰਘ ਨੇ ਆਪਣੇ ਭਤੀਜੇ ਦਾ ਵਿਆਹ ਛੱਡ ਦਿੱਤਾ। ਉਹ ਆਖਦਾ ਹੈ ਕਿ ਸਿਰ ਧੜ ਦੀ ਲੱਗੀ ਹੋਵੇ, ਉਦੋਂ ਕੌਣ ਮੈਦਾਨ-ਏ-ਜੰਗ ਛੱਡਦਾ ਹੈ। ਇਹ ਇਨ੍ਹਾਂ ਕਿਸਾਨਾਂ ਦੀ ਇਸ ਘੋਲ ਨਾਲ ਵੱਡੀ ਸਾਂਝ ਹੈ ਕਿ ਉਨ੍ਹਾਂ ਨੂੰ ਬਾਕੀ ਸਭ ਕੁਝ ਬੌਣਾ ਲੱਗਦਾ ਹੈ। ਇਨ੍ਹਾਂ ਕਿਸਾਨਾਂ ਦਾ ਜਜ਼ਬਾ ਹੈ ਜੋ ਕੇਂਦਰੀ ਹਕੂਮਤ ਨੂੰ ਝੁਕਣ ਲਈ ਮਜਬੂਰ ਕਰ ਰਿਹਾ ਹੈ। ਬੀਕੇਯੂ (ਉਗਰਾਹਾਂ) ਦੇ ਮਹਿਲਾ ਵਿੰਗ ਦੀ ਪ੍ਰਧਾਨ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਸਭ ਪਰਿਵਾਰਾਂ ਨੂੰ ਜ਼ਮੀਨਾਂ ਦੇ ਖੁੱਸਣ ਦਾ ਡਰ ਹੈ ਜਿਸ ਕਰਕੇ ਕੋਈ ਵੀ ਖ਼ੁਸ਼ੀ-ਗਮੀ ਉਨ੍ਹਾਂ ਦੇ ਜੋਸ਼ ਨੂੰ ਮੱਠਾ ਨਹੀਂ ਪਾ ਸਕੀ ਹੈ।

Sunday, October 2, 2016

                               ਬੇਵੱਸ ਮਾਪੇ
           ਧੀਆਂ ਦੇ ਚਾਅ ਮਲਾਰਾਂ ਤੇ ਹੱਲਾ !
                             ਚਰਨਜੀਤ ਭੁੱਲਰ
ਬਠਿੰਡਾ  : ਕੌਮਾਂਤਰੀ ਤਣਾਓ ਨੇ ਸਰਹੱਦੀ ਕਿਸਾਨ ਸੋਹਣ ਸਿੰਘ ਦੀ ਲੜਕੀ ਦੇ ਵਿਆਹ ਦੇ ਚਾਅ ਟੋਟੇ ਕਰ ਦਿੱਤਾ ਹੈ। ਪਿੰਡ ਮੁਹਾਰ ਸੋਨਾ ਦਾ ਕਿਸਾਨ ਸੋਹਣ ਸਿੰਘ ਪਰਿਵਾਰ ਸਮੇਤ ਫਾਜਿਲਕਾ ਦੇ 'ਰਾਹਤ ਕੈਂਪ' ਵਿਚ ਬੈਠਾ ਹੈ ਜਿਸ ਦੀ ਧੀਅ ਦਾ ਵਿਆਹ 7 ਅਕਤੂਬਰ ਨੂੰ ਧਰਿਆ ਹੋਇਆ ਹੈ। ਅਣਕਿਆਸੇ ਤਣਾਓ ਨੇ ਇਸ ਧੀਅ ਦੇ ਸੁਫਨਿਆਂ ਤੇ ਅਚਨਚੇਤੀ ਹਮਲਾ ਬੋਲ ਦਿੱਤਾ ਹੈ। ਸਰਹੱਦੀ ਪਿੰਡਾਂ ਵਿਚ ਇਸ ਤਣਾਓ ਨੇ ਰੰਗ ਵਿਚ ਭੰਗ ਪਾ ਦਿੱਤਾ ਹੈ। ਫਿਰੋਜ਼ਪੁਰ ਦੇ ਪਿੰਡ ਗੱਟੀ ਰੀਮਾ ਦੇ ਬਲਵਿੰਦਰ ਸਿੰਘ ਦੇ ਘਰ ਵਿਆਹ ਰੱਖਿਆ ਹੋਇਆ ਹੈ ਤੇ ਉਪਰੋਂ ਹੁਣ ਪਿੰਡ ਖਾਲੀ ਹੋ ਗਏ ਹਨ। ਇਸ ਘਰੋਂ ਭਲਕੇ ਬਰਾਤ ਚੜਨੀ ਹੈ ਤੇ ਤਣਾਓ ਦੇ ਮਾਹੌਲ ਨੇ ਘਰ ਦੀ ਖੁਸ਼ੀ ਨੂੰ ਉਡਾ ਦਿੱਤਾ ਹੈ। ਫਾਜਿਲਕਾ ਅਤੇ ਫਿਰੋਜ਼ਪੁਰ ਵਿਚ ਦਰਜਨਾਂ ਵਿਆਹ ਸਾਹੇ ਅਤੇ ਮੰਗਣੀ ਦੇ ਪ੍ਰੋਗਰਾਮ ਕੈਂਸਲ ਹੋਏ ਹਨ। ਫਾਜਿਲਕਾ ਦੇ ਪਿੰਡ ਚੂਹੜੀ ਚਿਸ਼ਤੀ ਦੇ ਇਕਬਾਲ ਸਿੰਘ ਦੀ ਲੜਕੀ ਦਾ ਵਿਆਹ ਵੀ 11 ਅਕਤੂਬਰ ਦਾ ਹੈ। ਇਕਬਾਲ ਸਿੰਘ ਦਾ ਕਹਿਣਾ ਸੀ ਕਿ ਇਸ ਤਣਾਓ ਨੇ ਨਵੇਂ ਫਿਕਰ ਖੜ•ੇ ਕਰ ਦਿੱਤੇ ਹਨ ਅਤੇ ਮਾਹੌਲ ਸ਼ਾਂਤ ਹੋਣ ਦੀ ਹੀ ਕਾਮਨਾ ਕਰ ਰਹੇ ਹਨ ਤਾਂ ਜੋ ਲੜਕੀ ਦਾ ਵਿਆਹ ਖੁਸ਼ੀ ਖੁਸ਼ੀ ਨੇਪਰੇ ਚੜ ਸਕੇ। ਫਾਜਿਲਕਾ ਦੇ ਕਰਿਆਣਾ ਸਟੋਰ ਦੇ ਮਾਲਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿਚ ਦਰਜਨਾਂ ਘਰਾਂ ਵਿਚ ਵਿਆਹ ਸਾਹੇ ਰੱਖੇ ਹੋਏ ਸਨ ਜਿਨ•ਾਂ ਵਿਚ ਉਸ ਵਲੋਂ ਕਰਿਆਣਾ ਸਮਾਨ ਸਪਲਾਈ ਕੀਤਾ ਜਾਣਾ ਸੀ।
                    ਉਨ•ਾਂ ਦੱਸਿਆ ਕਿ ਹੁਣ ਦੁਬਿਧਾ ਬਣੀ ਹੋਈ ਹੈ। ਦੂਸਰੀ ਤਰਫ ਤਣਾਓ ਦੀ ਭੇਟ ਸੋਗ ਸਮਾਗਮ ਵੀ ਚੜੇ ਹਨ। ਪਿੰਡ ਪੱਕੀ ਚਿਸ਼ਤੀ ਵਿਚ ਤਾਰਾ ਸਿੰਘ ਦੀ ਪਤਨੀ ਦਾ ਭੋਗ ਸਮਾਗਮ ਚੱਲ ਰਿਹਾ ਸੀ ਜਦੋਂ ਕਿ ਪਿੰਡ ਖਾਲੀ ਕਰਨ ਦਾ ਸੁਨੇਹਾ ਆ ਗਿਆ। ਪਿੰਡ ਦੇ ਵਸਨੀਕ ਜਗਸੀਰ ਸਿੰਘ ਨੇ ਦੱਸਿਆ ਕਿ ਸੁਨੇਹਾ ਆਉਣ ਮਗਰੋਂ ਹੀ ਪਰਿਵਾਰ ਨੂੰ ਆਪਣੇ ਘਰ ਨੂੰ ਖਾਲੀ ਕਰਨਾ ਪਿਆ। ਇੱਥੋਂ ਲਾਗਲੀ ਇੱਕ ਢਾਣੀ ਵਿਚ ਸਧਾਰਨ ਪਾਠ ਪ੍ਰਕਾਸ਼ ਕਰਾਉਣ ਦਾ ਪ੍ਰੋਗਰਾਮ ਸੀ ਪ੍ਰੰਤੂ ਪਰਿਵਾਰ ਵਾਲਿਆਂ ਨੂੰ ਐਨ ਮੌਕੇ ਤੇ ਪ੍ਰੋਗਰਾਮ ਟਾਲਣੇ ਪਏ। ਇਸ ਤੋਂ ਬਿਨ•ਾਂ ਸਰਹੱਦੀ ਪਿੰਡਾਂ ਦੇ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਵਾਲੇ ਨੌਜਵਾਨ ਵੀ ਦੁਬਿਧਾ ਵਿਚ ਫਸ ਗਏ ਹਨ। ਤਹਿਸੀਲ ਪੱਟੀ ਦੇ ਪਿੰਡ ਗਿਲਪਾਂ ਦੇ ਮਨਪ੍ਰੀਤ ਸਿੰਘ ਦਾ ਵਿਦੇਸ਼ ਚੋਂ ਆਫਰ ਲੈਟਰ ਆ ਚੁੱਕਾ ਹੈ ਅਤੇ ਉਸ ਨੇ ਹੁਣ ਫੰਡ ਭੇਜਣੇ ਸਨ। ਉਨ•ਾਂ ਦਾ ਕਹਿਣਾ ਸੀ ਕਿ ਤਣਾਓ ਕਰਕੇ ਉਹ ਦੁਚਿਤੀ ਵਿਚ ਘਿਰ ਗਿਆ ਹੈ। ਫੰਡ ਭੇਜ ਦਿੱਤੇ ਤਾਂ ਪਿਛੋਂ ਕੋਈ ਆਫਤ ਆ ਪਈ ਤਾਂ ਉਸ ਦੇ ਮਾਪਿਆਂ ਦਾ ਕੀ ਬਣੇਗਾ। ਫਿਰੋਜ਼ਪੁਰ ਦੇ ਧੰਜੂ ਟਰੈਵਲਜ਼ ਦੇ ਮਾਲਕ ਜਗਦੇਵ ਧੰਜੂ ਦਾ ਕਹਿਣਾ ਸੀ ਕਿ ਕਈ ਨੌਜਵਾਨ ਵਿਦੇਸ਼ ਚੋਂ ਆਫਰ ਲੈਟਰ ਮਿਲਣ ਮਗਰੋਂ ਫੰਡ ਟਰਾਂਸਫਰ ਕਰਨ ਵਾਸਤੇ ਹਾਲੇ ਰੁਕ ਗਏ ਹਨ।
                  ਫਿਰੋਜ਼ਪੁਰ ਜ਼ਿਲ•ੇ ਦੇ ਦਰਜਨਾਂ ਗੁਰੂ ਘਰਾਂ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਵੀ ਧਾਰਮਿਕ ਧਿਰਾਂ ਵਲੋਂ ਲਿਆਂਦੇ ਜਾ ਚੁੱਕੇ ਹਨ। ਬਲਾਕ ਸੰਮਤੀ ਫਿਰੋਜ਼ਪੁਰ ਦੇ ਚੇਅਰਮੈਨ ਛਿੰਦਰ ਸਿੰਘ ਨੇ ਦੱਸਿਆ ਕਿ ਉਨ•ਾਂ ਦੇ ਬਲਾਕ ਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਗੁਰੂ ਘਰਾਂ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਦੇ ਲਿਆਂਦੇ ਜਾ ਚੁੱਕੇ ਹਨ। ਬਾਬਾ ਸਰਬਜੀਤ ਸਿੰਘ ਨੇ ਦੱਸਿਆ ਕਿ ਇਨ•ਾਂ ਨੂੰ ਫਿਰੋਜ਼ਪੁਰ ਸ਼ਹਿਰ ਦੀ ਇੱਕ ਨਵੀਂ ਕੋਠੀ ਵਿਚ ਧਾਰਮਿਕ ਮਰਿਯਾਦਾ ਅਨੁਸਾਰ ਸ਼ੁਸੋਭਿਤ ਕੀਤਾ ਗਿਆ ਹੈ। ਪੇਂਡੂ ਨੌਜਵਾਨ ਕਲੱਬਾਂ ਨੂੰ ਖੇਡ ਟੂਰਨਾਮੈਂਟ ਕੈਂਸਲ ਕਰਨੇ ਪਏ ਹਨ। ਫਾਜਿਲਕਾ ਦੇ ਪਿੰਡ ਅਹਿਲ ਬੋਦਲਾ ਦੇ ਨੌਜਵਾਨ ਕਲੱਬ ਵਲੋਂ ਹਰ ਵਰੇ• ਪਹਿਲੀ ਅਕਤੂਬਰ ਤੋਂ ਟੂਰਨਾਮੈਂਟ ਕਰਾਇਆ ਜਾਂਦਾ ਹੈ। ਕਲੱਬ ਆਗੂ ਰਜਿੰਦਰ ਸਿੰਘ ਨੇ ਦੱਸਿਆ ਕਿ ਸਭ ਤਿਆਰੀ ਹੋ ਗਈ ਸੀ ਪ੍ਰੰਤੂ ਹੁਣ ਪ੍ਰੋਗਰਾਮ ਰੱਦ ਕਰਨਾ ਪਿਆ ਹੈ। ਇਵੇਂ ਪਿੰਡ ਪੱਕਾ ਚਿਸ਼ਤੀ ਵਿਚ ਵੀ ਕ੍ਰਿਕਟ ਟੂਰਨਾਮੈਂਟ ਰੱਖਿਆ ਹੋਇਆ ਸੀ ਜਿਸ ਨੂੰ ਰੱਦ ਕਰਨਾ ਪਿਆ ਹੈ। ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਫਾਜਿਲਕਾ ਸੁਰਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਖਾਲੀ ਕਰਾਏ ਪਿੰਡਾਂ ਦੇ ਬਹੁਤੇ ਲੋਕ ਆਪੋ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਚਲੇ ਗਏ ਹਨ।
                  ਇਵੇਂ ਹੀ ਕੇਂਦਰੀ ਸਿਹਤ ਮੰਤਰੀ ਸ੍ਰੀ ਜੇ.ਪੀ.ਨੱਢਾ ਨੇ 2 ਅਕਤੂਬਰ ਨੂੰ ਫਾਜਿਲਕਾ ਵਿਚ ਕੈਂਸਰ ਹਸਪਤਾਲ ਦੇ ਸਮਾਗਮਾਂ ਵਿਚ ਪੁੱਜਣਾ ਸੀ ਪ੍ਰੰਤੂ ਇਹ ਸਮਾਗਮ ਹੁਣ ਰੱਦ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਲੋਂ ਵੀ ਅੱਜ ਖੇਡ ਕਿੱਟਾਂ ਵੰਡਣ ਦਾ ਸਮਾਗਮ ਵੀ ਰੱਦ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਫਾਜਿਲਕਾ ਤੇ ਫਿਰੋਜ਼ੁਪਰ ਵਿਚ ਅੱਜ ਝੋਨੇ ਦੀ ਆਮਦ ਵੀ ਹੋ ਗਈ ਹੈ। ਅੱਜ ਫਾਜਿਲਕਾ,ਜਲਾਲਾਬਾਦ ਅਤੇ ਅਬੋਹਰ ਵਿਚ ਸਰਕਾਰੀ ਖਰੀਦ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦਾ ਝੋਨਾ ਸਰਕਾਰ ਨੇ ਪਹਿਲ ਦੇ ਅਧਾਰ ਤੇ ਖਰੀਦ ਕਰਨ ਦਾ ਫੈਸਲਾ ਕੀਤਾ ਹੈ। ਉਨ•ਾਂ ਦੱਸਿਆ ਕਿ ਅੱਜ ਫਸਲ ਦੀ ਪਹਿਲੀ ਬੋਲੀ ਲਗਾਈ ਗਈ ਹੈ। 

Friday, July 1, 2016

                             ਨੌਕਰੀ ਘੁਟਾਲਾ
                  ਹੁਣ ਛੋਕਰੀ ਤੋਂ ਵੀ ਗਏ !
                              ਚਰਨਜੀਤ ਭੁੱਲਰ
ਬਠਿੰਡਾ : ਨੌਕਰੀ ਘੁਟਾਲੇ ਨੇ ਸੈਂਕੜੇ ਘਰਾਂ ਦੇ ਰੰਗ ਵਿਚ ਭੰਗ ਪਾ ਦਿੱਤੀ ਹੈ। ਵਾਜੇ ਵੱਜਣ ਦੀ ਥਾਂ ਇਨ•ਾਂ ਘਰਾਂ ਵਿਚ ਹੁਣ ਖ਼ਾਮੋਸ਼ੀ ਛਾਈ ਹੋਈ ਹੈ। ਪਨਸਪ ਦੇ ਦਰਜਨਾਂ ਇੰਸਪੈਕਟਰਾਂ ਦੇ ਇਨ•ਾਂ ਦਿਨਾਂ ਵਿਚ ਰਿਸ਼ਤੇ ਤੈਅ ਹੋ ਰਹੇ ਸਨ। ਬਹੁਤੇ ਮਾਪਿਆਂ ਵਲੋਂ ਲੜਕਿਆਂ ਦੇ ਅਗਲੀ ਸਰਦੀ ਦੇ ਮੌਸਮ ਵਿਚ ਵਿਆਹ ਸਾਹੇ ਕਰਨੇ ਸਨ। ਸ਼ਗਨਾਂ ਦੀ ਮਹਿੰਦੀ ਦੀ ਥਾਂ ਇਨ•ਾਂ ਪਰਿਵਾਰਾਂ ਦੇ ਮੱਥੇ ਤੇ ਬਦਨਾਮੀ ਦਾ ਦਾਗ ਲੱਗ ਗਿਆ ਹੈ। ਕੁਝ ਸਮਾਂ ਪਹਿਲਾਂ ਤੱਕ ਇਨ•ਾਂ ਦੇ ਘਰਾਂ ਵਿਚ ਵਿਚੋਲੇ ਗੇੜੇ ਮਾਰ ਰਹੇ ਸਨ ਅਤੇ ਹੁਣ ਉਨ•ਾਂ ਦੀ ਵਿਜੀਲੈਂਸ ਅਫਸਰਾਂ ਦੇ ਗੇੜੇ ਵੱਜ ਰਹੇ ਹਨ। ਵਿਆਹ ਦੇ ਸੁਪਨੇ ਸੰਜੋਣ ਵਾਲੇ ਬਹੁਤੇ ਤਾਂ ਵਿਜੀਲੈਂਸ ਦੇ ਡਰੋਂ ਫਰਾਰ ਹਨ। ਮਾਨਸਾ ਜ਼ਿਲ•ੇ ਦੇ ਭੀਖੀ ਦਾ ਇੱਕ ਇੰਸਪੈਕਟਰ ਫਰਾਰ ਹੈ। ਥੋੜਾ ਸਮਾਂ ਪਹਿਲਾਂ ਹੀ ਉਸ ਦੀ ਮੰਗਣੀ ਹੋਈ ਹੈ। ਰਾਮਪੁਰਾ ਵਿਚ ਤਾਇਨਾਤ ਇੱਕ ਇੰਸਪੈਕਟਰ ਦੇ ਵਿਆਹ ਦੀ ਗੱਲ ਆਖਰੀ ਗੇੜ ਵਿਚ ਚੱਲ ਰਹੀ ਸੀ ਵੇਰਵਿਆਂ ਅਨੁਸਾਰ ਤਲਵੰਡੀ ਸਾਬੋ ਦੇ ਦੋ ਇੰਸਪੈਕਟਰਾਂ ਦੇ ਘਰ ਕੁਝ ਦਿਨ ਪਹਿਲਾਂ ਤੱਕ ਰਿਸ਼ਤੇ ਵਾਲਿਆਂ ਦਾ ਗੇੜੇ ਤੇ ਗੇੜਾ ਵੱਜ ਰਿਹਾ ਸੀ। ਸੂਤਰ ਦੱਸਦੇ ਹਨ ਕਿ ਇਨ•ਾਂ ਇੰਸਪੈਕਟਰਾਂ ਦਾ ਮਾਪਿਆਂ ਨੇ ਅਗਲੀ ਸਰਦੀ ਵਿਚ ਵਿਆਹ ਕਰਨਾ ਸੀ। ਰਿਸ਼ਤਾ ਸਿਰੇ ਲੱਗਣ ਤੋਂ ਪਹਿਲਾਂ ਵਿਜੀਲੈਂਸ ਨੇ ਇਨ•ਾਂ ਦੇ ਘਰਾਂ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ।
                    ਪਨਸਪ ਦੇ ਜ਼ਿਲ•ਾ ਮੈਨੇਜਰ ਸ੍ਰੀ ਵਨੀਤ ਕੁਮਾਰ ਦਾ ਕਹਿਣਾ ਸੀ ਕਿ ਉਨ•ਾਂ ਨੂੰ ਏਦਾ ਦੀ ਕੋਈ ਜਾਣਕਾਰੀ ਨਹੀਂ ਹੈ ਪ੍ਰੰਤੂ ਕਾਫ਼ੀ ਨਵੇਂ ਭਰਤੀ ਹੋਏ ਇੰਸਪੈਕਟਰ ਹਾਲੇ ਕੁਆਰੇ ਸਨ। ਪਨਸਪ ਦੇ ਇੱਕ ਸਾਬਕਾ ਇੰਸਪੈਕਟਰ ਨੇ ਦੱਸਿਆ ਕਿ ਕਈ ਲੜਕੀਆਂ ਦੇ ਮਾਪੇ ਪਿਛਲੇ ਕੁਝ ਸਮੇਂ ਤੋਂ ਨਵੇਂ ਭਰਤੀ ਹੋਏ ਇੰਸਪੈਕਟਰ ਦੀ ਤਨਖਾਹ ਆਦਿ ਵਾਰੇ ਪੁੱਛਗਿੱਛ ਕਰ ਰਹੇ ਸਨ। ਪਨਸਪ ਵਿਚ ਇੰਸਪੈਕਟਰਾਂ ਦੇ ਪਹਿਲੇ ਬੈਚ ਨੇ ਜੂਨ 2015 ਵਿਚ ਜੁਆਇੰਨ ਕੀਤਾ ਸੀ ਜਦੋਂ ਕਿ ਦੂਸਰੇ ਬੈਚ ਨੇ ਦਸੰਬਰ 2015 ਵਿਚ ਜੁਆਇੰਨ ਕੀਤਾ ਸੀ। ਬਠਿੰਡਾ ਦੇ ਇੱਕ ਮੈਰਿਜ ਪੈਲੇਸ ਵਾਲੇ ਨੇ ਦੱਸਿਆ ਕਿ ਉਸ ਨੂੰ ਦੋ ਇੰਸਪੈਕਟਰਾਂ ਨੇ ਆਪਣੇ ਬਾਇਓ ਡਾਟਾ ਦਿੱਤੇ ਸਨ। ਇਵੇਂ ਹੀ ਸਥਾਨਿਕ ਸਰਕਾਰਾਂ ਵਿਭਾਗ ਵਿਚ ਭਰਤੀ ਹੋਏ ਕਈ ਉਮੀਦਵਾਰ ਵੀ ਨੌਕਰੀ ਜੁਆਇੰਨ ਕਰਨ ਮਗਰੋਂ ਵਿਆਹ ਕਰਾਉਣ ਦੀ ਵਿਉਂਤ ਬਣਾ ਰਹੇ ਸਨ। ਨੌਕਰੀ ਘਪਲੇ ਵਿਚ ਫਸੇ ਉਮੀਦਵਾਰਾਂ ਦੇ ਘਰਾਂ ਤੇ ਬਦਨਾਮੀ ਦਾ ਦਾਗ ਲੱਗ ਗਿਆ ਹੈ ਜਿਸ ਨੂੰ ਧੋਣਾ ਮੁਸ਼ਕਲ ਬਣ ਗਿਆ ਹੈ। ਜੋ ਲੜਕੀਆਂ ਇਸ ਘਪਲੇ ਵਿਚ ਆ ਗਈਆਂ ਹਨ,ਉਨ•ਾਂ ਦੇ ਮਾਪੇ ਬੇਹੱਦ ਚਿੰਤਤ ਹਨ। ਕਈ ਮਾਪਿਆਂ ਨੇ ਤਾਂ ਕਰਜ਼ਾ ਚੁੱਕ ਕੇ ਰਿਸ਼ਵਤਾਂ ਦਿੱਤੀਆਂ ਸਨ।
                     ਮਾਨਸਾ ਵਿਚ ਤਾਇਨਾਤ ਪਨਸਪ ਇੰਸਪੈਕਟਰ ਹੁਣ ਫਰਾਰ ਹੈ ਜਿਸ ਦੀ ਫਰਾਰੀ ਤੋਂ ਕੁਝ ਦਿਨ ਪਹਿਲਾਂ ਹੀ ਲੜਕੀ ਵਾਲੇ ਵੇਖਣ ਆਏ ਸਨ। ਇੱਕ ਭੈਣ ਭਰਾ ਵੀ ਇਸ ਮਾਮਲੇ ਵਿਚ ਘਿਰ ਗਏ ਹਨ। ਕਥਿਤ ਤੌਰ ਤੇ ਦਲਾਲੀ ਦੀ ਖੱਟੀ ਖੱਟਣ ਵਾਲਾ ਬਠਿੰਡਾ ਦਾ ਇੱਕ ਅਹਿਮ ਦਲਾਲ ਵੀ ਹੁਣ ਵਿਆਹ ਦੀ ਤਿਆਰੀ ਵਿਚ ਸੀ। ਮਲੋਟ ਤੋਂ ਅਕਾਲੀ ਕੌਂਸਲਰ ਡੱਡੀ ਦੇ ਨੇੜਲੇ ਸਾਥੀ ਦੀ ਭੈਣ ਵੀ ਵਿਆਹੁਣ ਵਾਲੀ ਹੈ। ਫਰਾਰ ਉਮੀਦਵਾਰਾਂ ਦੇ ਮਾਪਿਆਂ ਨੂੰ ਜਿਥੇ ਮਾਲੀ ਰਗੜਾ ਲੱਗ ਗਿਆ ਹੈ, ਉਥੇ ਸਮਾਜਿਕ ਦਾਗ ਵੀ ਉਨ•ਾਂ ਨੂੰ ਧੋਣਾ ਮੁਸ਼ਕਲ ਬਣ ਜਾਣਾ ਹੈ। ਇਨ•ਾਂ ਪਰਿਵਾਰਾਂ ਤੋਂ ਉਨ•ਾਂ ਦੇ ਰਿਸ਼ਤੇਦਾਰ ਵੀ ਹੁਣ ਟਾਲਾ ਵੱਟਣ ਲੱਗ ਹਨ। ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ•ਾਂ ਕੋਲ ਕਈ ਮਾਪਿਆਂ ਨੇ ਇਹ ਫਿਕਰ ਜ਼ਾਹਰ ਕੀਤਾ ਹੈ ਕਿ ਉਨ•ਾਂ ਦੇ ਲੜਕਿਆਂ ਦੇ ਰਿਸ਼ਤੇ ਵੀ ਹੁਣ ਬਚਣੇ ਨਹੀਂ ਹਨ।