Friday, July 1, 2016

                             ਨੌਕਰੀ ਘੁਟਾਲਾ
                  ਹੁਣ ਛੋਕਰੀ ਤੋਂ ਵੀ ਗਏ !
                              ਚਰਨਜੀਤ ਭੁੱਲਰ
ਬਠਿੰਡਾ : ਨੌਕਰੀ ਘੁਟਾਲੇ ਨੇ ਸੈਂਕੜੇ ਘਰਾਂ ਦੇ ਰੰਗ ਵਿਚ ਭੰਗ ਪਾ ਦਿੱਤੀ ਹੈ। ਵਾਜੇ ਵੱਜਣ ਦੀ ਥਾਂ ਇਨ•ਾਂ ਘਰਾਂ ਵਿਚ ਹੁਣ ਖ਼ਾਮੋਸ਼ੀ ਛਾਈ ਹੋਈ ਹੈ। ਪਨਸਪ ਦੇ ਦਰਜਨਾਂ ਇੰਸਪੈਕਟਰਾਂ ਦੇ ਇਨ•ਾਂ ਦਿਨਾਂ ਵਿਚ ਰਿਸ਼ਤੇ ਤੈਅ ਹੋ ਰਹੇ ਸਨ। ਬਹੁਤੇ ਮਾਪਿਆਂ ਵਲੋਂ ਲੜਕਿਆਂ ਦੇ ਅਗਲੀ ਸਰਦੀ ਦੇ ਮੌਸਮ ਵਿਚ ਵਿਆਹ ਸਾਹੇ ਕਰਨੇ ਸਨ। ਸ਼ਗਨਾਂ ਦੀ ਮਹਿੰਦੀ ਦੀ ਥਾਂ ਇਨ•ਾਂ ਪਰਿਵਾਰਾਂ ਦੇ ਮੱਥੇ ਤੇ ਬਦਨਾਮੀ ਦਾ ਦਾਗ ਲੱਗ ਗਿਆ ਹੈ। ਕੁਝ ਸਮਾਂ ਪਹਿਲਾਂ ਤੱਕ ਇਨ•ਾਂ ਦੇ ਘਰਾਂ ਵਿਚ ਵਿਚੋਲੇ ਗੇੜੇ ਮਾਰ ਰਹੇ ਸਨ ਅਤੇ ਹੁਣ ਉਨ•ਾਂ ਦੀ ਵਿਜੀਲੈਂਸ ਅਫਸਰਾਂ ਦੇ ਗੇੜੇ ਵੱਜ ਰਹੇ ਹਨ। ਵਿਆਹ ਦੇ ਸੁਪਨੇ ਸੰਜੋਣ ਵਾਲੇ ਬਹੁਤੇ ਤਾਂ ਵਿਜੀਲੈਂਸ ਦੇ ਡਰੋਂ ਫਰਾਰ ਹਨ। ਮਾਨਸਾ ਜ਼ਿਲ•ੇ ਦੇ ਭੀਖੀ ਦਾ ਇੱਕ ਇੰਸਪੈਕਟਰ ਫਰਾਰ ਹੈ। ਥੋੜਾ ਸਮਾਂ ਪਹਿਲਾਂ ਹੀ ਉਸ ਦੀ ਮੰਗਣੀ ਹੋਈ ਹੈ। ਰਾਮਪੁਰਾ ਵਿਚ ਤਾਇਨਾਤ ਇੱਕ ਇੰਸਪੈਕਟਰ ਦੇ ਵਿਆਹ ਦੀ ਗੱਲ ਆਖਰੀ ਗੇੜ ਵਿਚ ਚੱਲ ਰਹੀ ਸੀ ਵੇਰਵਿਆਂ ਅਨੁਸਾਰ ਤਲਵੰਡੀ ਸਾਬੋ ਦੇ ਦੋ ਇੰਸਪੈਕਟਰਾਂ ਦੇ ਘਰ ਕੁਝ ਦਿਨ ਪਹਿਲਾਂ ਤੱਕ ਰਿਸ਼ਤੇ ਵਾਲਿਆਂ ਦਾ ਗੇੜੇ ਤੇ ਗੇੜਾ ਵੱਜ ਰਿਹਾ ਸੀ। ਸੂਤਰ ਦੱਸਦੇ ਹਨ ਕਿ ਇਨ•ਾਂ ਇੰਸਪੈਕਟਰਾਂ ਦਾ ਮਾਪਿਆਂ ਨੇ ਅਗਲੀ ਸਰਦੀ ਵਿਚ ਵਿਆਹ ਕਰਨਾ ਸੀ। ਰਿਸ਼ਤਾ ਸਿਰੇ ਲੱਗਣ ਤੋਂ ਪਹਿਲਾਂ ਵਿਜੀਲੈਂਸ ਨੇ ਇਨ•ਾਂ ਦੇ ਘਰਾਂ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ।
                    ਪਨਸਪ ਦੇ ਜ਼ਿਲ•ਾ ਮੈਨੇਜਰ ਸ੍ਰੀ ਵਨੀਤ ਕੁਮਾਰ ਦਾ ਕਹਿਣਾ ਸੀ ਕਿ ਉਨ•ਾਂ ਨੂੰ ਏਦਾ ਦੀ ਕੋਈ ਜਾਣਕਾਰੀ ਨਹੀਂ ਹੈ ਪ੍ਰੰਤੂ ਕਾਫ਼ੀ ਨਵੇਂ ਭਰਤੀ ਹੋਏ ਇੰਸਪੈਕਟਰ ਹਾਲੇ ਕੁਆਰੇ ਸਨ। ਪਨਸਪ ਦੇ ਇੱਕ ਸਾਬਕਾ ਇੰਸਪੈਕਟਰ ਨੇ ਦੱਸਿਆ ਕਿ ਕਈ ਲੜਕੀਆਂ ਦੇ ਮਾਪੇ ਪਿਛਲੇ ਕੁਝ ਸਮੇਂ ਤੋਂ ਨਵੇਂ ਭਰਤੀ ਹੋਏ ਇੰਸਪੈਕਟਰ ਦੀ ਤਨਖਾਹ ਆਦਿ ਵਾਰੇ ਪੁੱਛਗਿੱਛ ਕਰ ਰਹੇ ਸਨ। ਪਨਸਪ ਵਿਚ ਇੰਸਪੈਕਟਰਾਂ ਦੇ ਪਹਿਲੇ ਬੈਚ ਨੇ ਜੂਨ 2015 ਵਿਚ ਜੁਆਇੰਨ ਕੀਤਾ ਸੀ ਜਦੋਂ ਕਿ ਦੂਸਰੇ ਬੈਚ ਨੇ ਦਸੰਬਰ 2015 ਵਿਚ ਜੁਆਇੰਨ ਕੀਤਾ ਸੀ। ਬਠਿੰਡਾ ਦੇ ਇੱਕ ਮੈਰਿਜ ਪੈਲੇਸ ਵਾਲੇ ਨੇ ਦੱਸਿਆ ਕਿ ਉਸ ਨੂੰ ਦੋ ਇੰਸਪੈਕਟਰਾਂ ਨੇ ਆਪਣੇ ਬਾਇਓ ਡਾਟਾ ਦਿੱਤੇ ਸਨ। ਇਵੇਂ ਹੀ ਸਥਾਨਿਕ ਸਰਕਾਰਾਂ ਵਿਭਾਗ ਵਿਚ ਭਰਤੀ ਹੋਏ ਕਈ ਉਮੀਦਵਾਰ ਵੀ ਨੌਕਰੀ ਜੁਆਇੰਨ ਕਰਨ ਮਗਰੋਂ ਵਿਆਹ ਕਰਾਉਣ ਦੀ ਵਿਉਂਤ ਬਣਾ ਰਹੇ ਸਨ। ਨੌਕਰੀ ਘਪਲੇ ਵਿਚ ਫਸੇ ਉਮੀਦਵਾਰਾਂ ਦੇ ਘਰਾਂ ਤੇ ਬਦਨਾਮੀ ਦਾ ਦਾਗ ਲੱਗ ਗਿਆ ਹੈ ਜਿਸ ਨੂੰ ਧੋਣਾ ਮੁਸ਼ਕਲ ਬਣ ਗਿਆ ਹੈ। ਜੋ ਲੜਕੀਆਂ ਇਸ ਘਪਲੇ ਵਿਚ ਆ ਗਈਆਂ ਹਨ,ਉਨ•ਾਂ ਦੇ ਮਾਪੇ ਬੇਹੱਦ ਚਿੰਤਤ ਹਨ। ਕਈ ਮਾਪਿਆਂ ਨੇ ਤਾਂ ਕਰਜ਼ਾ ਚੁੱਕ ਕੇ ਰਿਸ਼ਵਤਾਂ ਦਿੱਤੀਆਂ ਸਨ।
                     ਮਾਨਸਾ ਵਿਚ ਤਾਇਨਾਤ ਪਨਸਪ ਇੰਸਪੈਕਟਰ ਹੁਣ ਫਰਾਰ ਹੈ ਜਿਸ ਦੀ ਫਰਾਰੀ ਤੋਂ ਕੁਝ ਦਿਨ ਪਹਿਲਾਂ ਹੀ ਲੜਕੀ ਵਾਲੇ ਵੇਖਣ ਆਏ ਸਨ। ਇੱਕ ਭੈਣ ਭਰਾ ਵੀ ਇਸ ਮਾਮਲੇ ਵਿਚ ਘਿਰ ਗਏ ਹਨ। ਕਥਿਤ ਤੌਰ ਤੇ ਦਲਾਲੀ ਦੀ ਖੱਟੀ ਖੱਟਣ ਵਾਲਾ ਬਠਿੰਡਾ ਦਾ ਇੱਕ ਅਹਿਮ ਦਲਾਲ ਵੀ ਹੁਣ ਵਿਆਹ ਦੀ ਤਿਆਰੀ ਵਿਚ ਸੀ। ਮਲੋਟ ਤੋਂ ਅਕਾਲੀ ਕੌਂਸਲਰ ਡੱਡੀ ਦੇ ਨੇੜਲੇ ਸਾਥੀ ਦੀ ਭੈਣ ਵੀ ਵਿਆਹੁਣ ਵਾਲੀ ਹੈ। ਫਰਾਰ ਉਮੀਦਵਾਰਾਂ ਦੇ ਮਾਪਿਆਂ ਨੂੰ ਜਿਥੇ ਮਾਲੀ ਰਗੜਾ ਲੱਗ ਗਿਆ ਹੈ, ਉਥੇ ਸਮਾਜਿਕ ਦਾਗ ਵੀ ਉਨ•ਾਂ ਨੂੰ ਧੋਣਾ ਮੁਸ਼ਕਲ ਬਣ ਜਾਣਾ ਹੈ। ਇਨ•ਾਂ ਪਰਿਵਾਰਾਂ ਤੋਂ ਉਨ•ਾਂ ਦੇ ਰਿਸ਼ਤੇਦਾਰ ਵੀ ਹੁਣ ਟਾਲਾ ਵੱਟਣ ਲੱਗ ਹਨ। ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ•ਾਂ ਕੋਲ ਕਈ ਮਾਪਿਆਂ ਨੇ ਇਹ ਫਿਕਰ ਜ਼ਾਹਰ ਕੀਤਾ ਹੈ ਕਿ ਉਨ•ਾਂ ਦੇ ਲੜਕਿਆਂ ਦੇ ਰਿਸ਼ਤੇ ਵੀ ਹੁਣ ਬਚਣੇ ਨਹੀਂ ਹਨ।
       

1 comment:

  1. ਬਾਈ ਜੀ ਤੁਸੀਂ ਕਹਿੜੇ ਸਮਾਜਿਕ ਦਾਗ ਦੀ ਗਲ ਕਰਦੇ ਹੋ ਜੀ? ਇਸ ਸਮਾਜ ਵਿਚ ਸਿਰਫ ਪੈਸਾ ਹੀ ਬੋਲਦਾ ਹੈ, ਪੈਸੇ ਨਾਲ ਹੀ ਵਿਆਹ ਹੋਣਾ ਸੀ. ਮੁੰਡਿਆ ਕੁੜੀਆ ਨਾਲ ਥੋੜਾ? ਓਹ ਵੀ ਆਸ ਸੀ ਕਿ ਉਪਰੋਂ ਕਮਾਈ ਮੋਟੀ ਹੋਵੇਗੀ!

    ਲਗਦਾ ਹੈ ਸ਼ਾਮ ਲਾਲ ਡੂਡੀ ਨੂ ਤਾਂ ਕੋਈ ਫਰਕ ਨਹੀ ਪਇਆ:

    "ਅਕਾਲੀ ਆਗੂ 'ਤੇ ਵਿਜੀਲੈਂਸ ਮੇਹਰਬਾਨ
    "ਅੱਜ ਜਦੋਂ ਅਕਾਲੀ ਆਗੂ ਸ਼ਾਮ ਲਾਲ ਡੱਡੀ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲੈ ਕੇ ਆਏ ਤਾਂ ਵਿਜੀਲੈਂਸ ਅਧਿਕਾਰੀ ਮੋਬਾਇਲ ਫੋਨ 'ਤੇ ਮਸ਼ਰੂਫ ਸਨ, ਜਦੋਂ ਕਿ ਸ਼ਾਮ ਲਾਲ ਆਪਣੇ ਰਿਸ਼ਤੇਦਾਰਾਂ ਨਾਲ ਇੰਜ ਆ ਰਿਹਾ ਸੀ, ਜਿਵੇਂ ਵਿਜੀਲੈਂਸ ਨੂੰ ਉਹ ਅਦਾਲਤ 'ਚ ਲੈ ਕੇ ਆਉਂਦਾ ਹੋਵੇ "|
    http://beta.ajitjalandhar.com/news/20160702/2/1401551.cms#1401551

    ReplyDelete