Friday, July 29, 2016

                              ਸਰਕਾਰੀ ਨੁਸਖ਼ਾ    
         ਟੈਂਕੀਆਂ ਤੋਂ ਉੱਤਰੋ, ਯਾਤਰਾ ਤੇ ਚੱਲੋ !
                               ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਹੁਣ ਬੇਰੁਜ਼ਗਾਰ ਨੌਜਵਾਨਾਂ ਨੂੰ ਤੀਰਥ ਯਾਤਰਾ ਕਰਾਏਗੀ। ਰਾਜ ਸਰਕਾਰ ਤਰਫ਼ੋਂ ਅਗਾਮੀ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਸ਼ਾਂਤ ਕਰਨ ਲਈ ਇਹ ਨਵਾਂ ਸਰਕਾਰੀ ਫੈਸਲਾ ਲਿਆ ਗਿਆ ਹੈ।  ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਵਿਚ ਕੁਝ ਬਦਲਾਓ ਕੀਤਾ ਗਿਆ ਹੈ ਜਿਸ ਵਿਚ ਯਾਤਰੀਆਂ ਦੀ ਚੋਣ ਦਾ ਪੈਮਾਨਾ ਨਿਰਧਾਰਤ ਕੀਤਾ ਗਿਆ ਹੈ। ਨਵੇਂ ਫੈਸਲੇ ਅਨੁਸਾਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਟਰੇਨ ਵਿਚ 25 ਫੀਸਦੀ ਸੀਟਾਂ ਬੇਰੁਜ਼ਗਾਰਾਂ ਅਤੇ ਵਿਦਿਆਰਥੀਆਂ ਲਈ ਰਾਖਵੀਂਆਂ ਕਰ ਦਿੱਤੀਆਂ ਹਨ। ਪਹਿਲਾਂ ਤੀਰਥ ਯਾਤਰਾ ਕਿਸੇ ਵੀ ਉਮਰ ਦਾ ਯਾਤਰੀ ਕਰ ਸਕਦਾ ਸੀ ਪ੍ਰੰਤੂ ਹੁਣ ਸਰਕਾਰੀ ਯਾਤਰਾ ਲਈ ਘੱਟੋ ਘੱਟ 55 ਸਾਲ ਉਮਰ ਹੱਦ ਕਰ ਦਿੱਤੀ ਗਈ ਹੈ। ਸਰਕਾਰ ਨੇ ਨਵੀਂ ਨੀਤੀ ਵਿਚ ਬੇਰੁਜ਼ਗਾਰਾਂ ਅਤੇ ਵਿਦਿਆਰਥੀਆਂ ਨੂੰ ਉਮਰ ਤੋਂ ਛੋਟ ਦੇ ਦਿੱਤੀ ਗਈ ਹੈ। ਟੈਂਕੀਆਂ ਤੇ ਚੜ੍ਹਨ ਵਾਲੇ ਅਤੇ ਸੜਕਾਂ ਤੇ ਨਾਅਰੇ ਮਾਰਨ ਵਾਲੇ ਬੇਰੁਜ਼ਗਾਰ ਇਸ ਨਵੀਂ ਸਕੀਮ ਨੂੰ ਕਿੰਨਾ ਕੁ ਹੁੰਗਾਰਾ ਦੇਣਗੇ, ਇਹ ਤਾਂ ਆਉਣ ਵਾਲੇ ਦਿਨਾਂ ਵਿਚ ਪਤਾ ਚੱਲੇਗਾ। ਪੰਜਾਬ ਸਰਕਾਰ ਵਲੋਂ ਤੀਰਥ ਯਾਤਰਾ ਵਾਸਤੇ ਗਠਿਤ ਮਨਿਸਟਰਜ਼ ਕਮੇਟੀ ਵਲੋਂ ਇਹ ਲਿਖਤੀ ਫੈਸਲਾ ਕੀਤਾ ਗਿਆ ਹੈ ਜਿਸ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ।
                      ਇਵੇਂ ਹੀ ਨਵੇਂ ਬਦਲਾਓ ਅਨੁਸਾਰ ਮੌਜੂਦਾ ਅਤੇ ਸੇਵਾ ਮੁਕਤ ਸਰਕਾਰੀ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਤੀਰਥ ਯਾਤਰਾ ਸਕੀਮ ਚੋਂ ਆਊਟ ਕਰ ਦਿੱਤਾ ਗਿਆ ਹੈ। ਅੰਗਹੀਣ ਯਾਤਰੀਆਂ ਲਈ 10 ਫੀਸਦੀ ਸੀਟਾਂ ਰਾਖਵੀਂਆਂ ਕੀਤੀਆਂ ਗਈਆਂ ਹਨ। ਬੇਰੁਜ਼ਗਾਰ ਟੈੱਟ ਪਾਸ ਯੂਨੀਅਨ ਪੰਜਾਬ ਦੇ ਪ੍ਰਧਾਨ ਰਘਬੀਰ ਸਿੰਘ ਭਵਾਨੀਗੜ੍ਹ ਦਾ ਪ੍ਰਤੀਕਰਮ ਸੀ ਕਿ ਉਨ੍ਹਾਂ ਨੂੰ ਯਾਤਰਾ ਦੀ ਨਹੀਂ , ਰੁਜ਼ਗਾਰ ਦੀ ਲੋੜ ਹੈ। ਉਨ੍ਹਾਂ ਦੇ ਪਰਿਵਾਰ ਰੋਟੀ ਰੋਜ਼ੀ ਤੋਂ ਮੁਥਾਜ ਹਨ। ਇਹ ਯਾਤਰਾ ਪੰਜਾਬ ਦੇ ਭਲੇ ਲਈ ਨਹੀਂ, ਸਿਆਸੀ ਲਾਹੇ ਲਈ ਚਲਾਈ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਬੇਰੁਜ਼ਗਾਰਾਂ ਨੂੰ ਇਸ ਤਰ੍ਹਾਂ ਦੇ ਚੋਗੇ ਪਾਉਣ ਦੀ ਥਾਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ। ਦੱਸਣਯੋਗ ਹੈ ਕਿ ਅਗਾਮੀ ਚੋਣਾਂ ਕਰਕੇ ਬੇਰੁਜ਼ਗਾਰਾਂ ਧਿਰਾਂ ਵਲੋਂ ਸਰਕਾਰ ਤੇ ਦਬਾਓ ਬਣਾਉਣ ਖਾਤਰ ਸੰਘਰਸ਼ ਉਲੀਕੇ ਹੋਏ ਹਨ। ਸੂਤਰ ਆਖਦੇ ਹਨ ਕਿ ਨਾਅਰਿਆਂ ਨੂੰ ਸ਼ਾਂਤ ਕਰਨ ਖਾਤਰ ਇਹ ਯਾਤਰਾ ਦਾ ਫ਼ਾਰਮੂਲਾ ਕੱਢਿਆ ਗਿਆ ਹੈ।ਪੰਜਾਬ ਸਰਕਾਰ ਵਲੋਂ ਪਹਿਲਾਂ ਤੀਰਥ ਯਾਤਰੀਆਂ ਲਈ ਕੋਈ ਸ਼ਰਤਾਂ ਤੈਅ ਨਹੀਂ ਕੀਤੀਆਂ ਸਨ ਜਿਸ ਕਰਕੇ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੇ ਸੈਂਕੜੇ ਬੱਚੇ ਵੀ ਗਏ ਹਨ।
                   ਅਸਲ ਵਿਚ ਇਹ ਯਾਤਰਾ ਬਜ਼ੁਰਗਾਂ ਵਾਸਤੇ ਸ਼ੁਰੂ ਕੀਤੀ ਗਈ ਸੀ। ਮੱਧ ਪ੍ਰਦੇਸ਼, ਰਾਜਸਥਾਨ ਤੇ ਛਤੀਸਗੜ ਸੂਬਿਆਂ ਵਿਚ ਸਰਕਾਰੀ ਤੀਰਥ ਯਾਤਰਾ ਸਕੀਮ ਵਿਚ ਯਾਤਰੀ ਦੀ ਘੱਟੋ ਘੱਟ 60 ਸਾਲ ਦੀ ਉਮਰ ਨਿਸ਼ਚਿਤ ਕੀਤੀ ਹੋਈ ਹੈ। ਹੁਣ ਪੰਜਾਬ ਸਰਕਾਰ ਨੇ ਵੀ ਉਮਰ ਨਿਸ਼ਚਿਤ ਕਰ ਦਿੱਤੀ ਹੈ। ਇੱਕ ਪਰਿਵਾਰ ਦੇ ਵੱਧ ਤੋਂ ਵੱਧ ਤਿੰਨ ਮੈਂਬਰ ਹੀ ਹੁਣ ਤੀਰਥ ਯਾਤਰਾ ਕਰ ਸਕਣਗੇ। ਯਾਤਰਾ ਸਕੀਮ ਤਹਿਤ ਵਿਚ ਹੁਣ ਪੰਜਾਬ ਦਾ ਵਸਨੀਕ ਹੋਣ ਦੀ ਸ਼ਰਤ ਵੀ ਲਗਾ ਦਿੱਤੀ ਗਈ ਹੈ। ਸਮਾਜ ਸੇਵੀ ਲੋਕਾਂ ਦਾ ਵੀ ਹੁਣ ਸਕੀਮ ਵਿਚ ਧਿਆਨ ਰੱਖਿਆ ਗਿਆ ਹੈ। ਨਵੀਂ ਸ਼ਰਤ ਤਹਿਤ ਹੁਣ ਕੋਈ ਵੀ ਸਮਾਜ ਸੇਵੀ ਵਰਕਰ ਜੋ ਗੱਡੀ ਵਿਚ ਯਾਤਰੀਆਂ ਦੀ ਸੇਵਾ ਕਰਨਾ ਚਾਹੁੰਦਾ ਹੈ, ਯਾਤਰਾ ਤੇ ਜਾ ਸਕੇਗਾ ਅਤੇ ਸਮਾਜ ਸੇਵੀਆਂ ਵਾਸਤੇ ਹਰ ਡੱਬੇ ਵਿਚ ਇੱਕ ਸੀਟ ਰਾਖਵੀਂ ਹੋਵੇਗੀ। ਦਿਮਾਗੀ ਤੌਰ ਤੇ ਪ੍ਰੇਸ਼ਾਨ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀ ਯਾਤਰੀ ਤੇ ਨਹੀਂ ਜਾ ਸਕਣਗੇ। ਇਹ ਵੀ ਫੈਸਲਾ ਹੋਇਆ ਹੈ ਕਿ ਇੱਕ ਯਾਤਰੀ ਸਿਰਫ਼ ਇੱਕ ਧਾਰਮਿਕ ਸਥਾਨ ਦੀ ਹੀ ਯਾਤਰਾ ਹੀ ਕਰ ਸਕੇਗਾ। ਜ਼ਿਲ੍ਹਾ ਪੱਧਰੀ ਚੋਣ ਕਮੇਟੀ ਬਣੇਗੀ ਜੋ ਯਾਤਰੀਆਂ ਦੀ ਚੋਣ ਕਰੇਗੀ। ਇਹ ਚੋਣ 'ਪਹਿਲਾ ਆਓ,ਪਹਿਲਾ ਪਾਓ' ਦੇ ਅਧਾਰ ਤੇ ਹੋਵੇਗੀ।
                    ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਦਾ ਕਹਿਣਾ ਸੀ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਟੀ,ਬੱਚਿਆਂ ਨੂੰ ਪੜਾਈ ਅਤੇ ਮਾਪਿਆਂ ਨੂੰ ਦਵਾਈ ਦੀ ਲੋੜ ਹੈ, ਨਾ ਕਿਸੇ ਯਾਤਰਾ ਦੀ। ਉਨ੍ਹਾਂ ਆਖਿਆ ਕਿ ਸਰਕਾਰ ਕਮਾਈ ਜੋਗੇ ਕਰੇ, ਯਾਤਰਾ ਉਹ ਖੁਦ ਕਰ ਲੈਣਗੇ। ਉਨ੍ਹਾਂ ਆਖਿਆ ਕਿ ਯਾਤਰਾ ਦਾ ਲਾਰਾ ਸਿਰਫ਼ ਧਿਆਨ ਭਟਕਾਉਣ ਖਾਤਰ ਹੈ ਅਤੇ ਇਸ ਨਾਲ ਕੋਈ ਲਾਭ ਹੋਣ ਵਾਲਾ ਨਹੀਂ। ਟੂਰਿਜਮ ਮੰਤਰੀ ਸੋਹਣ ਸਿੰਘ ਠੰਡਲ ਦਾ ਕਹਿਣਾ ਸੀ ਕਿ ਹਾਈਕੋਰਟ ਵਿਚ ਪਟੀਸ਼ਨ ਪੈਣ ਮਗਰੋਂ ਤੀਰਥ ਯਾਤਰਾ ਸਕੀਮ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ ਜਿਸ ਤਹਿਤ ਬੇਰੁਜ਼ਗਾਰਾਂ ਤੇ ਵਿਦਿਆਰਥੀਆਂ ਲਈ ਸੀਟਾਂ ਰਾਖਵੀਆਂ ਕੀਤੀਆਂ ਹਨ ਕਿਉਂਕਿ ਉਨ੍ਹਾਂ ਕੋਲ ਯਾਤਰਾ ਕਰਨ ਦੀ ਮਾਲੀ ਪਹੁੰਚ ਨਹੀਂ ਹੁੰਦੀ ਹੈ। ਉਨ੍ਹਾਂ ਆਖਿਆ ਕਿ ਸਭਨਾਂ ਨੂੰ ਬਰਾਬਰ ਦੇ ਮੌਕੇ ਦੇਣ ਖਾਤਰ ਇਹ ਫੈਸਲਾ ਕੀਤਾ ਗਿਆ ਹੈ।   

No comments:

Post a Comment