Saturday, July 2, 2016

                               ਸਰਕਾਰੀ ਚਾਪਲੂਸੀ
      ਗੈਸਟ ਹਾਊਸ ਦੀ ਕੁੰਜੀ ਬਾਦਲਾਂ ਨੂੰ ਫੜਾਈ
                                 ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਨੇ ਬਠਿੰਡਾ ਦੇ ਲੇਕਵਿਊ ਗੈਸਟ ਹਾਊਸ ਦੀ ਕੁੰਜੀ ਬਾਦਲ ਪਰਿਵਾਰ ਨੂੰ ਫੜਾ ਦਿੱਤੀ ਹੈ। ਪਾਵਰਕੌਮ ਨੇ ਕਰੀਬ ਸੱਤ ਕਰੋੜ ਖਰਚ ਕੇ ਇਸ ਗੈਸਟ ਹਾਊਸ ਦੀ ਰੈਨੋਵੇਸ਼ਨ ਕੀਤੀ ਹੈ। ਕਾਫੀ ਸਮੇਂ ਤੋਂ ਇਹ ਗੈਸਟ ਹਾਊਸ ਬਣ ਕੇ ਤਿਆਰ ਹੈ ਪ੍ਰੰਤੂ ਇਸ ਵਿਚ ਹੁਣ ਤੱਕ ਸਿਰਫ ਇੱਕ ਮਹਿਮਾਨ ਹੀ ਠਹਿਰਿਆ ਹੈ। ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਸਾਲ 2013 ਵਿਚ ਪਾਵਰਕੌਮ ਨੂੰ ਪੱਤਰ ਭੇਜ ਕੇ ਆਖਿਆ ਸੀ ਕਿ ਵੀ.ਵੀ.ਆਈ.ਪੀਜ਼ ਦੀ ਠਹਿਰ ਲਈ ਗੈਸਟ ਹਾਊਸ ਤਿਆਰ ਕੀਤਾ ਜਾਵੇ। ਪਾਵਰਕੌਮ ਨੇ ਸੱਤ ਕਰੋੜ ਦੀ ਲਾਗਤ ਨਾਲ ਵੀ.ਵੀ.ਆਈ.ਪੀਜ਼ ਵਾਸਤੇ ਇਹ ਗੈਸਟ ਹਾਊਸ ਤਿਆਰ ਕਰਾਇਆ ਹੈ। ਪਾਵਰਕੌਮ ਦਾ ਇਹ ਰਿਕਾਰਡ ਹੈ ਕਿ ਕਿਸੇ ਗੈਸਟ ਹਾਊਸ ਦੀ ਰੈਨੋਵੇਸ਼ਨ ਤੇ ਏਡਾ ਵੱਡਾ ਖਰਚਾ ਕੀਤਾ ਹੋਵੇ। ਜਾਣਕਾਰੀ ਅਨੁਸਾਰ ਪਾਵਰਕੌਮ ਦਾ ਕੋਈ ਵੀ ਛੋਟਾ ਵੱਡਾ ਅਧਿਕਾਰੀ ਲੇਕਵਿਊ ਗੈਸਟ ਹਾਊਸ ਦੀ ਬੁਕਿੰਗ ਨਹੀਂ ਕਰ ਸਕੇਗਾ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਹੁਕਮਾਂ ਤੇ ਇਸ ਗੈਸਟ ਹਾਊਸ ਦੀ ਬੁਕਿੰਗ ਹੋਵੇਗੀ। ਬਠਿੰਡਾ ਦੀ ਥਰਮਲ ਕਲੋਨੀ ਵਿਚ ਫੀਲਡ ਹੋਸਟਲ ਵੀ ਬਣਿਆ ਹੋਇਆ ਹੈ ਜਿਸ ਦੀ ਬੁਕਿੰਗ ਦੇ ਅਧਿਕਾਰੀ ਥਰਮਲ ਦੇ ਅਫਸਰਾਂ ਕੋਲ ਹਨ ਪ੍ਰੰਤੂ ਲੇਕਵਿਊ ਗੈਸਟ ਹਾਊਸ ਦੀ ਬੁਕਿੰਗ ਦੇ ਅਧਿਕਾਰ ਤਾਂ ਮੁੱਖ ਇੰਜੀਨੀਅਰ ਦੇ ਅਧਿਕਾਰ ਖੇਤਰ ਤੋਂ ਵੀ ਬਾਹਰ ਰੱਖੇ ਗਏ ਹਨ। ਸਿੱਧਾ ਮਤਲਬ ਹੈ ਕਿ ਇਸ ਗੈਸਟ ਹਾਊਸ ਵਿਚ ਸਿਰਫ ਉਹੋ ਮਹਿਮਾਨ ਠਹਿਰ ਸਕਣਗੇ ਜਿਨ•ਾਂ ਦੀ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦੇ ਦਫਤਰ ਤੱਕ ਸਿੱਧੀ ਪਹੁੰਚ ਹੋਵੇਗੀ।
                     ਪਾਵਰਕੌਮ ਦੇ ਅਧਿਕਾਰੀ ਤਾਂ ਇਸ ਗੈਸਟ ਹਾਊਸ ਨੂੰ ਵਰਤ ਹੀ ਨਹੀਂ ਸਕਣਗੇ ਕਿਉਂਕਿ ਉਨ•ਾਂ ਨੂੰ ਵੀ ਪਹਿਲਾਂ ਉਪਰੋਂ ਝੰਡੀ ਲੈਣੀ ਪਵੇਗੀ। ਪਾਵਰਕੌਮ ਦੇ ਇਸ ਪੁਰਾਣੇ ਲੇਕਵਿਊ ਗੈਸਟ ਹਾਊਸ ਵਿਚ ਪਹਿਲਾਂ ਨਿਗਰਾਨ ਇੰਜੀਨੀਅਰ ਦਾ ਦਫਤਰ ਸੀ ਅਤੇ ਇਸ ਦਫਤਰ ਤੋਂ ਇਸ ਨੂੰ ਖਾਲੀ ਕਰਾ ਕੇ ਇਸ ਦੀ ਰੈਨੋਵੇਸ਼ਨ ਅਰੰਭੀ ਗਈ ਸੀ। ਪਾਵਰਕੌਮ ਦੇ ਚੇਅਰਮੈਨ ਕੇ.ਡੀ.ਚੌਧਰੀ ਨੇ ਬੀਤੇ ਕੱਲ ਇਸ ਗੈਸਟ ਹਾਊਸ ਦਾ ਜਾਇਜ਼ਾ ਲਿਆ ਸੀ। ਹੁਣ ਤੱਕ ਇਸ ਗੈਸਟ ਹਾਊਸ ਵਿਚ ਸਿਰਫ ਇੱਕੋ ਮਹਿਮਾਨ ਠਹਿਰਿਆ ਹੈ ਜੋ ਪੰਜਾਬ ਰਾਜ ਬਿਜਲੀ ਬੋਰਡ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਹਨ। ਇਸ ਗੈਸਟ ਹਾਊਸ ਵਿਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਲਈ ਦੋ ਵਿਸ਼ੇਸ਼ ਕਮਰੇ ਤਿਆਰ ਕੀਤੇ ਗਏ ਹਨ। ਪੂਰੇ ਗੈਸਟ ਹਾਊਸ ਵਿਚ ਇਤਾਲਵੀ ਮਾਰਬਲ ਲਾਇਆ ਗਿਆ ਹੈ ਅਤੇ ਵਿਸ਼ੇਸ਼ ਤੌਰ ਤੇ ਖਜੂਰਾਂ ਦੇ ਦਰਖਤ ਮੰਗਵਾ ਕੇ ਲਾਏ ਗਏ ਹਨ। ਹਰ ਕਮਰੇ ਵਿਚ ਨਵੇਂ 40 ਇੰਚੀ ਟੀ.ਵੀ ਅਤੇ ਏ.ਸੀ ਲਗਾਏ ਗਏ ਹਨ। ਵਿਸ਼ੇਸ਼ ਤੌਰ ਤੇ ਲਿਫਟ ਲਾਈ ਗਈ ਹੈ ਅਤੇ ਕਰੀਬ 100 ਕਿਲੋਵਾਟ ਲੋਡ ਲਿਆ ਗਿਆ ਹੈ। ਪੱਛਮੀ ਤਰਜ਼ ਵਾਲੇ ਬਾਥਰੂਮ ਤਿਆਰ ਕੀਤੇ ਗਏ ਹਨ ਅਤੇ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬਾਗਵਾਨੀ ਦੇ ਕੰਮ ਤੇ ਕਰੀਬ 14 ਲੱਖ ਰੁਪਏ ਖਰਚ ਕੀਤੇ ਗਏ ਹਨ। ਵੀ.ਵੀ.ਆਈ.ਪੀਜ਼ ਦੇ ਸੁਰੱਖਿਆ ਮੁਲਾਜ਼ਮਾਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ।
                    ਥਰਮਲ ਦੀਆਂ ਝੀਲਾਂ ਦੇ ਐਨ ਕਿਨਾਰੇ ਤੇ ਇਹ ਬਣਿਆ ਹੋਇਆ ਹੈ। ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਦਾ ਕਹਿਣਾ ਸੀ ਕਿ ਪਾਵਰਕੌਮ ਨੇ ਪਹਿਲਾਂ ਸਿਆਸੀ ਲੋਕਾਂ ਖਾਤਰ ਕਰੋੜਾਂ ਰੁਪਏ ਇਸ ਗੈਸਟ ਹਾਊਸ ਦੀ ਰੈਨੋਵੇਸ਼ਨ ਤੇ ਵਹਾਏ ਅਤੇ ਹੁਣ ਪਾਵਰਕੌਮ ਤੋਂ ਉਪਰਲੇ ਲੋਕਾਂ ਨੇ ਬੁਕਿੰਗ ਦੇ ਵੀ ਅਧਿਕਾਰ ਖੋਹ ਲਏ ਹਨ। ਉਨ•ਾਂ ਆਖਿਆ ਕਿ ਸੰਪਤੀ ਅਤੇ ਪੈਸਾ ਪਾਵਰਕੌਮ ਦਾ ਹੈ ਪ੍ਰੰਤੂ ਪਾਵਰਕੌਮ ਦੇ ਅਧਿਕਾਰੀਆਂ ਨੂੰ ਇੱਥੇ ਰਹਿਣਾ ਵੀ ਨਸੀਬ ਨਹੀਂ ਹੋ ਸਕੇਗਾ। ਪਤਾ ਲੱਗਾ ਹੈ ਕਿ ਪਾਵਰਕੌਮ ਦੇ ਅਫਸਰ ਵੀ ਅੰਦਰੋਂ ਅੰਦਰੀ ਔਖੇ ਹਨ ਕਿ ਅਗਰ ਉਹ ਇਥੇ ਠਹਿਰ ਹੀ ਨਹੀਂ ਸਕਣਗੇ ਤਾਂ ਇਸ ਨੂੰ ਬਣਾਉਣ ਦੀ ਕੀ ਤੁਕ ਬਣਦੀ ਸੀ।
                                     ਉਪਰੋਂ ਝੰਡੀ ਮਿਲਣ ਤੇ ਹੋਵੇਗੀ ਬੁਕਿੰਗ : ਮੁੱਖ ਇੰਜੀਨੀਅਰ
ਬਠਿੰਡਾ ਥਰਮਲ ਦੇ ਮੁੱਖ ਇੰਜੀਨੀਅਰ ਸ੍ਰੀ ਬੀ.ਕੇ.ਗਰਗ ਦਾ ਕਹਿਣਾ ਸੀ ਕਿ ਲੇਕਵਿਊ ਗੈਸਟ ਹਾਊਸ ਮੁਕੰਮਲ ਹੋ ਗਿਆ ਹੈ ਅਤੇ ਇਹ ਚਾਲੂ ਹੋ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਗੈਸਟ ਹਾਊਸ ਦੀ ਬੁਕਿੰਗ ਮੁੱਖ ਮੰਤਰੀ,ਉਪ ਮੁੱਖ ਮੰਤਰੀ ਅਤੇ ਪਾਵਰਕੋਮ ਦੇ ਚੇਅਰਮੈਨ ਦੇ ਹੁਕਮਾਂ ਤੇ ਹੀ ਹੋਵੇਗੀ। ਉਨ•ਾਂ ਆਖਿਆ ਕਿ ਬੁਕਿੰਗ ਤਾਂ ਇੱਥੇ ਹੀ ਹੋਵੇਗੀ ਪ੍ਰੰਤੂ ਹੁਕਮ ਉਪਰੋਂ ਮਿਲਣਗੇ। ਉਨ•ਾਂ ਇਹ ਵੀ ਦੱਸਿਆ ਕਿ ਫੀਲਡ ਹੋਸਟਲ ਦੀ ਬੁਕਿੰਗ ਇੱਥੇ ਹੀ ਹੁੰਦੀ ਹੈ। 

No comments:

Post a Comment