Sunday, February 21, 2016

                             ਪਾਵਰਫੁੱਲ ਸੇਕ
          ਹੁਣ ਵਿਦੇਸ਼ੀ ਕੋਲੇ ਵਿਚ ਘਪਲਾ
                              ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਹੁਣ ਤਾਪ ਬਿਜਲੀ ਘਰਾਂ ਲਈ ਮਹਿੰਗਾ ਵਿਦੇਸ਼ੀ ਕੋਲਾ ਖਰੀਦਣ ਲੱਗਾ ਹੈ ਜਿਸ ਨਾਲ ਖਜ਼ਾਨੇ ਨੂੰ ਕਰੀਬ 200 ਕਰੋੜ ਦਾ ਰਗੜਾ ਲੱਗੇਗਾ। ਕਰੀਬ 17 ਦਿਨਾਂ ਤੋਂ ਬੰਦ ਪਏ ਲਹਿਰਾ ਮੁਹੱਬਤ ਦੇ ਥਰਮਲ ਵਿਚ ਵਿਦੇਸ਼ੀ ਕੋਲੇ ਦੇ ਰੈਕ ਪੁੱਜਣੇ ਸ਼ੁਰੂ ਹੋ ਗਏ ਹਨ। ਹਾਲਾਂ ਕਿ ਬਠਿੰਡਾ, ਰੋਪੜ ਤੇ ਲਹਿਰਾ ਮੁਹੱਬਤ ਥਰਮਲਾਂ ਵਿਚ ਕੋਲਾ ਭੰਡਾਰ ਨੱਕੋ ਨੱਕ ਭਰੇ ਹੋਏ ਹਨ ਪ੍ਰੰਤੂ ਫਿਰ ਵੀ ਧੜਾਧੜ ਕੋਲਾ ਆ ਰਿਹਾ ਹੈ। ਲਹਿਰਾ ਥਰਮਲ ਵਿਚ 25 ਦਿਨਾਂ ਦਾ ਕੋਲਾ ਪਿਆ ਹੈ ਜਿਸ ਦਾ ਭੰਡਾਰਨ ਦੌਰਾਨ ਹੀ ਸੁਆਹ ਬਣਨ ਦਾ ਡਰ ਵੀ ਬਣਿਆ ਹੋਇਆ ਹੈ। ਪਾਵਰਕੌਮ ਵਲੋਂ ਆਪਣੇ ਥਰਮਲ ਬੰਦ ਕਰਕੇ ਪ੍ਰਾਈਵੇਟ ਤਾਪ ਬਿਜਲੀ ਘਰਾਂ ਤੋਂ ਬਿਜਲੀ ਖਰੀਦ ਕੀਤੀ ਜਾ ਰਹੀ ਹੈ। ਹੁਣ ਮਹਿੰਗੇ ਵਿਦੇਸ਼ੀ ਕੋਲੇ ਦੀ ਖਰੀਦ ਨੇ ਕਈ ਤਰ•ਾਂ ਦੇ ਸ਼ੱਕ ਪੈਦਾ ਕਰ ਦਿੱਤੇ ਹਨ।ਵੇਰਵਿਆਂ ਅਨੁਸਾਰ ਪਾਵਰਕੌਮ ਵਲੋਂ ਗੁਜਰਾਤ ਦੀ ਮੈਸਰਜ ਅਡਾਨੀ ਇੰਟਰਪ੍ਰਾਈਜ਼ਜ ਲਿਮਟਿਡ ਤੋਂ 6 ਲੱਖ ਮੀਟਰਿਕ ਟਨ ਵਿਦੇਸ਼ੀ ਕੋਲਾ ਖਰੀਦ ਕਰਨ ਦਾ ਐਗਰੀਮੈਂਟ ਕੀਤਾ ਹੈ। ਅਡਾਨੀ ਵਲੋਂ ਲਹਿਰਾ ਥਰਮਲ ਨੂੰ ਸਮੇਤ ਸਭ ਖਰਚੇ 8182.88 ਰੁਪਏ ਪ੍ਰਤੀ ਮੀਟਰਿਕ ਟਨ ਅਤੇ ਰੋਪੜ ਥਰਮਲ ਨੂੰ 8518.47 ਰੁਪਏ ਪ੍ਰਤੀ ਮੀਟਰਿਕ ਟਨ ਦੇ ਹਿਸਾਬ ਨਾਲ ਵਿਦੇਸ਼ੀ ਕੋਲਾ ਸਪਲਾਈ ਕੀਤਾ ਜਾਣ ਲੱਗਾ ਹੈ।
                 ਹਰ ਮਹੀਨੇ 10 ਹਜ਼ਾਰ ਮੀਟਰਿਕ ਟਨ ਵਿਦੇਸ਼ੀ ਕੋਲਾ ਥਰਮਲਾਂ ਨੂੰ ਸਪਲਾਈ ਹੋਵੇਗਾ। ਕੁਝ ਵਰੇ• ਪਹਿਲਾਂ ਵੀ ਵਿਦੇਸ਼ੀ ਕੋਲਾ ਖਰੀਦਿਆ ਗਿਆ ਸੀ ਅਤੇ ਉਦੋਂ ਕਾਫੀ ਰੌਲਾ ਵੀ ਪਿਆ ਸੀ। ਹੁਣ ਅਡਾਨੀ ਗਰੁੱਪ ਤੋਂ ਮਹਿੰਗਾ ਕੋਲਾ ਖਰੀਦਣ ਤੇ ਵੀ ਉਂਗਲ ਉਠਣ ਲੱਗੀ ਹੈ। ਤੱਥਾਂ ਅਨੁਸਾਰ ਪਾਵਰਕੌਮ ਨੇ ਅਪਰੈਲ 2015 ਤੋਂ ਨਵੰਬਰ 2015 ਤੱਕ ਜੋ ਥਰਮਲਾਂ ਵਾਸਤੇ ਕੋਲਾ ਖਰੀਦ ਕੀਤਾ ਹੈ, ਉਸ ਵਿਚ ਕੋਲ ਇੰਡੀਆ ਲਿਮਟਿਡ ਨੇ 5070 ਰੁਪਏ ਪ੍ਰਤੀ ਮੀਟਰਿਕ ਟਨ ਵਿਚ ਕੋਲਾ ਦਿੱਤਾ ਹੈ ਜਦੋਂ ਕਿ ਪਾਵਰਕੌਮ ਦੀ ਆਪਣੀ ਕੰਪਨੀ ਪੈਨਮ ਤੋਂ ਇਹ ਭਾਅ ਪ੍ਰਤੀ ਮੀਟਰਿਕ ਟਨ ਸਿਰਫ 3706 ਰੁਪਏ ਪਿਆ ਹੈ। ਵਿਦੇਸ਼ੀ ਕੋਲਾ ਇਸ ਸਮੇਂ ਦੌਰਾਨ 8080 ਰੁਪਏ ਪ੍ਰਤੀ ਮੀਟਰਿਕ ਟਨ ਪਿਆ ਹੈ। ਮੋਟੇ ਅੰਦਾਜੇ ਅਨੁਸਾਰ ਦੇਸ਼ ਦੇ ਕੋਲੇ ਨਾਲੋਂ ਵਿਦੇਸ਼ੀ ਕੋਲਾ ਪ੍ਰਤੀ ਮੀਟਰਿਕ ਟਨ 3080 ਰੁਪਏ ਮਹਿੰਗਾ ਪਿਆ ਹੈ। ਇਸ ਹਿਸਾਬ ਨਾਲ ਕਰੀਬ 6 ਲੱਖ ਮੀਟਰਿਕ ਟਨ ਵਿਦੇਸ਼ੀ ਕੋਲਾ ਖਰੀਦਣ ਨਾਲ ਪਾਵਰਕੌਮ ਦੇ ਖਜ਼ਾਨੇ ਨੂੰ ਕਰੀਬ 180 ਕਰੋੜ ਦਾ ਰਗੜਾ ਲੱਗ ਜਾਵੇਗਾ। ਬਿਜਲੀ ਲਾਗਤ ਤੇ ਨਜ਼ਰ ਮਾਰੀਏ ਤਾਂ ਅਪਰੈਲ ਤੋਂ ਨਵੰਬਰ 2015 ਦੌਰਾਨ ਕੋਲ ਇੰਡੀਆ ਦੇ ਕੋਲੇ ਤੋਂ 3.07 ਰੁਪਏ ਪ੍ਰਤੀ ਯੂਨਿਟ, ਪੈਨਮ ਦੇ ਕੋਲੇ ਤੋਂ 2.20 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਲਾਗਤ ਆਈ ਹੈ ਜਦੋਂ ਕਿ ਵਿਦੇਸ਼ੀ ਕੋਲੇ ਨਾਲ ਪੈਦਾ ਕੀਤੀ ਬਿਜਲੀ ਦੀ ਲਾਗਤ ਪ੍ਰਤੀ ਯੂਨਿਟ 3.17 ਰੁਪਏ ਆਈ ਹੈ।
                ਇੰਪਲਾਈਜ ਜੁਆਇੰਟ ਫੋਰਮ ਦੇ ਜਨਰਲ ਸਕੱਤਰ ਬਲਜੀਤ ਸਿੰਘ ਬੋਦੀਵਾਲਾ ਦਾ ਕਹਿਣਾ ਹੈ ਕਿ ਵਿਦੇਸ਼ੀ ਕੋਲਾ ਖਰੀਦਣ ਵਿਚ ਵੱਡੀ ਗੜਬੜ ਹੋਈ ਹੈ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ•ਾਂ ਆਖਿਆ ਕਿ ਬੰਦ ਪਏ ਥਰਮਲਾਂ ਲਈ ਵਿਦੇਸ਼ੀ ਕੋਲਾ ਖਰੀਦਣ ਦੀ ਕੀ ਤੁਕ। ਉਨ•ਾਂ ਆਖਿਆ ਕਿ ਸਰਕਾਰੀ ਇਸ਼ਾਰੇ ਤੇ ਥਰਮਲ ਬੰਦ ਕਰਕੇ ਪਾਵਰਕੌਮ ਖੁਦ ਹੀ ਆਪਣੇ ਥਰਮਲਾਂ ਨੂੰ ਨਿਕੰਮਾ ਸਿੱਧ ਕਰਨ ਦੇ ਰਾਹ ਤੁਰਿਆ ਹੋਇਆ ਹੈ। ਜਾਣਕਾਰੀ ਅਨੁਸਾਰ ਲਹਿਰਾ ਥਰਮਲ ਦਾ ਯੂਨਿਟ ਨੰਬਰ ਦੋ ਤਾਂ 30 ਦਸੰਬਰ 2015 ਤੋਂ, ਯੂਨਿਟ ਨੰਬਰ ਤਿੰਨ 31 ਜਨਵਰੀ 2016 ਤੋਂ, ਯੂਨਿਟ ਨੰਬਰ ਚਾਰ 3 ਫਰਵਰੀ ਅਤੇ ਯੂਨਿਟ ਨੰਬਰ 14 ਫਰਵਰੀ ਤੋਂ ਬੰਦ ਹੈ। ਨਿਯਮਾਂ ਅਨੁਸਾਰ ਥਰਮਲ ਵਿਚ 21 ਦਿਨਾਂ ਦਾ ਕੋਲਾ ਹੋਣਾ ਚਾਹੀਦਾ ਹੈ ਪ੍ਰੰਤੂ ਇਥੇ 25 ਦਿਨਾਂ ਦਾ ਕੋਲਾ ਹੈ। ਇਵੇਂ ਬਠਿੰਡਾ ਥਰਮਲ ਮੱਧ ਜਨਵਰੀ ਤੋਂ ਬੰਦ ਪਿਆ ਹੈ। ਬਠਿੰਡਾ ਥਰਮਲ ਦੇ ਮੁੱਖ ਇੰਜੀਨੀਅਰ ਸ੍ਰੀ ਕਰਮ ਚੰਦ ਦਾ ਕਹਿਣਾ ਸੀ ਕਿ ਨੋ ਡਿਮਾਂਡ ਹੋਣ ਕਰਕੇ ਕਾਫੀ ਸਮੇਂ ਤੋਂ ਯੂਨਿਟ ਬੰਦ ਕੀਤੇ ਹੋਏ ਹਨ ਜਿਸ ਕਰਕੇ ਕੋਲਾ ਹੁਣ ਮੰਗਵਾਉਣਾ ਸ਼ੁਰੂ ਕਰ ਰਹੇ ਹਾਂ। ਪਤਾ ਲੱਗਾ ਹੈ ਕਿ ਇਥੇ 17 ਦਿਨਾਂ ਦਾ ਕੋਲਾ ਪਿਆ ਹੈ।
                  ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਦਾ ਕਹਿਣਾ ਸੀ ਥਰਮਲਾਂ ਨੂੰ ਮਹਿੰਗਾ ਕੋਲਾ ਸਪਲਾਈ ਕਰਕੇ ਪ੍ਰਾਈਵੇਟ ਥਰਮਲਾਂ ਤੋਂ ਖਰੀਦੀ ਜਾਣ ਵਾਲੀ ਮਹਿੰਗੀ ਬਿਜਲੀ ਤੇ ਜਾਇਜ਼ ਦਾ ਠੱਪਾ ਲਾਉਣਾ ਚਾਹੁੰਦੀ ਹੈ। ਥਰਮਲ ਬੰਦ ਰੱਖੇ ਜਾਣ ਪਿਛੇ ਵੀ ਇਹੋ ਕਾਰਨ ਹੈ। ਉਨ•ਾਂ ਆਖਿਆ ਵਿਦੇਸ਼ੀ ਕੋਲਾ ਖਰੀਦਣ ਦੇ ਮਾਮਲੇ ਦੀ ਸੀ.ਬੀ.ਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਮਹਿੰਗੇ ਕੋਲਾ ਖਰੀਦਣ ਨਾਲ ਖਪਤਕਾਰਾਂ ਨੂੰ ਵੀ ਮਹਿੰਗੀ ਬਿਜਲੀ ਮਿਲੇਗੀ।
                                ਗੜਬੜ ਵਾਲੀ ਕੋਈ ਗੱਲ ਨਹੀਂ : ਮੁੱਖ ਇੰਜੀਨੀਅਰ
ਮੁੱਖ ਇੰਜੀਨੀਅਰ (ਫਿਊਲ) ਸ੍ਰੀ ਐਸ.ਕੇ.ਬੱਗਾ ਦਾ ਕਹਿਣਾ ਸੀ ਕਿ ਅੱਜ ਕੱਲ ਕੌਮਾਂਤਰੀ ਮਾਰਕੀਟ ਕਾਫੀ ਹੇਠਾਂ ਹੈ ਜਿਸ ਕਰਕੇ ਸਥਾਨਿਕ ਤੇ ਵਿਦੇਸ਼ੀ ਕੋਲੇ ਦੇ ਭਾਅ ਵਿਚ ਬਹੁਤਾ ਫਰਕ ਨਹੀਂ ਹੈ। ਵਿਦੇਸ਼ੀ ਕੋਲੇ ਦੀ ਪ੍ਰਤੀ ਕਿਲੋ ਕਲੋਰੀ ਉੱਚੀ ਹੈ ਜਿਸ ਦੀ ਖਰੀਦ ਵਿਚ ਕੋਈ ਗੜਬੜ ਵਾਲੀ ਗੱਲ ਨਹੀਂ ਹੈ। ਉਨ•ਾਂ ਮੰਨਿਆ ਕਿ 25 ਦਿਨਾਂ ਦਾ ਕੋਲਾ ਭੰਡਾਰ ਪਏ ਹਨ ਪ੍ਰੰਤੂ ਰੈਕ ਤਾਂ ਮਹੀਨਾਵਾਰ ਸਡਿਊਲ ਮੁਤਾਬਿਕ ਆਉਣੇ ਹੀ ਹੁੰਦੇ ਹਨ।
        

No comments:

Post a Comment