Tuesday, August 23, 2016

                                  ਪੁੱਠਾ ਗੇੜ 
                ਥਰਮਲਾਂ ਨੂੰ ਵੱਜਣਗੇ 'ਜਿੰਦਰੇ'
                                ਚਰਨਜੀਤ ਭੁੱਲਰ
ਬਠਿੰਡਾ  : ਪਾਵਰਕੌਮ ਨੇ ਹੁਣ ਆਪਣੇ ਤਾਪ ਬਿਜਲੀ ਘਰਾਂ ਨੂੰ ਛੇ ਮਹੀਨੇ ਲਈ 'ਜਿੰਦਰੇ' ਮਾਰਨ ਦਾ ਫੈਸਲਾ ਕੀਤਾ ਹੈ। ਪਹਿਲੀ ਦਫ਼ਾ ਹੈ ਕਿ ਪਾਵਰਕੌਮ ਦੇ ਤਾਪ ਬਿਜਲੀ ਘਰ ਸਰਦੀ ਦੇ ਸੀਜ਼ਨ ਵਿਚ ਮੁਕੰਮਲ ਬੰਦ ਰਹਿਣਗੇ ਜਦੋਂ ਪ੍ਰਾਈਵੇਟ ਥਰਮਲਾਂ ਦੀਆਂ ਸਰਦੀ ਸੀਜ਼ਨ ਵਿਚ ਪੌਂ ਬਾਰਾਂ ਹੋਣਗੀਆਂ। ਪਾਵਰਕੌਮ ਸਰਦੀ ਦੇ ਛੇ ਮਹੀਨਿਆਂ ਦੌਰਾਨ ਪ੍ਰਾਈਵੇਟ ਤਾਪ ਬਿਜਲੀ ਘਰਾਂ ਤੋਂ ਬਿਜਲੀ ਖਰੀਦ ਕਰੇਗੀ ਅਤੇ ਆਪਣੇ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਬਿਲਕੁਲ ਠੱਪ ਰੱਖੀ ਜਾਵੇਗੀ। ਡੇਢ ਵਰੇ• ਤੋਂ ਪਾਵਰਕੌਮ ਦੀ ਆਪਣੀ ਪਿਛਵਾੜਾ ਕੋਲਾ ਖਾਣ ਵੀ ਬੰਦ ਹੀ ਪਈ ਹੈ ਜਿਸ ਨਾਲ ਪਾਵਰਕੌਮ ਨੂੰ ਸਲਾਨਾ ਕਰੀਬ 500 ਕਰੋੜ ਦਾ ਰਗੜਾ ਲੱਗ ਰਿਹਾ ਹੈ। ਹੁਣ ਤਾਪ ਬਿਜਲੀ ਘਰਾਂ ਨੂੰ ਠੰਢੇ ਰੱਖਣ ਦਾ ਫੈਸਲਾ ਕਰ ਲਿਆ ਹੈ। ਪਾਵਰਕੌਮ ਦੇ ਮੁੱਖ ਇੰਜੀਨੀਅਰ (ਪੀ.ਪੀ ਐਂਡ ਆਰ) ਨੇ ਮੀਮੋ ਨੰਬਰ 2469 ਮਿਤੀ 17 ਅਗਸਤ 2016 ਤਹਿਤ ਪੰਜਾਬ ਦੇ ਤਿੰਨ ਤਾਪ ਬਿਜਲੀ ਘਰਾਂ ਨੂੰ ਚਲਾਉਣ ਦਾ ਅਨੁਮਾਨਿਤ ਸਡਿਊਲ ਜਾਰੀ ਕੀਤਾ ਹੈ। ਪਿਛਲੇ ਕੁਝ ਅਰਸੇ ਤੋਂ ਤਾਪ ਬਿਜਲੀ ਘਰਾਂ ਨੂੰ ਵਾਰ ਵਾਰ ਚਲਾਉਣ ਤੇ ਬੰਦ ਕਰਨ ਦਾ ਰੁਝਾਨ ਤਾਂ ਵਧਿਆ ਹੀ ਹੈ ਅਤੇ ਇਨ•ਾਂ ਥਰਮਲਾਂ ਦੇ ਯੂਨਿਟ ਹਫਤੇ ਹਫਤੇ ਲਈ ਬੰਦ ਰੱਖੇ ਜਾਂਦੇ ਸਨ।
                     ਨਵੇਂ ਅਨੁਮਾਨਿਤ ਸਡਿਊਲ ਅਨੁਸਾਰ ਅਕਤੂਬਰ 2016 ਤੋਂ ਮਾਰਚ 2017 ਤੱਕ ਲਹਿਰਾ ਮੁਹੱਬਤ,ਬਠਿੰਡਾ ਅਤੇ ਰੋਪੜ ਦੇ ਤਾਪ ਬਿਜਲੀ ਘਰਾਂ ਤੋਂ ਬਿਜਲੀ ਪੈਦਾਵਾਰ ਬਿਲਕੁਲ ਨਿੱਲ ਰੱਖੀ ਜਾਵੇਗੀ। ਜੋ ਬਿਜਲੀ ਦੇ ਅਗਾਊ ਬੈਂਕਿੰਗ ਪ੍ਰਬੰਧ ਕੀਤੇ ਗਏ ਹਨ, ਉਨ•ਾਂ ਮੁਤਾਬਿਕ ਇਹ ਸਡਿਊਲ ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਪਬਲਿਕ ਸੈਕਟਰ ਦੇ ਤਿੰਨੋਂ ਤਾਪ ਬਿਜਲੀ ਘਰਾਂ ਦੀ 2640 ਮੈਗਾਵਾਟ ਸਮਰੱਥਾ ਹੈ ਅਤੇ ਇਨ•ਾਂ ਤੋਂ ਕਰੀਬ 2400 ਮੈਗਾਵਾਟ ਯੂਨਿਟ ਬਿਜਲੀ ਦੀ ਪੈਦਾਵਾਰ ਹੁੰਦੀ ਹੈ। ਭਾਵੇਂ ਸਰਦੀ ਦੇ ਸੀਜ਼ਨ ਵਿਚ ਬਿਜਲੀ ਦੀ ਮੰਗ 5 ਹਜ਼ਾਰ ਮੈਗਾਵਾਟ ਰਹਿ ਜਾਂਦੀ ਹੈ ਪ੍ਰੰਤੂ ਸਰਦੀ ਦੇ ਸੀਜ਼ਨ ਵਿਚ ਪਾਵਰਕੌਮ ਪ੍ਰਾਈਵੇਟ ਤਾਪ ਬਿਜਲੀ ਘਰਾਂ ਤੋਂ ਹੀ ਬਿਜਲੀ ਖਰੀਦ ਕਰੇਗਾ। ਅਨੁਮਾਨਿਤ ਸਡਿਊਲ ਅਨੁਸਾਰ ਅਪਰੈਲ 2017 ਦੇ ਮਹੀਨੇ ਵਿਚ ਵੀ ਪਬਲਿਕ ਸੈਕਟਰ ਦੇ ਥਰਮਲਾਂ ਤੋਂ ਸਿਰਫ਼ 200 ਮੈਗਾਵਾਟ ਅਤੇ ਮਈ 2017 ਦੇ ਮਹੀਨੇ ਵਿਚ 1200 ਮੈਗਾਵਾਟ ਬਿਜਲੀ ਲੈਣ ਦਾ ਟੀਚਾ ਰੱਖਿਆ ਹੈ।
                    ਇਵੇਂ ਪਹਿਲੀ ਜੂਨ ਤੋਂ 15 ਜੂਨ 2017 ਦੇ ਪੰਦਰਾਂ ਦਿਨਾਂ ਦੌਰਾਨ ਵੀ ਆਪਣੇ ਤਾਪ ਬਿਜਲੀ ਘਰਾਂ ਤੋਂ 1700 ਮੈਗਾਵਾਟ ਬਿਜਲੀ ਲਈ ਜਾਣੀ ਹੈ ਜਦੋਂ ਕਿ ਉਨ•ਾਂ ਦਿਨਾਂ ਵਿਚ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਜਾਂਦੀ ਹੈ। 16 ਜੂਨ 2017 ਤੋਂ ਸਤੰਬਰ 2017 ਤੱਕ ਸਿਰਫ਼ ਸਾਢੇ ਤਿੰਨ ਮਹੀਨੇ ਹੀ ਬਠਿੰਡਾ,ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟ ਪੂਰੀ ਸਮਰੱਥਾ ਤੇ ਚੱਲਣਗੇ। ਸਰਦੀ ਦੌਰਾਨ ਪਾਵਰਕੌਮ ਦੇ ਤਾਪ ਬਿਜਲੀ ਘਰਾਂ ਦੇ 14 ਯੂਨਿਟਾਂ ਤੋਂ ਧੂੰਆਂ ਨਹੀਂ ਨਿਕਲੇਗਾ। ਪੰਜਾਬ ਵਿਚ ਵਿਰੋਧੀ ਧਿਰ ਨੇ ਵੀ ਪਹਿਲਾਂ ਹੀ ਪ੍ਰਾਈਵੇਟ ਤਾਪ ਬਿਜਲੀ ਘਰਾਂ ਤੋਂ ਮਹਿੰਗੀ ਬਿਜਲੀ ਖਰੀਦਣ ਦਾ ਰੌਲਾ ਪਾਇਆ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਪਾਵਰਕੌਮ ਨੂੰ ਆਪਣੇ ਕੋਲਾ ਖਾਣ ਚਾਲੂ ਨਾ ਹੋਣ ਕਰਕੇ ਵੀ ਰਗੜਾ ਲੱਗ ਰਿਹਾ ਹੈ। ਮਾਰਚ 2015 ਵਿਚ ਪਾਵਰਕੌਮ ਨੂੰ ਪਿਛਵਾੜਾ ਕੋਲਾ ਖਾਣ ਅਲਾਟ ਹੋ ਗਈ ਸੀ। ਸਰਕਾਰੀ ਢਿੱਲ ਮੱਠ ਕਾਰਨ ਡੇਢ ਵਰੇ• ਤੋਂ ਕੋਲਾ ਖਾਣ ਬੰਦ ਪਈ ਹੈ। ਪਾਵਰਕੌਮ ਹੁਣ ਅਦਾਲਤੀ ਸਟੇਅ ਦਾ ਬਹਾਨਾ ਲਾ ਰਹੀ ਹੈ। ਹਾਲਾਂਕਿ ਪਾਵਰਕੌਮ ਦੀ ਢਿੱਲ ਮੱਠ ਕਾਰਨ ਹੀ ਏਦਾ ਦੀ ਨੌਬਤ ਬਣੀ ਹੈ।
                    ਪਾਵਰਕੌਮ ਖੁਦ ਮੰਨ ਰਹੀ ਹੈ ਕਿ ਇਸ ਕੋਲਾ ਖਾਣ ਦੇ ਕੋਲੇ ਨਾਲ ਪਾਵਰਕੌਮ ਨੂੰ 400 ਕਰੋੜ ਦਾ ਫਾਇਦਾ ਹੋਣਾ ਸੀ ਅਤੇ ਸਸਤੀ ਬਿਜਲੀ ਪੈਦਾ ਹੋਵੇਗੀ। ਸੂਤਰ ਦੱਸਦੇ ਹਨ ਕਿ ਕੋਲਾ ਖਾਣ ਨਾ ਚੱਲਣ ਕਰਕੇ ਸਲਾਨਾ 600 ਕਰੋੜ ਦਾ ਘਾਟਾ ਪੈ ਰਿਹਾ ਹੈ। ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਟ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਿੱਲੀ ਦਾ ਕਹਿਣਾ ਸੀ ਕਿ ਪਹਿਲੀ ਦਫ਼ਾ ਇਕੱਠੇ ਛੇ ਮਹੀਨੇ ਥਰਮਲ ਬੰਦ ਰੱਖਣ ਦਾ ਫੈਸਲਾ ਹੋਇਆ ਹੈ। ਉਨ•ਾਂ ਆਖਿਆ ਕਿ ਦੇਸ਼ ਵਿਚ ਕਿਸੇ ਵੀ ਰਾਜ ਵਿਚ ਏਦਾ ਅਨੁਮਾਨਿਤ ਸਡਿਊਲ ਨਹੀਂ ਬਣਿਆ ਹੈ ਪ੍ਰੰਤੂ ਪਾਵਰਕੌਮ ਪ੍ਰਾਈਵੇਟ ਥਰਮਲ ਮਾਲਕਾਂ ਦੀ ਝੋਲੀ ਭਰਨ ਵਿਚ ਲੱਗਾ ਹੋਇਆ ਹੈ। ਪਾਵਕੌਮ ਵਲੋਂ ਖਰੀਦ ਮਹਿੰਗੀ ਬਿਜਲੀ ਖਪਤਕਾਰਾਂ ਤੇ ਭਾਰ ਬਣੇਗੀ।
                                ਪ੍ਰਾਈਵੇਟ ਥਰਮਲਾਂ ਦੀ ਬਿਜਲੀ ਸਸਤੀ : ਮੁੱਖ ਇੰਜੀਨੀਅਰ
ਪਾਵਰਕੌਮ ਦੇ ਮੁੱਖ ਇੰਜੀਨੀਅਰ (ਪੀ.ਪੀ ਐਂਡ ਆਰ) ਸ੍ਰੀ ਬਲਵੰਤ ਸਿੰਘ ਅਰੋੜਾ ਦਾ ਪ੍ਰਤੀਕਰਮ ਸੀ ਕਿ ਪ੍ਰਾਈਵੇਟ ਥਰਮਲ ਆਧੁਨਿਕ ਤਕਨਾਲੋਜੀ ਦੇ ਹਨ ਜਿਥੋਂ ਘੱਟ ਕੋਲੇ ਨਾਲ ਸਸਤੀ ਬਿਜਲੀ ਪੈਦਾ ਹੁੰਦੀ ਹੈ। ਉਨ•ਾਂ ਆਖਿਆ ਕਿ ਸਰਦੀ ਦੇ ਸੀਜ਼ਨ ਦਾ ਜੋ ਸਡਿਊਲ ਹੈ, ਉਹ ਹਾਲੇ ਆਰਜ਼ੀ ਹੈ, ਜਿਸ ਵਿਚ ਮੌਕੇ ਅਨੁਸਾਰ ਰੱਦੋਬਦਲ ਵੀ ਹੋ ਸਕਦੀ ਹੈ ਕਿਉਂਕਿ ਸਰਦੀ ਵਿਚ ਕਾਫ਼ੀ ਸਮਾਂ ਪਿਆ ਹੈ।
         

No comments:

Post a Comment