Sunday, September 18, 2016

                                 ਸੰਘ ਦੇ ਰੰਗ
           ਸਿੱਖ ਤਖ਼ਤ 'ਤੇ ਭਾਰੀ ਪੈ ਗਏ ਤਾਜ
                               ਚਰਨਜੀਤ ਭੁੱਲਰ
ਬਠਿੰਡਾ  : ਕੇਂਦਰ ਸਰਕਾਰ ਹੁਣ ਬਠਿੰਡਾ-ਬਾਦਲ ਸੜਕ ਨੂੰ 'ਨੈਸ਼ਨਲ ਹਾਈਵੇ' ਬਣਾਏਗੀ ਜਦੋਂ ਕਿ ਤਖਤ ਦਮਦਮਾ ਸਾਹਿਬ ਦੇ ਸੜਕ ਮਾਰਗ (ਬਠਿੰਡਾ-ਤਲਵੰਡੀ ਸਾਬੋ) ਨੂੰ ਇਹ ਰੁਤਬਾ ਨਹੀਂ ਮਿਲੇਗਾ। ਇਕਲੌਤਾ ਤਖਤ ਦਮਦਮਾ ਸਾਹਿਬ ਹੈ ਜੋ ਪਹਿਲਾਂ ਹੀ ਰੇਲ ਲਿੰਕ ਤੋਂ ਵੀ ਵਾਂਝਾ ਹੈ। ਹੁਣ ਪੰਜਾਬ ਸਰਕਾਰ ਨੇ ਇਸ ਸੜਕ ਮਾਰਗ ਨੂੰ 'ਨੈਸ਼ਨਲ ਹਾਈਵੇ' ਜੋਗਾ ਵੀ ਨਹੀਂ ਸਮਝਿਆ ਹੈ। ਕੇਂਦਰ ਨੇ ਤਖਤ ਤੋਂ ਜਿਆਦਾ ਮੁੱਖ ਮੰਤਰੀ ਦੇ ਪਿੰਡ ਬਾਦਲ ਨੂੰ ਜਾਂਦੀ ਸੜਕ ਨੂੰ ਤਰਜੀਹ ਦਿੱਤੀ ਹੈ। ਭਾਵੇਂ ਰਾਮਪੁਰਾ ਤੋਂ ਤਲਵੰਡੀ ਸਾਬੋ ਵਾਇਆ ਮੌੜ ਸੜਕ ਨੂੰ ਕੌਮੀ ਹਾਈਵੇ ਬਣਾਇਆ ਜਾ ਰਿਹਾ ਹੈ ਪ੍ਰੰਤੂ ਬਠਿੰਡਾ ਤੋਂ ਜੋ ਮੁੱਖ ਸੜਕ ਮਾਰਗ ਤਲਵੰਡੀ ਸਾਬੋ ਵੱਲ ਜਾਂਦਾ ਹੈ, ਉਹ ਪੰਜਾਬ ਸਰਕਾਰ ਲਈ ਤਰਜੀਹੀ ਨਹੀਂ ਜਾਪਦਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੋ ਦਿਨ ਪਹਿਲਾਂ ਬਠਿੰਡਾ-ਬਾਦਲ-ਖਿਓਵਾਲੀ ਸੜਕ ਨੂੰ 'ਨੈਸ਼ਨਲ ਹਾਈਵੇ' ਬਣਾਉਣ ਦਾ ਐਲਾਨ ਕੀਤਾ ਹੈ ਜਿਸ ਦਾ ਨੋਟੀਫਿਕੇਸ਼ਨ ਜਲਦੀ ਹੋ ਜਾਣਾ ਹੈ। ਪੰਜਾਬ ਸਰਕਾਰ ਨੇ ਇਸ ਨੂੰ ਆਪਣੀ ਪ੍ਰਾਪਤੀ ਦੇ ਤੌਰ ਤੇ ਪ੍ਰਚਾਰਿਆ ਵੀ ਹੈ। 'ਨੈਸ਼ਨਲ ਹਾਈਵੇ' ਬਣਨ ਮਗਰੋਂ ਬਠਿੰਡਾ ਬਾਦਲ 30 ਕਿਲੋਮੀਟਰ ਸੜਕ ਮਾਰਗ ਦਾ ਸਾਰਾ ਖਰਚਾ ਕੇਂਦਰ ਚੁੱਕੇਗਾ।
                   ਇਹ ਵੀ.ਆਈ.ਪੀ ਸੜਕ ਮਾਰਗ ਸ਼ੁਰੂ ਤੋਂ ਹੀ ਭਾਗਾਂ ਵਾਲਾ ਰਿਹਾ ਹੈ। ਕੇਂਦਰੀ ਸੜਕ ਫੰਡ ਦੇ ਨਾਲ ਕੁਝ ਵਰੇ• ਪਹਿਲਾਂ ਰਾਮਪੁਰਾ ਤਲਵੰਡੀ ਸਾਬੋ ਦਾ ਪ੍ਰੋਜੈਕਟ ਕੇਂਦਰ ਨੂੰ ਭੇਜਿਆ ਗਿਆ ਸੀ ਪ੍ਰੰਤੂ ਮਗਰੋਂ ਰਾਜ ਸਰਕਾਰ ਨੇ ਇਸ ਦੀ ਥਾਂ ਬਠਿੰਡਾ ਬਾਦਲ ਸੜਕ ਮਾਰਗ ਪਾ ਦਿੱਤਾ ਸੀ। ਉਦੋਂ ਕੇਂਦਰੀ ਸੜਕ ਫੰਡ ਤਹਿਤ ਬਠਿੰਡਾ-ਬਾਦਲ ਸੜਕ ਮਾਰਗ ਤੇ 30 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਵੀ.ਆਈ.ਪੀ ਸੜਕ ਮਾਰਗ ਤੇ ਵਿਸ਼ੇਸ਼ ਤੌਰ ਤੇ 23 ਕਰੋੜ ਦੀ ਲਾਗਤ ਨਾਲ ਓਵਰ ਬਰਿੱਜ ਬਣਾਇਆ ਗਿਆ ਹੈ ਜਿਸ ਵਾਰੇ ਰੇਲਵੇ ਨੇ ਇਹ ਤਰਕ ਦੇ ਕੇ ਪੈਸਾ ਦੇਣ ਤੋਂ ਨਾਂਹ ਕਰ ਦਿੱਤੀ ਸੀ ਕਿ ਇਸ ਸੜਕ ਮਾਰਗ ਤੇ ਟਰੈਫ਼ਿਕ ਨਹੀਂ ਹੈ। ਮਗਰੋਂ ਪੰਜਾਬ ਸਰਕਾਰ ਨੇ ਖੁਦ ਹੀ ਰੇਲਵੇ ਵਾਲੀ 3 ਕਰੋੜ ਦੀ ਹਿੱਸੇਦਾਰੀ ਪਾ ਦਿੱਤੀ ਸੀ। ਉਸ ਤੋਂ ਪਹਿਲਾਂ ਢਾਈ ਕਰੋੜ ਦੀ ਲਾਗਤ ਨਾਲ ਇਸ ਸੜਕ ਮਾਰਗ ਨੂੰ 18 ਫੁੱਟ ਤੋਂ 23 ਫੁੱਟ ਕੀਤਾ ਗਿਆ ਸੀ। ਇੱਥੋਂ ਤੱਕ ਕਿ ਮਗਰੋਂ ਸਰਕਾਰ ਨੇ ਇਕੱਲੀ ਇਸ ਸੜਕ ਦੇ ਪੈਚ ਵਰਕ ਵਾਸਤੇ ਸਾਲ 2014-15 ਵਿਚ 30 ਲੱਖ ਦੇ ਫੰਡ ਜਾਰੀ ਕੀਤੇ ਸਨ। ਇਸ ਸੜਕ ਨੂੰ ਰਿੰਗ ਰੋਡ ਨਾਲ ਜੋੜਿਆ ਗਿਆ ਹੈ। ਇਸ ਸੜਕ ਤੇ ਹੀ ਆਲੀਸ਼ਾਨ ਨੰਨ•ੀ ਛਾਂ ਚੌਂਕ ਬਣਾਇਆ ਗਿਆ ਹੈ।
                   ਬਠਿੰਡਾ ਬਾਦਲ ਸੜਕ ਮਾਰਗ ਤੇ ਡਿਵਾਈਡਰ ਅਤੇ ਕਿਨਾਰਿਆਂ ਤੇ ਲਗਾਏ ਪੌਦਿਆਂ ਦੀ ਇਕੱਲੀ ਸਾਂਭ ਸੰਭਾਲ ਤੇ ਹੁਣ ਤੱਕ 2 ਕਰੋੜ ਰੁਪਏ ਖਰਚ ਹੋ ਚੁੱਕੇ ਹਨ ਜਦੋਂ ਕਿ ਦੂਸਰੀ ਤਰਫ਼ ਤਖਤ ਦਮਦਮਾ ਸਾਹਿਬ ਨੂੰ ਜਾਂਦੀ ਸੜਕ ਨੂੰ ਕੋਟਸ਼ਮੀਰ ਤੋਂ ਤਲਵੰਡੀ ਸਾਬੋ ਤੱਕ ਡਿਵਾਈਡਰ ਹੀ ਨਸੀਬ ਨਹੀਂ ਹੋਇਆ ਹੈ। ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ• ਦਾ ਪ੍ਰਤੀਕਰਮ ਸੀ ਕਿ ਤਖਤ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਤਾਂ ਕੀ ਜੋੜਨਾ ਸੀ, ਇਸ ਨੂੰ 'ਨੈਸ਼ਨਲ ਹਾਈਵੇ' ਦਾ ਦਰਜਾ ਵੀ ਨਹੀਂ ਦਿੱਤਾ ਗਿਆ ਹੈ। ਉਨ•ਾਂ ਮੰਗੀ ਕੀਤੀ ਕਿ ਤਖਤ ਨੂੰ ਬਠਿੰਡਾ ਤੋਂ ਜਾਂਦੀ ਸੜਕ ਨੂੰ ਵੀ ਕੌਮੀ ਹਾਈਵੇ ਐਲਾਨਿਆ ਜਾਵੇ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਕਈ ਵਰੇ• ਪਹਿਲਾਂ ਗੁਰਤਾ ਗੱਦੀ ਸਮਾਗਮਾਂ ਲਈ 70 ਕਰੋੜ ਦੇ ਫੰਡ ਤਲਵੰਡੀ ਸਾਬੋ ਲਈ ਜਾਰੀ ਕੀਤੇ ਸਨ ਜਿਨ•ਾਂ ਚੋਂ ਕੁਝ ਪੈਸਿਆਂ ਨਾਲ ਤਲਵੰਡੀ ਸਾਬੋ ਬਠਿੰਡਾ ਸੜਕ ਮਾਰਗ ਬਣਾਇਆ ਗਿਆ ਸੀ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਕੇਂਦਰੀ ਭਾਜਪਾ ਸਰਕਾਰ ਤਾਂ ਬਾਦਲ ਨੂੰ ਹੀ ਤਖਤ ਤੋਂ ਉਪਰ ਸਮਝਦੀ ਹੈ ਅਤੇ ਇੱਧਰ ਬਾਦਲ ਸਰਕਾਰ ਨੂੰ ਵੀ ਤਖਤ ਦਮਦਮਾ ਸਾਹਿਬ ਨਾਲੋਂ ਆਪਣੇ ਹਿੱਤ ਪਿਆਰੇ ਹਨ ਜਿਸ ਕਰਕੇ ਹਾਲੇ ਤੱਕ ਤਖਤ ਦਮਦਮਾ ਸਾਹਿਬ ਰੇਲ ਲਿੰਕ ਨਾਲ ਵੀ ਨਹੀਂ ਜੁੜ ਸਕਿਆ ਹੈ।
                              ਪ੍ਰਵਾਨਗੀ ਲਈ ਪ੍ਰਕਿਰਿਆ ਸ਼ੁਰੂ : ਮੁੱਖ ਇੰਜੀਨੀਅਰ
ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਸ੍ਰੀ ਏ.ਕੇ.ਸਿੰਗਲਾ ਦਾ ਕਹਿਣਾ ਸੀ ਕਿ ਬਠਿੰਡਾ-ਬਾਦਲ-ਖਿਉਵਾਲੀ ਸੜਕ ਮਾਰਗ ਅੱਗੇ ਜਾ ਕੇ ਐਨ.ਐਚ-10 (ਫਾਜਿਲਕਾ ਦਿੱਲੀ) ਨੂੰ ਮਿਲਦਾ ਹੈ। ਐਨ.ਐਚ-10 ਨਾਲ ਹੀ ਮਿਲਾਉਣ ਵਾਸਤੇ ਬਠਿੰਡਾ ਬਾਦਲ ਸੜਕ ਮਾਰਗ ਨੂੰ ਕੌਮੀ ਹਾਈਵੇ ਐਲਾਨਿਆ ਗਿਆ ਹੈ ਜਿਸ ਦੀ ਪ੍ਰਵਾਨਗੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਰਾਮਪੁਰਾ ਤੋਂ ਤਲਵੰਡੀ ਸਾਬੋ ਸੜਕ ਮਾਰਗ ਨੂੰ ਕੌਮੀ ਹਾਈਵੇ ਪਹਿਲਾਂ ਹੀ ਐਲਾਨਿਆ ਹੋਇਆ ਹੈ। 

1 comment:

  1. ਇਕ ਪੰਜਾਬੀSeptember 19, 2016 at 4:00 AM

    ਜਨਤਾ ਨੂ ਜਾਗਰੂਕ ਕਰਣਾ ਵੀ ਇਕ ਪੁੰਨ ਹੈ ਜੀ! ਵਾਹਿਗੁਰੂ ਚੜਦੀ ਕਲਾ ਬਖਸੇ ਜੀ

    ReplyDelete