Saturday, January 28, 2017

                                ਸਿਆਸੀ ਅਸ਼ੀਰਵਾਦ
                  ਡੇਰਾ ਸਿਰਸਾ ਪੁੱਜੇ ਉਮੀਦਵਾਰ
                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ 'ਚ ਕੁੱਦੇ ਉਮੀਦਵਾਰਾਂ ਦਾ ਅੱਜ ਡੇਰਾ ਸਿਰਸਾ ਦੇ ਮੁਖੀ ਦੀ ਰਿਹਾਇਸ਼ ਤੇ ਮੇਲਾ ਲੱਗਾ ਰਿਹਾ ਅਤੇ ਇਨ੍ਹਾਂ ਉਮੀਦਵਾਰਾਂ ਨੇ ਅੱਜ ਡੇਰਾ ਮੁਖੀ ਦਾ ਆਸਰਾ ਤੱਕਿਆ। ਡੇਰਾ ਮੁਖੀ ਤੋਂ ਅੱਜ ਕਰੀਬ 80 ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਨੇ ਸਿਆਸੀ ਅਸ਼ੀਰਵਾਦ ਲਿਆ। ਇਨ੍ਹਾਂ ਉਮੀਦਵਾਰਾਂ ਵਲੋਂ ਕਈ ਦਿਨ ਪਹਿਲਾਂ ਡੇਰਾ ਮੁਖੀ ਤੋਂ ਸਮਾਂ ਮੰਗਿਆ ਜਾ ਰਿਹਾ ਸੀ। ਡੇਰਾ ਸਿਰਸਾ ਵਿਚ ਦੋ ਦਿਨ ਮੁੱਖ ਭੰਡਾਰਾ ਸੀ। ਅੱਜ ਦੁਪਾਹਿਰ ਮਗਰੋਂ ਡੇਰਾ ਮੁਖੀ ਨੇ ਕਰੀਬ ਪੌਣਾ ਘੰਟਾ ਇਨ੍ਹਾਂ ਉਮੀਦਵਾਰਾਂ ਨੂੰ ਸਮਾਂ ਦਿੱਤਾ। ਸਭਨਾਂ ਉਮੀਦਵਾਰਾਂ ਨੇ ਡੇਰਾ ਮੁਖੀ ਤੋਂ ਚੋਣਾਂ ਲਈ ਅਸ਼ੀਰਵਾਦ ਮੰਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵਾਪਸੀ ਮਗਰੋਂ ਅਕਾਲੀ ਉਮੀਦਵਾਰ ਅੱਜ ਪਹਿਲੀ ਦਫ਼ਾ ਡੇਰਾ ਸਿਰਸਾ ਗਏ। ਪਿਛਲੀ ਲੋਕ ਸਭਾ ਚੋਣ ਵਿਚ ਸਭ ਕੁਝ ਚੁੱਪ ਚੁਪੀਤੇ ਹੋਇਆ ਸੀ।  ਪ੍ਰਾਪਤ ਵੇਰਵਿਆਂ ਅਨੁਸਾਰ ਕੈਬਨਿਟ ਵਜ਼ੀਰ ਅਤੇ ਰਾਮਪੁਰਾ ਹਲਕੇ ਤੋਂ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਮੌੜ ਹਲਕੇ ਤੋਂ ਅਕਾਲੀ ਉਮੀਦਵਾਰ ਤੇ ਵਜ਼ੀਰ ਜਨਮੇਜਾ ਸਿੰਘ ਸੇਖੋਂ ਅਤੇ ਫਾਜਿਲਕਾ ਤੋਂ ਭਾਜਪਾ ਉਮੀਦਵਾਰ ਤੇ ਵਜ਼ੀਰ ਸੁਰਜੀਤ ਕੁਮਾਰ ਜਿਆਣੀ ਅੱਜ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਪ੍ਰਮੁੱਖ ਸਨ।
                    ਅਕਾਲੀ ਉਮੀਦਵਾਰ ਭੁੱਚੋ ਤੋਂ ਹਰਪ੍ਰੀਤ ਕੋਟਭਾਈ, ਬੱਲੂਆਣਾ ਤੋਂ ਪ੍ਰਕਾਸ਼ ਭੱਟੀ,ਹਲਕਾ ਕੋਟਕਪੂਰਾ ਤੋਂ ਮਨਤਾਰ ਬਰਾੜ,ਗਿੱਦੜਬਹਾ ਤੋਂ ਡਿੰਪੀ ਢਿਲੋਂ,ਹਲਕਾ ਤਲਵੰਡੀ ਸਾਬੋ ਤੋਂ ਜੀਤਮਹਿੰਦਰ ਸਿੰਘ ਸਿੱਧੂ,ਹਲਕਾ ਸਰਦੂਲਗੜ੍ਹ ਤੋਂ ਦਿਲਰਾਜ ਭੂੰਦੜ,ਹਲਕਾ ਮੁਕਤਸਰ ਤੋਂ ਰੋਜ਼ੀ ਬਰਕੰਦੀ,ਹਲਕਾ ਨਾਭਾ ਤੋਂ ਕਬੀਰ ਦਾਸ,ਹਲਕਾ ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ,ਸਤਰਾਣਾ ਤੋਂ ਵਨਿੰਦਰ ਲੂਬਾ, ਦਿੜਬਾ ਤੋਂ ਗੁਲਜ਼ਾਰ ਸਿੰਘ ਆਦਿ ਨੇ ਵੀ ਡੇਰਾ ਮੁਖੀ ਤੋਂ ਅਸ਼ੀਰਵਾਦ ਲਿਆ। ਅੱਜ ਡੇਰਾ ਮੁਖੀ ਤੋਂ ਕਾਂਗਰਸੀ ਉਮੀਦਵਾਰਾਂ ਨੇ ਵੀ ਅਸ਼ੀਰਵਾਦ ਮੰਗਿਆ ਜਿਨ੍ਹਾਂ ਵਿਚ ਲਹਿਰਾਗਾਗਾ ਤੋਂ ਬੀਬੀ ਰਜਿੰਦਰ ਕੌਰ ਭੱਠਲ, ਬਰਨਾਲਾ ਤੋਂ ਕੇਵਲ ਢਿਲੋਂ,ਫਰੀਦਕੋਟ ਤੋਂ ਕੁਸ਼ਲਦੀਪ ਢਿੱਲੋਂ,ਮਲੋਟ ਤੋਂ ਅਜਾਇਬ ਭੱਟੀ,ਮੁਕਤਸਰ ਤੋਂ ਕਰਨ ਬਰਾੜ,ਅਮਲੋਹ ਤੋਂ ਰਣਦੀਪ ਸਿੰਘ,ਦਰਸ਼ਨ ਬਰਾੜ, ਸੰਗਰੂਰ ਤੋਂ ਵਿਜੇਇੰਦਰ ਸਿੰਗਲਾ,ਗਿੱਦੜਬਹਾ ਤੋਂ ਰਾਜਾ ਵੜਿੰਗ,ਘਨੌਰ ਤੋਂ ਮਦਨ ਲਾਲ,ਨਾਭਾ ਤੋਂ ਸਾਧੂ ਸਿੰਘ ਧਰਮਸੋਤ,ਸਮਾਣਾ ਤੋਂ ਰਜਿੰਦਰ ਸਿੰਘ, ਸੁਨਾਮ ਤੋਂ ਦਮਨ ਬਾਜਵਾ, ਲੁਧਿਆਣਾ ਤੋਂ ਆਸੂ ਅਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦਾ ਲੜਕਾ ਅਰਜਨ ਬਾਦਲ ਆਦਿ ਸ਼ਾਮਿਲ ਸਨ।
                     ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਵੀ ਅੱਧੀ ਦਰਜਨ ਉਮੀਦਵਾਰ ਸ਼ਾਮਿਲ ਸਨ ਜਿਨ੍ਹਾਂ ਦੇ ਨਾਂਵਾਂ ਦਾ ਪਤਾ ਨਹੀਂ ਲੱਗ ਸਕਿਆ।  ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨੇ ਉਕਤ ਉਮੀਦਵਾਰਾਂ ਦੇ ਡੇਰਾ ਮੁਖੀ ਤੋਂ ਅਸ਼ੀਰਵਾਦ ਲੈਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਡੇਰਾ ਮੁਖੀ ਨੇ ਸਾਰੇ ਉਮੀਦਵਾਰਾਂ ਨਾਲ ਇਕੱਠੇ ਹੀ ਗੱਲਬਾਤ ਕੀਤੀ ਹੈ ਅਤੇ ਇਕੱਲੇ ਇਕੱਲੇ ਨੂੰ ਡੇਰਾ ਮੁਖੀ ਨਹੀਂ ਮਿਲੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਹੋਰ ਉਮੀਦਵਾਰ ਵੀ ਡੇਰਾ ਮੁਖੀ ਤੋਂ ਸਮਾਂ ਮੰਗ ਰਹੇ ਹਨ ਪ੍ਰੰਤੂ ਹੋ ਸਕਦਾ ਹੈ ਕਿ ਡੇਰਾ ਮੁਖੀ ਵਿਦੇਸ਼ ਚਲੇ ਜਾਣ ਕਿਉਂਕਿ ਉਨ੍ਹਾਂ ਦੀ ਅਗਲੀ ਫਿਲਮ 10 ਫਰਵਰੀ ਨੂੰ ਰਲੀਜ਼ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਆਸੀ ਵਿੰਗ ਵਲੋਂ ਚੋਣਾਂ ਤੋਂ ਐਨ ਪਹਿਲਾਂ ਹਮਾਇਤ ਦਾ ਐਲਾਨ ਕੀਤਾ ਜਾਵੇਗਾ।

No comments:

Post a Comment