Wednesday, April 26, 2017

                              ਆੜੀ ਟੁੱਟੀ !
      ਕੇਜਰੀਵਾਲ ਨਾਲ ਰੁੱਸਿਆ ਭਗਵੰਤ ਮਾਨ
                               ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ 'ਕੱਟੀ' ਕਰ ਦਿੱਤੀ ਹੈ ਜੋ ਐਮਸੀਡੀ ਚੋਣਾਂ ਦੇ ਨਤੀਜੇ ਤੋਂ ਐਨ ਪਹਿਲਾਂ 'ਆਪ' ਲਈ ਵੱਡਾ ਝਟਕਾ ਹੈ। ਜਦੋਂ ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਆਗੂ ਐਚ.ਐਸ. ਫੂਲਕਾ ਵਲੋਂ ਪੰਜਾਬ ਯਾਤਰਾ ਸ਼ੁਰੂ ਕਰਨ ਦੀ ਤਿਆਰੀ ਹੈ ਤਾਂ ਠੀਕ ਉਸ ਸਮੇਂ ਭਗਵੰਤ ਮਾਨ ਨੇ 'ਆਪ' ਕਨਵੀਨਰ ਕੇਜਰੀਵਾਲ ਨਾਲ ਆਪਣੀ ਨਰਾਜ਼ਗੀ ਦੀ ਗੱਲ ਉਠਾਈ ਹੈ। ਭਗਵੰਤ ਮਾਨ ਨੇ ਫਿਲਹਾਲ 'ਆਪ' ਦੀ ਕਿਸੇ ਗਤੀਵਿਧੀ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਚੋਣਾਂ ਦੇ ਨਤੀਜੇ ਮਗਰੋਂ ਭਗਵੰਤ ਮਾਨ ਨੇ ਖੁੱਲ• ਕੇ ਵਿਚਰਨਾ ਬੰਦ ਕਰ ਦਿੱਤਾ ਹੈ ਜਿਸ ਤੋਂ ਲੋਕ ਆਪੋ ਆਪਣੇ ਕਿਆਸ ਲਗਾ ਰਹੇ ਹਨ। ਵੇਰਵਿਆਂ ਅਨੁਸਾਰ ਭਗਵੰਤ ਮਾਨ ਨੇ ਕਰੀਬ ਤਿੰਨ ਹਫਤੇ ਪਹਿਲਾਂ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿਚ ਦੋ ਘੰਟੇ ਗੁਪਤ ਮੀਟਿੰਗ ਕੀਤੀ ਜਿਸ ਵਿਚ ਭਗਵੰਤ ਨੇ ਪੰਜਾਬ ਚੋਣਾਂ ਤੇ ਲੰਮੀ ਚੌੜੀ ਚਰਚਾ ਕੀਤੀ। ਉਨ•ਾਂ ਕੇਜਰੀਵਾਲ ਨੂੰ ਚੋਣਾਂ 'ਚ 'ਆਪ' ਤਰਫ਼ੋਂ ਹੋਈਆਂ ਗਲਤੀਆਂ ਦੀ ਗਿਣਤੀ ਕਰਾਈ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੰਜਾਬੀ ਟ੍ਰਿਬਿਊਨ ਨਾਲ 'ਵਿਸ਼ੇਸ਼ ਗੱਲਬਾਤ' ਦੌਰਾਨ ਕਈ ਅਹਿਮ ਨੁਕਤੇ ਸਾਂਝੇ ਕੀਤੇ।
                        ਭਗਵੰਤ ਮਾਨ ਨੇ ਆਖਿਆ ਕਿ ਪਹਿਲਾਂ ਟਿਕਟਾਂ ਦੀ ਵੰਡ ਵਿਚ ਗਲਤ ਫੈਸਲੇ ਹੋਏ ਅਤੇ ਉਸ ਨੂੰ ਟਿਕਟਾਂ ਦੀ ਵੰਡ ਦੇ ਮਾਮਲੇ ਵਿਚ ਲਾਂਭੇ ਕੀਤਾ ਅਤੇ ਫਿਰ 'ਆਪ' ਚੋਣਾਂ ਵਿਚ ਬਿਨ•ਾਂ ਕਪਤਾਨ ਤੋਂ ਮੁਹੱਲੇ ਦੀ ਕ੍ਰਿਕਟ ਟੀਮ ਵਾਂਗ ਖੇਡੀ। ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਦੇ ਨਾਮ ਦਾ ਵੀ ਐਲਾਨ ਕਰਦੇ ਪਰ ਪਾਰਟੀ ਨੇ ਇਸ ਨੂੰ ਸੰਜੀਦਗੀ ਨਾਲ ਨਹੀਂ ਲਿਆ। ਉਨ•ਾਂ ਆਖਿਆ ਕਿ ਉਸ ਨੇ ਚੋਣਾਂ ਦੌਰਾਨ 500 ਰੈਲੀਆਂ ਕੀਤੀਆਂ ਅਤੇ ਜਾਨ ਤੋੜ ਕੇ ਦਿਨ ਰਾਤ ਮਿਹਨਤ ਕੀਤੀ ਪ੍ਰੰਤੂ ਉਸ ਨੂੰ ਦਿੱਲੀਓ ਕਦੇ ਸ਼ਾਬਾਸ਼ ਨਹੀਂ ਮਿਲੀ, ਉਲਟਾ ਝਿੜਕਾਂ ਜਰੂਰ ਮਿਲਦੀਆਂ ਸਨ। ਉਨ•ਾਂ ਆਖਿਆ ਕਿ ਉਸ ਨੇ ਆਪਣੇ ਹਲਕੇ ਦੀਆਂ 9 ਸੀਟਾਂ ਚੋਂ ਇਨ•ਾਂ ਚੋਣਾਂ ਵਿਚ ਪੰਜ ਸੀਟਾਂ ਜਿੱਤੀਆਂ। ਉਸ ਦੇ ਇਲਾਕੇ ਵਿਚ ਹੀ 'ਆਪ' ਨੂੰ ਵੱਡੀ ਜਿੱਤ ਮਿਲੀ ਹੈ।  ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਚੋਣਾਂ ਮਗਰੋਂ 'ਆਪ' ਦੀ ਪੀਏਸੀ ਦੀ ਕੋਈ ਮੀਟਿੰਗ ਅਟੈਂਡ ਨਹੀਂ ਕੀਤੀ ਅਤੇ ਨਾ ਹੀ ਉਹ ਵਿਸਾਖੀ ਮੇਲੇ ਤੇ ਪੁੱਜੇ ਸਨ। ਦਿੱਲੀ ਦੀ ਜਿਮਨੀ ਚੋਣ ਅਤੇ ਐਮਸੀਡੀ ਚੋਣਾਂ ਤੋਂ ਭਗਵੰਤ ਮਾਨ ਦੂਰ ਹੀ ਰਹੇ ਹਨ। ਭਗਵੰਤ ਮਾਨ ਨੇ ਮੰਨਿਆ ਕਿ ਉਸ ਦੇ 'ਆਪ' ਕਨਵੀਨਰ ਨਾਲ ਪੰਜਾਬ ਚੋਣਾਂ ਦੇ ਕੁਝ ਨੁਕਤਿਆਂ ਤੇ ਗਿਲੇ ਸ਼ਿਕਵੇ ਹਨ ਜਿਨ•ਾਂ ਵਾਰੇ ਮੀਟਿੰਗ ਵਿਚ ਦੱਸ ਦਿੱਤਾ ਗਿਆ ਸੀ।
 ਭਗਵੰਤ ਮਾਨ ਨੇ ਕੇਜਰੀਵਾਲ ਵਲੋਂ ਈਵੀਐਮ ਮਸ਼ੀਨਾਂ ਤੇ ਲਏ ਸਟੈਂਡ ਨਾਲੋਂ ਵੀ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਮਾਨ ਨੇ ਆਖਿਆ ਕਿ ਈਵੀਐਮ ਮਸ਼ੀਨਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨਹੀਂ, ਕਿਸੇ ਦੇ ਕਸੂਰ ਦੀ ਥਾਂ 'ਆਪ' ਲੀਡਰਸ਼ਿਪ ਨੂੰ ਆਤਮ ਪੜਚੋਲ ਕਰਨੀ ਚਾਹੀਦੀ ਹੈ। ਦਿੱਲੀ ਚੋਣਾਂ ਵੀ 'ਆਪ' ਰਿਕਾਰਡ ਸੀਟਾਂ ਨਾਲ ਜਿੱਤੀ ਹੀ ਸੀ।ਉਨ•ਾਂ ਆਖਿਆ ਕਿ 'ਆਪ' ਨੇ ਪੰਜਾਬ ਚੋਣਾਂ ਦੌਰਾਨ ਵੱਡੀਆਂ ਗਲਤੀਆਂ ਕੀਤੀਆਂ ਜਿਸ ਦਾ ਨੁਕਸਾਨ ਹੋਇਆ ਹੈ। ਭਗਵੰਤ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਪਿਆਰ ਦੇ ਉਹ ਹਮੇਸ਼ਾ ਰਿਣੀ ਹਨ। ਐਮ.ਪੀ ਨੇ ਆਖਿਆ ਕਿ ਉਹ ਪਹਿਲੀ ਮਈ ਤੋਂ ਕੁਝ ਦਿਨਾਂ ਲਈ ਆਪਣੇ ਬੱਚਿਆਂ ਨੂੰ ਮਿਲਣ ਅਮਰੀਕਾ ਜਾ ਰਹੇ ਹਨ ਅਤੇ ਉਸ ਮਗਰੋਂ 25 ਮਈ ਨੂੰ ਉਹ ਮਾਲਵਾ ਖਿੱਤੇ ਵਿਚ ਧੰਨਵਾਦੀ ਦੌਰਾ ਕਰਨਗੇ। ਉਨ•ਾਂ ਦੱਸਿਆ ਕਿ ਉਸ ਨੇ ਕੇਜਰੀਵਾਲ ਨਾਲ ਮੀਟਿੰਗ ਕਰਕੇ ਪੰਜਾਬ ਚੋਣਾਂ ਦੇ ਮਾਮਲੇ ਤੇ ਕੌੜੀਆਂ ਪਰ ਸੱਚੀਆਂ ਗੱਲਾਂ ਕੀਤੀਆਂ ਹਨ। ਭਗਵੰਤ ਮਾਨ ਨੇ ਕੁਝ ਗੱਲਾਂ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ 'ਆਪ' ਕਨਵੀਨਰ ਕੇਜਰੀਵਾਲ ਸਮਝ ਨਹੀਂ ਸਕੇ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ। ਮੁੱਖ ਮੰਤਰੀ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਨਾ ਕਰਨਾ ਵੱਡੀ ਗਲਤੀ ਰਹੀ ਹੈ ਅਤੇ ਉਸ ਤੋਂ ਵੱਡੀ ਗਲਤੀ ਗਰਮ ਤਬੀਅਤ ਵਾਲੇ ਆਗੂਆਂ ਨਾਲ 'ਆਪ' ਆਗੂਆਂ ਨੇ ਮੀਟਿੰਗ ਕਰਕੇ ਕਰ ਦਿੱਤੀ।
                        ਉਨ•ਾਂ ਦੇ ਦਿਲ ਵਿਚ ਕੇਜਰੀਵਾਲ ਦਾ ਬਹੁਤ ਸਤਿਕਾਰ ਹੈ ਅਤੇ ਪਾਰਟੀ ਦੇ ਨਾਲ ਡਟ ਕੇ ਖੜ•ੇ ਹਨ ਪ੍ਰੰਤੂ ਦਿੱਲੀ ਦੀ ਲੀਡਰਸ਼ਿਪ ਦੇ ਓਵਰ ਕੌਨਫੀਡੈਂਸ ਨੇ ਨੁਕਸਾਨ ਜਰੂਰ ਕੀਤਾ ਹੈ। ਨਹਿਰੀ ਪਾਣੀਆਂ ਦੇ ਮਾਮਲੇ ਤੇ ਵੀ ਪਾਰਟੀ ਸਟੈਂਡ ਸਪੱਸ਼ਟ ਨਹੀਂ ਕਰ ਸਕੀ। ਉਨ•ਾਂ ਆਖਿਆ ਕਿ 'ਆਪ' ਕਨਵੀਨਰ ਨੂੰ ਆਪਣੇ ਲਹਿਜੇ ਵਿਚ ਬਦਲਾਓ ਕਰਨਾ ਪਵੇਗਾ ਕਿਉਂਕਿ 'ਆਪ' ਤੋਂ ਲੋਕਾਂ ਨੂੰ ਉਮੀਦਾਂ ਹਨ। ਜਦੋਂ ਇਹ ਪੁੱਛਿਆ ਕਿ ਉਹ ਪਾਰਟੀ ਤੋਂ ਲਾਂਭੇ ਵੀ ਹੋ ਸਕਦੇ ਹਨ ਤਾਂ ਭਗਵੰਤ ਮਾਨ ਨੇ ਆਖਿਆ ਕਿ ਏਦਾ ਦੀ ਕੋਈ ਵੀ ਗੱਲ ਨਹੀਂ ਹੈ। ਉਨ•ਾਂ ਦੇ ਕੁਝ ਗਿੱਲੇ ਸ਼ਿਕਵੇ ਹਨ ਜਿਨ•ਾਂ ਤੋਂ ਕੇਜਰੀਵਾਲ ਨੂੰ ਜਾਣੂ ਕਰਾਇਆ ਗਿਆ ਹੈ। ਭਗਵੰਤ ਮਾਨ ਨੇ 'ਆਪ' ਕਨਵੀਨਰ ਨੂੰ ਆਪਣੀ ਨਰਾਜ਼ਗੀ ਦੱਸ ਦਿੱਤੀ ਕਿ 'ਮੇਰਾ ਪਾਰਟੀ ਨੇ ਮੁੱਲ ਨਹੀਂ ਪਾਇਆ'। ਉਨ•ਾਂ ਆਖਿਆ ਕਿ ਉਸ ਨੇ ਫਿਲਹਾਲ ਪਾਰਟੀ ਤੋਂ ਛੁੱਟੀ ਮੰਗੀ ਹੈ ਅਤੇ ਪਾਰਟੀ ਪ੍ਰੋਗਰਾਮਾਂ 'ਚ ਹਿੱਸਾ ਲੈਣ ਤੋਂ ਵੀ ਮਾਫ਼ੀ ਮੰਗੀ ਹੈ। ਮਾਨ ਨੇ ਆਖਿਆ ਕਿ ਤੀਸਰੇ ਬਦਲ ਦੀ ਪੰਜਾਬ ਵਿਚ ਉਮੀਦ ਮਰੀ ਨਹੀਂ ਹੈ, ਪੰਜਾਬ ਚੋਣਾਂ ਵਿਚ ਅਕਾਲੀਆਂ ਨੂੰ ਸਿਆਸੀ ਤੌਰ ਤੇ ਖਤਮ ਕਰਨਾ ਅਤੇ ਮੁੱਖ ਵਿਰੋਧੀ ਧਿਰ ਦੇ ਰੂਪ ਵਿਚ ਆਉਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਲੋਕ ਵਾਢੀ ਵਿਚ ਰੁੱਝੇ ਹੋਏ ਹਨ ਜਿਸ ਕਰਕੇ ਉਨ•ਾਂ ਨੇ ਧੰਨਵਾਦੀ ਦੌਰਾ ਲੇਟ ਰੱਖਣ ਦਾ ਫੈਸਲਾ ਕੀਤਾ ਹੈ।

1 comment:

  1. "where the rubber meets the road,,,,,"ਜਬ ਆਵ ਕੀ ਅਉਧ ਨਿਦਾਨ ਬਨੈ...ਇਹੀ ਤਾ ਕੁਰਬਾਨੀ ਹੈ...ਸਿਸਟਮ ਬਦਲਣਾ ਖਾਲਾ ਜੀ ਦਾ ਘਰ ਨਹੀ..ਆਵਦੇ ਸੁਖ ਤਿਆਗ ਕੇ, ਆਵਦੀ ਨੀਦ ਤਿਆਗ ਕੇ, ਤਤੀਆਂ ਤਵੀਆ ਤੇ ਬੈਠ ਕੇ, ਕੰਡਿਆ ਤੇ ਸੋ ਕੇ ਤੇ ਫਿਰ ਆਵਦੇ ਮਰਨ ਤੋ ਬਾਦ ਬਹੁਤ ਚਿਰ ਬਾਦ ਵੀ change ਆ ਸਕਦੀ ਹੈ ਜਾ ਨਹੀ..ਗੁਰੂ ਸਾਹਿਬ ਨੇ try ਕੀਤਾ...

    ਆਪ ਦੇ ਵਿਰੁਧ ਸਾਰਾ ਸਿਸਟਮ ਹੈ! ਸਾਰੀਆ major ਪਾਰਟੀਆ ਹਨ..

    ਆਪਸ ਵਿਚ ਛਤਰੋ ਛਤਰੀ ਹੋਈ ਜਾਵੇ...ਤੇ ਖਤਮ ਹੋ ਜਾਵੋ

    ReplyDelete