Friday, August 4, 2017

                               ਸਾਡੇ ਵਿਧਾਇਕ
                  ਪਲਕਾਂ ਤੇ ਬਿਠਾਏ 'ਲਾਡਲੇ'
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਏਦਾ ਦਾ ਕਈ ਵਿਧਾਇਕ ਹਨ ਜਿਨ•ਾਂ ਨੇ ਆਪਣੇ ਧੀਆਂ ਪੁੱਤਾਂ ਨੂੰ ਹੀ ਪੀ.ਏ ਰੱਖ ਲਿਆ ਹੈ। ਇਵੇਂ ਹੀ ਕਈ ਭਾਣਜੇ ਤੇ ਭਤੀਜੇ ਵੀ ਬਾਜੀ ਮਾਰ ਗਏ ਹਨ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਸ ਮਾਮਲੇ 'ਚ ਪਿਛੇ ਨਹੀਂ ਰਹੇ ਹਨ। ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਆਪਣੇ ਪੁੱਤਰ ਕਰਨ ਨਾਰੰਗ ਨੂੰ ਹੀ ਆਪਣਾ ਪੀ.ਏ ਰੱਖ ਲਿਆ ਹੈ। ਹੁਣ ਕਰਨ ਨਾਰੰਗ 'ਪੁੱਤਰ ਤੇ ਪੀ.ਏ' ਵਾਲੇ ਫਰਜ਼ ਨਿਭਾ ਰਿਹਾ ਹੈ। ਵਿਧਾਇਕ ਅਰੁਣ ਨਾਰੰਗ ਦਾ ਕਹਿਣਾ ਸੀ ਕਿ ਉਸ ਦਾ ਲੜਕਾ ਸ਼ੁਰੂ ਤੋਂ ਹੀ ਉਸ ਦਾ ਕੰਮ ਕਾਰ ਦੇਖਦਾ ਆ ਰਿਹਾ ਹੈ ਅਤੇ ਉਸ ਕੋਲ ਹੋਰ ਪ੍ਰਾਈਵੇਟ ਪੀ.ਏ ਵੀ ਹੈ। ਪੰਜਾਬ ਵਿਧਾਨ ਸਭਾ ਤੋਂ ਆਰ.ਟੀ.ਆਈ ਅਤੇ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਸ਼ਾਮ ਚੁਰਾਸੀ ਹਲਕੇ ਤੋਂ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਨੇ ਵੀ ਆਪਣੇ ਲੜਕੇ ਸੌਰਭ ਪਵਨ ਆਦੀਆ ਨੂੰ ਆਪਣਾ ਪੀ.ਏ ਰੱਖਿਆ ਹੈ। 30 ਵਰਿ•ਆਂ ਦਾ ਸੌਰਭ ਹੁਣ ਆਪਣੇ ਬਾਪ ਨਾਲ ਪੀ.ਏ ਦਾ ਫਰਜ਼ ਨਿਭਾਉਂਦਾ ਹੈ। ਹਲਕਾ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਨੇ ਪੀ.ਏ ਦੀ 'ਸੇਵਾ' ਆਪਣੇ ਛੋਟੇ ਭਰਾ ਜਤਿੰਦਰ ਕੁਮਾਰ ਨੂੰ ਦਿੱਤੀ ਹੈ। ਵਿਧਾਇਕ ਦਾ ਕਹਿਣਾ ਸੀ ਕਿ ਜਤਿੰਦਰ ਕੁਮਾਰ ਸ਼ੁਰੂ ਤੋਂ ਹੀ ਪਾਰਟੀ ਵਿਚ ਕੰਮ ਕਰ ਰਿਹਾ ਹੈ ਜਿਸ ਕਰਕੇ ਪੀ.ਏ ਦਾ ਅਹੁਦਾ ਦਿੱਤਾ ਗਿਆ ਹੈ।
                     ਹਲਕਾ ਮਹਿਲ ਕਲਾਂ ਤੋਂ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਇਸ ਮਾਮਲੇ ਵਿਚ ਵੱਖਰੇ ਨਹੀਂ ਹਨ। ਵਿਧਾਇਕ ਪੰਡੋਰੀ ਨੇ ਆਪਣੇ ਸਕੇ ਭਾਣਜੇ ਕੁਲਵਿੰਦਰ ਸਿੰਘ ਨੂੰ ਆਪਣਾ ਪੀ.ਏ ਰੱਖ ਲਿਆ ਹੈ ਜੋ ਕਿ ਪਿੰਡ ਚੀਮਾ ਦਾ ਵਸਨੀਕ ਹੈ। ਵਿਧਾਇਕ ਪੰਡੋਰੀ ਦਾ ਤਰਕ ਹੈ ਕਿ ਉਸ ਦਾ ਭਾਣਜਾ ਪਾਰਟੀ ਦਾ ਪੁਰਾਣਾ ਵਰਕਰ ਵੀ ਹੈ ਅਤੇ ਸ਼ੁਰੂ ਤੋਂ ਹੀ ਉਸ ਦਾ ਦਫ਼ਤਰੀ ਕੰਮ ਦੇਖਦਾ ਹੈ। ਹਲਕਾ ਅਮਰਗੜ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਜੋ ਹੁਣ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕੀਤੇ ਜਾਣ ਤੋਂ ਚਰਚਾ ਵਿਚ ਹਨ, ਨੇ ਆਪਣੇ ਭਤੀਜੇ ਜਸਵਿੰਦਰ ਸਿੰਘ ਨੂੰ ਪੀ.ਏ ਵਜੋਂ ਆਪਣੇ ਨਾਲ ਤਾਇਨਾਤ ਕੀਤਾ ਹੈ। ਹਲਕਾ ਬੁਢਲਾਡਾ ਤੋਂ 'ਆਪ' ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੀ ਮਾਸੀ ਦੇ ਪੋਤਰੇ ਕੁਲਦੀਪ ਸਿੰਘ ਨੂੰ ਆਪਣਾ ਪੀ.ਏ ਰੱਖਿਆ ਹੈ। ਵਿਧਾਇਕ ਦਾ ਕਹਿਣਾ ਸੀ ਕਿ ਕੁਲਦੀਪ ਸਿੰਘ ਨੇ ਚੋਣਾਂ ਵਿਚ ਬਹੁਤ ਭੱਜ ਨੱਠ ਕੀਤੀ ਹੈ ਅਤੇ ਭਰੋਸਾ ਵਾਲਾ ਹੋਣ ਕਰਕੇ ਪੀ.ਏ ਰੱਖਿਆ ਹੈ। ਹਲਕਾ ਮੌੜ ਤੋਂ 'ਆਪ' ਦੇ ਵਿਧਾਇਕ ਜਗਦੇਵ ਕਮਾਲੂ ਨੇ ਵੀ ਆਪਣੇ ਰਿਸ਼ਤੇਦਾਰ ਰੇਸ਼ਮ ਸਿੰਘ ਰੋਮਾਣਾ (ਸੇਖਪੁਰਾ) ਨੂੰ ਆਪਣਾ ਪੀ.ਏ ਰੱਖਿਆ ਹੈ।
                          ਹਲਕਾ ਭਦੌੜ ਤੋਂ 'ਆਪ' ਦੇ ਵਿਧਾਇਕ ਪਿਰਮਲ ਸਿੰਘ ਨੇ ਤਾਂ ਪੁਰਾਣੇ ਅਕਾਲੀ ਵਿਧਾਇਕ ਬਲਵੀਰ ਸਿੰਘ ਘੁੰਨਸ ਦੇ ਪੀ.ਏ ਸੁਰਜੀਤ ਸਿੰਘ ਨੂੰ ਹੀ ਆਪਣਾ ਪੀ.ਏ ਰੱਖ ਲਿਆ ਹੈ। ਪਿਰਮਲ ਸਿੰਘ ਦਾ ਕਹਿਣ ਸੀ ਕਿ ਉਸ ਨੂੰ ਸੁਰਜੀਤ ਸਿੰਘ ਦੀ ਇਸ ਗੱਲ ਦਾ ਪਤਾ ਨਹੀਂ ਸੀ। ਵਿਧਾਨ ਸਭਾ ਤਰਫ਼ੋਂ ਵਿਧਾਇਕਾਂ ਦੇ ਪੀ.ਏ ਨੂੰ ਹੁਣ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ ਜੋ ਕਿ ਪਹਿਲਾਂ ਪੰਜ ਹਜ਼ਾਰ ਰੁਪਏ ਹੁੰਦੀ ਸੀ। ਇਸ ਤੋਂ ਇਲਾਵਾ ਭੋਆ ਹਲਕੇ ਦੇ ਵਿਧਾਇਕ ਅਮਿਤ ਵਿੱਜ ਨੇ ਪੰਜਾਬ ਦੀ ਥਾਂ ਹਰਿਆਣਾ ਦੇ ਰਮਨ ਸ਼ਰਮਾ ਨੂੰ ਅਤੇ ਜੰਡਿਆਲਾ ਤੋਂ ਵਿਧਾਇਕ ਸੁਖਵਿੰਦਰ ਡੈਨੀ ਨੇ ਮਾਝੇ ਦੀ ਥਾਂ ਮਾਲਵੇ ਦੇ ਮਾਨਸਾ ਜ਼ਿਲ•ੇ ਦੇ ਪਿੰਡ ਬਹਿਣੀਵਾਲ ਦੇ ਰਛਪਾਲ ਸਿੰਘ ਨੂੰ ਆਪਣਾ ਪੀ.ਏ ਰੱਖਿਆ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੋਹਾਲੀ ਦੇ ਰਾਜੇਸ਼ ਸ਼ਰਮਾ ਨੂੰ ਅਤੇ ਵਿਧਾਇਕ ਬਿਕਰਮ ਮਜੀਠੀਆ ਨੇ ਪਟਿਆਲਾ ਦੇ ਸ਼ਲਿੰਦਰ ਸਿੰਘ ਪੀ.ਏ ਰੱਖਿਆ ਹੈ ਜੋ ਉਨ•ਾਂ ਦੇ ਹਲਕੇ ਤੋਂ ਬਾਹਰਲੇ ਹਨ।
                         ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸਰਾ ਦਾ ਕਹਿਣਾ ਸੀ ਕਿ ਪੀ.ਏ ਦੀ ਚੋਣ ਪੂਰੀ ਤਰ•ਾਂ ਵਿਧਾਇਕਾ 'ਤੇ ਹੀ ਨਿਰਭਰ ਹੁੰਦੀ ਹੈ ਜੋ ਕਿਸੇ ਨੂੰ ਵੀ ਰੱਖ ਸਕਦੇ ਹਨ। ਦੱਸਣਯੋਗ ਹੈ ਕਿ ਪਿਛਲੀ ਗਠਜੋੜ ਸਰਕਾਰ ਸਮੇਂ ਦੋ ਮਹਿਲਾ ਵਿਧਾਇਕਾਂ ਨੇ ਆਪਣੇ ਪਤੀ ਪੀ.ਏ ਬਣਾਏ ਹੋਏ ਸਨ ਜਦੋਂ ਕਿ ਉਸ ਤੋਂ ਪਹਿਲੀ ਅਕਾਲੀ ਵਜ਼ਾਰਤ ਵੀ ਏਦਾ  ਹੀ ਚੱਲਦਾ ਰਿਹਾ ਹੈ। ਸੀ.ਪੀ.ਆਈ ਦੇ ਸਕੱਤਰ ਅਤੇ ਬੈਸਟ ਵਿਧਾਨਕਾਰ ਰਹਿ ਚੁੱਕੇ ਹਰਦੇਵ ਅਰਸ਼ੀ ਦਾ ਪ੍ਰਤੀਕਰਮ ਸੀ ਕਿ ਪੀ.ਏ ਕੰਪਿਊਟਰ ਆਦਿ ਦਾ ਮਾਹਰ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਵੀ ਸੂਰਤ ਵਿਚ ਡੰਮੀ ਨਹੀਂ ਹੋਣਾ ਚਾਹੀਦਾ। ਪੀ.ਏ ਸਿਰਫ਼ ਕਾਗ਼ਜ਼ਾਂ ਵਿਚ ਪੈਸੇ ਹਜ਼ਮ ਕਰਨ ਦਾ ਸਾਧਨ ਨਹੀਂ ਬਣਨਾ ਚਾਹੀਦਾ ਕਿਉਂਕਿ ਇਸ  ਦਾ ਅਸਰ ਵਿਧਾਇਕ ਦੀ ਕਾਰਗੁਜ਼ਾਰੀ ਤੇ ਪੈਂਦਾ ਹੈ। ਉਨ•ਾਂ ਦੱਸਿਆ ਕਿ ਪੀ.ਏ ਲਈ ਦਫ਼ਤਰ ਵੀ ਲਾਜ਼ਮੀ ਹੋਣਾ ਚਾਹੀਦਾ ਹੈ। 

2 comments: