Sunday, September 10, 2017

                    ਅਸੈਂਬਲੀ ਸੈਸ਼ਨ ਚੋਂ 
      35 ਵਿਧਾਇਕ ਸੁੱਚੇ ਮੂੰਹ ਹੀ ਮੁੜੇ
                     ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਦੇ ਪਹਿਲੇ ਅਸੈਂਬਲੀ ਸੈਸ਼ਨ 'ਚ 35 ਵਿਧਾਇਕਾਂ ਨੇ ਮੂੰਹ ਹੀ ਨਹੀਂ ਖੋਲਿ•ਆ ਜਦੋਂ ਕਿ 'ਆਪ' ਵਿਧਾਇਕਾਂ ਨੇ ਸੁਆਲਾਂ ਦੀ ਝੜੀ 'ਚ ਝੰਡੀ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸੁਆਲ ਪੁੱਛਣ ਤੋਂ ਟਾਲਾ ਹੀ ਵੱਟਿਆ। ਜੂਨ 2017 ਵਿਚ ਹੋਏ ਸੈਸ਼ਨ 'ਚ ਵਿਧਾਇਕਾਂ ਤਰਫ਼ੋਂ 1042 ਸਟਾਰਡ ਅਤੇ ਅਨਸਟਾਰਡ ਸੁਆਲ ਦਿੱਤੇ ਗਏ ਸਨ ਜਿਨ•ਾਂ ਚੋਂ 679 ਸੁਆਲ ਪ੍ਰਵਾਨ ਕੀਤੇ ਗਏ ਸਨ। ਪ੍ਰਵਾਨ ਕੀਤੇ ਸੁਆਲਾਂ ਚੋਂ ਕਰੀਬ 44 ਫੀਸਦੀ ਸੁਆਲ ਇਕੱਲੇ 'ਆਪ' ਵਿਧਾਇਕਾਂ ਦੇ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਵਜ਼ੀਰ ਸ਼ਰਨਜੀਤ ਸਿੰਘ ਢਿੱਲੋਂ ,ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸੈਸ਼ਨ ਵਿਚ ਇੱਕ ਵੀ ਸੁਆਲ ਨਹੀਂ ਪੁੱਛਿਆ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਨੇ 7 ਸੁਆਲ ਪੁੱਛੇ ਹਨ। ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰਟੀਆਈ 'ਚ ਪ੍ਰਾਪਤ ਵੇਰਵਿਆਂ ਅਨੁਸਾਰ ਕੋਟਕਪੂਰਾ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਭ ਤੋਂ ਜਿਆਦਾ 62 ਸੁਆਲ ਸੈਸ਼ਨ ਦੌਰਾਨ ਪੁੱਛੇ ਹਨ ਜਦੋਂ ਕਿ ਦੂਸਰਾ ਨੰਬਰ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਦਾ ਹੈ ਜਿਸ ਨੇ 38 ਸੁਆਲ ਪੁੱਛੇ ਹਨ।
                     ਜੈਤੋ ਹਲਕੇ ਦੇ 'ਆਪ' ਵਿਧਾਇਕ ਬਲਦੇਵ ਸਿੰਘ ਸੁਆਲ ਪੁੱਛਣ ਦੇ ਮਾਮਲੇ ਵਿਚ 35 ਸੁਆਲਾਂ ਨਾਲ ਤੀਸਰੇ ਨੰਬਰ ਤੇ ਹਨ। ਅਸੈਂਬਲੀ ਸੈਸ਼ਨ ਵਿਚ ਕੁੱਲ 73 ਵਿਧਾਇਕਾਂ ਨੇ ਸੁਆਲ ਕੀਤੇ ਹਨ। ਮੁੱਖ ਮੰਤਰੀ ਤੋਂ ਇਲਾਵਾ ਵਜ਼ੀਰਾਂ ਦੀ ਗਿਣਤੀ 8 ਹੈ। ਇਵੇਂ ਹੀ 'ਆਪ' ਦੇ ਵਿਧਾਇਕ ਅਮਨ ਅਰੋੜਾ ਨੇ 24,ਨਾਜ਼ਰ ਸਿੰਘ ਮਾਨਸ਼ਾਹੀਆ ਨੇ 23,ਪ੍ਰੋ.ਬਲਜਿੰਦਰ ਕੌਰ ਨੇ 21 ਅਤੇ ਪਿਰਮਲ ਧੌਲ਼ਾ ਨੇ 16 ਸੁਆਲ ਪੁੱਛੇ ਹਨ। ਦੂਸਰੇ ਵਿਧਾਇਕਾਂ ਚੋਂ ਹਰਦਿਆਲ ਸਿੰਘ ਕੰਬੋਜ ਨੇ 15, ਬਲਵੀਰ ਸਿੱਧੂ ਨੇ 18, ਕੁਲਬੀਰ ਜੀਰਾ ਨੇ 14,ਸੁਰਜੀਤ ਧੀਮਾਨ ਨੇ 13,ਹਰਿੰਦਰਪਾਲ ਚੰਦੂਮਾਜਰਾ ਨੇ 11,ਮਦਨ ਲਾਲ ਜਲਾਲਪੁਰ ਨੇ 14 ਨੇ ਸੁਆਲ ਕੀਤੇ ਹਨ। ਦੂਸਰੀ ਤਰਫ਼ ਕੰਵਰਜੀਤ ਰੋਜ਼ੀ ਬਰਕੰਦੀ ਨੇ ਦੋ, ਦਿਲਰਾਜ ਭੂੰਦੜ ਨੇ ਦੋ,ਸੁਰਿੰਦਰ ਕੁਮਾਰ ਡਾਵਰ ਨੇ ਦੋ,ਰਜਿੰਦਰ ਬੇਰੀ ਨੇ ਇੱਕ,ਹਰਜੋਤ ਕਮਲ ਨੇ ਤਿੰਨ ਸੁਆਲ ਪੁੱਛੇ ਹਨ। ਸਭ ਤੋਂ ਵੱਧ ਸੁਆਲ ਪੁੱਛਣ ਵਾਲੇ 'ਆਪ' ਵਿਧਾਇਕ ਕੁਲਤਾਰ ਸੰਧਵਾਂ ਦਾ ਕਹਿਣਾ ਸੀ ਕਿ ਉਸ ਦੇ ਕਾਫੀ ਸੁਆਲ ਤਾਂ ਹਾਲੇ ਪ੍ਰਵਾਨ ਨਹੀਂ ਕੀਤੇ ਗਏ ਹਨ ਜਦੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਸੀ ਕਿ ਵਿਧਾਇਕ ਦੀ ਅਸਲੀ ਡਿਊਟੀ ਤਾਂ ਵਿਧਾਨ ਸਭਾ 'ਚ ਹੀ ਹੁੰਦੀ ਹੈ।
                  ਅਕਾਲੀ ਤੇ ਕਾਂਗਰਸੀ ਵਿਧਾਇਕਾਂ ਦਾ ਤਰਕ ਹੈ ਕਿ ਉਨ•ਾਂ ਦੇ ਸੁਆਲ ਪ੍ਰਵਾਨ ਹੀ ਨਹੀਂ ਕੀਤੇ ਗਏ ਹਨ ਜਦੋਂ ਕਿ ਉਨ•ਾਂ ਨੇ ਸੁਆਲ ਪੁੱਛੇ ਸਨ। ਸਰਕਾਰੀ ਸੂਚਨਾ ਅਨੁਸਾਰ ਜਿਨ•ਾਂ ਵਿਧਾਇਕਾਂ ਨੇ ਇੱਕ ਵੀ ਸੁਆਲ ਨਹੀਂ ਪੁੱਛਿਆ,ਉਨ•ਾਂ ਵਿਚ ਵਿਧਾਇਕ ਓਮ ਪ੍ਰਕਾਸ਼ ਸੋਨੀ,ਸੁਨੀਲ ਦੱਤੀ,ਇੰਦਰਬੀਰ ਸਿੰਘ ਬੁਲਾਰੀਆ, ਰਾਜ ਕੁਮਾਰ ਵੇਰਕਾ,ਤਰਸੇਮ ਸਿੰਘ,ਸੁਖਵਿੰਦਰ ਸਿੰਘ ਡੈਨੀ,ਸੁਖਬਿੰਦਰ ਸਿੰਘ ਸਰਕਾਰੀਆ,ਪ੍ਰੀਤਮ ਸਿੰਘ ਕੋਟਭਾਈ,ਕੁਸ਼ਲਦੀਪ ਸਿੰਘ ਢਿੱਲੋਂ,ਗੁਰਪ੍ਰੀਤ ਸਿੰਘ ਬੱਸੀ ਪਠਾਣਾਂ,ਦਵਿੰਦਰ ਸਿੰਘ ਘੁਬਾਇਆ, ਬਲਵਿੰਦਰ ਸਿੰਘ ਲਾਡੀ,ਫਤਹਿਜੰਗ ਸਿੰਘ ਬਾਜਵਾ, ਅਰੁਣ ਡੋਗਰਾ,ਸੁੰਦਰ ਸ਼ਾਮ ਅਰੋੜਾ,ਪਵਨ ਕੁਮਾਰ ਆਦਿਆ,ਪ੍ਰਗਟ ਸਿੰਘ,ਸੁਸ਼ੀਲ ਕੁਮਾਰ ਰਿੰਕੂ,ਚੌਧਰੀ ਸੁਰਿੰਦਰ ਸਿੰਘ,ਬਲਦੇਵ ਸਿੰਘ ਖਾਹਰਾ, ਸੰਜੀਵ ਤਲਵਾੜ,ਅਮਰੀਕ ਸਿੰਘ ਢਿਲੋਂ,ਦਰਸ਼ਨ ਸਿੰਘ ਬਰਾੜ,ਸੁਖਜੀਤ ਸਿੰਘ ਧਰਮਕੋਟ,ਜੋਗਿੰਦਰਪਾਲ,ਅਮਿਤ ਵਿੱਜ, ਰਜਿੰਦਰ ਸਿੰਘ ਸਮਾਣਾ,ਅਮਰਿੰਦਰ ਸਿੰਘ ਰਾਜਾ ਵੜਿੰਗ,ਵਿਜੇ ਇੰਦਰ ਸਿੰਗਲਾ, ਰਮਨਜੀਤ ਸਿੰਘ ਸਹੋਤਾ, ਡਾ.ਧਰਮਬੀਰ ਅਗਨੀਹੋਤਰੀ ਸ਼ਾਮਿਲ ਹਨ।
                                          ਜੁਆਬਦੇਹੀ ਤੋਂ ਭੱਜ ਰਹੇ ਹਨ: ਅਰਸ਼ੀ
ਬੈਸਟ ਵਿਧਾਨਕਾਰ ਰਹੇ ਕਾਮਰੇਡ ਹਰਦੇਵ ਅਰਸ਼ੀ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਹੁਣ ਸਿਆਸਤ  ਸੇਵਾ ਨਹੀਂ ਤੇ ਵਪਾਰ ਬਣ ਗਈ ਹੈ ਜਿਸ ਦਾ ਇਹ ਨਮੂਨਾ ਹੈ ਕਿ 35 ਵਿਧਾਇਕ ਕੋਈ ਸੁਆਲ ਹੀ ਕਰਨ। ਉਨ•ਾਂ ਆਖਿਆ ਕਿ ਕਾਨੂੰਨਘਾੜੇ ਲੋਕਾਂ ਪ੍ਰਤੀ ਜੁਆਬਦੇਹੀ ਤੋਂ ਭੱਜਣ ਲੱਗੇ ਹਨ ਅਤੇ ਪੁਰਾਣੇ ਨੇਤਾ ਵੀ ਹੁਣ ਨਵੇਂ ਵਿਧਾਇਕਾਂ ਨੂੰ ਸੈਸ਼ਨ ਵਾਰੇ ਕੋਈ ਗਿਆਨ ਦੇਣ ਦੀ ਖੇਚਲਾ ਨਹੀਂ ਕਰਦੇ ਹਨ। 

No comments:

Post a Comment