Sunday, September 24, 2017

                              ਕਪਤਾਨੀ ਫੈਸਲਾ
              ਮੁਫਤ ਬਿਜਲੀ ਦਾ ਪਏਗਾ ਭੋਗ ?
                              ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਹਕੂਮਤ ਨੇ ਕਿਸਾਨਾਂ ਨੂੰ ਖੇਤਾਂ ਲਈ ਮੁਫ਼ਤ ਬਿਜਲੀ ਦੇਣ ਤੋਂ ਕਿਨਾਰਾ ਕਰਨ ਵਾਸਤੇ ਨਵੇਂ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਬਿਜਲੀ ਸਬਸਿਡੀ ਦੇ ਭਾਰ ਨੂੰ ਘਟਾਇਆ ਜਾ ਸਕੇ। ਭਾਵੇਂ ਮੌਜੂਦਾ ਖੇਤੀ ਕੁਨੈਕਸ਼ਨਾਂ ਨੂੰ ਮੁਫ਼ਤ ਦੀ ਬਿਜਲੀ ਸਪਲਾਈ ਜਾਰੀ ਰਹੇਗੀ ਪ੍ਰੰਤੂ ਨਵੇਂ ਕੁਨੈਕਸ਼ਨ ਲੈਣ ਵਾਲੇ ਕਿਸਾਨਾਂ ਨੂੰ ਮੁਫ਼ਤ ਦੀ ਬਿਜਲੀ ਸਪਲਾਈ ਤਿਆਗਣ ਦਾ ਰਾਹ ਖੋਲ• ਦਿੱਤਾ ਹੈ। ਬਿਜਲੀ ਵਿਭਾਗ ਪੰਜਾਬ (ਬਿਜਲੀ ਸੁਧਾਰ ਵਿੰਗ) ਤਰਫ਼ੋਂ ਜੋ ਨਵੀਂ ਪਾਲਿਸੀ ਦੇ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ, ਉਨ•ਾਂ ਅਨੁਸਾਰ ਹੁਣ ਨਵੇਂ ਕੁਨੈਕਸ਼ਨਾਂ ਦੀ ਇੱਕ ਹੋਰ ਕੈਟਾਗਿਰੀ ਬਣਾ ਦਿੱਤੀ ਗਈ ਹੈ ਜਿਸ ਤਹਿਤ ਕਿਸਾਨਾਂ ਨੂੰ ਨਵੇਂ ਕੁਨੈਕਸ਼ਨਾਂ ਤੇ ਮੀਟਰਡ ਬਿਜਲੀ ਸਪਲਾਈ ਮਿਲੇਗੀ। ਪੰਜਾਬ ਸਰਕਾਰ ਨੇ ਪਾਵਰਕੌਮ ਦੇ ਚੇਅਰਮੈਨ ਨੂੰ ਪੱਤਰ ਭੇਜ ਦਿੱਤਾ ਹੈ ਪੱਤਰ ਅਨੁਸਾਰ ਨਵੀਂ ਪਾਲਿਸੀ ਤਹਿਤ ਟਿਊਬਵੈਲ ਕੁਨੈਕਸ਼ਨਾਂ ਦੀ ਇੱਕ ਹੋਰ ਵੱਖਰੀ ਕੈਟਾਗਿਰੀ ਬਣੇਗੀ ਜਿਸ ਤਹਿਤ ਖੇਤਾਂ ਲਈ ਬਿਜਲੀ ਸਪਲਾਈ ਦਾ ਬਿੱਲ ਲਿਆ ਜਾਵੇਗਾ ਅਤੇ ਕਿਸਾਨ ਨੂੰ ਮੁਫ਼ਤ ਬਿਜਲੀ ਸਪਲਾਈ ਨਹੀਂ ਦਿੱਤੀ ਜਾਵੇਗੀ। 'ਪਹਿਲਾ ਆਓ,ਪਹਿਲਾ ਪਾਓ' ਦੇ ਅਧਾਰ 'ਤੇ ਇਹ ਕੁਨੈਕਸ਼ਨ ਜਾਰੀ ਹੋਣਗੇ। ਜੋ ਵੀ ਕਿਸਾਨ ਇਸ ਕੈਟਾਗਿਰੀ ਤਹਿਤ ਬਿੱਲ ਵਾਲੀ ਬਿਜਲੀ ਲੈਣਾ ਚਾਹੇਗਾ, ਉਸ ਦੀ ਵੱਖਰੀ ਸੀਨੀਅਰਤਾ ਸੂਚੀ ਬਣੇਗੀ।
                      ਸ਼ਰਤ ਲਗਾਈ ਗਈ ਹੈ ਕਿ ਇਸ ਕੈਟਾਗਿਰੀ ਵਿਚ ਨਵਾਂ ਕੁਨੈਕਸ਼ਨ ਲੈਣ ਵਾਲੇ ਕਿਸਾਨ ਦਾ ਭਵਿੱਖ ਵਿਚ ਕੁਨੈਕਸ਼ਨ ਮੁਫ਼ਤ ਬਿਜਲੀ ਸਪਲਾਈ ਵਾਲੀ ਕੈਟਾਗਿਰੀ ਵਿਚ ਤਬਦੀਲ ਨਹੀਂ ਹੋ ਸਕੇਗਾ। ਇਨ•ਾਂ ਕੁਨੈਕਸ਼ਨਾਂ ਤੇ ਮੀਟਰ ਲੱਗਣਗੇ ਅਤੇ ਰੀਡਿੰਗ ਦੇ ਹਿਸਾਬ ਨਾਲ ਬਿੱਲ ਕਿਸਾਨਾਂ ਨੂੰ ਤਾਰਨਾ ਪਵੇਗਾ। ਮੀਟਰ ਵਾਲੀ ਸਪਲਾਈ ਲੈਣ ਵਾਸਤੇ ਸਾਰਾ ਕੁਨੈਕਸ਼ਨ ਖਰਚਾ ਕਿਸਾਨ ਨੂੰ ਝੱਲਣਾ ਪਵੇਗਾ ਅਤੇ ਮੀਟਰ ਤੇ ਹੋਰ ਸਾਜੋ ਸਮਾਨ ਦੇ ਪੈਸੇ ਵੀ ਕਿਸਾਨ ਹੀ ਜਮ•ਾ ਕਰਾਏਗਾ ਇਸ ਪੱਤਰ ਅਨੁਸਾਰ ਮੀਟਰ ਸੜਨ ਆਦਿ ਦੀ ਸੂਰਤ ਵਿਚ ਖਪਤਕਾਰ ਨੂੰ ਫਲੈਟ ਰੇਟ ਲਾ ਕੇ ਬਿਜਲੀ ਬਿੱਲ ਵਸੂਲ ਕੀਤਾ ਜਾਵੇਗਾ। ਨਵੀਂ ਪਾਲਿਸੀ ਅਨੁਸਾਰ ਜਿਨ•ਾਂ ਕਿਸਾਨਾਂ ਨੇ ਕੁਨੈਕਸ਼ਨ ਲਈ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ, ਉਹ ਵੀ ਮੀਟਰਡ ਸਪਲਾਈ ਵਾਲੀ ਕੈਟਾਗਿਰੀ ਵਿਚ ਆ ਸਕਣਗੇ। ਇਸ ਕੈਟਾਗਿਰੀ ਵਾਲੇ ਕੁਨੈਕਸ਼ਨ ਦੀ ਦੁਰਵਰਤੋਂ ਹੋਣ ਦੀ ਸੂਰਤ ਵਿਚ ਸਬੰਧਿਤ ਅਧਿਕਾਰੀ ਜਿੰਮੇਵਾਰੀ ਹੋਣਗੇ। ਇਸ ਤੋਂ ਇਲਾਵਾ ਮੀਟਰਡ ਸਪਲਾਈ ਲੈਣ ਵਾਲੇ ਕਿਸਾਨਾਂ ਨੂੰ ਹਲਫ਼ੀਆ ਬਿਆਨ ਵੀ ਦੇਣਾ ਪਵੇਗਾ ਕਿ ਉਹ ਮੁਫ਼ਤ ਬਿਜਲੀ ਸਪਲਾਈ ਕਿਸੇ ਵੀ ਸੂਰਤ ਵਿਚ ਕਲੇਮ ਨਹੀਂ ਕਰਨਗੇ।
                     ਕਿਸਾਨਾਂ ਵਲੋਂ ਗਲਤ ਬਿਆਨੀ ਕਰਨ ਦੀ ਸੂਰਤ ਵਿਚ ਕੁਨੈਕਸ਼ਨ ਕੱਟਣ ਦੇ ਅਧਿਕਾਰ ਪਾਵਰਕੌਮ ਕੋਲ ਹੋਣਗੇ। ਕਿਸਾਨ ਧਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਟੇਢੇ ਤਰੀਕੇ ਨਾਲ ਮੁਫ਼ਤ ਬਿਜਲੀ ਦਾ ਚੈਪਟਰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਵਿਚ ਉਲਝੇ ਹੋਏ ਹਨ ਅਤੇ ਖੁਦਕੁਸ਼ੀਆਂ ਕਰ ਰਹੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਕਿਸਾਨਾਂ ਅਤੇ ਸਿਆਸਤਦਾਨਾਂ ਨੂੰ ਖੇਤੀ ਸੈਕਟਰ ਵਾਲੀ ਬਿਜਲੀ ਸਬਸਿਡੀ ਤਿਆਗਣ ਦਾ ਸੱਦਾ ਦਿੱਤਾ ਸੀ ਪ੍ਰੰਤੂ ਕਿਸੇ ਵੀ ਨੇਤਾ ਅਤੇ ਵੱਡੇ ਕਿਸਾਨ ਵਲੋਂ ਇਸ ਵਿਚ ਦਿਲਚਸਪੀ ਨਹੀਂ ਦਿਖਾਈ ਗਈ ਹੈ ਪਾਵਰਕੌਮ ਦੇ ਡਾਇਰੈਕਟਰ (ਵਪਾਰਿਕ) ਸ੍ਰੀ ਓ.ਪੀ.ਗਰਗ ਦਾ ਕਹਿਣਾ ਸੀ ਕਿ ਪੰਜਾਬ ਸਕਰਾਰ ਨੇ ਮਾਲੀ ਪਹੁੰਚ ਰੱਖਣ ਵਾਲੇ ਕਿਸਾਨਾਂ ਵਾਸਤੇ ਨਵੀਂ ਪਾਲਿਸੀ ਬਣਾਈ ਹੈ ਜਿਸ ਤਹਿਤ ਇਹ ਕਿਸਾਨ ਮੀਟਰਡ ਸਪਲਾਈ ਤਹਿਤ ਨਵੇਂ ਕੁਨੈਕਸ਼ਨ ਲੈ ਸਕਣਗੇ ਜਦੋਂ ਕਿ ਮੌਜੂਦਾ ਖਪਤਕਾਰਾਂ ਲਈ ਮੁਫ਼ਤ ਬਿਜਲੀ ਸਪਲਾਈ ਜਾਰੀ ਰਹੇਗੀ। ਇਸ ਨਾਲ ਸਰਕਾਰ ਤੋਂ ਸਬਸਿਡੀ ਦਾ ਬੋਝ ਘਟੇਗਾ ਅਤੇ ਕਿਸਾਨਾਂ ਨੂੰ ਜਲਦੀ ਕੁਨੈਕਸ਼ਨ ਲੈਣ ਦਾ ਮੌਕਾ ਵੀ ਮਿਲੇਗਾ। ਮੀਟਰਡ ਸਪਲਾਈ ਵਾਲਾ ਕੁਨੈਕਸ਼ਨ ਮੁਫ਼ਤ ਬਿਜਲੀ ਸਪਲਾਈ ਵਿਚ ਮਗਰੋਂ ਤਬਦੀਲ ਨਹੀਂ ਹੋ ਸਕੇਗਾ।

No comments:

Post a Comment