Thursday, July 23, 2020

                         ਨਵਾਂ ਸਵੇਰਾ
 ਦੀਪ ਬਣ ਜਗੇ ਕੰਮੀਆਂ ਦੇ ਨੌਨਿਹਾਲ
                         ਚਰਨਜੀਤ ਭੁੱਲਰ
ਚੰਡੀਗੜ੍ਹ :  ਪੰਜਾਬ ’ਚ ਐਤਕੀਂ ਕੰਮੀਆਂ ਦੇ ਵਿਹੜੇ ’ਚ ਦੀਪ ਜਗੇ ਹਨ। ਬੇਸ਼ੱਕ ਤੰਗੀ ਤੁਰਸ਼ੀ ਵਾਲੇ ਇਹ ਘਰ ਹਾਸ਼ੀਏ ਤੇ ਹਨ ਪ੍ਰੰਤੂ ਬਾਰ੍ਹਵੀਂ ਕਲਾਸ ਦੇ ਨਤੀਜੇ ’ਚ ਇਨ੍ਹਾਂ ਘਰਾਂ ਦੀਆਂ ਧੀਆਂ ਸਿਖਰ ’ਤੇ ਹਨ। ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ’ਚ ਕਿਸੇ ਦਾ ਪਹਿਲਾ, ਕਿਸੇ ਦਾ ਦੂਜਾ ਤੇ ਕਿਸੇ ਦਾ ਤੀਜਾ ਨੰਬਰ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਬਾਜੇਵਾਲਾ ਦੇ ਇੱਕ ਭਰਾ ਨੇ ‘ਮਿਸ਼ਨ ਫਤਿਹ’ ਕਰ ਲਿਆ ਹੈ। ਜਦੋਂ ਘਰ ’ਚ ਗੁਰਬਤ ਦਾ ਵਾਰੋਲਾ ਆਇਆ ਤਾਂ ਭਰਾ ਰਵੀ ਸਿੰਘ ਨੇ ਖੁਦ ਪੜ੍ਹਾਈ ਛੱਡ ਦਿੱਤੀ। ਉਸ ਨੇ ਆਪਣੀਆਂ ਭੈਣਾਂ ਨੂੰ ਪੜਾਉਣ ਦਾ ਫੈਸਲਾ ਕੀਤਾ। ਭੈਣਾਂ ਦੀ ਪੜਾਈ ਲਈ ਹਲਵਾਈ ਦੇ ਦੁਕਾਨ ’ਤੇ ਦਿਹਾੜੀ ਸ਼ੁਰੂ ਕਰ ਦਿੱਤੀ।ਜਸਪ੍ਰੀਤ ਕੌਰ ਨੇ ਬਾਰਵੀਂ ਚੋਂ 450 ਚੋਂ 448 ਨੰਬਰ ਹਾਸਲ ਕੀਤੇ ਹਨ। ਭਰਾ ਰਵੀ ਸਿੰਘ ਨੂੰ ਲੱਗਾ ਕਿ ਉਸ ਦੀ ਸੁਪਨੇ ਨੂੰ ਬੂਰ ਪੈਣ ਲੱਗਾ ਹੈ। ਲੜਕੀ ਦਾ ਬਾਪ ਬਲਦੇਵ ਸਿੰਘ ਜੋ ਹੇਅਰ ਡਰੈਸਰ ਹੈ, ਧੀ ’ਤੇ ਮਾਣ ਕਰ ਰਿਹਾ ਹੈ। ਮੁਹਾਲੀ ਦੇ ਪਿੰਡ ਕਨੌਲੀ ਦੀ ਰਜ਼ੀਆ ਨੇ ਆਪਣਾ ਹੁਨਰ ਦਿਖਾ ਦਿੱਤਾ। ਬਾਪ ਮਿੱਟੀ ਦੇ ਭਾਂਡੇ ਇੰਝ ਬਣਾਉਂਦਾ ਹੈ ਕਿ ਜਿਵੇਂ ਕਲਾ ਦਾ ਜਾਦੂਗਰ ਹੋਵੇ। ਇਸ ਬਾਪ ਦੀ ਧੀ ਰਜ਼ੀਆ ਨੇ ਬਾਰ੍ਹਵੀਂ ਕਲਾਸ ਚੋਂ 81.1 ਫੀਸਦੀ ਅੰਕ ਹਾਸਲ ਕੀਤੇ ਹਨ। ਜਦੋਂ ਵਿਹਲ ਮਿਲਦੀ ਤਾਂ ਬਾਪ ਨਾਲ ਹੱਥ ਵੀ ਵਟਾਉਂਦੀ ਹੈ। ਪੂਰੀ ਪੂਰੀ ਰਾਤ ਕਿਤਾਬਾਂ ਨਾਲ ਮੱਥਾ ਲਾਉਂਦੀ ਰਹੀ।
        ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਕਿਸ਼ਨਪੁਰਾ ਦੀ ਕਿਰਨਜੀਤ ਕੌਰ ਏਨਾ ਪੜ੍ਹੀ ਕਿ ਐਨਕ ਲੱਗ ਗਈ। ਜ਼ਿਲ੍ਹਾ ਬਠਿੰਡਾ ਚੋਂ ਉਸ ਨੇ 97.5 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਨੰਬਰ ਹਾਸਲ ਕੀਤਾ ਹੈ। ਜਦੋਂ ਬਿਜਲੀ ਚਲੀ ਜਾਂਦੀ ਤਾਂ ਦੀਵਾ ਬਾਲ ਲੈਂਦੀ। ਬਾਪ ਬਲਜੀਤ ਸਿੰਘ ਧੀ ਨੂੰ ਪੜਾਉਣ ਲਈ ਵਿਆਹ ਸ਼ਾਦੀਆਂ ਵਿਚ ਵੇਟਰ ਵਜੋਂ ਕੰਮ ਕਰ ਰਿਹਾ ਹੈ। ਮਾਂ ਬਲਜਿੰਦਰ ਕੌਰ ਨੇ ਖੇਤਾਂ ਅੱਗੇ ਹਾਰ ਨਾ ਮੰਨੀ ਤਾਂ ਜੋ ਧੀ ਦੀ ਸੁਪਨੇ ਉਡਾਣ ਭਰ ਸਕਣ। ਬਰਨਾਲਾ ਦੇ ਪਿੰਡ ਧੌਲਾ ਦੇ ਸਰਕਾਰੀ ਸਕੂਲ ਦੀ ਹਰਪ੍ਰੀਤ ਕੌਰ ਨੇ 98.22 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ। ਬਾਪ ਪਿੰਡ ਵਿਚ ਸੀਰੀ ਰਲਦਾ ਹੈ ਜਿਸ ਦੀ ਕਿਰਤ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ। ਬਰਨਾਲਾ ਜ਼ਿਲ੍ਹੇ ਦੇ ਸੰਤ ਰਾਮ ਉਦਾਸੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਦੀ ਵਿਦਿਆਰਥਣ ਗਗਨਦੀਪ ਕੌਰ ਨੇ 97.78 ਨੇ ਅੰਕ ਪ੍ਰਾਪਤ ਕਰਕੇ ਮਰਹੂਮ ਕਵੀ ਉਦਾਸੀ ਦੇ ਬੋਲਾਂ ਨੂੰ ਆਵਾਜ਼ ਦੇ ਦਿੱਤੀ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨੌਲੱਖਾ ਦੇ ਹਰਸੰਗੀਤ ਸਿੰਘ ਉਦੋਂ ਛੇਵੀਂ ਕਲਾਸ ਵਿਚ ਸੀ ਜਦੋਂ ਬਾਪ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਸ ਨੇ ਹੌਸਲਾ ਨਾ ਛੱਡਿਆ ਅਤੇ ਸ਼ਿੱਦਤ ਨਾਲ ਪੜ੍ਹਾਈ ਵਿਚ ਡਟ ਗਿਆ। ਉਸ ਨੇ 81.11 ਫੀਸਦੀ ਅੰਕ ਲਏ ਹਨ ਤਾਂ ਮਾਂ ਦੀਆਂ ਅੱਖਾਂ ਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ।
         ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ਦੀ ਗਗਨਦੀਪ ਕੌਰ ਨੇ ਪਹਿਲਾਂ ਕੌਮੀ ਬੌਕਸਿੰਗ ’ਚ ਮੱਲ ਮਾਰੀ ਅਤੇ ਹੁਣ ਬਾਰ੍ਹਵੀਂ ਕਲਾਸ ’ਚ 450 ਚੋਂ 440 ਅੰਕ ਪ੍ਰਾਪਤ ਕੀਤੇ। ਬਾਪ ਜਗਰੂਪ ਸਿੰਘ ਕਿੱਤੇ ਵਜੋਂ ਉਸਾਰੀ ਕਾਮਾ ਹੈ ਜਿਸ ਨੇ ਧੀ ਦੀ ਪਰਵਰਿਸ਼ ਵਿਚ ਵੀ ਕੋਈ ਕਾਣ ਨਹੀਂ ਛੱਡਿਆ। ਜਲੰਧਰ ਦੇ ਨਹਿਰੂ ਗਾਰਡਨ ਸਕੂਲ ਦੀ ਧਾਰਾ ਵਿਸ਼ਨੂੰ ਪ੍ਰਿਆ ਨੇ ਨਾਨ ਮੈਡੀਕਲ ਚੋਂ 98.44 ਫੀਸਦੀ ਅੰਕ ਲਏ ਹਨ। ਬਾਪ ਗੁਜਰ ਗਿਆ ਤਾਂ ਮਾਂ ਨੇ ਧੀ ਖਾਤਰ ਘਰਾਂ ਵਿਚ ਪੋਚੇ ਲਾਏ। ਕਲਾਸ ਇੰਚਾਰਜ ਨੇ ਹੌਸਲਾ ਦਿੱਤਾ। ਨਤੀਜਾ ਆਇਆ ਮਾਂ ਨੂੰ ਲੱਗਾ ਕਿ ਦੁੱਖ ਧੋਤੇ ਗਏ। ਜ਼ੀਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਮਾਰਟ ਸਕੂਲ) ਦੀ ਵਿਦਿਆਰਥਣ ਪੂਜਾ ਨੇ 450 ਚੋਂ 423 ਅੰਕ ਲਏ ਹਨ। ਪਿਤਾ ਦਿਹਾੜੀਦਾਰ ਕਾਮਾ ਹੈ। ਭਰਾ ਪੜਦਾ ਵੀ ਹੈ ਅਤੇ ਦਿਹਾੜੀ ਵੀ ਕਰਦਾ ਹੈ। ਉਸ ਨੇ ਮਾਪਿਆਂ ਦਾ ਸਿਰ ਉੱਚਾ ਕਰ ਦਿੱਤਾ ਹੈ। ਫਾਜ਼ਿਲਕਾ ਦੇ ਪਿੰਡ ਚੱਕ ਬਨਵਾਲਾ ਸਕੂਲ ਦੀ ਵੀਨੂੰ ਨੇ 450 ਚੋਂ 449 ਅੰਕ ਲਏ ਹਨ। ਪਿਤਾ ਰਾਜ ਕੁਮਾਰ ਵੱਲੋਂ ਵਹਾਇਆ ਪਸੀਨਾ ਹੁਣ ਆਸ ਆ ਗਿਆ ਹੈ। ਇਵੇਂ ਦੇ ਹੋਰ ਵੀ ਅਨੇਕਾਂ ਬੱਚੇ ਹਨ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਪੈਂਠ ਨੂੰ ਵੀ ਮਜ਼ਬੂਤੀ ਬਖਸ ਦਿੱਤੀ ਹੈ। ਇਸ ਬਾਰ ਦਿਹਾਤੀ ਸਕੂਲਾਂ ਦੀ ਪਾਸ ਫੀਸਦੀ 93.39 ਫੀਸਦੀ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 94.30 ਫੀਸਦੀ ਰਹੀ ਹੈ।
                           ਹੱਲਾਸ਼ੇਰੀ ਲਈ ਨਵੀਂ ਤਜਵੀਜ਼ : ਸਕੱਤਰ
ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੱਲਾਂ ਮਾਰਨ ਵਾਲੇ ਇਨ੍ਹਾਂ ਬੱਚਿਆਂ ਦੀ ਸਫਲਤਾ ਲਈ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੁੂੰ ਸੌ ਫੀਸਦੀ ਨੰਬਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਸਹਿਯੋਗ ਅਤੇ ਅਧਿਆਪਕਾਂ ਵੱਲੋਂ ਕਰਾਈ ਮਿਹਨਤ ਅਤੇ ਹੱਲਾਸ਼ੇਰੀ ਸਦਕਾ ਅਜਿਹਾ ਸੰਭਵ ਹੋ ਸਕਿਆ ਹੈ। ਉਹ ਇਨ੍ਹਾਂ ਬੱਚਿਆਂ ਨੂੰ ਮਹਿਕਮੇ ਤਰਫ਼ੋਂ ਬਣਦਾ ਮਾਣ ਦੇਣ ਲਈ ਇੱਕ ਨਵੀਂ ਤਜਵੀਜ਼ ਬਣਾ ਰਹੇ ਹਨ।


1 comment:

  1. ਬਹੁਤ ਵਧੀਆ ਅੰਕ ਲਏ ਹਨ ਬੱਚਿਆਂ ਨੇ ਵਧਾਈਆਂ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ,ਅਧਿਆਪਕਾ ਨੂੰ ਪਰ ਇਸ ਵਿੱਚ ਕਰਿਸਨ ਕੁਮਾਰ ਸਕੱਤਰ ਐਜੂਕੇਸ਼ਨ ਦਾ ਵੀ ਕ੍ਰਿਸ਼ਮਾ ਹੋਵੇਗਾ ,ਪਿਛਲੇ ਸਾਲ ਦਸਵੀਂ ਦੇ ਪਰਸਨ ਪੱਤਰਾ ਦੀਆਂ ਉਤਰ ਕਾਪੀਆਂ ਚੈਕ ਕਰਨ ਵੇਲੇ ਹਦਾਇਤਾਂ ਸਨ ਕਿ 13 ਨੰਬਰ ਵਾਲਿਆਂ ਨੂੰ 33 ਦੇ ਕੇ ਪਾਸ ਕਰਨਾ ਹੈ ਪਾਸ ਪ੍ਰਤੀਸ਼ਤ ਵਧਾਉਂਦੇ ਹਨ ਜਦੋ ਨੋਕਰੀਆਂ ਦੇਣੀਆਂ ਫਿਰ ਬਰੀਕ ਤੋ ਬਰੀਕ ਛਾਣਨੀ ਲਾ ਕੇ ਛਾਂਟੀ ਕਰਦੇ ਹਨ।

    ReplyDelete