Wednesday, April 6, 2022

                                                    ਕੰਦੂਖੇੜਾ..ਕਰੂ ਨਿਬੇੜਾ
                                        ਅਸਾਂ ਪੰਜਾਬ ਤੋਂ ਜੁਦਾ ਨਹੀਂ ਹੋਣਾ..!
                                                        ਚਰਨਜੀਤ ਭੁੱਲਰ   

ਚੰਡੀਗੜ੍ਹ :  ‘ਅਸੀਂ ਤਾਂ ਪੰਜਾਬ ’ਚ ਜੰਮੇ ਹਾਂ ਤੇ ਪੰਜਾਬ ’ਚ ਹੀ ਮਰਾਂਗੇ, ਸਾਨੂੰ ਕੋਈ ਪੰਜਾਬ ਨਾਲੋਂ ਜੁਦਾ ਨਹੀਂ ਕਰ ਸਕਦਾ|’ ਇਹ ਸਖ਼ਤ ਸੁਨੇਹਾ ਹੈ ਪਿੰਡ ਕੰਦੂਖੇੜਾ ਦੇ ਚੌਧਰੀ ਪਰਿਵਾਰ ਦਾ, ਜਿਸ ਤੋਂ ਖੱਟਰ ਸਰਕਾਰ ਨੂੰ ਪੰਜਾਬ ਦੀ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਤਿੰਨ ਸੂਬਿਆਂ ਦੀ ਹੱਦ ’ਤੇ ਪੈਂਦਾ ਮੁਕਤਸਰ ਦਾ ਇਹ ਉਹ ਕੰਦੂਖੇੜਾ ਪਿੰਡ ਹੈ ਜਿਸ ਨੇ 1986 ’ਚ ਅਬੋਹਰ-ਫਾਜ਼ਿਲਕਾ ਦੇ 56 ਪਿੰਡਾਂ ਦੇ ਭਾਗ ਲਿਖੇ ਸਨ। ‘ਕੰਦੂਖੇੜਾ...ਕਰੂ ਨਿਬੇੜਾ’, ਏਹ ਨਾਅਰਾ ਉਦੋਂ ਕੌਮਾਂਤਰੀ ਫ਼ਿਜ਼ਾ ਵਿਚ ਗੂੰਜਿਆ ਸੀ।

           ਥੋੜ੍ਹਾ ਪਿਛਾਂਹ ਚੱਲਦੇ ਹਾਂ। ਮੈਥਿਊ ਕਮਿਸ਼ਨ ਨੇ ਜਨਵਰੀ 1986 ਵਿਚ ਪਿੰਡ ਕੰਦੂਖੇੜਾ ਦੀ ਭਾਸ਼ਾਈ ਜਨਗਣਨਾ ਕਰਨ ਦੇ ਹੁਕਮ ਕੀਤੇ ਅਤੇ ਇਸ ਜਨਗਣਨਾ ਦੇ ਆਧਾਰ ਤੇ ਅਬੋਹਰ-ਫਾਜ਼ਿਲਕਾ ਦੇ 56 ਪਿੰਡਾਂ ਦੀ ਹੋਣੀ ਦਾ ਫ਼ੈਸਲਾ ਹੋਣਾ ਸੀ। ਉਸ ਵੇਲੇ ਪਿੰਡ ਕੰਦੂਖੇੜਾ ਦੇ 92 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਦਰਜ ਕਰਾਈ, ਜਿਸ ਕਾਰਨ ਇਹ 56 ਪਿੰਡ ਹਰਿਆਣਾ ’ਚ ਸ਼ਾਮਿਲ ਕੀਤੇ ਜਾਣ ਤੋਂ ਬਚ ਗਏ। ਉਸ ਵਕਤ ਪਿੰਡ ਕੰਦੂਖੇੜਾ ਦੇ ਸਰਪੰਚ ਹਨੂੰਮਾਨ ਚੌਧਰੀ ਬਿਸ਼ਨੋਈ ਸਨ ਜਿਨ੍ਹਾਂ ਦੀ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਭਜਨ ਨਾਲ ਨੇੜਤਾ ਸੀ। 

           ਕੰਦੂਖੇੜਾ ਦੇ ਉਦੋਂ ਦੇ ਸਰਪੰਚ ਹਨੂੰਮਾਨ ਚੌਧਰੀ ਨੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ ਪਰ ਚੌਧਰੀ ਪਰਿਵਾਰ ਹੁਣ ਪੰਜਾਬ ਤੇ ਪੰਜਾਬੀਅਤ ਦੇ ਪੱਖ ’ਚ ਖੁੱਲ੍ਹ ਕੇ ਕੁੱਦ ਪਿਆ ਹੈ। ਮਰਹੂਮ ਹਨੂੰਮਾਨ ਚੌਧਰੀ ਦੇ ਲੜਕੇ ਰਾਜ ਕੁਮਾਰ ਅਤੇ ਉਸ ਦੇ ਭਰਾਵਾਂ ਨੇ ਪੰਜਾਬੀ ਟ੍ਰਿਬਿਊਨ ਕੋਲ ਗੱਲ ਕਰਦਿਆਂ ਕਿਹਾ ਕਿ ਜਦੋਂ 1986 ’ਚ ਭਾਸ਼ਾਈ ਜਨਗਣਨਾ ਹੋਈ ਸੀ, ਉਦੋਂ ਉਨ੍ਹਾਂ ਦੇ ਬਜ਼ੁਰਗਾਂ ਨੇ ਤਤਕਾਲੀ ਮੁੱਖ ਮੰਤਰੀ ਚੌਧਰੀ ਭਜਨ ਲਾਲ ਅਤੇ ਉਸ ਦੇ ਨੇੜਲੇ ਪੋਕਰ ਮੱਲ ਦੇ ਦਬਾਅ ਹੇਠ ਆ ਕੇ ਮਾਤ ਭਾਸ਼ਾ ਹਿੰਦੀ ਲਿਖਵਾ ਦਿੱਤੀ ਸੀ ਪ੍ਰੰਤੂ ਉਹ ਬੀਤੇ ਦੀਆਂ ਗ਼ਲਤੀਆਂ ਨਹੀਂ ਦੁਹਰਾਉਣਗੇ। ਉਨ੍ਹਾਂ ਕਿਹਾ, ‘ਪੰਜਾਬ ਸਾਡੀ ਜਨਮ ਭੂਮੀ ਹੈ ਅਤੇ ਰਗਾਂ ’ਚ ਪੰਜਾਬੀਅਤ ਦੌੜਦੀ ਹੈ, ਇਸ ਤੋਂ ਵੱਖ ਹੋਣ ਬਾਰੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਾਂਗੇ।’

           ਰਾਜ ਕੁਮਾਰ ਨੇ ਕਿਹਾ ਕਿ ਕਿਸਾਨ ਘੋਲ ਨੇ ਪੰਜਾਬ-ਹਰਿਆਣਾ ਦੇ ਲੋਕਾਂ ’ਚ ਜੋ ਸਾਂਝ ਕਾਇਮ ਕੀਤੀ ਸੀ, ਉਸ ਨੂੰ ਸਿਆਸਤਦਾਨ ਮੁੜ ਤੋੜਨਾ ਚਾਹੁੰਦੇ ਹਨ। ਅੱਜ ਜਦੋਂ ਅਬੋਹਰ-ਫ਼ਾਜ਼ਿਲਕਾ ਦੇ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਪਿੰਡਾਂ ਨੂੰ ਹਰਿਆਣਾ ’ਚ ਜਾਣ ਤੋਂ ਰੋਕਣ ਵਾਲਾ ਪਿੰਡ ਕੰਦੂਖੇੜਾ ਹੈ। 1986 ਦੀ ਜਨਗਣਨਾ ਮੌਕੇ ਤਤਕਾਲੀ ਖ਼ਜ਼ਾਨਾ ਮੰਤਰੀ ਬਲਵੰਤ ਸਿੰਘ, ਖੇਤੀ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਰਹੂਮ ਐੱਮਪੀ ਭਾਈ ਸ਼ਮਿੰਦਰ ਸਿੰਘ ਸਮੇਤ ਸਾਰੀ ਕੈਬਨਿਟ ਨੇ ਇਸ ਪਿੰਡ ਵਿੱਚ ਡੇਰੇ ਲਾ ਲਏ ਸਨ। ਜਨਗਣਨਾ ਮੌਕੇ ਮੌਜੂਦ ਰਹੇ ਕੰਦੂਖੇੜਾ ਦੇ ਬਲਿਹਾਰ ਸਿੰਘ ਨੇ ਦੱਸਿਆ ਕਿ ਭਜਨ ਲਾਲ ਨੇ ਹਰਿਆਣਾ ’ਚੋਂ ਕੰਦੂਖੇੜਾ ਵਿੱਚ ਹਿੰਦੀ ਭਾਸ਼ਾਈ ਬੰਦੇ ਭੇਜ ਕੇ ਜਨਗਣਨਾ ਵਿਚ ਗੜਬੜ ਕਰਨ ਦੀ ਚਾਲ ਚੱਲੀ ਸੀ।

          ਪਿੰਡ ਕੰਦੂਖੇੜਾ ਵਿਚ ਬਿਸ਼ਨੋਈ ਭਾਈਚਾਰਾ ਉਦੋਂ ਕਾਫ਼ੀ ਸੀ ਜੋ ਹਿੰਦੀ ਭਾਸ਼ਾਈ ਸੀ। ਹੁਣ ਪਿੰਡ ਵਿਚ ਟਾਵੇਂ ਘਰ ਹੀ ਬਿਸ਼ਨੋਈ ਭਾਈਚਾਰੇ ਦੇ ਹਨ। ਪਿੰਡ ਕੰਦੂਖੇੜਾ ਦੇ ਮੌਜੂਦਾ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਦਾਅਵੇ ਤਾਂ ਪਿੰਡ ਕੰਦੂਖੇੜਾ ਕਦੋਂ ਦਾ ਰੱਦ ਕਰ ਚੁੱਕਾ ਹੈ ਅਤੇ ਹਰਿਆਣਾ ਦੇ ਮਤੇ ਤਾਂ ਹੁਣ ਪਾਣੀ ਵਿਚ ਡਾਂਗਾਂ ਮਾਰਨ ਦੇ ਸਮਾਨ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ 3500 ਆਬਾਦੀ ਅੱਜ ਵੀ ਪੂਰੀ ਤਰ੍ਹਾਂ ਪੰਜਾਬ ਨਾਲ ਖੜ੍ਹੀ ਹੈ।ਕੰਦੂਖੇੜਾ ਦੀ ਸਾਬਕਾ ਸਰਪੰਚ ਮਨਿੰਦਰ ਕੌਰ ਨੇ ਕਿਹਾ ਕਿ ਕੰਦੂਖੇੜਾ ਵਿਚ ਹੁਣ ਕੋਈ ਹਿੰਦੀ ਭਾਸ਼ਾਈ ਹੀ ਨਹੀਂ ਹੈ ਅਤੇ ਇਹ ਸਭ ਹੁਣ ਸਿਆਸਤ ਦੀ ਖੇਡ ਬਣ ਗਈ ਹੈ। ਇਸੇ ਪਿੰਡ ਦੇ ਕਿਸਾਨ ਸੁਰਿੰਦਰਪਾਲ ਸ਼ਰਮਾ ਨੇ ਕਿਹਾ ਕਿ ਹਿੰਦੀ ਭਾਸ਼ਾਈ ਪਿੰਡਾਂ ’ਤੇ ਹਰਿਆਣਾ ਦਾ ਦਾਅਵਾ ਹੁਣ ਕੋਈ ਮੁੱਦਾ ਨਹੀਂ ਰਿਹਾ ਹੈ ਤੇ ਜਾਣ ਬੁੱਝ ਕੇ ਇਹ ਮੁੱਦੇ ਉਭਾਰੇ ਜਾ ਰਹੇ ਹਨ।

                                         ਕੇਂਦਰ ਨੂੰ ਲੋਕਾਂ ਦੀ ਸਾਂਝ ਚੁਭੀ : ਖੁੱਡੀਆਂ

ਹਲਕਾ ਲੰਬੀ ਤੋਂ ‘ਆਪ’ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਹਰਿਆਣਾ ਵੱਲੋਂ ਹੁਣ ਇੰਨੇ ਵਰ੍ਹਿਆਂ ਪਿੱਛੋਂ ਹਿੰਦੀ ਬੋਲਦੇ ਇਲਾਕਿਆਂ ਦੀ ਗੱਲ ਕਰਨੀ ਅਸਲ ਵਿਚ ਅਬੋਹਰ-ਫ਼ਾਜ਼ਿਲਕਾ ਦੇ ਲੋਕਾਂ ਨੂੰ ਮਾਨਸਿਕ ਤੌਰ ’ਤੇ ਠਿੱਠ ਕਰਨ ਦੀ ਹੀ ਚਾਲ ਹੈ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਵਿਚ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਹਨ, ਜੋ ਹਰਿਆਣਾ ਨੂੰ ਵਾਪਸ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਦੋਹਾਂ ਸੂਬਿਆਂ ਦੇ ਲੋਕਾਂ ਦੀ ਸਾਂਝ ਚੁਭ ਰਹੀ ਹੈ ਜਿਸ ਤਹਿਤ ਇਹ ਨਵੀਂ ਰੰਗਤ ਦਿੱਤੀ ਜਾ ਰਹੀ ਹੈ।

No comments:

Post a Comment