Wednesday, September 20, 2023

                                                         ਬੈਂਡ ਗਰਲਜ਼ 
                                  ਇਨ੍ਹਾਂ ਕੁੜੀਆਂ ਦਾ ਕੀ ਕਰੀਏ..! 
                                                        ਚਰਨਜੀਤ ਭੁੱਲਰ  

ਚੰਡੀਗੜ੍ਹ :‘ਬੈਂਡ ਗਰਲਜ਼’ ਨੇ ਪੰਜਾਬ ਦੇ ਸੈਂਕੜੇ ਘਰਾਂ ਦਾ ‘ਬੈਂਡ’ ਵਜਾ ਦਿੱਤਾ ਹੈ। ਕੱਖੋਂ ਹੌਲੇ ਹੋਏ ਮੁੰਡੇ ਹੁਣ ਨਾ ਇੱਧਰ ਦੇ ਰਹੇ, ਨਾ ਉੱਧਰ ਦੇ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜਾਇਆਂ ਨੂੰ ਵਿਦੇਸ਼ਾਂ ’ਚ ਸੈਟਲ ਕਰਨ ਵਾਸਤੇ ‘ਸਮਝੌਤੇ ਦਾ ਵਿਆਹ’ ਕੀਤਾ, ਉਨ੍ਹਾਂ ਚੋਂ ਬਹੁਤੇ ਜਹਾਜ਼ ਨਹੀਂ ਚੜ੍ਹ ਸਕੇ। ਐਨ.ਆਰ.ਆਈ ਪੁਲੀਸ ਥਾਣਿਆਂ ’ਚ ‘ਬੈਂਡ ਗਰਲਜ਼’ ਦੇ ਨਿੱਤ ਨਵੇਂ ਕੇਸ ਆ ਰਹੇ ਹਨ। ਲੰਘੇ ਸੱਤ ਵਰਿ੍ਹਆਂ ’ਚ ਇਨ੍ਹਾਂ ਥਾਣਿਆਂ ’ਚ 277 ਕੇਸ ਅਜਿਹੇ ਪੁੱਜੇ ਹਨ ਜਿਨ੍ਹਾਂ ਵਿਚ ਬੈਂਡ ਗਰਲਜ਼ ਨੇ ਖ਼ੁਦ ਵਿਦੇਸ਼ ਪੁੱਜਣ ਲਈ ਦੁੱਲ੍ਹੇ ਦੇ ਪਰਿਵਾਰ ਤੋਂ ਰੱਜ ਕੇ ਖਰਚਾ ਕਰਾਇਆ ਪ੍ਰੰਤੂ ਮੁੜ ‘ਸਮਝੌਤੇ ਦੇ ਪਤੀਆਂ’ ਨਾਲੋਂ ਨਾਤਾ ਤੋੜ ਲਿਆ। ਵੇਰਵਿਆਂ ਅਨੁਸਾਰ ਪੰਜਾਬ ਵਿਚ 15 ਐਨ.ਆਰ.ਆਈ ਪੁਲੀਸ ਥਾਣੇ ਹਨ ਜਿਨ੍ਹਾਂ ਵਿਚ ਜਨਵਰੀ 2017 ਤੋਂ ਅਗਸਤ 2023 ਤੱਕ 277 ਪਰਿਵਾਰਾਂ ਨੇ ਸ਼ਿਕਾਇਤਾਂ ਕੀਤੀਆਂ ਹਨ ਕਿ ਉਨ੍ਹਾਂ ਨੂੰ ‘ਬੈਂਡ ਗਰਲਜ਼’ ਨੇ ਠੱਗ ਲਿਆ ਹੈ। ਐਨ.ਆਰ.ਆਈ ਥਾਣਿਆਂ ਵਿਚ ਬਹੁਤੇ ਕੇਸ ਤਾਂ ਰਜ਼ਾਮੰਦੀ ਨਾਲ ਨਿਬੇੜ ਦਿੱਤੇ ਗਏ ਹਨ। ‘ਬੈਂਡ ਗਰਲਜ਼’ ’ਤੇ 29 ਪੁਲੀਸ ਕੇਸ ਵੀ ਦਰਜ ਕੀਤੇ ਗਏ ਹਨ। 

    ਆਮ ਥਾਣਿਆਂ ’ਚ ਜਿਹੜੇ ਕੇਸ ਦਰਜ ਹੋਏ ਹਨ, ਉਨ੍ਹਾਂ ਦੀ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਹੈ। ਕਸੂਰ ਕਿਸੇ ਵੀ ਧਿਰ ਦਾ ਹੋਵੇ ਪ੍ਰੰਤੂ ਇਹ ਵਰਤਾਰਾ ਵਿਆਹ ਵਰਗੇ ਪਵਿੱਤਰ ਬੰਧਨ ਨੂੰ ਦਾਗ਼ਦਾਰ ਕਰ ਰਿਹਾ ਹੈ ਐਨ. ਆਰ. ਆਈ ਥਾਣਾ ਲੁਧਿਆਣਾ (ਸਿਟੀ) ’ਚ ਇਨ੍ਹਾਂ ਸੱਤ ਸਾਲਾਂ ਦੌਰਾਨ ਸਭ ਤੋਂ ਵੱਧ 150 ਸ਼ਿਕਾਇਤਾਂ ਪੁੱਜੀਆਂ ਜਿਨ੍ਹਾਂ ਚੋਂ ਪੰਜ ਪੁਲੀਸ ਕੇਸ ਵੀ ਦਰਜ ਕੀਤੇ ਗਏ। ਮੋਗਾ ਦੇ ਐਨ.ਆਰ.ਆਈ ਥਾਣੇ ਵਿਚ 19, ਮੁਹਾਲੀ ਥਾਣੇ ਵਿਚ 16, ਬਠਿੰਡਾ ਵਿਚ 15, ਅੰਮ੍ਰਿਤਸਰ ਵਿਚ 13 ਅਤੇ ਫ਼ਿਰੋਜ਼ਪੁਰ ਥਾਣੇ ਵਿਚ 12 ਸ਼ਿਕਾਇਤਾਂ ਪੁੱਜੀਆਂ। ਇਨ੍ਹਾਂ ਥਾਣਿਆਂ ਵਿਚ ਵਰ੍ਹਾ 2022 ਦੌਰਾਨ ਸਭ ਤੋਂ ਵੱਧ 62 ਸ਼ਿਕਾਇਤਾਂ ਪੁੱਜੀਆਂ ਹਨ ਜਿਨ੍ਹਾਂ ਦਾ ਸਬੰਧ ਨਿਰੋਲ ‘ਬੈਂਡ ਗਰਲਜ਼’ ਨਾਲ ਸੀ। ਠੱਗੇ ਕਈ ਘਰਾਂ ਦੀ ਅਜਿਹੀ ਕਹਾਣੀ ਹੈ, ਜਿੱਥੇ ਨਾਲੇ ਜ਼ਮੀਨ ਚਲੀ ਗਈ, ਨਾਲੇ ਜੀਅ ਚਲੇ ਗਏ। ਇਨ੍ਹਾਂ ਪਰਿਵਾਰਾਂ ਨੇ ਕਰਜ਼ੇ ਚੁੱਕ ਕੇ ਅਤੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਇੱਕ ਤਰੀਕੇ ਨਾਲ ਜੂਆ ਖੇਡਿਆ ਜੋ ਰਾਸ ਨਹੀਂ ਆਇਆ।

    ਸਮਰਾਲਾ ਦੇ ਪਿੰਡ ਗੋਸਲਾਂ ਦੇ ਇੱਕ ਨੌਜਵਾਨ ਨੂੰ ਜਦੋਂ ਵੱਜੀ ਠੱਗੀ ਦਾ ਇਲਮ ਹੋਇਆ, ਉਹ ਜ਼ਿੰਦਗੀ ਤੋਂ ਹੀ ਹੱਥ ਧੋ ਬੈਠਾ। ਲੁਧਿਆਣਾ ਦੇ ਇੱਕ ਥਾਣੇਦਾਰ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਵਾਸਤੇ ਇੱਕ ਬੈਂਡ ਗਰਲ ਲੱਭੀ, ਕਰਜ਼ਾ ਚੁੱਕ ਕੇ ਤੇ ਪਲਾਟ ਵੇਚ ਕੇ ਨੂੰਹ ਦੀ ਸਾਰੀ ਪੜਾਈ ਦਾ ਖਰਚਾ ਕੀਤਾ। ਵਿਦੇਸ਼ ਜਾ ਕੇ ਨੂੰਹ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਥਾਣੇਦਾਰ ਨੇ ਹੁਣ ਨੂੰਹ ’ਤੇ ਪਰਚਾ ਦਰਜ ਕਰਾਇਆ। ਇਸੇ ਤਰ੍ਹਾਂ ਫ਼ਰੀਦਕੋਟ ਦੇ ਪਿੰਡ ਕੰਮੇਆਣਾ ਦੇ ਇੱਕ ਪਰਿਵਾਰ ਨਾਲ ਹੋਈ ਹੈ। ਇੱਥੇ ਦੇ ਪੁਲੀਸ ਦੇ ਇੱਕ ਥਾਣੇਦਾਰ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਵਾਸਤੇ ਬੈਂਡ ਵਾਲੀ ਕੁੜੀ ਲੱਭੀ। ਕੁੜੀ ਦਾ ਸਾਰਾ ਖਰਚਾ ਚੁੱਕਿਆ। ਇਹ ਪਰਿਵਾਰ ਵੀ ਠੱਗੀ ਖਾ ਬੈਠਾ ਹੈ। ਖ਼ੁਦ ਥਾਣੇਦਾਰ ਵੀ ਇਸ ਦੁਨੀਆ ਚੋਂ ਰੁਖ਼ਸਤ ਹੋ ਚੁੱਕਾ ਹੈ ਅਤੇ ਉਸ ਦਾ ਲੜਕਾ ਵੀ ਕਿਸੇ ਪਾਸੇ ਦਾ ਨਹੀਂ ਬਚਿਆ। ਧਨੌਲਾ (ਬਰਨਾਲਾ) ਦੇ ਇੱਕ ਲੜਕੇ ਨੇ ਤਾਂ ਖ਼ੁਦਕੁਸ਼ੀ ਹੀ ਕਰ ਲਈ ਸੀ ਜਦ ਉਸ ਨੂੰ ਆਪਣੇ ਪਰਿਵਾਰ ਨਾਲ ਜੱਗੋਂ ਤੇਰ੍ਹਵੀਂ ਦਾ ਪਤਾ ਲੱਗਿਆ।

     ਇਸ ਲੜਕੇ ਦੇ ਬਾਪ ਨੇ ਕੁੜੀ ’ਤੇ 25 ਲੱਖ ਰੁਪਏ ਦਾ ਖਰਚਾ ਕੀਤਾ ਸੀ। ਮੋਗਾ ਦੇ ਪਿੰਡ ਬੁੱਘੀਪੁਰਾ ਦੇ ਲੜਕਾ ਵਿਦੇਸ਼ ਤਾਂ ਪੁੱਜ ਗਿਆ ਪ੍ਰੰਤੂ ਉਸ ਦੇ ਪੱਕੇ ਹੋਣ ਤੋਂ ਪਹਿਲਾਂ ਹੀ ਪਤਨੀ ਨੇ ਤਲਾਕ ਦਾ ਕੇਸ ਪਾ ਦਿੱਤਾ। ਇਸ ਤਰ੍ਹਾਂ ਦੇ ਸੈਂਕੜੇ ਕੇਸ ਹਨ ਜਿਨ੍ਹਾਂ ਸਭਨਾਂ ਦੀ ਇੱਕੋ ਕਹਾਣੀ ਹੈ।ਜਦੋਂ ਦਾ ‘ਸਮਝੌਤੇ ਦਾ ਵਿਆਹ’ ਸ਼ੁਰੂ ਹੋਇਆ, ਇਨ੍ਹਾਂ ਵਿਆਹਾਂ ਦੇ ਮਾਹਿਰ ਵਿਚੋਲੇ ਵੀ ਕਾਰੋਬਾਰ ਕਰਨ ਲੱਗੇ ਹਨ। ‘ਸਪਾਊਸ ਵੀਜ਼ੇ’ ਵਾਸਤੇ ਪਰਿਵਾਰ ਆਪਣੇ ਮੁੰਡਿਆਂ ਨੂੰ ਵਿਦੇਸ਼ ’ਚ ਸੈਟਲ ਕਰਨ ਵਾਸਤੇ ਪਾਪੜ ਵੇਲਦੇ ਹਨ। ਪੁਲੀਸ ਅਧਿਕਾਰੀ ਆਖਦੇ ਹਨ ਕਿ ਜਿੱਥੇ ਲੜਕੇ ਨਾਲ ਧੋਖਾ ਹੋ ਜਾਂਦਾ ਹੈ, ਬਹੁਤੇ ਕੇਸਾਂ ਵਿਚ ਲੜਕੀ ਵਾਲੇ ਪੈਸੇ ਵਾਪਸ ਕਰਨ ਦਾ ਵਾਅਦਾ ਕਰਕੇ ਸਮਝੌਤਾ ਕਰ ਲੈਂਦੇ ਹਨ। ਦੂਸਰਾ ਪੱਖ ਦੇਖੀਏ ਤਾਂ ਜਿਹੜੇ ਲੜਕੇ ਆਈਲਸ ਪ੍ਰੀਖਿਆ ਚੋਂ ਬੈਂਡ ਹਾਸਲ ਕਰਨ ਵਿਚ ਫ਼ੇਲ੍ਹ ਹੋ ਜਾਂਦੇ ਹਨ, ਉਹ ‘ਸਮਝੌਤੇ ਦਾ ਵਿਆਹ’ ਕਰਕੇ ਉਡਾਰੀ ਮਾਰਨ ਦੇ ਸੁਪਨੇ ਦੇਖਣ ਲੱਗੇ ਹਨ ਜਿਨ੍ਹਾਂ ਚੋਂ ਬਹੁਤੇ ਸਫਲ ਵੀ ਹੋ ਜਾਂਦੇ ਹਨ।

                                 ‘ਸਮਝੌਤੇ ਦਾ ਵਿਆਹ’ ਕੀ ਹੈ !

ਪੰਜਾਬ ’ਚ ‘ਸਮਝੌਤੇ ਦੇ ਵਿਆਹ’ ਨੂੰ ਕੌਣ ਭੁੱਲਿਆ ਹੈ। ਜਿਨ੍ਹਾਂ ਲੋੜਵੰਦ ਘਰਾਂ ਦੀਆਂ ਕੁੜੀਆਂ ਦੇ ਲੋੜੀਂਦੇ ਆਈਲਸ ਪ੍ਰੀਖਿਆ ਚੋਂ ਚੰਗੇ ਬੈਂਡ ਆ ਜਾਂਦੇ ਹਨ, ਉਨ੍ਹਾਂ ਨਾਲ ਮੁੰਡੇ ਵਾਲਾ ਪਰਿਵਾਰ ਇੱਕ ਸਮਝੌਤੇ ਤਹਿਤ ਕੁੜੀ ਦੀ ਪੜ੍ਹਾਈ ਦਾ ਸਮੁੱਚਾ ਖਰਚਾ ਚੁੱਕਦਾ ਹੈ, ਬਦਲੇ ਵਿਚ ਲੜਕੀ ਨੇ ਵਿਆਹ ਕਰਾ ਕੇ ਲੜਕੇ ਨੂੰ ਵਿਦੇਸ਼ ਵਿਚ ਪੱਕਾ ਕਰਾਉਣਾ ਹੁੰਦਾ ਹੈ। ਹੁਣ ਤਾਂ ਸ਼ਰੇਆਮ ਅਖ਼ਬਾਰਾਂ ’ਚ ਇਸ਼ਤਿਹਾਰ ਛਪਦੇ ਹਨ, ‘ਛੇ ਬੈਂਡ ਵਾਲੀ ਲੜਕੀ ਲਈ ਲੜਕਾ ਚਾਹੀਦਾ ਹੈ, ਜਿਹੜਾ ਪੜਾਈ ਤੇ ਵਿਆਹ ਦਾ ਖਰਚਾ ਚੁੱਕ ਸਕੇ।’

               ਐਨ.ਆਰ.ਆਈ ਥਾਣਿਆਂ ’ਚ ਆਏ ਕੇਸਾਂ ਦਾ ਵੇਰਵਾ

ਵਰ੍ਹਾ        ਪ੍ਰਾਪਤ ਦਰਖਾਸਤਾਂ        ਦਰਜ ਕੇਸਾਂ ਦੀ ਗਿਣਤੀ

2017          27                               ਜ਼ੀਰੋ

2018          50                               ਜ਼ੀਰੋ

2019          31                               03

2020          30                               05

2021          40                               17

2022          62                               04

2023          37                             ਜ਼ੀਰੋ

No comments:

Post a Comment