Friday, September 29, 2023

                                         ਢੂਡਤੇ ਰਹਿ ਜਾਓਗੇ..!      
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਖ਼ਿਆਲ ਉਡਾਰੀ ’ਚ ਮਕਬੂਲ ਅਭਿਨੇਤਾ ਰਾਜ ਕੁਮਾਰ ਤਸ਼ਰੀਫ਼ ਲਿਆਏ ਨੇ, ‘ਨਾ ਤਲਵਾਰ ਕੀ ਧਾਰ ਸੇ, ਨਾ ਗੋਲੀਆਂ ਕੀ ਬੁਛਾੜ ਸੇ, ਬੰਦਾ ਡਰਤਾ ਹੈ ਤੋ ਸਿਰਫ਼ ਪਰਵਰਦਿਗਾਰ ਸੇ’। ਪਿੰਡ ਬਾਦਲ ਦੇ ‘ਅਕਬਰੀ ਰਤਨ’, ਮੇਰੀ ਮੁਰਾਦ ਹਰ ਦਿਲ ਅਜ਼ੀਜ਼ ਮਨਪ੍ਰੀਤ ਬਾਦਲ ਤੋਂ ਹੈ, ਨਾ ਵਿਕੇ ਨੇ, ਨਾ ਕਦੇ ਝੁਕੇ ਨੇ, ਨਾ ਹੀ ਲਿਫੇ ਨੇ, ਸਿਵਾਏ ਉਸ ਅੱਲ੍ਹਾ ਦੀ ਕਚਹਿਰੀ ਤੋਂ। ਔਹ ਖ਼ੁਦ ਦੇਖ ਲਓ, ਕਿੰਨੂ ਦੇ ਬਾਗ਼ਾਂ ਚੋਂ ਇੰਜ ਫ਼ਰਮਾ ਰਹੇ ਨੇ, ‘ਤੁਸੀਂ ਮਨਪ੍ਰੀਤ ਦਾ ਮੂੰਹ ਨਾ ਖੁਲ੍ਹਾਓ, ਮੈਂ ਥੋਡੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ’।

        ਬੋਝੇ ’ਚ ਸੱਚ ਹੋਵੇ, ਉਹ ਵੀ ਸੋਲ੍ਹਾਂ ਆਨੇ ਖਰਾ, ਫਿਰ ਡਰ ਕਾਹਦਾ। ਸਿਆਣੇ ਆਖਦੇ ਨੇ, ‘ਰੱਬ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ’। ਵਿਜੀਲੈਂਸ ਇੱਕ ਟੁੱਚਰ ਜੇਹਾ ਪਰਚਾ ਪਾ ਕੇ ਮਨਪ੍ਰੀਤ ਦੀ ਜੜ੍ਹ ਉਖਾੜਨ ਦੇ ਭਰਮ ’ਚ ਹੈ। ਆਪ’ ਸਰਕਾਰ ਵਹਿਮੋ ਗੁਮਾਨ ’ਚ ਹੈ ਕਿ ਉਸ ਫ਼ੱਕਰ ਨੂੰ ਜੇਲ੍ਹ ਦਿਖਾਉਣੀ ਐ। ਅਕਸ਼ੇ ਕੁਮਾਰ ਦਾ ਓਹ ਡਾਇਲਾਗ ਤਾਂ ਸੁਣਿਆ ਹੋਊ, ‘ਤੀਸ ਮਾਰ ਖ਼ਾਨ ਕੋ ਕੋਈ ਜੇਲ੍ਹ ਕੈਦ ਨਹੀਂ ਕਰ ਸਕਤਾ।’ ਵਿਜੀਲੈਂਸ ਅਫ਼ਸਰਾਂ ਨੇ ਕਈ ਸੂਬੇ ਛਾਣ ਮਾਰੇ ਨੇ। ਦਾਸ ਸੁਭਾਅ ਦਾ ਓਹ ਦਾਨਾ ਸੱਜਣ, ਚੀਕਣੀ ਮਿੱਟੀ ਦਾ ਬਣਿਐ, ਹੱਥ ਆਉਣਾ ਮੁਸ਼ਕਲ ਹੈ।

        ਕੋਈ ਆਖਦਾ ਪਿਐ, ਮਨਪ੍ਰੀਤ ਦਾ ਚਿੜੀ ਦੇ ਬੱਚੇ ਜਿੱਡਾ ਦਿਲ ਐ, ਕਿਧਰੇ ਅਫ਼ਵਾਹ ਹੈ ਕਿ ਘੁੱਗੀ ਵਾਂਗੂ ਛੇਤੀ ਸਹਿਮ ਜਾਂਦੈ। ਭੋਲਿਓ ਪੰਛੀਓ! ਯਾਦ ਕਰੋ, ਜਦ ਖ਼ਜ਼ਾਨਾ-ਏ-ਪੰਜਾਬ ’ਤੇ ਭੀੜ ਪਈ ਸੀ, ਉਦੋਂ ਉਨ੍ਹਾਂ ਦੀ ਅਕਲ ਦੇ ਸਿਰ ’ਤੇ ਤਾਂ ਪੂਰੀ ਸਾਧ ਸੰਗਤ ਦਾ ਪ੍ਰਸ਼ਾਦਾ-ਪਾਣੀ ਚੱਲਿਐ। ਗੁਰੂ ਘਰ ਦੇ ਸੇਵਕ ਕੋਲ ਕੋਈ ਸੱਤ ਬਿਗਾਨਾ ਵੀ ਆਇਆ,ਉਨ੍ਹਾਂ ਵੱਡਾ ਦਿਲ ਦਿਖਾਇਆ। ਕਿਤੇ ਖ਼ਜ਼ਾਨਾ ਖ਼ਾਲੀ ਨਾ ਹੁੰਦਾ ਤਾਂ ਚਾਟਾ ਵੀ ਛਕਾਉਂਦੇ।

       ਅਜ਼ੀਮ ਸਦਨ ’ਚ ਬਤੌਰ ਖ਼ਜ਼ਾਨਾ-ਏ-ਅਕਲ ਪਹਿਲੇ ਬਜਟ ਮੌਕੇ ਜਦ ਬੋਲੇ, ਅੱਖਾਂ ’ਚ ਹੰਝੂ ਤੇ ਗੱਚ ਭਰਿਆ ਹੋਇਆ ਸੀ, ‘ਮੁਅੱਜ਼ਜ਼! ਅਮਰਿੰਦਰ ਦੀ ਕਿਆਦਤ ਵਾਲੀ ਸਰਕਾਰ, ਪੰਜਾਬ ਦੀ ਅਜ਼ਮਤ ਬਹਾਲ ਕਰੇਗੀ, ਮੈਨੂੰ ਰੱਬ ’ਤੇ ਭਰੋਸੈ, ਤਰੱਕੀ ਦਾ ਸੂਰਜ ਜ਼ਰੂਰ ਚੜ੍ਹੇਗਾ।’ ਰੱਬ ਦੀ ਐਸੀ ਕਰਨੀ, ਸੂਰਜ ਕਿਤੇ ਚੜ੍ਹਨਾ ਭੁੱਲ ਗਿਆ, ਪੰਜਾਬ ’ਤੇ ਲੱਖ ਕਰੋੋੜ ਦਾ ਕਰਜ਼ਾ ਚੜ੍ਹ ਗਿਆ, ਉਹ ਵੀ ਨਾਕਾਬਿਲੇ ਬਰਦਾਸ਼ਤ। ਬਾਦਲ ਵਾਲੇ ਬਰਖ਼ੁਰਦਾਰ, ਸਰਜ਼ਮੀਨ-ਏ-ਪੰਜਾਬ ਨੂੰ ਰਾਖ ਦੀ ਢੇਰੀ ਚੋਂ ਕੱਢਣ ਲਈ ਕਦੇ ਕਾਂਗਰਸ ਦੇ ਵਿਹੜੇ ਅਤੇ ਕਦੇ ਭਾਜਪਾ ਦੀ ਡਿਉਢੀ ’ਚ ਤਸ਼ਰੀਫ਼ ਲਿਆਏ।

        ‘ਸਾਰੰਗੀ ਦਾ ਪਤਾ, ਉਸ ਦੇ ਸੁਰਾਂ ਤੋਂ ਲੱਗਦੈ’। ਖ਼ਜ਼ਾਨਾ ਖ਼ਾਲੀ ਦਾ ਰਾਗ ਕਿਹੋ ਜੇਹਾ ਲੱਗਿਆ, ਕੰਨ ’ਚ ਦੱਸਣਾ, ਕੰਧਾਂ ਦੇ ਵੀ ਕੰਨ ਹੁੰਦੇ ਨੇ। ਹਰਭਜਨ ਮਾਨ ਕਿਧਰੋਂ ਸਾਰੰਗੀ ਕੱਢ ਲਿਆਇਆ ਹੈ, ਅਖ਼ੇ ‘ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ’। ‘ਸਿੱਧਾ ਰਾਹ ਨਾ ਛੋੜੀਏ, ਭਾਵੇਂ ਹੋਵੇ ਦੂਰ’, ਅਸਾਂ ਦੀ ਇਹੋ ਗੁਜ਼ਾਰਿਸ਼ ਏ, ਫੱਕਰੋ! ਨੀਲੀ ਛੱਤਰੀ ਵਾਲਾ ਤੁਸਾਂ ਦੇ ਨਾਲ ਐ, ਜਿੱਥੇ ਮਰਜ਼ੀ ਚਲੇ ਜਾਣਾ, ਵਾਲ ਵਿੰਗਾ ਨਹੀਂ ਹੋਵੇਗਾ। ਵਿਜੀਲੈਂਸ ਦਾ ਡੀਐਸਪੀ ਕੁਲਵੰਤ ਲਹਿਰੀ ਅੱਕੀ ਪਲਾਹੀਂ ਹੱਥ ਮਾਰਦਾ ਫਿਰਦੈ। ਕਿਸੇ ਪਹਾੜਾ ਸਿੰਘ ਨੇ ਸਰਕਾਰ ਦੇ ਕੰਨ ਵਿਚ ਫ਼ੂਕ ਮਾਰੀ ਹੈ।

        ਤਾਹੀਓਂ ਵਿਜੀਲੈਂਸ ਵਾਲੇ ਗੁਰਦਾਸ ਮਾਨ ਦੇ ਗਾਣੇ ਚੋਂ ਪੈੜ ਲੱਭਣ ਲੱਗੇ ਨੇ, ‘ਕੁੱਲੀ ਨੀ ਫ਼ਕੀਰ ਦੀ ਵਿੱਚੋਂ, ਅੱਲਾ ਹੂੰ ਦਾ ਆਵਾਜ਼ਾ ਆਵੇ।’ ਸਰਕਾਰ ਨੂੰ ‘ਅੱਲਾ ਹੂੰ’ ਦੀ ਆਵਾਜ਼ ਚੋਂ ਮਨਪ੍ਰੀਤ ਦਾ ਝਉਲਾ ਪੈਂਦੈ। ਏਹਦਾ ਤਾਂ ਪਤਾ ਨਹੀਂ, ਓਧਰ ਫ਼ਿਜ਼ਾ ’ਚ ਗੂੰਜੀ ਆਵਾਜ਼ ਜ਼ਰੂਰ ਸੁਣੀ ਸੁਣੀ ਲੱਗਦੀ ਐ,‘ ਸੋਏ ਹੂਏ ਸ਼ੇਰੋ ਕੋ ਜਗਾਨਾ ਨਹੀਂ ਅੱਛਾ, ਹਮ ਜੈਸੋ ਕੋ ਬੇਕਾਰ ਸਤਾਨਾ ਨਹੀਂ ਅੱਛਾ।’ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’, ਸਰਕਾਰ ਇੱਕ ਦਿਨ ਜ਼ਰੂਰ ਭੁਗਤੇਗੀ। ਫ਼ੱਕਰਾਂ ਦੀ ਹਾਅ ਪੱਥਰ ਕੀ ਨਾ ਚੀਰ ਦੇਵੇ। ਹੁੁਣ ਕਿਸ ਸੂਰਤ-ਏ-ਹਾਲ ’ਚ ਨੇ, ਬਹੁਤਾ ਪਤਾ ਨਹੀਂ ਪਰ ਇੰਜ ਲੱਗਦੈ ਕਿ ਓਹ ਕਿਰਪਾਲੂ ਸੱਜਣ ਜ਼ਰੂਰ ਅੱਲਾਮਾ ਇਕਬਾਲ ਦੀ ਮਜ਼ਾਰ ’ਤੇ ਤਪ ਕਰਦਾ ਪਿਆ ਹੋਵੇਗਾ।

         ਸ਼ੋਅਲੇ ਫ਼ਿਲਮ ’ਚ ਗੱਬਰ ਦਾ ਗੱਜ ਰਿਹੈ, ‘ਜੋ ਡਰ ਗਿਆ, ਸਮਝੋ ਮਰ ਗਿਆ।’ ਵੈਸੇ ਸੌ ਹੱਥ ਰੱਸਾ, ਸਿਰੇ ’ਤੇ ਗੰਢ, ਮਨਪ੍ਰੀਤ ਦੀ ਪਿੱਠ ਪਈ ਸੁਣਦੀ ਏ, ਕਿਤੇ ਵਿਜੀਲੈਂਸ ਨੇ ਉਸ ਪੰਜਾਬ ਪੁੱਤਰ ਨੂੰ ਹੱਥ ਪਾ ਲਿਆ ਤਾਂ ਹਰ ਨਿਆਣਾ ਸਿਆਣਾ ਉਨ੍ਹਾਂ ਦੀ ਪਿੱਠ ’ਤੇ ਚਟਾਨ ਵਾਂਗੂ ਡਟ ਜਾਵੇਗਾ, ਪੰਜਾਬ ਦੇ ਸਾਰੇ ਮੁਲਾਜ਼ਮ ਤਾਂ ਸਤੌਜ ਦੀ ਇੱਟ ਨਾਲ ਇੱਟ ਖੜਕਾ ਦੇਣਗੇ। ਬਜ਼ੁਰਗ ਲੇਖਕ ਵੀ ਸਤੌਜ ’ਚ ਮੁਸ਼ਾਇਰਾ ਸਜਾਉਣਗੇ, ਜਿਨ੍ਹਾਂ ਦੀਆਂ ਦੀਆਂ ਪੈਨਸ਼ਨਾਂ ਉਸ ਰੱਬ ਦੇ ਬੰਦੇ ਨੇ ਦੁੱਗਣੀਆਂ ਕੀਤੀਆਂ ਸਨ।

          ਕਿਸਾਨਾਂ ਤੇ ਮਜ਼ਦੂਰਾਂ ਦੀ ਦੁਆਵਾਂ ਇਸ ਦਾਨਸ਼ਮੰਦ ਨੂੰ ਢਾਰਸ ਦੇਣਗੀਆਂ, ਜਿਨ੍ਹਾਂ ਦੇ ਕਰਜ਼ੇ ’ਤੇ ਲੀਕ ਐਸੀ ਮਾਰ ਕੇ ਗਏ ਕਿ ਸਰ ਛੋਟੂ ਰਾਮ ਨੂੰ ਵੀ ਭੁਲਾ’ਤਾ। ਵਿਜੀਲੈਂਸ ਨੇ ਕਿਤੇ ਕੋਈ ਮੀਨ ਮੇਖ਼ ਕੀਤੀ, ਪੰਜਾਬ ਦੇ ਨੌਜਵਾਨ ਜੇਲ੍ਹਾਂ ਭਰ ਦੇਣਗੇ, ਜਿਨ੍ਹਾਂ ਨੂੰ ਘਰ ਬੈਠਿਆ ਰੁਜ਼ਗਾਰ ਮਿਲਿਆ ਸੀ। ਏਨੀਆਂ ਦੁਆਵਾਂ ਤੁਸਾਂ ਨੂੰ ਫੁੱਲ ਜਿੰਨੀ ਨਹੀਂ ਲੱਗਣ ਦੇਣਗੀਆਂ। ‘ਚੰਨ ਭਾਵੇਂ ਨਿੱਤ ਚੜ੍ਹਦਾ, ਸਾਨੂੰ ਸੱਜਣਾ ਦੇ ਬਾਝ ਹਨੇਰਾ।’ ਮਨਪ੍ਰੀਤ ਦੀ ਭੂਰੀ ’ਤੇ ’ਕੱਠ ਕਰਨ ਵਾਲਿਆਂ ਦੀਆਂ ਮਨ ਹੀ ਮਨ ’ਚ ਰਹਿ ਜਾਣੀਆਂ ਨੇ।

        ‘ਮੈਂ ਅੰਨ੍ਹਾ ਤੇ ਤਿਲ੍ਹਕਣ ਰਸਤੇ ਕੌਣ ਦੇਵੇ ਸੰਭਾਲਾ, ਧੱਕੇ ਦੇਵਣ ਵਾਲੇ ਲੱਖਾਂ, ਇੱਕ ਤੂੰ ਹੱਥ ਪਕੜਨ ਵਾਲਾ’। ਵਿਜੀਲੈਂਸ ਚਾਹੇ, ਜੇਮਜ਼ ਬਾਂਡ ਨੂੰ ਹਾਇਰ ਕਰ ਲਵੇ। ਪੁਰਾਣੇ ਸਮਿਆਂ ’ਚ ਦੂਰਦਰਸ਼ਨ ’ਤੇ ਸਰਫ਼ ਦੀ ਮਸ਼ਹੂਰੀ ਵੱਜਦੀ ਹੁੰਦੀ ਸੀ,‘ ਦਾਗ਼, ਢੂਡਤੇ ਰਹਿ ਜਾਓਗੇ।’ ਗੱਲ ਤਿਲਕ ਨਾ ਜਾਵੇ, ਇੱਕ ਸਾਬਕਾ ਕੇਂਦਰੀ ਭਾਜਪਾਈ ਮੰਤਰੀ ਨੇ ਸਟੇਜ ਤੋਂ ਗੱਲ ਕਹੀ ਸੀ, ਜਿਹੜੇ ਕਾਂਗਰਸ ਚੋਂ ਆਉਂਦੇ ਹਨ, ਉਨ੍ਹਾਂ ਵਾਸਤੇ ਭਾਜਪਾ ਨੇ ਇੱਕ ਵਾਸ਼ਿੰਗ ਮਸ਼ੀਨ ਰੱਖੀ ਹੋਈ ਐ, ਜਿਸ ’ਚ ਪਾ ਕੇ ਸਭ ਦਾਗ ਧੋ ਸੁੱਟਦੇ ਹਾਂ। ਜਦ ਹੁਣ ਕੋਈ ਦਾਗ਼ ਹੀ ਨਹੀਂ ਬਚਿਆ, ਵਿਜੀਲੈਂਸ ਨੇ ਆਪਣਾ ਰਾਂਝਾ ਰਾਜ਼ੀ ਕਰ ਕਰਨਾ ਹੈ ਤਾਂ ਬੇਸ਼ੱਕ ਕਰ ਲਵੇ।

         ਭਲਾ ਤੁਸੀਂ ਦੱਸੋ, ਛੱਤ ਤਾਂ ਹਰ ਕਿਸੇ ਨੂੰ ਚਾਹੀਦੀ ਐ। ਮਨਪ੍ਰੀਤ ਹੋਰਾਂ ਨੇ ਸਿਰ ਢਕਣ ਲਈ ਬਠਿੰਡੇ ਸ਼ਹਿਰ ’ਚ ਛੋਟਾ ਜੇਹਾ ਢਾਰਾ ਕੀ ਲੈ ਲਿਆ, ਹਕੂਮਤ ਨੇ ਛੱਤ ਸਿਰ ’ਤੇ ਚੁੱਕ ਲਈ। ਏਹ ਨਵੇਂ ਬਣੇ ਕਾਮਰੇਡ ਤਾਂ ਇਹੋ ਸੋਚਦੇ ਨੇ ਕਿ ਬੰਦਾ ਸਾਰੀ ਉਮਰ ਬੁਝੇ ਹੋਏ ਕੋਇਲੇ ਵਾਂਗੂ ਠੇਡੇ ਖਾਂਦਾ ਫਿਰੇ। ਪਿੰਡ ਬਾਦਲ ਨੇ ਕਦੇ ਗਿੱਲੇ ਗੋਹੇ ’ਤੇ ਪੈਰ ਨਹੀਂ ਰੱਖਿਆ, ਲੋਕ ਫੇਰ ਨੀਂ ਖ਼ੁਸ਼। ਭੇਤੀ ਆਖਦੇ ਨੇ, ਜਿੰਨ੍ਹਾਂ ਦੀ ਰਾਜ ਭਾਗ ਸਮੇਂ ਕਾਟੋ ਫੁੱਲਾਂ ’ਤੇ ਖੇਡਦੀ ਸੀ, ਉਹ ਹੁਣ ਸਰਕਾਰ ਦੀ ‘ਕਾਟੋ’ ਤੋਂ ਡਰੀਂ ਜਾਂਦੇ ਨੇ।

         ਪ੍ਰਭੂ ਦੀ ਲੀਲ੍ਹਾ ਬੇਅੰਤ ਹੈ। ਭਾਜਪਾ ਵਾਲੇ ਵੀ ਨਿਰਮੋਹੇ ਨਿਕਲੇ, ਇੱਕ ਫੋਕਾ ਹਾਅ ਦਾ ਨਾਅਰਾ ਨਹੀਂ ਸਰਿਆ। ਅਜਮੇਰ ਔਲਖ ਦੇ ਨਾਟਕ ‘ਸਿੱਧਾ ਰਾਹ, ਵਿੰਗਾ ਬੰਦਾ’ ’ਚ ਪਾਤਰ ਗਾਉਂਦੇ ਨੇ, ‘ਸਿੱਧਮ ਸਿੱਧਾ ਰਾਹ ਐ ਸਾਥੀ, ਵਿੰਗ ਕੋਈ ਨਾ ਵਲ, ਸਿੱਧੇ ਰਾਹ ’ਤੇ ਸਾਡੇ ਵਾਂਗੂ ,ਸਿੱਧਾ ਹੋ ਕੇ ਚੱਲ’। ਔਲਖ ਸਾਹਿਬ, ਆਪਣੀ ਛੱਡੋ, ਆਹ ਸੁਣੋ, ‘ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨ੍ਹੀਂ ਰਾਹੀਂ ਵੀ ਸਾਨੂੰ ਤੁਰਨਾ ਪਿਆ।’ ਅੱਜ ਕੱਲ੍ਹ ਤਾਂ ਨੇਤਾ ਗਣ ਤੁਰ ਫਿਰ ਕੇ ਮੇਲਾ ਦੇਖਦੇ ਨੇ। ਭਾਜਪਾ ਦੇ ਦੇਹਲੀ ’ਤੇ ਕੋਈ ਸ਼ੌਕ ਨੂੰ ਥੋੜ੍ਹਾ ਗਏ ਨੇ। ਓਹ ਤਾਂ ਭਾਜਪਾਈ ਅਹਿਸਾਨ ਫ਼ਰਾਮੋਸ਼ ਨਿਕਲੇ, ਜਿਨ੍ਹਾਂ ਦਾ ਝੋਲੇ ਆਲੇ ਫ਼ਕੀਰ ਬਾਦਲ ਦੇ ਫ਼ੱਕਰ ਨੂੰ ਇੱਕ ਥਾਪੜਾ ਵੀ ਨਾ ਦੇ ਸਕਿਆ।

         ਬੰਦਾ ਨੀਤਾਂ ਠੀਕ ਰੱਖੇ, ਸਿੱਧਮ ਸਿੱਧਾ ਚੱਲੇ, ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਵਾਂਗੂ ਗੁਸਤਾਖ਼ ਬਣਕੇ, ਫੇਰ ਅਗਾਊ ਜ਼ਮਾਨਤਾਂ ਦੀ ਲੋੋੜ ਨਹੀਂ ਪੈਂਦੀ। ਮਹਾਰਾਜਾ ਰਣਜੀਤ ਸਿੰਘ ਰੋਜ਼ਾਨਾ ਸ਼ਾਮ ਨੂੰ ਸ਼ੀਸ਼ੇ ਮੂਹਰੇ ਖੜ੍ਹ ਕੇ ਦਿਨ ਭਰ ਦੇ ਕੰਮਾਂ ਦੀ ਪੜਚੋਲ ਕਰਦੇ ਸਨ। ਦਿਨੇ ਕੋਈ ਮਾੜਾ ਫ਼ੈਸਲਾ ਕੀਤਾ ਹੁੰਦਾ ਤਾਂ ਖ਼ੁਦ ਆਪਣੇ ਮੂੰਹ ’ਤੇ ਚਪੇੜ ਮਾਰ ਆਖਦੇ, ‘ਤੈਨੂੰ ਇਹ ਕਰਦਿਆਂ ਸ਼ਰਮ ਨਹੀਂ ਆਈ।’  ਬਾਕੀ ਮਨਪ੍ਰੀਤ ਜੀ, ਸੱਚਿਆਂ ’ਤੇ ਭੀੜਾਂ ਪੈਂਦੀਆਂ ਆਈਆਂ ਨੇ, ਜਦੋਂ ਦਿਲ ਡੋਲਣ ਲੱਗੇ ਤਾਂ ਪਹਿਲਾਂ ਦਿਲ ’ਤੇ ਹੱਥ ਰੱਖ ਲੈਣਾ, ਫਿਰ ਫ਼ਿਲਮ ‘ਥ੍ਰੀ ਈਡੀਅਟ’ ਵਾਲਾ ਗਾਣਾ ‘ਆਲ ਇਜ਼ ਵੈਲ’ ਧਿਆ ਲੈਣਾ।

(28 ਸਤੰਬਰ 2023)

No comments:

Post a Comment