ਖ਼ਜ਼ਾਨੇ ਛੋਟੇ, ਦਿਲ ਵੱਡੇ
ਇੱਕ ਤੇਰਾ ਲੱਖ ਵਰਗਾ..!
ਚਰਨਜੀਤ ਭੁੱਲਰ
ਚੰਡੀਗੜ੍ਹ : ਕਰੋੜਪਤੀ ਨੇਤਾਵਾਂ ਨੇ ਤਾਂ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਨਿੱਜੀ ਤੌਰ ’ਤੇ ਕੋਈ ਮਦਦ ਨਹੀਂ ਕੀਤੀ ਪਰ ਹਜ਼ਾਰਾਂ ਆਮ ਲੋਕ ਮਦਦ ਲਈ ਖੁੱਲ੍ਹ ਕੇ ਅੱਗੇ ਆਏ ਹਨ ਜਿਹੜੇ ਦੋ ਦਿਨਾਂ ਤੋਂ ਸ਼ਹੀਦ ਕਿਸਾਨ ਦੇ ਪਰਿਵਾਰ ਦੀ ਵਿੱਤੀ ਮਦਦ ਖਾਤਰ ਤਿਲ-ਫੁੱਲ ਭੇਟ ਕਰ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੇ ਸੋਸ਼ਲ ਮੀਡੀਆ ’ਤੇ ਆਪਣਾ ਬੈਂਕ ਖਾਤਾ ਸਾਂਝਾ ਕੀਤਾ ਤਾਂ ਆਮ ਲੋਕਾਂ ਨੇ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਦੋ ਦਿਨਾਂ ਵਿਚ ਕਰੀਬ 1073 ਲੋਕਾਂ ਨੇ ਸ਼ਹੀਦ ਕਿਸਾਨ ਦੇ ਪਰਿਵਾਰ ਦੀ 24.64 ਲੱਖ ਰੁਪਏ ਦੀ ਮਦਦ ਕੀਤੀ ਹੈ।
ਇਨ੍ਹਾਂ ਲੋਕਾਂ ਨੇ ਪਰਿਵਾਰ ਦੇ ਬੈਂਕ ਖਾਤੇ ’ਚ ਇਹ ਰਾਸ਼ੀ ਭੇਜੀ ਹੈ। 22 ਫਰਵਰੀ ਵਾਲੇ ਇੱਕੋ ਦਿਨ ’ਚ ਪਰਿਵਾਰ ਦੀ ਮਦਦ ਲਈ 691 ਲੋਕ ਨੇ 13.94 ਲੱਖ ਰੁਪਏ ਦੀ ਮਦਦ ਕੀਤੀ ਜਦਕਿ ਅੱਜ 23 ਫਰਵਰੀ ਨੂੰ 382 ਲੋਕਾਂ ਨੇ 10.70 ਲੱਖ ਰੁਪਏ ਦੀ ਰਾਸ਼ੀ ਭੇਜੀ ਹੈ। ਲੋਕਾਂ ਵੱਲੋਂ ਵੱਧ ਤੋਂ ਵੱਧ 15 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਜਦਕਿ 60 ਦੇ ਕਰੀਬ ਲੋਕਾਂ ਨੇ ਪੰਜ ਰੁਪਏ ਤੋਂ ਲੈ ਕੇ 50 ਰੁਪਏ ਤੱਕ ਦੀ ਰਾਸ਼ੀ ਮਦਦ ਵਜੋਂ ਭੇਜੀ ਹੈ। ਕਈ ਸੱਜਣਾਂ ਨੇ 14 ਰੁਪਏ ਤੇ 21 ਰੁਪਏ ਦੀ ਰਾਸ਼ੀ ਵੀ ਭੇਜੀ ਹੈ। ਇੱਕ ਵਿਅਕਤੀ ਨੇ ਤਾਂ ਇੱਕ ਰੁਪਏ ਦੀ ਮਦਦ ਵੀ ਕੀਤੀ ਹੈ। ਪਿੰਡ ਬੱਲ੍ਹੋ ਦੇ ਗੁਰਪ੍ਰੀਤ ਸਿੰਘ ਰਾਜੂ ਦਾ ਕਹਿਣਾ ਸੀ ਕਿ ਜਿਨ੍ਹਾਂ ਆਮ ਲੋਕਾਂ ਨੇ ਗੁਪਤ ਦਾਨ ਦੇ ਰੂਪ ਵਿਚ ਬੈਂਕ ਖਾਤੇ ਜ਼ਰੀਏ ਮਦਦ ਭੇਜੀ ਹੈ ਉਹ ਅਸਲ ਵਿਚ ਇਸ ਕਿਸਾਨ ਪਰਿਵਾਰ ਦੇ ਸੱਚੇ ਹਮਦਰਦ ਹਨ।
ਦੂਸਰੇ ਸੂਬਿਆਂ ਦੇ ਵੀ ਕੁਝ ਲੋਕਾਂ ਨੇ ਵੀ ਪਰਿਵਾਰ ਨੂੰ ਮਦਦ ਭੇਜੀ ਹੈ। ਦੱਸਣਯੋਗ ਹੈ ਕਿ ਇਸ ਪੀੜਤ ਪਰਿਵਾਰ ਦੀ ਕਰਜ਼ੇ ਵਿਚ ਪਹਿਲਾਂ ਹੀ ਡੇਢ ਏਕੜ ਜ਼ਮੀਨ ਵਿਕ ਚੁੱਕੀ ਹੈ ਅਤੇ ਇਸ ਵੇਲੇ ਵੀ 15 ਲੱਖ ਤੋਂ ਜ਼ਿਆਦਾ ਦਾ ਕਰਜ਼ ਸਿਰ ਹੈ। ਪਿੰਡ ਬੱਲ੍ਹੋ ਦੇ ਹੀ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਬਿਪਤਾ ਸਮੇਂ ਵਿਚ ਤਾਂ ਇੱਕ ਰੁਪਿਆ ਵੀ ਲੱਖ ਰੁਪਏ ਵਰਗਾ ਹੁੰਦਾ ਹੈ ਅਤੇ ਉਂਜ ਵੀ ਆਮ ਲੋਕਾਂ ਦਾ ਜਿਗਰਾ ਵੱਡਾ ਹੁੰਦਾ ਹੈ ਜਦਕਿ ਕਰੋੜਪਤੀ ਲੋਕਾਂ ਕੋਲ ਪੈਸਾ ਤਾਂ ਹੁੰਦਾ ਹੈ ਪਰ ਦਿਲ ਨਹੀਂ। ਦੇਖਿਆ ਜਾਵੇ ਤਾਂ ਇਸ ਵੇਲੇ ਪੰਜਾਬ ਦੇ 117 ਵਿਧਾਇਕਾਂ ’ਚੋਂ 87 ਵਿਧਾਇਕ (74 ਫੀਸਦੀ) ਕਰੋੜਪਤੀ ਹਨ।
No comments:
Post a Comment