ਪੱਤਣਾਂ ਦੇ ਤਾਰੂ...!
ਚਰਨਜੀਤ ਭੁੱਲਰ
ਚੰਡੀਗੜ੍ਹ : ਭਗਤ ਜਨੋ! ਜਦ ਬੇਰ ਪੱਕੇ ਹੋਣ, ਹੋਣ ਵੀ ‘ਮੇਡ ਇਨ ਇੰਡੀਆ’, ਫਿਰ ਖਾਣ ’ਚ ਭਲਾ ਕਾਹਦਾ ਹਰਜ। ਕਾਹਲੇ ਨਾ ਪਓ, ਚੋਣਾਂ ਦੀ ਮੁਨਿਆਦੀ ਹੋਣ ਵਾਲੀ ਐ। ਕੋਈ ਪ੍ਰੇਮੀ-ਜਨ ਗੁਣਗੁਣਾ ਰਿਹੈ, ‘ਬੇਰੀਆਂ ਦੇ ਬੇਰ ਪੱਕ ਗਏ, ਰੁੱਤ ਯਾਰੀਆਂ ਲਾਉਣ ਦੀ ਆਈ’, ਪਰ ਅਸਾਂ ਤਾਂ ਗੱਲ ਵੋਟਾਂ ਆਲੇ ਬੇਰ ਦੀ ਕਰੇਂਦੇ ਪਏ ਹਾਂ। ਤਾਹੀਂ ਤਾਂ ਕਿਤੇ ਜੋੜ ਤੋੜ, ਕਿਤੇ ਮੇਲ ਜੋਲ ਤੇ ਕਿਤੇ ਗੱਠਜੋੜ, ਸਭ ਇਹ ਸੋਚ ਕੇ ਬਣਾ ਰਹੇ ਨੇ ਜਿਵੇਂ ‘ਕੱਲ੍ਹ ਹੋ ਨਾ ਹੋ।’ ਵੋਟਰ ਪਾਤਸ਼ਾਹ ਆਖਦੇ ਪਏ ਨੇ, ‘ਭਾਗ ਮਿਲਖਾ ਭਾਗ’। ਪਿਆਰੇ ! ਏਹ ਸਿਆਸੀ ਪ੍ਰਜਾਤੀ ਹੈ, ਚੋਣਾਂ ਮੌਕੇ ਬੇਰ ਹੀ ਛਕਦੀ ਹੈ।
‘ਭੁੱਲ ਗਈ ਨਮਾਜ਼, ਮਾਰੀ ਭੁੱਖ ਦੀ’। ਪਿੰਡਾਂ ਆਲੇ ਮੋਠੂ ਆਜੜੀ ਕੋਲ ਤਾਂ ਲੰਮਾ ਢਾਂਗਾ ਹੁੰਦੈ, ਜਦੋਂ ਦਿਲ ਕਰੇ, ਬੇਰ ਝਾੜ ਲੈਂਦੈ। ਰਾਜਸੀ ਲਾਣੇ ਨੂੰ ‘ਆਜੜੀ ਦਲ’ ਬਣਾਉਣਾ ਪੈਂਦੈ, ਵਣ ਵਣ ਦੀ ਲੱਕੜੀ ’ਕੱਠੀ ਕਰ ਕੇ। ਵੋਟਾਂ ਦੇ ਬੇਰ ਕਹੋ, ਚਾਹੇ ਟੀਸੀ ਦਾ ਬੇਰ, ਜਿਹਨੂੰ ਲਾਹੁਣ ਲਈ ਇੱਕ ਦੂਜੇ ਦੇ ਮੋਢਿਆਂ ’ਤੇ ਖੜ੍ਹਨਗੇ, ਐਨ ਲੰਮਾ ਸਿਆਸੀ ਢਾਂਗਾ ਬਣਨਗੇ। ਨਿਤੀਸ਼ ਕੁਮਾਰ ਦੇ ਮੋਢਿਆਂ ’ਤੇ ਏਕਨਾਥ ਸ਼ਿੰਦੇ ਚੜ੍ਹੇਗਾ, ਸ਼ਿੰਦੇ ਦੇ ਮੋਢਿਆਂ ’ਤੇ ਜਯੰਤ ਚੌਧਰੀ, ਚੌਧਰੀ ਦੇ ਮੋਢਿਆਂ ’ਤੇ ਅਜੀਤ ਪਵਾਰ, ਉਸ ਤੋਂ ਉਪਰ ਅਮਰਿੰਦਰ ਤੇ ਢੀਂਡਸੇ, ਆਖ਼ਰ ਮੋਢਿਆਂ ਦੇ ਸਿਖਰ ’ਤੇ ਹੋਣਗੇ ਨਰੇਂਦਰ ਭਾਈ।
ਭਾਈ ਸਾਹਿਬ ਉਪਰ ਬੇਰ ਛਕਣਗੇ। ਲੋਕ ਰਾਜ ਹੇਠਾਂ ਬੈਠਾ ਸਰਦੂਲ ਸਿਕੰਦਰ ਦਾ ਆਹ ਗਾਣਾ ਸੁਣੇਗਾ, ‘ਸਾਨੂੰ ਗਿਟਕਾਂ ਗਿਣਨ ’ਤੇ ਹੀ ਰੱਖ ਲੈ, ਨੀਂ ਬੇਰੀਆਂ ਦੇ ਬੇਰ ਖਾਣੀਏ।’ ਜ਼ਿੱਦ ਤਾਂ ਰਾਹੁਲ ਗਾਂਧੀ ਦੀ ਵੀ ਬੇਰ ਖਾਣ ਦੀ ਐ। ਇਸੇ ਚੱਕਰ ’ਚ ਵਿਆਹ ਆਲਾ ਲੱਡੂ ਖਾਣਾ ਭੁੱਲਿਐ। ਜਦੋਂ ਤੋਂ ਕਾਂਗਰਸ (ਆਈ), ਕਾਂਗਰਸ ‘ਗਈ’ ਵਿੱਚ ਬਦਲੀ ਐ, ਦਰਬਾਰੀ ‘ਹਇਸ਼ਾ’ ਆਖ ਦਿਲ ਧਰਾਉਂਦੇ ਨੇ, ‘ਲਗੇ ਰਹੋ ਮੁੰਨਾ ਭਾਈ।’ ਦਾਦੀ ਇੰਦਰਾ ਆਖਦੀ ਸੀ, ‘ਗ਼ਰੀਬੀ ਹਟਾਓ’, ਹੁਣ ਪੋਤਾ ਆਖਦੈ, ‘ਅਮੀਰੀ ਹਟਾਓ।’ ਅਸਲ ਵਿਚ ਸਿਆਸਤ ਹੈ ਹੀ ਗੁੜ ਦਾ ਕੜਾਹਾ, ਜਿਹਦਾ ਸੁਆਦ ਨੇਤਾ ਉਵੇਂ ਲੈਂਦੇ ਨੇ, ਜਿਵੇਂ ਹੀਰ ਦੀਆਂ ਮੱਝੀਆਂ ਚਾਰ ਕੇ ਰਾਂਝਾ ਲੈਂਦਾ ਸੀ।
ਰਾਹੁਲ ਦੀ ਸੱਜਣੀ ਵੀ ਕਿਤੇ ਬੈਠੀ ਸਿਆਸੀ ਗੱਡੀ ਨੂੰ ਉਲਾਂਭੇ ਦਿੰਦੀ ਹੋਵੇਗੀ, ‘ਨੀਂ ਟੁੱਟ ਜਾਏ ਰੇਲ ਗੱਡੀਏ, ਤੂੰ ਰੋਕ ਲਿਆ ਚੰਨ ਮੇਰਾ।’ ਆਤਮ ਵਿਸ਼ਵਾਸ ਦਾ ਸਿਖਰ ਦੇਖੋ, ਰਾਹੁਲ ਆਖਦਾ ਪਿਐ, ‘ਹਸੀਨਾ ਮਾਨ ਜਾਏਗੀ।’ ਨਾਲੇ ਇਹ ਕਾਕਾ ਜੀ ਕਿਸੇ ਗੱਡੀ ’ਚ ਨਹੀਂ, ਕੋਲੰਬਸ ਵਾਂਗੂੰ ਪੈਦਲ ਯਾਤਰਾ ’ਤੇ ਨਿਕਲੇ ਨੇ, ਸਿਖਰਲੀ ਕੁਰਸੀ ਲੱਭਣੀ ਕਿਤੇ ਸੌਖੀ ਐ, ਉੱਤਰੀ ਧਰੁਵ ਲੱਭਣ ਜੇਡਾ ਕੰਮ ਐ, ਬੇਸ਼ੱਕ ਨਵਜੋਤ ਸਿੱਧੂ ਨੂੰ ਪੁੱਛ ਲਓ। ਕਾਦਰ ਖ਼ਾਨ ਨੇ ਠੀਕ ਲੱਖਣ ਲਾਇਐ, ‘ਸਿਆਸਤਦਾਨ ਏਕ ਕਿਸਾਨ ਕੀ ਤਰਹ ਹੋਤਾ ਹੈ, ਜਿਤਨਾ ਬੋਓਗੇ, ਉਸਕਾ ਹਜ਼ਾਰ ਗੁਣਾ ਪਾਓਗੇ।’ ਹੁਣ ਚੋਣ ਮੇਲਾ ਸਜਣ ਵਾਲਾ ਹੈ। ਲਲਕਾਰੇ ਤਾਂ ਵੱਜਣ ਵੀ ਲੱਗਣ ਨੇ, ਕੋਈ ਗੱਠਜੋੜ ਬਣਾ ਰਿਹੈ, ਕੋਈ ਮਹਾਂ ਗੱਠਜੋੜ।
ਔਹ ਦੇਖੋ, ਬਾਬਾ ਖੜਗੇ ਕਿਵੇਂ ਖੜਕੀ ਹੋਈ ਬੱਸ ’ਤੇ ਕੱਪੜਾ ਮਾਰ ਰਹੇ ਨੇ। ਅਖੇ ਸੋਨੀਆ ਦੇ ਕਾਕੇ ਨੂੰ ਡਰਾਈਵਰ ਬਣਾ ਕੇ ਛੱਡੂੰ। ‘ਇੰਡੀਆ ਬਲਾਕ’ ਦੀ ਬੱਸ ’ਚ ਅਖਿਲੇਸ਼ ਯਾਦਵ ਬੈਠਾ, ‘ਸਾਈਕਲ’ ਛੱਤ ’ਤੇ ਰੱਖਿਆ। ਕਾਮਰੇਡ ਅਗਲੀ ਸੀਟ ’ਤੇ ਬੈਠੇ ਨੇ, ਕੋਲ ‘ਦਾਤੀ ਹਥੌੜੈ’। ਕੇਜਰੀਵਾਲ ਡਰਾਈਵਰ ਸੀਟ ਦੇ ਪਿੱਛੇ ਸਜੇ ਨੇ, ‘ਝਾੜੂ’ ਸੀਟ ਹੇਠਾਂ ਰੱਖਿਐ। ਲਾਲੂ ਯਾਦਵ ਵਿਚਾਲੇ ਬੈਠੈ, ਹੱਥ ਵਿਚ ‘ਲਾਲਟੈਨ’ ਐ। ਬੀਬੀ ਮਮਤਾ ਕਦੇ ਬੱਸ ’ਚ ਚੜ੍ਹ ਜਾਂਦੀ ਐ, ਕਦੇ ਉਤਰ ਜਾਂਦੀ ਹੈ। ਨਿਤੀਸ਼ ਕੁਮਾਰ ਝਕਾਨੀ ਦੇ ਕੇ ਟਿੱਭ ਗਿਆ। ਕਮਲ ਨਾਥ ਨੂੰ ਝੱਗਾ ਫੜ ਕੇ ਰੋਕਿਐ। ਰਾਜਾ ਵੜਿੰਗ ਨੇ ਵਿਸਲ ਮਾਰੀ, ਰਾਹੁਲ ਗਾਂਧੀ ਨੇ ਅੱਖ। ਪ੍ਰਿਅੰਕਾ ਗਾਂਧੀ ਨੇ ਹੱਥ ਜੋੜ ਖੜਗੇ ਨੂੰ ਠੀਕ ਉਵੇਂ ਅਰਜੋਈ ਕੀਤੀ ਜਿਵੇਂ ਕਿਸੇ ਗੀਤ ’ਚ ਕੋਈ ਬੀਬਾ ਆਖਦੀ ਏ, ‘ਬਾਬਾ ਵੇ ਕਲਾ ਮਰੋੜ’, ਅੱਗਿਓ ਬਾਬਾ ਆਖਦੈ, ‘ਨੀ ਨਿੱਕੀਏ ਲਾ’ਦੇ ਜ਼ੋਰ।’
ਸ਼ੇਖ਼ ਸ਼ਾਅਦੀ ਆਖਦੇ ਨੇ, ‘ਜੇ ਚਿੜੀਆਂ ਏਕਾ ਕਰ ਲੈਣ ਤਾਂ ਸ਼ੇਰ ਦੀ ਖੱਲ ਉਧੇੜ ਦਿੰਦੀਆਂ ਨੇ।’ ਓਧਰ ਦੇਖੋ, ਭਾਜਪਾਈ ਜੌਂਗਾ ਭਜਾਈ ਫਿਰਦੇ ਨੇ, ਜ਼ਰੂਰ ਬਾਦਲ ਆਲੇ ਮਨਪ੍ਰੀਤ ਨੇ ਗਿਫ਼ਟ ਕੀਤਾ ਹੋਊ। ਚਲਾ ਨਰੇਂਦਰ ਭਾਈ ਰਹੇ ਨੇ, ਨਾਲ ਅਮਿਤ ਸ਼ਾਹ ਬੈਠਾ। ਵਿਚਾਲੇ ਨਿਤੀਸ਼ ਕੁਮਾਰ, ਪਿੱਛੇ ਦੁਸ਼ਯੰਤ ਚੌਟਾਲਾ, ਚਿਰਾਗ਼ ਪਾਸਵਾਨ, ਅਸ਼ੋਕ ਚਵਾਨ, ਅਮਰਿੰਦਰ, ਮਨਪ੍ਰੀਤ, ਜਾਖੜ ਤੇ ਦੱਖਣ ਆਲੇ ਵੀ ਬੈਠੇ ਨੇ। ਜੌਂਗੇ ’ਚ ਗਾਣਾ ਵੱਜਿਆ, ‘ਮੇਰਾ ਜੂਤਾ ਹੈ ਜਾਪਾਨੀ, ਯੇਹ ਪਤਲੂਨ ਇੰਗਲਿਸ਼ਤਾਨੀ, ਸਰ ਪੇ ਲਾਲ ਟੋਪੀ ਰੂਸੀ, ਫਿਰ ਭੀ ਦਿਲ ਹੈ ਹਿੰਦੁਸਤਾਨੀ।’ ਗੱਠਜੋੜੀ ਜੌਂਗੇ ’ਚ ਸਭ ਰੰਗ-ਬਰੰਗੇ ਤੇ ਵੰਨ-ਸੁਵੰਨੇ ਤਸ਼ਰੀਫ਼ ਆਲਾ ਟੋਕਰਾ ਰੱਖੀ ਬੈਠੇ ਸਨ। ਰਾਜ ਕਪੂਰ ਦੇ ਗਾਣੇ ਵਾਂਗੂੰ, ਜੁੱਤਾ ਕਿਤੋਂ ਦਾ ਤੇ ਧੋਤੀ ਕਿਤੋਂ ਦੀ। ਨਿਤਿਨ ਗਡਕਰੀ ਭਾਈਵਾਲਾਂ ਨੂੰ ਅਕਲ ਦਾ ਪਰਸ਼ਾਦਾ ਵੰਡਣ ਲੱਗੇ, ਅਕਲਬੰਦੀਓ! ਆਹ ਰਾਜ ਕਪੂਰ ਤੋਂ ਸਿੱਖੋ, ਤੁਸੀਂ ਉੱਪਰੋਂ ਜੋ ਮਰਜ਼ੀ ਪਹਿਨੋ ਪਰ ਨਿੱਕਰ ਨਾਗਪੁਰੀ ਬਰਾਂਡ ਦੀ ਪਾਉਣੀ ਐ। ਅਰਥਾਤ ਤੁਸਾਂ ਦੇ ਦਿਲ ’ਚ ਭਾਜਪਸਤਾਨ ਧੜਕਣਾ ਚਾਹੀਦੈ।
ਜੌਂਗੇ ਦੇ ਅੱਗੇ ‘ਛੋਟਾ ਹਾਥੀ’ (ਟੈਂਪੂ) ਪੈਲਾਂ ਪਾਉਂਦਾ ਜਾ ਰਿਹਾ ਸੀ। ਚਲਾ ਭੈਣ ਮਾਇਆਵਤੀ ਰਹੀ ਹੈ, ਨਾਲ ਛੋਟਾ ਭਰਾ ਜਥੇਦਾਰ ਸੁਖਬੀਰ ਸਿੰਘ ਬਾਦਲ ਬੈਠਾ ਹੈ। ਪਿਛਾਂਹ ਦੇਖਿਆ ਤਾਂ ਭਾਜਪਾਈ ਜੌਂਗਾ ਦੇਖ ਜਥੇਦਾਰ ਬਾਦਲ ਦੇ ਚੇਤਿਆਂ ’ਚ ਪੁਰਾਣੇ ਦਿਨ ਗੂੰਜ ਉਠੇ, ‘ਜਾਨੇ ਕਹਾਂ ਗਏ ਵੋ ਦਿਨ, ਕਹਿਤੇ ਥੇ ਤੇਰੀ ਰਾਹੋਂ ਮੇਂ ਨਜ਼ਰੋਂ ਕੋਂ ਹਮ ਬਿਛਾਏਂਗੇ।’ ਜਥੇਦਾਰ ਜੀ ਸੋਚਣ ਲੱਗੇ ਕਿ ਬਈ! ਜੇ ਬੇਰ ਖਾਣੇ ਨੇ ਤਾਂ ਜੌਂਗਾ ਸਵਾਰ ਹੀ ਬਣਨਾ ਪਊ। ਭੈਣ ਮਾਇਆਵਤੀ ਨੇ ਗੱਡੀ ਰੋਕੀ ਤਾਂ ਜਥੇਦਾਰ ਜੀ ਅੱਖ ਬਚਾ ਕੇ ਛਾਲ ਮਾਰ ਗਏ ਅਤੇ ਜੌਂਗੇ ਨੂੰ ਹੱਥ ਦੇਣ ਲੱਗੇ। ਭਾਜਪਾਈ ਜੌਂਗੇ ਦੀਆਂ ਬਰੇਕਾਂ ਵੱਜੀਆਂ। ਹਾਲੇ ਜਥੇਦਾਰ ਸੁਖਬੀਰ ਜੌਂਗੇ ਨੂੰ ਹੱਥ ਪਾਉਣ ਹੀ ਲੱਗੇ ਸਨ, ਪਿੱਛਿਓਂ ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਜੈਕਾਰੇ ਛੱਡ ਦਿੱਤੇ। ਭਾਜਪਾਈ ਜੌਂਗਾ ਭਜਾ ਲੈ ਗਏ, ਮਾਇਆਵਤੀ ਨੇ ਦੂਰੋਂ ਬਾਏ-ਬਾਏ ਆਖ’ਤੀ।
ਜਥੇਦਾਰ ਬਾਦਲ ਟੇਸ਼ਨ ’ਤੇ ਖੜ੍ਹੇ ਰਹਿ ਗਏ, ਫਿਰ ਗਾਣਾ ਤਾਂ ਵੱਜਣਾ ਹੀ ਸੀ, ‘ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾਂ ’ਤੇ ਰੋਣ ਖੜ੍ਹੀਆਂ।’ ਚੰਦੂਮਾਜਰੇ ਨੇ ਢਾਰਸ ਦਿੱਤੀ, ਸੁਖਬੀਰ ਜੀ! ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਵੋਟਾਂ ਆਲੇ ਬੇਰ ਛਕਣੇ ਨੇ ਤਾਂ ਕਿਸਾਨਾਂ ਦੀ ਜੈ ਬੋਲੋ। ਅੰਗੀ ਸਾਥੀ ਜਿਹੜੇ ਭਾਜਪਾ ਦੇ ਜੌਂਗੇ ’ਚ ਬੈਠਣ ਨੂੰ ਕਾਹਲੇ ਸੀ, ਉਹ ਹੁਣ ਕਿਸਾਨਾਂ ਦੇ ਛੈਣੇ ਖੜਕਾ ਰਹੇ ਨੇ। ਆਮਿਰ ਖ਼ਾਨ ਵੀ ਸਮਝਾ ਰਿਹਾ ਹੈ, ‘ਦੰਗਲ ਲੜਨੇ ਸੇ ਪਹਿਲੇ ਡਰ ਸੇ ਲੜਨਾ ਪੜਤਾ ਹੈ।’
ਘਾਹੀਆਂ ਦੇ ਪੁੱਤ ਮੋਠੂ ਆਜੜੀ ਨੂੰ ਪੁੱਛਦੇ ਪਏ ਨੇ, ਏਹ ਜੌਗਿਆਂ ਵਾਲੇ, ਬੱਸਾਂ ਵਾਲੇ ਤੇ ਵੈਨਾਂ ਵਾਲੇ ਕਿਧਰ ਚੱਲੇ ਨੇ। ਬੱਕਰੀਆਂ ਆਲੇ ਨੇ ਪਾਰਲੀਮੈਂਟ ਦੀ ਨਵੀਂ ਬਣੀ ਇਮਾਰਤ ਵੱਲ ਢਾਂਗਾ ਕਰ ਕੇ ਆਖਿਆ, ਓਸ ’ਚ ਬੈਠਣ ਖ਼ਾਤਰ, ਬੇਰੀਆਂ ਆਲੇ ਖੇਤ ਮਤਲਬ ਵੋਟਾਂ ਆਲਾ ਬੇਰ ਖਾਣ ਚੱਲੇ ਨੇ। ਜਿਹੜੇ ਜੌਂਗੇ ਅਤੇ ਬੱਸਾਂ ’ਚ ਬੈਠੇ ਨੇ, ਇਹ ਗੱਠਜੋੜਾਂ ਦਾ ਢਾਂਗੈ। ਕੋਲ ਖੜ੍ਹੇ ਲੋਕ-ਰਾਜ ਨੇ ਸੁਆਲ ਕੀਤਾ, ਏਹ ਜਾਂਦੀ ਉਮਰੇ ਅਮਰਿੰਦਰ ਕਿਉਂ ਜੌਂਗਾ ਸਵਾਰ ਬਣਿਐ। ਜੁਆਬ ਨਾਨਾ ਪਾਟੇਕਰ ਤੋਂ ਸੁਣੋ, ‘ਬੜੀ ਅਜੀਬ ਚੀਜ਼ ਹੈ ਯੇ ਸਿਆਸਤਦਾਨ, ਖ਼ੁਦ ਸੇ ਚਲਾ ਨਹੀਂ ਜਾਤਾ, ਦੇਸ਼ ਕੋ ਚਲਾ ਰਹੇ ਹੈਂ।’ ਔਹ ਆਜੜੀ ਨੂੰ ਦੇਖ ਆਪਣਾ ਚੰਨੀ ਯਾਦ ਆਇਐ, ਪਹਿਲਾਂ ਦੱਸਦੇ ਤਾਂ ਚੰਨੀ ਸਾਹਿਬ ਤੋਂ ਬੱਕਰੀ ਦੇ ਥਣ ’ਚੋਂ ਸਿੱਧੀਆਂ ਦੁੱਧ ਦੀਆਂ ਧਾਰਾਂ ਜਮਹੂਰੀਅਤ ਦੇ ਮੂੰਹ ’ਤੇ ਮਰਵਾ ਦਿੰਦੇ, ਕੀ ਪਤੈ ਮੂੰਹ ਮੱਥਾ ਹੀ ਸੰਵਰ ਜਾਂਦਾ।
ਅਸਾਨੂੰ ਸੰਤੋਖ ਸਿੰਘ ਧੀਰ ਦੀ ਕਹਾਣੀ ‘ਕੋਈ ਇੱਕ ਸਵਾਰ’ ਦੇ ਪਾਤਰ ਬਾਰੂ ਤਾਂਗੇ ਵਾਲੇ ’ਚੋਂ ਜਮਹੂਰੀਅਤ ਸਿੰਘ ਦਾ ਝਉਲਾ ਪੈਂਦੈ ਜਿਹੜਾ ਹਾਕਾਂ ਮਾਰਦਾ ਰਹਿ ਜਾਂਦੈ ਤੇ ਪੱਤਣਾਂ ਦੇ ਤਾਰੂ, ਮੇਰੀ ਮੁਰਾਦ ਬੇਰਾਂ ਦੇ ਸ਼ੌਕੀਨਾਂ ਤੋਂ ਹੈ, ਜਿਹੜੇ ਆਨੀਆਂ ਬਾਨੀਆਂ ਦੀ ਵੋਲਵੋ ’ਚ ਬੈਠ ਪੱਤਰੇ ਵਾਚ ਜਾਂਦੇ ਨੇ। ਧੰਨ ਜਿਗਰਾ ਵੋਟਰ ਪਾਤਸ਼ਾਹ ਦਾ, ਜਿਹੜਾ ਫੇਰ ਵੀ ਹੇਕਾਂ ਲਾ ਰਿਹੈ, ‘ਮੈਂ ਹੂੰ ਮਰਦ ਤਾਂਗੇ ਵਾਲਾ, ਮੁਝੇ ਦੁਸ਼ਮਣ ਕਿਆ ਮਾਰੇਗਾ, ਮੇਰਾ ਦੋਸਤ ਉਪਰ ਵਾਲਾ।’
(24 ਫਰਵਰੀ 2024)
No comments:
Post a Comment