Saturday, February 3, 2024

                                                        ਡਿਫਾਲਟਰ ਕਿਸਾਨ 
                                  ਮਾਲ ਰਿਕਾਰਡ ’ਚ ‘ਗੋਲਮਾਲ’
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੇ ਕਰੀਬ 3780 ਡਿਫਾਲਟਰਾਂ ਦੇ ਮਾਲ ਰਿਕਾਰਡ ’ਚ ‘ਗੋਲਮਾਲ’ ਹੋ ਗਿਆ ਹੈ ਜਿਸ ਮਗਰੋਂ ਬਹੁਤੇ ਡਿਫਾਲਟਰਾਂ ਨੇ ਚੁੱਪ-ਚੁਪੀਤੇ ਆਪਣੀ ਜ਼ਮੀਨ ਵੇਚ ਦਿੱਤੀ ਹੈ। ਜਿਨ੍ਹਾਂ ਕਿਸਾਨਾਂ ਨੇ ਆਪਣੀ ਜ਼ਮੀਨ ਗਿਰਵੀ ਰੱਖ ਕੇ ਬੈਂਕ ਤੋਂ ਕਰਜ਼ੇ ਲਏ ਸਨ ਉਨ੍ਹਾਂ ਕਿਸਾਨਾਂ ਦੇ ਮਾਲ ਰਿਕਾਰਡ ’ਚੋਂ ‘ਰਪਟ’ (ਰੈੱਡ ਐਂਟਰੀ) ਭੇਤਭਰੇ ਢੰਗ ਨਾਲ ਗਾਇਬ ਹੋ ਗਈ ਹੈ। ਜਦੋਂ ਕੋਈ ਕਿਸਾਨ ਬੈਂਕ ਤੋਂ ਕਰਜ਼ਾ ਲੈਂਦਾ ਹੈ ਤਾਂ ਬੈਂਕ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਮਾਲ ਮਹਿਕਮੇ ਦੇ ਰਿਕਾਰਡ ਵਿੱਚ ‘ਰਪਟ’ ਪੈਂਦੀ ਹੈ ਤਾਂ ਜੋ ਕਰਜ਼ਦਾਰ ਜ਼ਮੀਨ ਨੂੰ ਕਿਧਰੇ ਵੇਚ ਨਾ ਸਕੇ। ਖੇਤੀ ਵਿਕਾਸ ਬੈਂਕਾਂ ਦੇ 561 ਅਜਿਹੇ ਡਿਫਾਲਟਰਾਂ ਦੀ ਪਛਾਣ ਹੋਈ ਹੈ, ਜਿਨ੍ਹਾਂ ਨੇ ਆਪਣੀ ਜ਼ਮੀਨ ਵੇਚ ਦਿੱਤੀ ਹੈ ਕਿਉਂਕਿ ਮਾਲ ਮਹਿਕਮੇ ਦੇ ਰਿਕਾਰਡ ’ਚੋਂ ‘ਰਪਟ’ ਗਾਇਬ ਹੋ ਗਈ ਹੈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸਹਿਕਾਰਤਾ ਵਿਭਾਗ ਵਿਚ ਵੱਡੀ ਹਲਚਲ ਮੱਚ ਗਈ ਹੈ। ਖੇਤੀ ਵਿਕਾਸ ਅਫਸਰਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ।

         ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ ਵਾਲੀ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਨੇ ਜਦੋਂ ਖੇਤੀ ਵਿਕਾਸ ਬੈਂਕਾਂ ਦੇ ਕੰਮਕਾਜ ਦਾ ਮੁਲਾਂਕਣ ਕੀਤਾ ਤਾਂ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਜਦੋਂ ਭੇਤ ਖੁੱਲ੍ਹਿਆ ਤਾਂ ਬੈਂਕ ਅਧਿਕਾਰੀਆਂ ਨੇ ਡਿਫਾਲਟਰ ਕਿਸਾਨਾਂ ਦੇ ਮਾਲ ਰਿਕਾਰਡ ਵਿਚ ਮੁੜ ‘ਰਪਟ’ ਪਵਾਉਣੀ ਸ਼ੁਰੂ ਕਰ ਦਿੱਤੀ ਹੈ। ਕਰੀਬ 1340 ਡਿਫਾਲਟਰ ਕਿਸਾਨਾਂ ਦੇ ਮਾਲ ਰਿਕਾਰਡ ਵਿਚ ਮੁੜ ‘ਰਪਟ’ ਪਾਈ ਗਈ ਹੈ। ਜਿਨ੍ਹਾਂ ਡਿਫਾਲਟਰਾਂ ਨੇ ‘ਰਪਟ’ ਗਾਇਬ ਹੋਣ ਮਗਰੋਂ ਆਪਣੀ ਜ਼ਮੀਨ ਵੇਚ ਦਿੱਤੀ ਹੈ, ਉਨ੍ਹਾਂ ਕਿਸਾਨਾਂ ਤੋਂ ਵਸੂਲੀ ਕਰਨੀ ਬੈਂਕ ਲਈ ਮੁਸੀਬਤ ਬਣ ਗਈ ਹੈ। ਸੂਤਰ ਦੱਸਦੇ ਹਨ ਕਿ ਖੇਤੀ ਵਿਕਾਸ ਬੈਂਕਾਂ ਦੇ ਅਧਿਕਾਰੀਆਂ, ਮਾਲ ਮਹਿਕਮੇ ਅਤੇ ਕਿਸਾਨ ਦੀ ਮਿਲੀਭੁਗਤ ਬਿਨਾਂ ਅਜਿਹਾ ਸੰਭਵ ਨਹੀਂ ਹੈ। ਅਧਿਕਾਰੀ ਆਖਦੇ ਹਨ ਕਿ ਜਦੋਂ ਮਾਲ ਮਹਿਕਮੇ ਦਾ ਰਿਕਾਰਡ ਚਾਰ ਵਰ੍ਹਿਆਂ ਮਗਰੋਂ ਅਪਡੇਟ ਹੁੰਦਾ ਹੈ ਤਾਂ ਉਸ ਸਮੇਂ ਇਹ ‘ਰਪਟਾਂ’ ਗਾਇਬ ਹੋਈਆਂ ਹਨ।

        ਕਰੋੜਾਂ ਰੁਪਏ ਦਾ ਰਗੜਾ ਫਿਲਹਾਲ ਖੇਤੀ ਵਿਕਾਸ ਬੈਂਕਾਂ ਨੂੰ ਲੱਗ ਗਿਆ ਹੈ। ਖੇਤੀ ਵਿਕਾਸ ਬੈਂਕਾਂ ਦੇ ਕਰੀਬ 60,757 ਅਜਿਹੇ ਕਰਜ਼ਦਾਰ ਕਿਸਾਨ ਹਨ ਜਿਨ੍ਹਾਂ ਨੂੰ ਲੰਘੇ ਚਾਰ ਵਰ੍ਹਿਆਂ ਤੋਂ ਬੈਂਕਾਂ ਨੇ ਕੋਈ ਕਰਜ਼ਾ ਨਹੀਂ ਦਿੱਤਾ। ਜ਼ਮੀਨ ਵੇਚਣ ਵਾਲੇ 561 ਕਿਸਾਨਾਂ ਸਿਰ ਕਰੀਬ 40 ਕਰੋੜ ਰੁਪਏ ਦਾ ਕਰਜ਼ ਸੀ। ਅਧਿਕਾਰਤ ਸੂਤਰ ਆਖਦੇ ਹਨ ਕਿ ਖੇਤੀ ਵਿਕਾਸ ਬੈਂਕਾਂ ਦੇ 5120 ਡਿਫਾਲਟਰਾਂ ਦੀ ਮਾਲ ਮਹਿਕਮੇ ’ਚੋਂ ਜ਼ਮੀਨ ਗਿਰਵੀ ਦੀ ਗਵਾਹੀ ਭਰਨ ਵਾਲੀ ‘ਰਪਟ’ ਗਾਇਬ ਹੋਈ ਹੈ। ਸਹਿਕਾਰੀ ਬੈਂਕਾਂ ਲਈ ਹੁਣ ਮੁਸ਼ਕਲ ਹੈ ਕਿ ਉਹ ਗਾਇਬ ਰਪਟਾਂ ਵਾਲੇ ਕਰਜ਼ਦਾਰਾਂ ਤੋਂ ਵਸੂਲੀ ਕਿਵੇਂ ਕਰਨਗੇ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਣ ਪੱਤਰ ਭੇਜੇ ਗਏ ਹਨ ਤਾਂ ਜੋ ਗਾਇਬ ਹੋਈਆਂ ‘ਰਪਟਾਂ’ ਦੀ ਮੁੜ ਮਾਲ ਰਿਕਾਰਡ ਵਿਚ ਐਂਟਰੀ ਪਾਈ ਜਾ ਸਕੇ।

                                  ਕਿਸਾਨਾਂ ਵੱਲ ਖੜ੍ਹਾ ਹੈ ਕਈ ਕਰੋੜ ਦਾ ਬਕਾਇਆ

ਖੇਤੀ ਵਿਕਾਸ ਬੈਂਕਾਂ ਦੇ ਢਾਈ ਏਕੜ ਤੱਕ ਦੀ ਜ਼ਮੀਨ ਵਾਲੇ 21,790 ਕਿਸਾਨਾਂ ਵੱਲ 856 ਕਰੋੋੜ ਦੇ ਬਕਾਏ ਖੜ੍ਹੇ ਹਨ ਜਦੋਂਕਿ ਢਾਈ ਏਕੜ ਤੋਂ ਪੰਜ ਏਕੜ ਵਾਲੇ 20,171 ਕਿਸਾਨਾਂ ਵੱਲ 969 ਕਰੋੜ ਦਾ ਬਕਾਇਆ ਖੜ੍ਹਾ ਹੈ। ਇਸੇ ਤਰ੍ਹਾਂ ਪੰਜ ਤੋਂ 10 ਏਕੜ ਵਾਲੇ 14,889 ਕਰਜ਼ਦਾਰਾਂ ਵੱਲ 920 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। 10 ਤੋਂ 15 ਏਕੜ ਵਾਲੇ 3032 ਕਿਸਾਨਾਂ ਵੱਲ 272 ਕਰੋੜ ਦਾ ਕਰਜ਼ਾ ਬਕਾਇਆ ਹੈ। ਇਸੇ ਤਰ੍ਹਾਂ 15 ਤੋਂ 20 ਏਕੜ ਦੀ ਮਾਲਕੀ ਵਾਲੇ 633 ਕਿਸਾਨਾਂ ਵੱਲ 61.87 ਕਰੋੜ ਦਾ ਕਰਜ਼ਾ ਹੈ ਜਦੋਂਕਿ 20 ਏਕੜ ਤੋਂ ਜ਼ਿਆਦਾ ਮਾਲਕੀ ਵਾਲੇ 242 ਕਿਸਾਨਾਂ ਵੱਲ 26.93 ਕਰੋੜ ਦਾ ਕਰਜ਼ਾ ਹੈ।

No comments:

Post a Comment