ਤੇਰੀ ਮਾਇਆ !
ਵਜ਼ੀਰਾਂ ਦੀਆਂ ਜਾਇਦਾਦਾਂ ਨੇ ਮਾਰੇ ਛੜੱਪੇ
ਚਰਨਜੀਤ ਭੁੱਲਰ
ਚੰਡੀਗੜ੍ਹ: ਦੇਸ਼ ’ਚ ਸਿਆਸਤ ਦਾ ਕਾਰੋਬਾਰ ਮੁਨਾਫੇ ਵਾਲਾ ਜਾਪਦਾ ਹੈ। ਕੈਬਨਿਟ ਵਜ਼ੀਰਾਂ ਦੀ ਜਾਇਦਾਦ ਦਾ ਲੇਖਾ ਜੋਖਾ ਕਰਦਿਆਂ ਕਈ ਨਵੇਂ ਤੱਥ ਉਭਰ ਕੇ ਸਾਹਮਣੇ ਆਏ ਹਨ। ਇਸ ਵੇਲੇ ਜਦੋਂ ਮੁਲਕ ਵਿੱਚ ਖੇਤੀ ਘਾਟੇ ਦਾ ਸੌਦਾ ਹੈ ਤੇ ਬਾਕੀ ਧੰਦੇ ਵੀ ਸੰਕਟ ਵਿੱਚ ਹਨ ਤਾਂ ਇਕਲੌਤਾ ਸਿਆਸਤ ਦਾ ਕਿੱਤਾ ਹੀ ਅਜਿਹਾ ਜਾਪ ਰਿਹਾ ਹੈ ਜਿਸ ’ਚ ਛੜੱਪੇ ਮਾਰ ਕੇ ਮੁਨਾਫਾ ਹੋ ਰਿਹਾ ਹੈ। ਲੋਕ ਸਭਾ ਵਿੱਚ ਕੁੱਲ 543 ਮੈਂਬਰ ਚੁਣੇ ਜਾਂਦੇ ਹਨ ਜਿਨ੍ਹਾਂ ’ਚੋਂ 136 ਮੈਂਬਰਾਂ ਨੇ ਆਪਣਾ ਕਿੱਤਾ ਖੇਤੀ ਦੱਸਿਆ ਹੈ। ਕੇਂਦਰੀ ਕੈਬਨਿਟ ਵਿੱਚ ਇਸ ਵੇਲੇ 65 ਮੰਤਰੀ ਮੌਜੂਦ ਹਨ ਜਿਨ੍ਹਾਂ ’ਚੋਂ 26 ਕੈਬਨਿਟ ਮੰਤਰੀ, 13 ਰਾਜ ਮੰਤਰੀ (ਆਜ਼ਾਦਾਨਾ) ਤੇ 26 ਹੋਰ ਰਾਜ ਮੰਤਰੀ ਹਨ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ’ਤੇ ਮੌਜੂਦ ਅੰਕੜਿਆਂ ਦੇ ਆਧਾਰ ’ਤੇ ਕੁੱਝ ਕੇਂਦਰੀ ਵਜ਼ੀਰਾਂ ਦੀ ਜਾਇਦਾਦ ਦਾ ਮੁਲਾਂਕਣ ਕੀਤਾ ਗਿਆ ਤਾਂ ਦਿਲਚਸਪ ਤੱਥ ਸਾਹਮਣੇ ਆਏ ਹਨ। ਭਾਜਪਾ ਕਾਰਜਕਾਲ ਦੇ ਇੱਕ ਦਹਾਕੇ ਦੌਰਾਨ ਇਨ੍ਹਾਂ ਵਜ਼ੀਰਾਂ ਦੀ ਜਾਇਦਾਦ ਵਿੱਚ ਵੱਡਾ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲ 2014 ਵਿੱਚ ਜਾਇਦਾਦ 1.26 ਕਰੋੜ ਰੁਪਏ ਦੀ ਸੀ ਜੋ ਹੁਣ 2.58 ਕਰੋੜ ਰੁਪਏ ਦੱਸੀ ਗਈ ਹੈ। ਪ੍ਰਧਾਨ ਮੰਤਰੀ ਨੇ 25 ਅਕਤੂਬਰ 2002 ਨੂੰ ਗਾਂਧੀਨਗਰ ਵਿਚ ਇੱਕ ਪਲਾਟ ਖਰੀਦਿਆ ਸੀ ਜਿਸ ਦੀ ਬਾਜ਼ਾਰ ਵਿੱਚ ਕੀਮਤ ਇੱਕ ਕਰੋੜ ਰੁਪਏ ਸੀ। ਹੁਣ ਇਹ ਪਲਾਟ ਵੇਚ ਕੇ ਪ੍ਰਾਪਤ ਰਾਸ਼ੀ ਬੈਂਕ ਵਿੱਚ ਐਫਡੀਆਰ ਵਜੋਂ ਰੱਖ ਦਿੱਤੀ ਗਈ ਹੈ।ਕੈਬਨਿਟ ਮੰਤਰੀ ਰਾਜਨਾਥ ਸਿੰਘ ਕਿਸਾਨ ਪੱਖੀ ਆਗੂ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਦੀ ਜਾਇਦਾਦ ਸਾਲ 2014 ਵਿੱਚ 2.96 ਕਰੋੜ ਸੀ ਜੋ ਹੁਣ ਤੱਕ ਵੱਧ ਕੇ 6.63 ਕਰੋੜ ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੇਂਦਰੀ ਕੈਂਬਨਿਟ ਵਿੱਚ ਖੇਤੀ ਮੰਤਰੀ ਰਹੇ ਨਰੇਂਦਰ ਤੋਮਰ ਦੀ ਜਾਇਦਾਦ ਦਸ ਸਾਲ ਵਿੱਚ 1.01 ਕਰੋੜ ਤੋਂ ਵੱਧ ਕੇ 2.27 ਕਰੋੜ ਰੁਪਏ ਹੋ ਗਈ ਹੈ। ਕੇਂਦਰੀ ਵਜ਼ੀਰ ਨਿਤਿਨ ਗਡਕਰੀ ਦੀ ਜਾਇਦਾਦ ਇਸ ਵੇਲੇ 20.57 ਕਰੋੜ ਦੀ ਹੈ, ਜੋ 10 ਸਾਲ ਪਹਿਲਾਂ 15.36 ਕਰੋੜ ਰੁਪਏ ਸੀ।
ਇਸੇ ਤਰ੍ਹਾਂ ਕੇਂਦਰੀ ਵਜ਼ੀਰ ਸਮ੍ਰਿਤੀ ਇਰਾਨੀ ਦੀ ਜਾਇਦਾਦ ਵਿੱਚ ਕਰੀਬ ਪੰਜ ਕਰੋੜ ਦਾ ਵਾਧਾ ਹੋਇਆ ਹੈ। ਇਸ ਵੇਲੇ ਇਰਾਨੀ ਕੋਲ 14.14 ਕਰੋੜ ਦੀ ਜਾਇਦਾਦ ਹੈ ਜੋ 2014 ਵਿੱਚ 9.32 ਕਰੋੜ ਰੁਪਏ ਸੀ। ਇਸੇ ਤਰ੍ਹਾਂ ਊਰਜਾ ਮੰਤਰੀ ਆਰਕੇ ਸਿੰਘ ਕੋਲ ਇਸ ਵੇਲੇ 11.32 ਕਰੋੜ ਦੀ ਜਾਇਦਾਦ ਹੈ ਜੋ ਪਹਿਲਾਂ 5.04 ਕਰੋੜ ਰੁਪਏ ਸੀ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਕੋਲ ਇਸ ਵੇਲੇ 27.88 ਕਰੋੜ ਦੀ ਜਾਇਦਾਦ ਹੈ ਜਦਕਿ ਸਾਲ 2014 ਵਿੱਚ ਉਨ੍ਹਾਂ ਕੋਲ 4.19 ਕਰੋੜ ਦੀ ਕੁਲ ਜਾਇਦਾਦ ਸੀ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਇਸ ਵੇਲੇ 9.49 ਕਰੋੋੜ ਦੀ ਜਾਇਦਾਦ ਦੇ ਮਾਲਕ ਹਨ ਜਦਕਿ 2014 ਵਿੱਚ ਇਹ 4.65 ਕਰੋੜ ਦੀ ਸੀ। ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਬੈਠੇ ਕਿਸਾਨਾਂ ਨਾਲ ਜੋ ਤਿੰਨ ਕੇਂਦਰੀ ਵਜ਼ੀਰ ਚਾਰ ਗੇੜ ਦੀ ਗੱਲਬਾਤ ਕਰ ਚੁੱਕੇ ਹਨ ਉਨ੍ਹਾਂ ਦੀ ਜਾਇਦਾਦ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਇਸ ਵੇਲੇ 100 ਕਰੋੜ ਦੀ ਜਾਇਦਾਦ ਦੇ ਮਾਲਕ ਹਨ।
ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਕੋਲ 2.54 ਕਰੋੜ ਦੀ ਜਾਇਦਾਦ ਹੈ, ਜੋ 2014 ਵਿੱਚ 74.74 ਲੱਖ ਦੀ ਸੀ। ਤੀਸਰੇ ਮੰਤਰੀ ਨਿੱਤਿਆ ਨੰਦ ਰਾਏ ਦੀ ਜਾਇਦਾਦ ਪਹਿਲਾਂ 14.67 ਕਰੋੜ ਸੀ, ਜੋ ਹੁਣ 17.37 ਕਰੋੜ ’ਤੇ ਪੁੱਜ ਗਈ ਹੈ। ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਕੋਲ ਕਰੀਬ 22 ਕਰੋੜ ਦੇ ਸਿਰਫ਼ ਗਹਿਣੇ ਹਨ। ਇਸ ਤੋਂ ਇਲਾਵਾ ਕੇਂਦਰੀ ਵਜ਼ੀਰ ਅਰਜੁਨ ਮੇਘਵਾਲ ਦੀ ਜਾਇਦਾਦ 1.81 ਕਰੋੜ ਤੋਂ ਵੱਧ ਕੇ 4.25 ਕਰੋੜ ਹੋ ਗਈ ਹੈ। ਲੋਕ ਅਧਿਕਾਰ ਲਹਿਰ ਦੇ ਆਗੂ ਰੁਪਿੰਦਰਜੀਤ ਸਿੰਘ ਆਖਦੇ ਹਨ ਕਿ ਕੇਂਦਰੀ ਵਜ਼ੀਰਾਂ ਦੀ ਜਾਇਦਾਦ ਦਾ ਗਰਾਫ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਕੇਂਦਰ ਸਰਕਾਰ ਨੇ ਵਜ਼ੀਰਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਮਿਥਿਆ ਹੋਵੇ। ਉਨ੍ਹਾਂ ਕਿਹਾ ਕਿ ਖੇਤੀ ਦਾ ਗਰਾਫ ਤਾਂ ਹੇਠਾਂ ਵੱਲ ਜਾ ਰਿਹਾ ਹੈ ਅਤੇ ਕਿਸਾਨੀ ਲਗਾਤਾਰ ਸੰਕਟ ਵਿੱਚ ਘਿਰਦੀ ਜਾ ਰਹੀ ਹੈ ਪਰ ਉਨ੍ਹਾਂ ਦੇ ਚੁਣੇ ਨੁਮਾਇੰਦਿਆਂ ਨੂੰ ਸਿਆਸਤ ਚੰਗੀ ਰਾਸ ਆ ਰਹੀ ਹੈ।
No comments:
Post a Comment