‘ ਬੱਲ੍ਹੋ ਮਾਡਲ ’
ਜ਼ਮੀਨੀ ਪਾਣੀ ਬਚਾਓ, ਨਗਦ ਇਨਾਮ ਪਾਓ !
ਚਰਨਜੀਤ ਭੁੱਲਰ
ਚੰਡੀਗੜ੍ਹ : ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲ੍ਹੋ ਨੇ ਹੁਣ ਜ਼ਮੀਨੀ ਪਾਣੀ ਬਚਾਉਣ ਲਈ ‘ਬੱਲ੍ਹੋ ਮਾਡਲ’ ਤਿਆਰ ਕੀਤਾ ਹੈ। ਭਲਕੇ ਪੰਜਾਬ ਵਿਚ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ ਅਤੇ ਜੂਨ ਦੇ ਆਖ਼ਰੀ ਹਫ਼ਤੇ ਮੌਨਸੂਨ ਆਉਣ ਦੀ ਸੰਭਾਵਨਾ ਹੈ। ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਨੇ ਐਲਾਨ ਕੀਤਾ ਹੈ ਕਿ ਪਿੰਡ ਬੱਲ੍ਹੋ ਦਾ ਜੋ ਵੀ ਕਿਸਾਨ 25 ਜੂਨ ਤੋਂ ਬਾਅਦ ਝੋਨੇ ਦੀ ਲੁਆਈ ਕਰੇਗਾ, ਉਸ ਨੂੰ ਸੰਸਥਾ ਵੱਲੋਂ ਪ੍ਰਤੀ ਏਕੜ 500 ਰੁਪਏ ਦਾ ਵਿੱਤੀ ਇਨਾਮ ਦਿੱਤਾ ਜਾਵੇਗਾ। ਪੰਜਾਬ ਵਿਚ ਕਰੀਬ 14.50 ਲੱਖ ਟਿਊਬਵੈੱਲ ਹਨ ਅਤੇ ਜ਼ਮੀਨੀ ਪਾਣੀ ਦਾ ਨਿਕਾਸ ਇਨ੍ਹਾਂ ਦਿਨਾਂ ਵਿਚ ਹੱਦੋਂ ਵੱਧ ਹੁੰਦਾ ਹੈ। ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਵੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਜਿਨ੍ਹਾਂ ਵੱਲੋਂ ਪਰਾਲੀ ਨੂੰ ਸਾੜਿਆ ਨਹੀਂ ਜਾਂਦਾ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਫਰਾਂਸ ਨੇ ਕਿਹਾ ਕਿ ਪੰਜਾਬ ਦੀ ਆਬੋ-ਹਵਾ ਵਿਚ ਪਹਿਲਾਂ ਹੀ ਵਿਗਾੜ ਪੈਦਾ ਹੋ ਗਏ ਹਨ ਅਤੇ ਜ਼ਮੀਨੀ ਪਾਣੀ ਬਚਾਉਣਾ ਹੁਣ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਉਨ੍ਹਾਂ ਨੇ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਨਗਦ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਪਿੰਡ ਬੱਲ੍ਹੋ ਵਿਚ ਕਰੀਬ 2800 ਏਕੜ ਰਕਬੇ ਵਿਚ ਝੋਨੇ ਦੀ ਲੁਆਈ ਹੁੰਦੀ ਹੈ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦਾ ਪਿੰਡ ਭੈਣੀਬਾਘਾ ਵੀ ਸਮੇਂ ਤੋਂ ਪਹਿਲਾਂ ਹੀ ਝੋਨਾ ਲਾਉਣ ਕਾਰਨ ਚਰਚਾ ਵਿਚ ਆਇਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਅਤੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਨੇ ਅੱਜ ਪਿੰਡ ਭੈਣੀਬਾਘਾ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਜ਼ਮੀਨੀ ਪਾਣੀ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ 20 ਦਿਨ ਪਛੜ ਕੇ ਝੋਨਾ ਲਾਉਣ ਤਾਂ ਕਿ ਜ਼ਮੀਨੀ ਪਾਣੀ ਬਚਾਇਆ ਜਾ ਸਕੇ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਹੈ ਕਿ ਜੇ ਝੋਨਾ 20 ਦਿਨ ਪਛੜ ਕੇ ਲਾਇਆ ਜਾਂਦਾ ਹੈ ਤਾਂ ਜ਼ਮੀਨੀ ਪਾਣੀ ਵੱਡੇ ਪੱਧਰ ’ਤੇ ਬਚ ਸਕਦਾ ਹੈ। ਲੱਖਾ ਸਿਧਾਣਾ ਨੇ ਨਹਿਰੀ ਬੰਦੀ ’ਤੇ ਸੁਆਲ ਉਠਾਏ ਹਨ ਕਿ ਪਾਣੀ ਦੀ ਲੋੜ ਸਮੇਂ ਨਹਿਰਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਾਲੂਆਣਾ ਦੇ ਕਿਸਾਨ ਦਿਲਬਾਗ ਸਿੰਘ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣਾ ਹੈ ਤਾਂ ਝੋਨੇ ਦੀ ਲੁਆਈ ਲੇਟ ਕਰਾਈ ਜਾਵੇ। ਉਨ੍ਹਾਂ ਨੇ ਖ਼ੁਦ ਪਿਛਲੇ ਵਰ੍ਹੇ ਜੁਲਾਈ ਦੇ ਪਹਿਲੇ ਹਫ਼ਤੇ ਝੋਨਾ ਲਾਇਆ ਸੀ ਜਿਸ ਦਾ ਚੰਗਾ ਝਾੜ ਨਿਕਲਿਆ ਸੀ। ਲੋਕ ਅਧਿਕਾਰ ਲਹਿਰ ਦੇ ਆਗੂ ਰੁਪਿੰਦਰਪਾਲ ਸਿੰਘ ਤਲਵੰਡੀ ਸਾਬੋ ਦਾ ਕਹਿਣਾ ਸੀ ਕਿ ਪੰਜਾਬ ਵਿਚ ਤਾਂ ਪਹਿਲਾਂ ਹੀ 17 ਬਿਲੀਅਨ ਕਿਊਬਿਕ ਮੀਟਰ ਦੀ ਥਾਂ ਸਾਲਾਨਾ 27 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਵਿਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਲੁਆਈ ਲਈ ਤੇਜ਼ੀ ਨਾ ਦਿਖਾਉਣ।
ਜਥੇਬੰਦੀ ਦੀਆਂ ਮੀਟਿੰਗਾਂ ’ਚ ਮਾਮਲਾ ਚੁੱਕਿਆ ਹੈ: ਕਾਦੀਆਂ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਹਰਮੀਤ ਸਿੰਘ ਕਾਦੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਜਥੇਬੰਦੀ ਦੀਆਂ ਮੀਟਿੰਗਾਂ ਵਿਚ ਜ਼ਮੀਨੀ ਪਾਣੀ ਬਚਾਉਣ ਦਾ ਮਾਮਲਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਅਤੇ ਸੇਮ ਵਾਲੇ ਕਿਸਾਨਾਂ ਦੀ ਅਗੇਤਾ ਝੋਨਾ ਲਾਉਣ ਦੀ ਮੰਗ ਜਾਇਜ਼ ਹੈ ਪ੍ਰੰਤੂ ਬਾਕੀ ਜ਼ਿਲ੍ਹਿਆਂ ਵਿਚ ਕਿਸਾਨਾਂ ਨੂੰ 15 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਹੁਣ ਤਾਂ ਪੂਰਾ ਝਾੜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ ਆ ਗਈਆਂ ਹਨ।
No comments:
Post a Comment