ਸਿਆਸੀ ਮਧਾਣੀ
ਉੱਜੜੇ ਬਾਗਾਂ ਨੂੰ ਪਾਣੀ ਹੀ ਪਾਣੀ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਨਹਿਰੀ ਪਾਣੀ ਦੀ ਬੂੰਦ-ਬੂੰਦ ਲਈ ਸਿਆਸੀ ਜੰਗ ਲੜ ਰਿਹਾ ਹੈ ਪਰ ਇਸੇ ਦੌਰਾਨ ਪੰਜਾਬ ਦੇ ਉੱਜੜੇ ਹੋਏ ਬਾਗਾਂ ਲਈ ਪਾਣੀ ਹੀ ਪਾਣੀ ਹੈ। ਪੰਜਾਬ ਦੇ ਜਿਸ ਰਕਬੇ ਵਿੱਚ ਕਦੇ ਬਾਗ ਲੱਗੇ ਹੁੰਦੇ ਸਨ, ਉੱਥੇ ਹੁਣ ਝੋਨਾ ਮਹਿਕਾਂ ਛੱਡ ਰਿਹਾ ਹੈ ਪ੍ਰੰਤੂ ਜਲ ਸਰੋਤ ਵਿਭਾਗ ਦੇ ਰਿਕਾਰਡ ਵਿੱਚ ਅੱਜ ਵੀ ਇਸ ਰਕਬੇ ’ਚ ਬਾਗ ਲੱਗੇ ਹੋਏ ਹਨ। ਬਾਗਬਾਨਾਂ ਨੂੰ ਆਮ ਕਿਸਾਨਾਂ ਨਾਲੋਂ 2.8 ਗੁਣਾ ਜ਼ਿਆਦਾ ਨਹਿਰੀ ਪਾਣੀ ਦਿੱਤਾ ਜਾਂਦਾ ਹੈ। ਕਿਸਾਨਾਂ ਨੇ ਬਾਗ ਤਾਂ ਉਜਾੜ ਦਿੱਤੇ ਹਨ ਪ੍ਰੰਤੂ ਵੱਧ ਨਹਿਰੀ ਪਾਣੀ ਲੈਣਾ ਨਹੀਂ ਛੱਡਿਆ। ਜਦੋਂ ਅੰਗਰੇਜ਼ ਹਕੂਮਤ ਸੀ ਤਾਂ ਉਦੋਂ 23 ਦਸੰਬਰ 1943 ਨੂੰ ਬਾਗਾਂ ਵਾਸਤੇ ਜ਼ਿਆਦਾ ਨਹਿਰੀ ਪਾਣੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਬਾਗਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਆਮ ਕਿਸਾਨਾਂ ਨਾਲੋਂ ਬਾਗਬਾਨਾਂ ਨੂੰ 2.8 ਗੁਣਾ ਜ਼ਿਆਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਕੀਤੀ ਗਈ ਸੀ।
ਪੰਜਾਬ ਸਰਕਾਰ ਨੇ 17 ਅਗਸਤ 1970 ਨੂੰ ਨਵੇਂ ਬਾਗਾਂ ਨੂੰ ਵਾਧੂ ਨਹਿਰੀ ਪਾਣੀ ਦੇਣ ਦੀ ਰੀਤ ਨੂੰ ਬੰਦ ਕਰ ਦਿੱਤਾ ਪਰ ਪੁਰਾਣੇ ਬਾਗਾਂ ਨੂੰ ਜ਼ਿਆਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਜਾਰੀ ਰੱਖਣ ਦਾ ਫ਼ੈਸਲਾ ਲਿਆ। ਜਲ ਸਰੋਤ ਵਿਭਾਗ ਦੇ ਰਿਕਾਰਡ ਅਨੁਸਾਰ ਸੂਬੇ ਵਿੱਚ 2544 ਬਾਗ ਅਜਿਹੇ ਹਨ ਜਿਨ੍ਹਾਂ ਨੂੰ ਆਮ ਕਿਸਾਨੀ ਨਾਲੋਂ 2.8 ਗੁਣਾ ਜ਼ਿਆਦਾ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਨਹਿਰੀ ਵਿਭਾਗ ਅਤੇ ਬਾਗਬਾਨੀ ਵਿਭਾਗ ਨੇ ਜਦੋਂ ਇਨ੍ਹਾਂ ਬਾਗਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ ਸਾਹਮਣੇ ਆਇਆ ਕਿ ਬਹੁਤੇ ਬਾਗਾਂ ਵਾਲੇ ਰਕਬੇ ਵਿੱਚ ਹੁਣ ਝੋਨਾ ਲਹਿਰਾ ਰਿਹਾ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ਵਿੱਚ 1261 ਅਜਿਹੇ ਪੁਰਾਣੇ ਬਾਗਾਂ ਦੀ ਸ਼ਨਾਖ਼ਤ ਹੋਈ ਹੈ ਜਿਹੜੇ ਕਿ ਹੁਣ ਨਸ਼ਟ ਹੋ ਚੁੱਕੇ ਹਨ ਪ੍ਰੰਤੂ ਇਨ੍ਹਾਂ ਬਾਗਾਂ ਵਾਲੇ ਰਕਬੇ ਨੂੰ ਅੱਜ ਵੀ ਵਾਧੂ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ।
ਨਹਿਰੀ ਵਿਭਾਗ ਦੀ ਸਖ਼ਤੀ ਮਗਰੋਂ 31 ਬਾਗਾਂ ਨੂੰ ਮਿਲਦਾ ਵਾਧੂ ਨਹਿਰੀ ਪਾਣੀ ਹੁਣ ਕੱਟ ਦਿੱਤਾ ਗਿਆ ਹੈ। 17 ਕੇਸਾਂ ਵਿੱਚ ਬਾਗਬਾਨਾਂ ਨੇ ਮੁੜ ਬਾਗ ਲਗਾ ਲਏ ਹਨ। ਜਲ ਸਰੋਤ ਵਿਭਾਗ ਨੇ ਕੈਨਾਲ ਐਕਟ ਤਹਿਤ ਅਜਿਹੇ ਬਾਗਬਾਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਸਨ। ਆਮ ਕਿਸਾਨੀ ਦੀਆਂ ਅੱਖਾਂ ਵਿੱਚ ਅਜਿਹੇ ਬਾਗਬਾਨ ਰੜਕ ਰਹੇ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਬਾਗਬਾਨਾਂ ਨੂੰ ਮੌਕਾ ਦਿੰਦਿਆਂ ਕਿਹਾ ਹੈ ਕਿ ਜੇ ਉਹ ਪੁਰਾਣੇ ਬਾਗਾਂ ਵਾਲੇ ਰਕਬੇ ਵਿੱਚ ਪੂਰਨ ਤੌਰ ’ਤੇ ਬਾਗ ਨਹੀਂ ਲਾਉਂਦੇ ਤਾਂ ਉਨ੍ਹਾਂ ਦਾ ਵਾਧੂ ਨਹਿਰੀ ਪਾਣੀ ਕੱਟ ਦਿੱਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਇਨ੍ਹਾਂ ਪੁਰਾਣੇ ਬਾਗਾਂ ਦੇ ਬਹੁਤੇ ਮਾਲਕ ਵੱਡੇ ਨੇਤਾ ਹਨ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਅਬੋਹਰ, ਫ਼ਾਜ਼ਿਲਕਾ ਤੇ ਮੁਕਤਸਰ ਇਲਾਕੇ ਦੇ ਆਗੂਆਂ ਦੀ ਹੈ।
ਪਿੰਡ ਬਾਦਲ ਵੀ ਇਸ ਵੈਰੀਫਿਕੇਸ਼ਨ ਦੌਰਾਨ ਨਿਸ਼ਾਨੇ ’ਤੇ ਰਿਹਾ ਹੈ। ਮੌੜ ਖਿੱਤੇ ਦੇ ਕਈ ਪਿੰਡਾਂ ਵਿੱਚ ਅੰਗੂਰਾਂ ਦੀ ਕਾਸ਼ਤ ਹੁੰਦੀ ਰਹੀ ਹੈ। ਕਈ ਪਿੰਡਾਂ ਵਿੱਚ ਵੱਡਾ ਰਕਬਾ ਅੰਗੂਰਾਂ ਦੇ ਬਾਗਾਂ ਹੇਠ ਰਿਹਾ ਹੈ। ਹੁਣ ਇਹ ਅੰਗੂਰਾਂ ਦੇ ਬਾਗ ਤਾਂ ਪੁੱਟ ਦਿੱਤੇ ਗਏ ਹਨ ਪਰ ਬਹੁਤੇ ਰਕਬੇ ਵਿੱਚ ਹੋਰਨਾਂ ਫ਼ਸਲਾਂ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਨਹਿਰੀ ਵਿਭਾਗ ਵੱਲੋਂ ਹੁਣ ਦੂਜੇ ਗੇੜ ਦੀ ਵੈਰੀਫਿਕੇਸ਼ਨ ਸ਼ੁਰੂ ਕੀਤੀ ਜਾਣੀ ਹੈ। ਬਾਗਾਂ ਦੇ ਜਿਹੜੇ ਪੁਰਾਣੇ ਰਕਬੇ ਵਿੱਚ ਪੂਰਨ ਤੌਰ ’ਤੇ ਬਾਗ ਨਹੀਂ ਹੋਣਗੇ, ਉਨ੍ਹਾਂ ਦਾ ਵਾਧੂ ਨਹਿਰੀ ਪਾਣੀ ਕੱਟਿਆ ਜਾ ਸਕਦਾ ਹੈ। ਮਹਿਕਮੇ ਦੇ ਅਧਿਕਾਰੀ ਆਖਦੇ ਹਨ ਕਿ ਇਨ੍ਹਾਂ ਪੁਰਾਣੇ ਬਾਗਾਂ ਵਾਲੇ ਨਸ਼ਟ ਹੋਏ ਰਕਬੇ ਦਾ ਵਾਧੂ ਪਾਣੀ ਗੁਆਂਢੀ ਖੇਤਾਂ ਦੇ ਕਿਸਾਨ ਆਪਣੇ ਹਿੱਸੇ ਮੁਤਾਬਕ ਮੰਗ ਰਹੇ ਹਨ। ਇਹ ਕਿਸਾਨ ਆਖਦੇ ਹਨ ਕਿ ਫ਼ਰਜ਼ੀ ਬਾਗਾਂ ਨੂੰ ਵਾਧੂ ਨਹਿਰੀ ਪਾਣੀ ਦੇ ਕੇ ਉਨ੍ਹਾਂ ਦਾ ਹੱਕ ਮਾਰਿਆ ਜਾ ਰਿਹਾ ਹੈ।
No comments:
Post a Comment