ਨਵੇਂ ਨਕੋਰ ਸਿਕੰਦਰ !
ਚਰਨਜੀਤ ਭੁੱਲਰ
ਚੰਡੀਗੜ੍ਹ : ਸਿਕੰਦਰ ਮਹਾਨ ਹੋ ਸਕਦਾ ਹੈ ਤਾਂ ਰਵਨੀਤ ਬਿੱਟੂ ਕਿਉਂ ਨਹੀਂ। ਪ੍ਰਭੂ ਦੀ ਲੀਲ੍ਹਾ ਬੇਅੰਤ ਹੈ, ਮਰਹੂਮ ਬੇਅੰਤ ਸਿੰਘ ਦਾ ਪੋਤਰਾ ਬਿੱਟੂ ਸਿੰਘ ‘ਮੁਕੱਦਰ ਦਾ ਸਿਕੰਦਰ’ ਨਿਕਲਿਆ। ਔਹ ਦੇਖੋ, ਰਾਜਾ ਵੜਿੰਗਪੁਰੀਆ ਕਿਵੇਂ ਨਾਅਰਾ ਮਾਰਦਾ ਪਿਐ ‘ਜੋ ਜੀਤਾ ਵੋਹੀ ਸਿਕੰਦਰ।’ ਛੋਟੇ ਰਾਜੇ ਨੂੰ ਇਲਮ ਨਹੀਂਓ ਕਿ ਬਈ! ਅਮਿਤ ਸ਼ਾਹਪੁਰੀਏ ਦੀ ਛੋਹ ਨੇ ਬਿੱਟੂ ਨੂੰ ਅਜਿੱਤ ਬਣਾਇਐ। ਜੇ ਫਿਰ ਵੀ ਪੱਲੇ ਨਹੀਂ ਪੈ ਰਿਹਾ ਤਾਂ ਸ਼ਾਹਰੁਖ਼ ਖ਼ਾਨ ਨੂੰ ਧਿਆ ਲੈਣ, ‘ਕਭੀ ਕਭੀ ਜੀਤਨੇ ਕੇ ਲੀਏ, ਕੁਛ ਹਾਰਨਾ ਵੀ ਪੜਤਾ ਹੈ, ਹਾਰ ਕਰ ਜੀਤਨੇ ਵਾਲੇ ਕੋ ਬਾਜ਼ੀਗਰ ਕਹਿਤੇ ਹੈਂ।’ ਭਲਿਓ, ਹੁਣ ਦੱਸੋ ਖਾ, ਆਪਣੇ ਬਿੱਟੂ ਸਿੰਘ ਨੂੰ ਕੀ ਕਹੀਏ!
ਬਿੱਟੂ ਸਿੰਘ ਦੀ ਇੱਕ ਤਾਂ ਸਿਫ਼ਤ ਹੈ ਕਿ ਉਸ ਨੇ ਸਦੀਆਂ ਤੋਂ ਪ੍ਰਚਲਿਤ ਲੋਕ ਕਥਨ ‘ਜੋ ਜੀਤਾ ਵਹੀ ਸਿਕੰਦਰ’ ਨੂੰ ਵੀ ਖ਼ਾਲੀ ਹੱਥੀਂ ਤੋਰ ਦਿੱਤਾ ਹੈ। ਭਾਜਪਾ ਵੱਡਾ ਸਮੁੰਦਰ ਹੈ, ਸੰਧੂ ਸਮੁੰਦਰੀ ਜਾਲ ਵਿਛਾਉਂਦਾ ਰਹਿ ਗਿਆ, ਵੇਲ੍ਹ ਮੱਛੀ ਬਿੱਟੂ ਦੇ ਜਾਲ ’ਚ ਫਸ ਗਈ। ਹਿਮਾਚਲ ਪ੍ਰਦੇਸ਼ ਵਾਲੇ ਅਨੁਰਾਗ ਠਾਕੁਰ ਨੂੰ ਹੁਣ ਕੋਈ ਕਿਨਾਰਾ ਨਹੀਂ ਝੱਲ ਰਿਹਾ। ਬਿੱਟੂ ਸਿੰਘ ਪੰਜਾਬ ’ਚ ਭਾਜਪਾ ਦਾ ਨਵਾਂ ਐਡੀਸ਼ਨ ਹੈ। ਜ਼ਰੂਰ ਨਿਆਣੀ ਉਮਰੇ ਬਿੱਟੂ ਨੇ ਪੌਸ਼ਟਿਕ ਭੋਜਨ ਛਕਿਆ ਹੋਊ। ਰਾਹੁਲ ਦਾ ਸਿਪਾਹੀ ਐਵੇਂ ਥੋੜ੍ਹਾ ਅਮਿਤ ਸ਼ਾਹ ਦਾ ਜਰਨੈਲ ਬਣਿਐ।
ਜਿਉਂ ਹੀ ਪਤਾ ਲੱਗਿਆ ਕਿ ਰਾਹੁਲ ਗਾਂਧੀ ਦੇ ਕਾਂਗਰਸੀ ਤਿੱਲਾਂ ਵਿਚ ਹੁਣ ਤੇਲ ਨਹੀਂ, ਬਿੱਟੂ ਸਿੰਘ ਭੱਜਾ ਭੱਜਾ ਭਾਜਪਾ ਦੇ ਕੋਹਲੂ ’ਤੇ ਗਿਆ, ਇੱਧਰੋਂ ਤਿੱਲ ਪਾਏ, ਉਧਰੋਂ ਵਜ਼ੀਰੀ ਮਾਅਰਕਾ ਭਾਜਪਾਈ ਤੇਲ ਦਾ ਪੀਪਾ ਉਛਲ ਗਿਆ। ਰਾਜਾ ਵੜਿੰਗ ਤੇਲ ਦੀ ਧਾਰ ਵਹਿੰਦਾ ਰਹਿ ਗਿਆ। ਬਿੱਟੂ ਤੇ ਸ਼ਾਹ ਮਸਤੀ ’ਚ ਝੂਮ ਰਹੇ ਸਨ, ‘ਇਮਲੀ ਕਾ ਬੂਟਾ, ਬੇਰੀ ਕਾ ਪੇੜ, ਇਮਲੀ ਖੱਟੀ, ਮੀਠੇ ਬੇਰ, ਇਸ ਜੰਗਲ ਮੇਂ ਹਮ ਦੋ ਸ਼ੇਰ…।’ ਸ਼ਾਹ ਮੁਹੰਮਦ ਅੱਜ ਹੁੰਦਾ ਤਾਂ ਨਵਾਂ ਜੰਗਨਾਮਾ ਲਿਖਣਾ ਪੈਂਦਾ,‘ ਸ਼ਾਹ ਮੁਹੰਮਦਾ ਇੱਕ ਇਖ਼ਲਾਕ ਬਾਝੋਂ, ਫ਼ੌਜਾਂ ਹਾਰ ਕੇ ਅੰਤ ਨੂੰ ਜਿੱਤੀਆਂ ਨੇ।’ ਸੋ ਮਾਈ ਭਾਈ ਆਪ ਤੋਂ ਜਾਣੀ ਜਾਣ ਹੋ ਕਿ ਕਿੱਦਾਂ ਅਸਾਡਾ ਬਿੱਟੂ ਹਾਰਦਾ ਹਾਰਦਾ ਜਿੱਤ ਗਿਆ। ‘ਹੋਵੇ ਮਨਜ਼ੂਰ ਇਨ੍ਹਾਂ ਭਗਤਾਂ ਦੀ ਸੇਵਾ।’
ਪ੍ਰਤਾਪ ਸਿੰਘ ਕੈਰੋਂ ਆਖਦੇ ਹੁੰਦੇ ਸਨ ਕਿ ਜੱਟ ਤਾਂ ਸੁਹਾਗੇ ’ਤੇ ਚੜ੍ਹਿਆ ਨੀਂ ਮਾਣ ਹੁੰਦਾ…। ਕਹਿਣ ਵਾਲੇ ਤਾਂ ਇਹ ਵੀ ਆਖਦੇ ਨੇ ਕਿ ‘ਅਨਪੜ੍ਹ ਜੱਟ ਪੜ੍ਹਿਆ ਬਰਾਬਰ, ਪੜ੍ਹਿਆ ਲਿਖਿਆ ਭਗਵਾਨ ਬਰਾਬਰ।’ ਸਭ ਆਸਵੰਦ ਹਨ ਕਿ ਕਾਕਾ ਬਿੱਟੂ ਹੁਣ ਭਾਜਪਾਈ ਸੁਹਾਗੇ ’ਤੇ ਚੜ੍ਹ ਕੇ ਪੰਜਾਬ ਸਿੰਘ ਦੇ ਦੁੱਖਾਂ ਨੂੰ ਐਨ ਪੱਧਰਾ ਕਰ ਦੇਵੇਗਾ। ਭਾਵੇਂ ਵੱਟ ’ਤੇ ਖੜ੍ਹਾ ਰਾਹੁਲ ਗਾਂਧੀ ਕੁਲਦੀਪ ਮਾਣਕ ਵਾਂਗੂੰ ਲੱਖ ਹੇਕਾਂ ਲਾਈ ਜਾਵੇ, ‘ਧੋਖਾ ਦੇ ਗਈ ਜੱਟੀਏ, ਤੂੰ ਕੌਲਾਂ ਤੋਂ ਹਾਰੀ।’ ਬਿੱਟੂ ਸਿੰਘ ਕੌਤਕੀ ਵੀ ਹੈ, ਜੁਗਤੀ ਵੀ ਹੈ। ਉੱਪਰੋਂ ਸੰਜੋਗ ਜ਼ੋਰਾਵਰ ਨਿਕਲੇ, ਜਿਹੜੇ ਬਿੱਟੂ ਨੂੰ ਮੋਢਿਆਂ ’ਤੇ ਚੁੱਕ ਭਾਜਪਾ ਦੇ ਘਰ ਲੈ ਗਏ।
ਘਰ ਤੋਂ ਚੇਤੇ ਆਇਆ। ਭਗਵੰਤ ਮਾਨ ਨੇ ਚੋਣਾਂ ਵੇਲੇ ਬਿੱਟੂ ਨੂੰ ਬੇਘਰ ਕਰ ਦਿੱਤਾ ਸੀ। ਜਿਊਂਦਾ ਰਹੇ ਅਮਿਤ ਸ਼ਾਹ, ਜੀਹਨੇ ਗੱਜ ਵੱਜ ਕੇ ਚੋਣਾਂ ’ਚ ਕਿਹਾ ਕਿ ‘ਬਿੱਟੂ ਹਮਾਰਾ ਪੁਰਾਨਾ ਦੋਸਤ ਹੈ, ਆਪ ਜਿਤਾ ਦੋ, ਇਸ ਕੋ ਬੜਾ ਆਦਮੀ ਬਣਾਏਂਗੇ।’ ਸੱਤਾ ਤੇ ਸੁਪਨਾ ਇੱਕੋ ਸਕੀਰੀ ’ਚੋਂ ਨੇ। ‘ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ’, ਅਮਿਤ ਸ਼ਾਹ ਨੇ ਬੋਲ ਪੁਗਾ ਦਿੱਤੇ। ਵੱਡਾ ਘਰ ਵੀ ਮਿਲ ਗਿਆ। 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੰਜਾਬ ’ਚ ਇਹ ਨਵਾਂ ਪ੍ਰਯੋਗ ਹੈ। ਜੇ ਕਾਬਲੀਅਤ ਕੁਤਬ ਮੀਨਾਰ ਹੈ ਤਾਂ ਦੋਸਤੀ ਐਵਰੈਸਟ ਹੈ। ਅਗਲਿਆਂ ਨੇ ਬਿੱਟੂ ਨੂੰ ਚੋਟੀ ’ਤੇ ਚੜ੍ਹਾ’ਤਾ। ਇੰਜ ਲੱਗਦੈ ਕਿ ਅਮਿਤ ਸ਼ਾਹ ਤੇ ਬਿੱਟੂ ਹੁਣ ਜ਼ਰੂਰ ਇੱਕ ਦੂਜੇ ਨੂੰ ਵਚਨ ਦਿੰਦੇ ਪਏ ਹੋਣਗੇ, ਇਸ ਗੀਤ ਵਾਂਗੂ, ‘ਯੇ ਦੋਸਤੀ ਹਮ ਨਹੀਂ ਛੋੜੇਂਗੇ…।’
ਸ਼ਾਹ ਹੁਸੈਨ ਫ਼ਰਮਾਉਂਦੇ ਪਏ ਨੇ, ‘ਸੱਜਣ ਦੇ ਗਲ ਬਾਂਹ ਅਸਾਡੀ, ਕਿਉਂ ਕਰ ਆਖਾਂ ਛੱਡ ਵੇ ਅੜਿਆ।’ ਸਿਆਣੇ ਤਾਂ ਇਹ ਵੀ ਆਖਦੇ ਨੇ ਕਿ ਪਾਣੀ ਵਗਦੇ ਚੰਗੇ, ਦੀਵੇ ਜਗਦੇ ਚੰਗੇ। ਕਿੰਨੇ ਕਾਂਗਰਸੀ ਆਪਣੇ ਦੀਵੇ ਹੁਣ ਭਾਜਪਾ ਦੇ ਬਨ੍ਹੇਰੇ ’ਤੇ ਜਗਾਈ ਬੈਠੇ ਨੇ। ਫ਼ਰਕ ਏਨਾ ਕੁ ਐ ਕਿ ਅਮਿਤ ਸ਼ਾਹ ਨੇ ਤੇਲਾ ਪਾ’ਤਾ, ਬਿੱਟੂ ਆਲਾ ਦੀਵਾ ਮਸ਼ਾਲ ਬਣ ਗਿਆ। ਮੂਰਖਦਾਸੋ! ਇਹ ਤਾਂ ਕਲਾ ਵਰਤੀ ਐ ਜਿਹੜਾ ਬਿੱਟੂ ਦੇ ਸਿਰ ’ਤੇ ਤਾਜ ਸਜਿਐ। ਜਿਵੇਂ ਨਸਵਾਰ ਦੀ ਚੂੰਡੀ ਦਿਮਾਗ਼ ਖੋਲ੍ਹ ਦਿੰਦੀ ਹੈ, ਉਵੇਂ ਹੁਣ ਪੰਜਾਬ ਦੇ ਭਾਗ ਖੁੱਲ੍ਹਣਗੇ।
ਕਿਸਾਨ ਆਖਦੇ ਨੇ ਕਿ ਭਾਜਪਾ ਨੇ ਪੰਜਾਬ ਦੇ ਰਾਹਾਂ ’ਚ ਕੰਢੇ ਬੀਜੇ ਨੇ। ਬਿੱਟੂ ਨੇ ਤਾਂ ਭਾਜਪਾ ਦੀ ਮੇਨ ਨਰਸਰੀ ਵੀ ਗਾਹ ਮਾਰੀ, ਕਿਤੋਂ ਕੋਈ ਕਿੱਲ ਨਹੀਂ ਲੱਭੇ। ਬਿੱਟੂ ਨੇ ਕੇਂਦਰੀ ਸੱਤਾ ਦੇ ਕੋਲਡ ਸਟੋਰ ’ਚ ਪਈਆਂ ਪੰਜਾਬ ਦੀਆਂ ਮੰਗਾਂ ਜ਼ਰੂਰ ਬਾਹਰ ਕੱਢੀਆਂ ਨੇ। ਦੇਖਦੇ ਜਾਇਓ, ਇਹ ਪੰਜਾਬ ਦਾ ਪੁੱਤ ਕਿਵੇਂ ਬੰਦੀ ਸਿੰਘਾਂ ਅਤੇ ਅੰਮ੍ਰਿਤਪਾਲ ਨੂੰ ਰਿਹਾਅ ਕਰਾਉਂਦਾ। ਆਹ ਥੋਡੀ ਐੱਮਐੱਸਪੀ ਵਾਲੀ ਕਾਨੂੰਨੀ ਗਾਰੰਟੀ ਤਾਂ ਕਾਕਾ ਜੀ ਦੇ ਖੱਬੇ ਹੱਥ ਦੀ ਖੇਡ ਹੈ। ਤਾਹੀਂ ਤਾਂ ਬਿੱਟੂ ਸਿਓਂ ਨੇ ਕਿਹਾ ਕਿ ਹੁਣ ਅੱਗੇ ਵਧਣ ਦਾ ਵੇਲਾ ਹੈ। ਅਸਲ ‘ਬਦਲਾਅ’ ਤਾਂ ਹੁਣ ਪੋਤਰਾ ਲੈ ਕੇ ਆਵੇਗਾ।
ਬਿੱਟੂ ਦਾ ਸਿਆਸੀ ਕੱਦ ਛੋਟਾ ਸੀ, ਅਮਿਤ ਸ਼ਾਹ ਨੇ ਖਿੱਚ ਕੇ ਵੱਡਾ ਕਰ’ਤਾ। ਪੰਜਾਬ ਦੇ ਟਕਸਾਲੀ ਭਾਜਪਾ ਆਲੇ ਆਖਦੇ ਨੇ, ‘ਚੋਰ ਦੀ ਮਾਂ ਕੋਠੀ ’ਚ ਮੂੰਹ’। ਟਕਸਾਲੀ ਮੂੰਹ ਮੋਟਾ ਕਰੀਂ ਬੈਠੇ ਨੇ। ਆਪਣਾ ਹਰਜੀਤ ਗਰੇਵਾਲ, ਕਿਸਾਨਾਂ ਨੇ ਕਦੇ ਵੀ ਇਸ ਗਰੇਵਾਲੀ ਮੁੰਡੇ ਦੇ ਮਾਣ-ਤਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਕਿਸਾਨ ਘੋਲ ਵੇਲੇ ਝੋਨਾ ਵੀ ਪੁੱਟ ਸੁੱਟਿਆ ਸੀ। ਪੁਰਾਣੇ ਸਮਿਆਂ ’ਚ ਗੂੰਜ ਪੈਂਦੀ ਹੁੰਦੀ ਸੀ, ‘ਜਦ ਰੂਸ ਪੰਜਾਬੇ ਆਏ, ਟਕੇ ਸ਼ੇਰ ਅੰਨ ਵਿਕਾਵੇ।’ ਸੱਜਣੋਂ, ਤਾਹੀਂ ਇਨਕਲਾਬ ਬਿੱਟੂ ਦੀ ਗੱਡੀ ਚੜ੍ਹਿਐ, ਗਰੇਵਾਲ ਟੇਸ਼ਨ ’ਤੇ ਖੜ੍ਹਾ ਰਹਿ ਗਿਆ।
ਇੱਧਰ, ਟਕਸਾਲੀ ਭਾਜਪਾਈ ਅਮਿਤ ਸ਼ਾਹ ’ਤੇ ਔਖੇ ਹੋਏ ਫਿਰਦੇ ਨੇ। ਇਸੇ ਕਰਕੇ ਅਮਿਤ ਸ਼ਾਹ ਦੀ ਹਵੇਲੀ ’ਚ ਮੁਹੰਮਦ ਸਦੀਕ ਦਾ ਗਾਣਾ ਵੱਜ ਰਿਹੈ, ‘ਇੱਕ ਤੇਰੀ ਜਿੰਦ ਬਦਲੇ ਬੱਲੀਏ, ਸਾਰਾ ਪਿੰਡ ਮਿੱਤਰਾਂ ਦੇ ਵੈਰ ਪਿਆ।’ ਇੱਕ ਦਿਨ ਵੱਡੇ ਤੜਕੇ ਸੁਪਨਾ ਆਇਆ। ਕੀ ਦੇਖਦਾ ਹਾਂ ਕਿ ਇੱਕ ਡੇਰੇ ’ਚ ਧੂਣੀ ਲਾਈ ਭਬੂਤੀ ਆਲਾ ਬਾਬਾ ਬੈਠਾ ਹੈ, ਅੱਗੇ ਭਾਜਪਾ ਦੇ ਟਕਸਾਲੀ ਨੇਤਾ ਬੈਠੇ ਨੇ। ਮਨੋਰੰਜਨ ਕਾਲੀਆ ਆਖਣ ਲੱਗੇ, ‘ਬਾਬਾ ਜੀ ! ਸਾਡੀ ਤਪੱਸਿਆ ’ਚ ਕੀ ਕਮੀ ਰਹਿ ਗਈ ਐ।’ ਬਾਬਾ ਫ਼ਰਮਾਇਆ, ਬੱਚਾ! ਹਿਮਾਲਿਆ ਜਾਓ ਭਗਤੀ ’ਚ ਲੀਨ ਹੋ ਜਾਓ, ਰਾਮ ਭਲੀ ਕਰੇਗਾ।
ਸੁਪਨੇ ’ਚ ਪੂਰਾ ਰੰਗ ਬੱਝ ਗਿਆ। ਹਰਜੀਤ ਗਰੇਵਾਲ ਆਖਣ ਲੱਗਾ, ਮਹਾਂਪੁਰਸ਼ੋ! ਹੁਣ ਅਸੀਂ ਕੀ ਕਰੀਏ। ਬਾਬਾ ਚੁੱਪ ਹੋ ਗਿਆ, ਮੈਥੋਂ ਰਿਹਾ ਨਾ ਗਿਆ। ਗਰੇਵਾਲਾ! ਜਿਉਂਦੇ ਜੀਅ ਕਦੇ ਕੰਮ ਮੁੱਕੇ ਨੇ। ਥੋਡੇ ਲਈ ਭਾਜਪਾ ਹੁਣ ਲਾਹੇਵੰਦ ਧੰਦਾ ਨਹੀਂ ਰਹੀ। ਜਾਓ ਕੋਈ ਸਹਾਇਕ ਧੰਦਾ ਕਰ ਲਵੋ। ਸ਼ਹਿਦ ਦੀਆਂ ਮੱਖੀਆਂ ਪਾਲੋ, ਖ਼ਰਗੋਸ਼ ਪਾਲੋ, ਹੋਰ ਨਹੀਂ ਤਾਂ ਚਾਰ ਝੋਟੇ ਹੀ ਪਾਲ ਲਓ। ਜੇ ਨਹੀਂ ਕਰ ਸਕਦੇ ਤਾਂ ਬਿੱਟੂ ਦੇ ਪੈਰ ਫੜੋ, ਉਸ ਤੋਂ ਤਵੀਤ ਲਵੋ ਜਿਹੜਾ ਉਹਨੇ ਸ਼ਾਹ ਜੀ ਨੂੰ ਘੋਲ ਕੇ ਪਿਆਇਆ ਸੀ।
ਪੰਜਾਬ ਦੀ ਸਿਆਸਤ ’ਚ ਕਿੰਨੇ ਹੀ ਸਿਕੰਦਰ ਬਣੇ ਨੇ। ਅਮਿਤ ਸ਼ਾਹ ਦੇ ਬੋਲਾਂ ਵਾਂਗੂੰ ਕਿੰਨੇ ਹੀ ‘ਬੜੇ ਆਦਮੀ’ ਬਣੇ ਨੇ। ਢੀਂਡਸਾ ਹਾਰ ਜਾਂਦੇ ਸਨ, ਸਿੱਧਾ ਰਾਜ ਸਭਾ ਜਾਂਦੇ ਸਨ। ਇਹ ਸੁਭਾਗ ਭੂੰਦੜ ਸਾਹਿਬ ਨੂੰ ਵੀ ਪ੍ਰਾਪਤ ਹੋਇਆ ਹੈ। ਕਾਂਗਰਸ ’ਚ ਅੰਬਿਕਾ ਸੋਨੀ ਨੂੰ ਵੀ ਮੌਕਾ ਮਿਲਿਆ ਹੈ। ਹਾਰੋ ਚਾਹੇ ਜਿੱਤੋ, ਫੀਤੀ ਪੱਕੀ ਮਿਲਦੀ ਹੈ, ਬਸ਼ਰਤੇ ਕਿ ਥੋਡਾ ਵੀ ਕੋਈ ਅਮਿਤ ਸ਼ਾਹ ਵਰਗਾ ਯਾਰ ਹੋਵੇ। ਜੇ ਨਹੀਂ ਵੀ, ਤਾਂ ਵੀ ਬਹੁਤਾ ਬੋਝ ਨਹੀਂ ਪਾਈਦਾ। ਮਾਂ ਤਾਂ ਹਰ ਬੱਚੇ ਨੂੰ ਲੋਰੀ ਦਿੰਦੀ ਹੈ, ਜਿਨ੍ਹਾਂ ਦੀ ਲੋਰੀਆਂ ਨਾਲ ਜ਼ਮੀਰ ਸੌਂ ਜਾਂਦੀ ਹੈ, ਉਹ ਸਿਆਸੀ ਸਿਕੰਦਰ ਬਣ ਜਾਂਦੇ ਨੇ। ਆਖ਼ਰ ’ਚ ਸਰਦੂਲ ਸਿਕੰਦਰ ਦਾ ਆਹ ਗਾਣਾ ਵੀ ਸੁਣਦੇ ਜਾਓ, ‘ਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ’ਚੋਂ ਗਿਰ ਗਈ, ਕੀ ਕਰੀਏ…।’
(22 ਜੂਨ, 2024)
No comments:
Post a Comment