Showing posts with label Coconut. Show all posts
Showing posts with label Coconut. Show all posts

Friday, January 31, 2025

                                                           ਜਲ-ਪ੍ਰਵਾਹ
                                  ਨਹਿਰਾਂ ਦੀ ਵਿਗੜੀ ਗ੍ਰਹਿ ਚਾਲ
                                                         ਚਰਨਜੀਤ ਭੁੱਲਰ   

ਚੰਡੀਗੜ੍ਹ: ਪੰਜਾਬ ਦੇ ਵਹਿਮਾਂ-ਭਰਮਾਂ ’ਚ ਫਸੇ ਲੋਕ ਆਪਣੇ ਗ੍ਰਹਿ ਟਾਲਣ ਲਈ ਨਹਿਰਾਂ ਨੂੰ ਪਲੀਤ ਕਰ ਰਹੇ ਹਨ, ਜਿਨ੍ਹਾਂ ਤੋਂ ਨਹਿਰ ਮਹਿਕਮਾ ਪ੍ਰੇਸ਼ਾਨ ਹੈ। ਵੱਡੇ ਤੇ ਛੋਟੇ ਸ਼ਹਿਰਾਂ ਨੇੜਿਓਂ ਲੰਘਦੇ ਰਜਵਾਹੇ ਤੇ ਨਹਿਰਾਂ ’ਚ ਨਾਰੀਅਲਾਂ ਸਮੇਤ ਇੰਨੀ ਸਮੱਗਰੀ ਸੁੱਟੀ ਜਾ ਰਹੀ ਹੈ ਜੋ ਨਹਿਰੀ ਪਾਣੀ ਨੂੰ ਦੂਸ਼ਿਤ ਕਰ ਰਹੀ ਹੈ। ਨਹਿਰ ਮਹਿਕਮੇ ਨੇ ਵੱਡੀਆਂ ਨਹਿਰਾਂ ਦੇ ਅਜਿਹੇ ਤਿੰਨ ਦਰਜਨ ਪੁਆਇੰਟਾਂ ਦੀ ਸ਼ਨਾਖ਼ਤ ਕੀਤੀ ਹੈ ਜਿੱਥੋਂ ਲੋਕ ਨਹਿਰਾਂ ’ਚ ਨਾਰੀਅਲ, ਪਲਾਸਟਿਕ ਦੇ ਲਿਫ਼ਾਫ਼ਿਆਂ ’ਚ ਦਾਲਾਂ ਅਤੇ ਹੋਰ ਸਮੱਗਰੀ ਸੁੱਟਦੇ ਹਨ। ਜਲ ਸਰੋਤ ਵਿਭਾਗ ਨੇ ਸਮੁੱਚੇ ਪੰਜਾਬ ’ਚੋਂ ਵੱਡੀਆਂ ਨਹਿਰਾਂ ’ਚ ਸੁੱਟੇ ਜਾਂਦੇ ਸਾਮਾਨ ਵਾਲੀਆਂ ਥਾਵਾਂ ਦੀ ਸੂਚੀ ਤਿਆਰ ਕੀਤੀ ਹੈ ਤਾਂ ਜੋ ਕੌਮੀ ਗਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਤਹਿਤ ਨਹਿਰਾਂ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਕਦਮ ਉਠਾਏ ਜਾ ਸਕਣ। ਸਭ ਤੋਂ ਵੱਧ ਪੁਆਇੰਟ ਭਾਖੜਾ ਨਹਿਰ ਦੇ ਸ਼ਨਾਖ਼ਤ ਹੋਏ ਹਨ ਤੇ ਇਸ ਨਹਿਰ ਵਿੱਚ 12 ਥਾਵਾਂ ’ਤੇ ਲੋਕ ਸਮੱਗਰੀ ਜਲ ਪ੍ਰਵਾਹ ਕਰਦੇ ਹਨ। 

          ਰਿਪੋਰਟ ਅਨੁਸਾਰ ਖਰੜ-ਲੁਧਿਆਣਾ ਕੌਮੀ ਮਾਰਗ, ਖੰਨਾ-ਸਮਰਾਲਾ ਰੋਡ, ਖੰਨਾ-ਮਾਲੇਰਕੋਟਲਾ ਸੜਕ ਲਾਗੇ ਭਾਖੜਾ ਨਹਿਰ ’ਚ ਲੋਕ ਸਮੱਗਰੀ ਤਾਰਦੇ ਹਨ। ਮੁੱਢਲੇ ਪੜਾਅ ’ਤੇ ਸਿਰਫ਼ ਵੱਡੀਆਂ ਨਹਿਰਾਂ ਦਾ ਅੰਕੜਾ ਤਿਆਰ ਕੀਤਾ ਗਿਆ ਹੈ। ਸਰਹਿੰਦ ਕੈਨਾਲ ’ਤੇ ਗਹਿਰੀ ਬਰਿੱਜ ਅਤੇ ਨੀਲੋਂ ਬਰਿੱਜ ਸ਼ਨਾਖ਼ਤ ਹੋਏ ਹਨ। ਸਰਹਿੰਦ ਕੈਨਾਲ ਦੇ ਸਾਰੇ ਪੁਲਾਂ ’ਤੇ ਹੀ ਲੋਕ ਸਮੱਗਰੀ ਤਾਰਦੇ ਹਨ। ਬਠਿੰਡਾ ਨਹਿਰ ’ਚ ਸ਼ਹਿਰ ਦੇ ਪੁਲ ਕੋਲ ਸਵੇਰ ਸ਼ਾਮ ਵੱਡੀ ਗਿਣਤੀ ਲੋਕ ਪੁੱਜਦੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਅੱਪਰਬਾਰੀ ਦੋਆਬ ਨਹਿਰ ਦੇ ਛੇ ਪ੍ਰਮੁੱਖ ਪੁਆਇੰਟ ਸ਼ਨਾਖ਼ਤ ਹੋਏ ਹਨ ਜਿੱਥੇ ਇਹ ਸਮੱਗਰੀ ਤਾਰੀ ਜਾਂਦੀ ਹੈ। ਸਰਹਿੰਦ ਫੀਡਰ ਦੇ ਤਿੰਨ, ਬੀਕਾਨੇਰ ਕੈਨਾਲ ਦੇ ਦੋ ਅਤੇ ਰਾਜਸਥਾਨ ਤੇ ਈਸਟਰਨ ਫੀਡਰ ਦਾ ਇੱਕ ਇੱਕ ਪ੍ਰਮੁੱਖ ਪੁਆਇੰਟ ਸ਼ਨਾਖ਼ਤ ਹੋਇਆ ਹੈ। ਜਲ ਸਰੋਤ ਵਿਭਾਗ ਦੇ ਅਧਿਕਾਰੀ ਆਖਦੇ ਹਨ ਕਿ ਪਲਾਸਟਿਕ ਦਾ ਕਚਰਾ ਅਤੇ ਨਾਰੀਅਲ ਝਾਲ ਵਿੱਚ ਫਸ ਜਾਂਦੇ ਹਨ, ਜੋ ਕਈ ਵਾਰੀ ਨਹਿਰਾਂ ਦੇ ਟੁੱਟਣ ਦਾ ਕਾਰਨ ਵੀ ਬਣਦੇ ਹਨ।

          ਅਰਸਾ ਪਹਿਲਾਂ ਅੰਮ੍ਰਿਤਸਰ ਵਿਚ ਵਿਕਣ ਵਾਲੇ ਨਾਰੀਅਲ ਛੋਟੇ ਵਿਕਰੇਤਾ ਨਹਿਰਾਂ ’ਚੋਂ ਹੀ ਇਕੱਠੇ ਕਰਦੇ ਸਨ। ਕਰੀਬ ਸਾਲ ਪਹਿਲਾਂ ਭਾਖੜਾ ਨਹਿਰ ਵਿਚ ਸਮੱਗਰੀ ਜਲ ਪ੍ਰਵਾਹ ਕਰਨ ਗਈ ਔਰਤ ਅਤੇ ਉਸ ਦੇ ਛੋਟੇ ਬੱਚੇ ਦੀ ਪੈਰ ਫਿਸਲਣ ਕਰਕੇ ਮੌਤ ਵੀ ਹੋ ਗਈ ਸੀ, ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤਾਂ ਉਦੋਂ ਇੱਕ ਵਾਰ ਬਠਿੰਡਾ ਨਹਿਰ ਦੇ ਸ਼ਹਿਰ ਵਾਲੇ ਹਿੱਸੇ ਨੂੰ ਇਸ ਪ੍ਰਦੂਸ਼ਣ ਤੋਂ ਬਚਾਉਣ ਲਈ ਰਣਨੀਤੀ ਵੀ ਬਣਾਈ ਗਈ ਸੀ ਜੋ ਸਿਰੇ ਨਹੀਂ ਚੜ੍ਹੀ। ਸਮਾਜਿਕ ਕਾਰਕੁਨ ਰੁਪਿੰਦਰਜੀਤ ਸਿੰਘ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਤਾਂ ਪਹਿਲਾਂ ਹੀ ਪਲੀਤ ਹੋ ਚੁੱਕਾ ਹੈ ਅਤੇ ਨਹਿਰਾਂ ਵਿਚ ਜੋਤਸ਼ੀਆਂ ਦੇ ਆਖੇ ਵਹਿਮੀ ਲੋਕ ਦਾਲਾਂ ਸਮੇਤ ਪਲਾਸਟਿਕ ਲਿਫ਼ਾਫ਼ੇ ਤਾਰਦੇ ਹਨ ਅਤੇ ਕੱਚ ਦਾ ਕਾਫ਼ੀ ਸਾਮਾਨ ਹੁੰਦਾ ਹੈ, ਜੋ ਅੱਗੇ ਰਜਵਾਹਿਆਂ ਵਿਚ ਹੁੰਦਾ ਹੋਇਆ ਪਿੰਡਾਂ ਤੱਕ ਪੁੱਜਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਫ਼ੌਰੀ ਇਸ ਪਾਸੇ ਧਿਆਨ ਦੇਵੇ ਕਿਉਂਕਿ ਇਨ੍ਹਾਂ ਦਾ ਪਾਣੀ ਜਲ ਘਰਾਂ ਜ਼ਰੀਏ ਲੋਕ ਪੀਂਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸ਼ਹਿਰਾਂ ਵਿਚੋਂ ਨਹਿਰ ਲੰਘਦੀ ਹੈ, ਉਨ੍ਹਾਂ ਦੀ ਹਿਫਾਜਤ ਲਈ ਕਦਮ ਚੁੱਕੇ ਜਾਣ।

                                       ‘ਫਲੋਟਿੰਗ ਡਰੰਮ’ ਦਾ ਮਾਡਲ ਸਫਲ

ਜਲ ਸਰੋਤ ਵਿਭਾਗ ਨੇ ਪੰਜ ਸਾਲ ਪਹਿਲਾਂ ਇਸ ਸਮੱਗਰੀ ਤੋਂ ਨਹਿਰੀ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਇੱਕ ਮਾਡਲ ਤਿਆਰ ਕੀਤਾ ਸੀ ਜੋ ਹਾਲੇ ਵੀ ਸਫਲਤਾ ਨਾਲ ਚੱਲ ਰਿਹਾ ਹੈ। ਸਿੰਧਵਾ ਨਹਿਰ ’ਤੇ ਲੁਧਿਆਣਾ ਜ਼ਿਲ੍ਹੇ ਦੇ ਬਾਰੇਵਾਲ ਲਾਗੇ ਜਲ ਸਰੋਤ ਵਿਭਾਗ ਨੇ ਫਲੋਟਿੰਗ ਡਰੰਮ ਲਗਾਏ ਹੋਏ ਹਨ। ਲੋਕਾਂ ਵਾਲੇ ਜਲ ਪ੍ਰਵਾਹ ਕੀਤੇ ਨਾਰੀਅਲਾਂ ਆਦਿ ਨਾਲ ਜਦੋਂ ਇਹ ਫਲੋਟਿੰਗ ਡਰੰਮ ਭਰ ਜਾਂਦੇ ਹਨ ਤਾਂ ਲੋਕਾਂ ਨੂੰ ਚੁਕਵਾ ਦਿੱਤੇ ਜਾਂਦੇ ਹਨ। 

                   ਨਹਿਰਾਂ ਨੂੰ ਪਲੀਤ ਹੋਣ ਤੋਂ ਬਚਾਉਣ ਦੇ ਉਪਰਾਲੇ ਜਾਰੀ: ਮੁੱਖ ਇੰਜਨੀਅਰ

ਮੁੱਖ ਇੰਜਨੀਅਰ (ਨਹਿਰਾਂ) ਸ਼ੇਰ ਸਿੰਘ ਦਾ ਕਹਿਣਾ ਸੀ ਕਿ ਪਲਾਸਟਿਕ ਸਮੱਗਰੀ ਅਤੇ ਨਾਰੀਅਲ ਆਦਿ ਜੋ ਨਹਿਰਾਂ ਵਿਚ ਸੁੱਟੇ ਜਾਂਦੇ ਹਨ, ਉਹ ਨਹਿਰਾਂ ਨੂੰ ਪਲੀਤ ਕਰਦੇ ਹਨ ਅਤੇ ਇਹ ਬਹੁਤ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾਂਦਾ ਹੈ ਅਤੇ ਮਹਿਕਮੇ ਦਾ ਫ਼ੀਲਡ ਸਟਾਫ਼ ਅਜਿਹਾ ਕਰਨ ਤੋਂ ਰੋਕਣ ਲਈ ਮੁਸਤੈਦ ਵੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਨੇ ਵੀ ਇਸ ਦਿਸ਼ਾ ਵਿਚ ਨਿਰਦੇਸ਼ ਜਾਰੀ ਕੀਤੇ ਹੋਏ ਹਨ।