Showing posts with label Doctor. Show all posts
Showing posts with label Doctor. Show all posts

Wednesday, November 13, 2024

                                                           ਲੰਮੀ ਉਡਾਰੀ 
                                  ਉਹ ਮੁੜ ਵਤਨੀ ਨਾ ਆਇਆ..! 
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਸਰਕਾਰ ਦੇ ਹਜ਼ਾਰਾਂ ਮੁਲਾਜ਼ਮ ਤੇ ਅਫ਼ਸਰ ਵਿਦੇਸ਼ ਉਡਾਰੀ ਮਾਰ ਗਏ ਹਨ। ਜਿਹੜੇ ਛੁੱਟੀ ਲੈ ਕੇ ਵਿਦੇਸ਼ ਗਏ ਸਨ ਪ੍ਰੰਤੂ ਉਨ੍ਹਾਂ ਚੋਂ ਬਹੁਤੇ ਮੁੜ ਵਤਨ ਨਹੀਂ ਪਰਤੇ ਹਨ। ਪਸ਼ੂ ਪਾਲਣ ਤੇ ਮੱਛੀ ਪਾਲਣ ਮਹਿਕਮੇ ਦਾ ਆਲਮ ਨਿਰਾਲਾ ਹੈ। ਹਰਿਆਣਾ ਦੇ ਸੈਂਕੜੇ ਨੌਜਵਾਨ ਪਸ਼ੂ ਪਾਲਣ ਵਿਭਾਗ ’ਚ ਭਰਤੀ ਹੋ ਰਹੇ ਹਨ ਜਦੋਂ ਕਿ ਪੰਜਾਬ ਵਾਲੇ ਵੈਟਰਨਰੀ ਡਾਕਟਰ ਤੇ ਵੈਟਰਨਰੀ ਇੰਸਪੈਕਟਰ ਵਿਦੇਸ਼ ਦੌੜ ਰਹੇ ਹਨ। ਪਸ਼ੂ ਪਾਲਣ ਵਿਭਾਗ ਦੇ 26 ਡਾਕਟਰ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਹੋ ਗਏ ਹਨ ਜਿਨ੍ਹਾਂ ਚੋਂ ਬਹੁਤੇ ਪੜਤਾਲ ਵਿਚ ਵੀ ਸ਼ਾਮਲ ਨਹੀਂ ਹੋ ਰਹੇ ਹਨ। ਇਨ੍ਹਾਂ ਚੋਂ ਬਹੁਤੇ ਡਾਕਟਰ ਵਿਦੇਸ਼ ਜਾ ਵਸੇ ਹਨ। ਇਨ੍ਹਾਂ ’ਚ ਅੱਠ ਮਹਿਲਾ ਡਾਕਟਰ ਵੀ ਸ਼ਾਮਲ ਹਨ।ਪਸ਼ੂ ਪਾਲਣ ਵਿਭਾਗ ਨੇ ਇਨ੍ਹਾਂ ਚੋਂ ਬਹੁਤੇ ਡਾਕਟਰਾਂ ਨੂੰ ਚਾਰਜਸ਼ੀਟ ਜਾਰੀ ਕੀਤੀ ਗਈ ਹੈ ਅਤੇ ਕਈਆਂ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ। ਪਸ਼ੂ ਹਸਪਤਾਲ ਚੌਂਕੀਮਾਨ ਦੀ ਡਾ.ਅਰਪਿਤ ਨੂੰ ਡਿਸਮਿਸ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਦੋਂ ਕਿ ਪਸ਼ੂ ਹਸਪਤਾਲ ਕਾਸਤੀਵਾਲ ਦੇ ਡਾ. ਕਨਵਰਤਾਜਬੀਰ ਨੂੰ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਡਾ.ਨਵਦੀਪ ਸਿੰਘ ਢਿੱਲੋਂ ਨੂੰ ਡਿਸਮਿਸ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਬਾਕੀ ਡਾਕਟਰਾਂ ਖ਼ਿਲਾਫ਼ ਕਾਰਵਾਈ ਚੱਲ ਰਹੀ ਹੈ।

     ਪਸ਼ੂ ਪਾਲਣ ਵਿਭਾਗ ਦੇ ਸਿਵਲ ਪਸ਼ੂ ਹਸਪਤਾਲ ਸਰਾਏਨਾਗਾ ਦੇ ਡਾ .ਦਿਲਬਾਗ ਸਿੰਘ ਨੂੰ 10 ਅਕਤੂਬਰ 2024 ਨੂੰ ਚਾਰਜਸ਼ੀਟ ਦਾ ਖਰੜਾ ਜਾਰੀ ਕੀਤਾ ਗਿਆ ਹੈ। ਇਸ ਡਾਕਟਰ ਨੇ 27 ਦਿਨ ਲਈ ਐਕਸ ਇੰਡੀਆ ਲੀਵ ਦੀ ਮੰਗ ਕੀਤੀ ਸੀ। ਪੰਜਾਬ ਸਰਕਾਰ ਨੇ ਇਸ ਡਾਕਟਰ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਸੀ ਅਤੇ ਉਸ ਮਗਰੋਂ ਇਹ ਅਧਿਕਾਰੀ ਗ਼ੈਰਹਾਜ਼ਰ ਹੋ ਗਿਆ। ਡੇਅਰੀ ਵਿਕਾਸ ਵਿਭਾਗ ਦਾ ਡੇਅਰੀ ਵਿਕਾਸ ਇੰਸਪੈਕਟਰ ਨਵਜੋਤ ਸਿੰਘ ਐਕਸ ਇੰਡੀਆ ਲੀਵ ’ਤੇ 10 ਜੂਨ 2024 ਤੱਕ ਕੈਨੇਡਾ ਗਿਆ ਸੀ ਪ੍ਰੰਤੂ ਵਾਪਸ ਨਹੀਂ ਪਰਤਿਆ। ਉਸ ਖ਼ਿਲਾਫ਼ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਡੇਅਰੀ ਫ਼ੀਲਡ ਸਹਾਇਕ ਮਨੋਹਰ ਸਿੰਘ 31 ਜਨਵਰੀ 2020 ਨੂੰ ਸਵੈ ਇੱਛਿਤ ਸੇਵਾ ਮੁਕਤੀ ਲੈ ਕੇ ਆਸਟ੍ਰੇਲੀਆ ਚਲਾ ਗਿਆ ਹੈ। ਇਸੇ ਤਰ੍ਹਾਂ ਡੇਅਰੀ ਫ਼ੀਲਡ ਸਹਾਇਕ ਨਵਦੀਪ ਕੌਰ ਵੀ 31 ਮਈ 2024 ਨੂੰ ਨੌਕਰੀ ਛੱਡ ਕੇ ਵਰਕ ਪਰਮਿਟ ’ਤੇ ਕੈਨੇਡਾ ਚਲੀ ਗਈ ਹੈ। ਪਸ਼ੂ ਪਾਲਣ ਵਿਭਾਗ ਦਾ ਡਾ.ਜਰਨੈਲ ਸਿੰਘ,ਡਾ.ਤੇਜਪਾਲ ਸਿੰਘ ਅਤੇ ਡਾ.ਅਮਨਦੀਪ ਸਿੰਘ ਦੀ ਵੀ ਐਕਸ ਇੰਡੀਆ ਲੀਵ ਮਨਜ਼ੂਰ ਹੋ ਗਈ ਹੈ ਜਦੋਂ ਕਿ ਡਾ.ਮਹਿਕ ਅਤੇ ਡਾ.ਵਿਨੇ ਕੁਮਾਰ ਅਰੋੜਾ ਨੇ ਵੀ ਆਉਂਦੇ ਦਿਨਾਂ ਵਿਚ ਵਿਦੇਸ਼ ਜਾਣਾ ਹੈ ਜਿਨ੍ਹਾਂ ਦੀ ਛੁੱਟੀ ਪ੍ਰਵਾਨ ਹੋ ਗਈ ਹੈ।

          ਇਸੇ ਤਰ੍ਹਾਂ ਹੀ ਮੱਛੀ ਪਾਲਣ ਵਿਭਾਗ ਚਾਰ ਮੱਛੀ ਪਾਲਣ ਅਫ਼ਸਰਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਜਿਹੜੇ ਕਿ ਡਿਊਟੀ ਤੋਂ ਗ਼ੈਰਹਾਜ਼ਰ ਚੱਲ ਰਹੇ ਸਨ। ਸੂਤਰ ਆਖਦੇ ਹਨ ਕਿ ਇਹ ਅਫ਼ਸਰ ਵਿਦੇਸ਼ ਉਡਾਰੀ ਮਾਰ ਚੁੱਕੇ ਹਨ।ਮੱਛੀ ਪਾਲਣ ਵਿਭਾਗ ਦੇ 16 ਅਧਿਕਾਰੀ ਤੇ ਮੁਲਾਜ਼ਮ ਸਵੈ ਇੱਛਾ ਨਾਲ ਸੇਵਾ ਮੁਕਤੀ ਲੈ ਚੁੱਕੇ ਹਨ ਜਿਨ੍ਹਾਂ ’ਚ ਦੋ ਸਹਾਇਕ ਡਾਇਰੈਕਟਰ ਵੀ ਸ਼ਾਮਲ ਹਨ। ਮੱਛੀ ਪਾਲਣ ਅਫ਼ਸਰ ਮਨਦੀਪ ਸਿੰਘ, ਸਰਬਜੀਤ ਕੌਰ ਅਤੇ ਨਮਰਤਾ ਨੇ ਅਸਤੀਫ਼ਾ ਦਿੱਤਾ ਹੈ। ਆਸਟ੍ਰੇਲੀਆ ਗਏ ਸੇਵਾ ਮੁਕਤ ਵੈਟਰਨਰੀ ਅਧਿਕਾਰੀ ਸੰਤੋਖ ਸਿੰਘ ਲਹਿਰੀ ਦਾ ਕਹਿਣਾ ਸੀ ਕਿ ਵੈਟਰਨਰੀ ਡਾਕਟਰਾਂ ਦਾ ਵਿਦੇਸ਼ ਵਿਚ ਪ੍ਰਾਈਵੇਟ ਕੰਮ ਦਾ ਚੰਗਾ ਸਕੋਪ ਹੈ ਜਿਸ ਕਰਕੇ ਪਸ਼ੂ ਪਾਲਣ ਮਹਿਕਮੇ ਵਿਚ ਇਹ ਰੁਝਾਨ ਵਧਿਆ ਹੈ।ਦੂਸਰੇ ਪਾਸੇ ਪਸ਼ੂ ਪਾਲਣ ਵਿਭਾਗ ਵਿਚ ਹਰਿਆਣਾ ਦੇ ਨੌਜਵਾਨ ਵੈਟਰਨਰੀ ਇੰਸਪੈਕਟਰ ਦੀ ਨੌਕਰੀ ਲੈਣ ਵਿਚ ਸਫਲ ਹੋਏ ਹਨ। ਪਸ਼ੂ ਪਾਲਣ ਮੰਤਰੀ ਨੇ 13 ਸਤੰਬਰ 2022 ਨੂੰ ਨਵ ਨਿਯੁਕਤ 68 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਸਨ ਜਿਨ੍ਹਾਂ ਚੋਂ 35 ਹਰਿਆਣਾ ਤੇ ਰਾਜਸਥਾਨ ਦੇ ਹਨ। ਸੂਤਰ ਦੱਸਦੇ ਹਨ ਕਿ ਦੂਸਰੇ ਸੂਬਿਆਂ ਦੇ ਵੈਟਰਨਰੀ ਇੰਸਪੈਕਟਰਾਂ ਦੀ ਗਿਣਤੀ ਵਿਚ ਪੰਜਾਬ ਵਿਚ ਦੋ ਸੌ ਦੇ ਕਰੀਬ ਪੁੱਜ ਗਈ ਹੈ।

         ਵਿਜੀਲੈਂਸ ਵਿਭਾਗ ਤਰਫ਼ੋਂ ਵੀ ਅਜਿਹੇ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਜੋ ਐਕਸ ਇੰਡੀਆ ਲੀਵ ਲੈ ਕੇ ਵਿਦੇਸ਼ ਗਏ ਸਨ ਪ੍ਰੰਤੂ ਵਾਪਸ ਨਹੀਂ ਪਰਤੇ। ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਇਸ ਮਾਮਲੇ ਸਭ ਤੋਂ ਮੋਹਰੀ ਹੈ। ਵਿੱਤ ਵਿਭਾਗ ਵੀ ਹੁਣ ਸਰਗਰਮ ਹੋਇਆ ਹੈ ਕਿਉਂਕਿ ਬਹੁਤੇ ਪੈਨਸ਼ਨਰ ਵੀ ਵਿਦੇਸ਼ ਬੈਠੇ ਹਨ। ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦਾ ਕਹਿਣਾ ਸੀ ਕਿ ਵੈਟਰਨਰੀ ਡਾਕਟਰਾਂ ਦੀ ਵਿਦੇਸ਼ਾਂ ਵਿਚ ਪ੍ਰਾਈਵੇਟ ਪ੍ਰੈਕਟਿਸ ਕਾਫ਼ੀ ਜ਼ਿਆਦਾ ਹੈ ਜਿਸ ਕਰਕੇ ਪੰਜਾਬ ਦੇ ਡਾਕਟਰ ਵਿਦੇਸ਼ ਵੱਲ ਮੂੰਹ ਕਰ ਰਹੇ ਹਨ। ਉਹ ਉੱਥੇ ਚੰਗੀ ਕਮਾਈ ਹੋਣ ਦੇ ਮੱਦੇਨਜ਼ਰ ਵਿਦੇਸ਼ ਨੂੰ ਤਰਜ਼ੀਹ ਦਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਪੀੜੀ ਦੇ ਡਾਕਟਰਾਂ ਵਿਚ ਇਹ ਰੁਝਾਨ ਜ਼ਿਆਦਾ ਹੈ।

                 ਨਾ ਮੁੜਨ ਵਾਲਿਆਂ ਖ਼ਿਲਾਫ਼ ਕਾਰਵਾਈ : ਖੁੱਡੀਆਂ

ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਵੈਟਰਨਰੀ ਡਾਕਟਰ ਤੇ ਮੁਲਾਜ਼ਮ ਆਪਣੇ ਸੂਬੇ ਨੂੰ ਤਰਜੀਹ ਦੇਣ ਦੀ ਥਾਂ ਵਿਦੇਸ਼ ਨੂੰ ਪਹਿਲ ਦੇ ਰਹੇ ਹਨ ਕਿਉਂਕਿ ਵਿਦੇਸ਼ ਵਿਚ ਵੈਟਰਨਰੀ ਦਾ ਕਾਫ਼ੀ ਕੰਮ ਹੈ। ਉਨ੍ਹਾਂ ਦੱਸਿਆ ਕਿ ਇਸੇ ਕਰਕੇ ਹੁਣ ਮਹਿਕਮੇ ਵੱਲੋਂ ਐਕਸ ਇੰਡੀਆ ਲੀਵ ਇੱਕ ਮਹੀਨੇ ਤੋਂ ਵੱਧ ਨਹੀਂ ਦਿੱਤੀ ਜਾਂਦੀ ਹੈ। ਜੋ ਡਾਕਟਰ ਵਾਪਸ ਨਹੀਂ ਪਰਤਦੇ, ਉਨ੍ਹਾਂ ਖ਼ਿਲਾਫ਼ ਫ਼ੌਰੀ ਕਾਰਵਾਈ ਕੀਤੀ ਜਾਂਦੀ ਹੈ।




Sunday, July 19, 2020

                          ਵਿਚਲੀ ਗੱਲ
     ਸ਼ਾਹ ਮੁਹੰਮਦਾ ਕੋਈ ਨਾ ਮੁੱਲ ਪਾਵੇ..!
                           ਚਰਨਜੀਤ ਭੁੱਲਰ
ਚੰਡੀਗੜ੍ਹ : ਬਲਿਹਾਰੇ ਜਾਵਾਂ ਜਨਾਬ ਮਹੇਸ਼ਵਰੀ ਤੋਂ। ਦਿੱਲ ਕਰਦੈ ਕਿਤੇ ‘ਕੱਲੇ ਮਿਲ ਜਾਣ। ਪਹਿਲਾਂ ਪਵਿੱਤਰ ਚਰਨ ਛੋਹਾਂ, ਫਿਰ ਦਰਸ਼ਨ ਦੀਦਾਰ ਕਰ ਧੰਨ ਹੋਵਾਂ। ਪਿਆਰਾ ਸੱਜਣ ਨਾ ਵੀ ਮਿਲੇ, ਬੱਸ ਚਰਨਾਂ ਦੀ ਧੂੜ ਨਸੀਬ ਹੋ ਜਾਵੇ। ਚਿਰਾਂ ਦੀ ਤਾਂਘ ਮਿਟ ਜਾਏ ਪਰ ਅਸੀਂ ਅਭਾਗੇ ਹਾਂ। ਉਹ ਤਾਂ ਪ੍ਰਭੂ ਦੀ ਮੂਰਤ ਨੇ। ਅਫ਼ਸੋਸ! ਅੱਗਿਓਂ ਟੱਕਰ ਗਏ ਮੂਰਖਾਂ ਦੇ ਜ਼ੈਲਦਾਰ। ਕਿਤੇ ਪਾਰਖੂ ਅੱਖ ਹੁੰਦੀ, ਜਨਾਬ ਦਾ ਮੁੱਲ ਪੈਂਦਾ। ਜੌਹਰੀ ਹੁਣ ਕਿਹੜੇ ਪਤਾਲ ‘ਚੋਂ ਲੱਭੀਏ। ਮਹੇਸ਼ਵਰੀ ਜੀ, ਦੁਨੀਆਂ ਰੰਗ-ਬਿਰੰਗੀ, ਫਿਕਰ ਛੱਡੋ, ਅੱਗੇ ਵਧੋ। ਪੂਰਾ ਪੰਜਾਬ ਥੋਡਾ ਸ਼ੈਦਾਈ ਐ।‘ਖਾਲੀ ਗੱਲਾਂ ਨਾਲ ਚੌਲ ਨਹੀਂ ਰਿੱਝਦੇ‘। ਬਠਿੰਡੇ ‘ਚ ਚੁੱਲ੍ਹਾ ਤਪਿਆ। ਬੇਵਕੂਫਾਂ ਤੋਂ ਝੱਲ ਨਾ ਹੋਇਆ। ਨਹੀਂ ਪਾਉਂਦੇ ਬੁਝਾਰਤਾਂ। ਲਓ ਸੁਣੋ ਜੱਗ ਬੀਤੀ। ਜਨਾਬ ਨੂੰ ਬੱਚਾ-ਬੱਚਾ ਜਾਣਦੈ। ਨਾਮ ਡਾਕਟਰ ਰਮੇਸ਼ ਕੁਮਾਰ ਮਹੇਸ਼ਵਰੀ। ਜ਼ਿਲ੍ਹਾ ਸਿਹਤ ਅਫ਼ਸਰ ਲੱਗਿਐ ਬਠਿੰਡੇ। ਅਲੋਕਾਰੀ ਸੋਚ, ਪ੍ਰਤਾਪੀ ਚਿਹਰਾ, ਵੱਡਾ ਮਿਸ਼ਨ। ਉਧਰ, ਭੁੱਚੋ ਵਾਲਾ ਵਿਨੋਦ ਕੁਮਾਰ, ਸਿਰੇ ਦਾ ਲੱਲੂ ਨਿਕਲਿਐ। ਤਾਹੀਂ ਮੂਰਖ ਹਲਦੀ ਦੇ ਨਮੂਨੇ ਭਰਵਾ ਬੈਠਾ। ‘ਗੱਲ ਸਹੇ ਦੀ ਨਹੀਂ, ਪਹੇ ਦੀ ਹੈ‘। ਕਮਲਾ ਵਿਨੋਦ ਆਖਦੈ, ਮੈਂ ਤਾਂ ਪਹੇ ‘ਤੇ ਚੱਲੂੰ।ਵਿਨੋਦ ਕੁਮਾਰ ਦਾ ਭਰਾ ਸਤੀਸ਼। ਉਹ ਵੀ ਖੂਹ ਦਾ ਡੱਡੂ ਹੈ। ਸਤੀਸ਼ ਨੇ ਮਹੇਸ਼ਵਰੀ ਨੂੰ ਫੋਨ ਖੜਕਾ ਦਿੱਤਾ। ਅਖੇ ਭਰਾ ਦੀ ਹਲਦੀ ਦੇ ਨਮੂਨੇ ਕਾਹਤੋਂ ਭਰੇ।
               ਅੱਗਿਓਂ ਖੁਦ ਸੁਣੋ ‘ਮਹੇਸ਼ਵਰੀ ਪ੍ਰਵਚਨ‘। ‘ਦੇਖੋ ਪਿਆਰੇ ਸਤੀਸ਼, ਸਾਡਾ ਇੱਕ ਸਿਸਟਮ ਬਣਿਐ। ਸਿਸਟਮ ਬਹੁਤਾ ਲੰਮਾ ਚੌੜਾ ਨਹੀਂ, ਬੱਸ ਮਹੀਨੇ ਦਾ ਆਹ ਸੌ ਦੋ ਸੌ ਵਾਲਾ। ਏਡੀ ਵੱਡੀ ਥੋਡੀ ਕਰਿਆਨੇ ਦੀ ਦੁਕਾਨ, ਭਲਾਂ 200 ਰੁਪਏ ਕਿੱਡੀ ਕੁ ਵੱਡੀ ਗੱਲ ਐ। ਜਦੋਂ ਬੰਦੇ ਸਿਸਟਮ ‘ਚ ਨਹੀਂ ਪੈਂਦੇ ਤਾਂ ਨਮੂਨੇ ਭਰਨੇ ਪੈਂਦੇ ਨੇ। ਤੇਰਾ ਭਰਾ ‘ਨੌਨਸੈਂਸ‘ ਐ, ਸਿਸਟਮ ਨਹੀਂ ਸਮਝਦਾ। ਜਦੋਂ ਪੰਜ ਸੱਤ ਬੰਦੇ ਸਿਸਟਮ ‘ਚ ਨਹੀਂ ਪੈਂਦੇ, ਬਾਕੀ ਵੀ ਅੱਖਾਂ ਦਿਖਾਉਂਦੇ ਨੇ। ਇਵੇਂ ਪੂਰਾ ਸਿਸਟਮ ਖ਼ਰਾਬ ਹੁੰਦੈ।‘ਜੀਓ ਸੱਜਣ ਜੀਓ। ਖਰੀ ਤੇ ਸੱਚੀ ਦੇਸ਼ ਭਗਤੀ। ਕੋਈ ਜਨਾਬ ਤੋਂ ਸਿੱਖੇ। ‘ਤੁਸੀਂ ਮੈਨੂੰ ਦੋ ਸੌ ਦਿਓ, ਮੈਂ ਤੁਹਾਨੂੰ ਸਿਸਟਮ ਦਿਆਂਗਾ‘। ਦਿਲ ਕਰਦੈ, ਜਨਾਬ ਤੋਂ ਸੌ ਜਾਨਾਂ ਵਾਰ ਦੇਵਾਂ। ਬਠਿੰਡਾ ਪੁਲੀਸ ਨੇ ਧਰੋਹ ਕਮਾਇਐ। ਮਹੇਸ਼ਵਰੀ ‘ਤੇ ਕੇਸ ਦਰਜ ਕਰ ਦਿੱਤੈ। ਜਨਾਬ ਨੇ ‘ਦੱਦਾ ਨਹੀਂ ਪੜ੍ਹਿਆ, ਲੱਲਾ ਪੜ੍ਹਿਆ ਏ‘। ਪਿਆਰੇ, ਦਿਲ ਹੌਲਾ ਨਾ ਕਰੋ। ਤੁਹਾਡੀ ਕੁਰਬਾਨੀ ਅਜਾਈਂ ਨਹੀਂ ਜਾਏਗੀ। ‘ਸਿਸਟਮ‘ ਖਾਤਰ ਜੇਲ੍ਹ ਜਾਣਾ ਪਿਆ। ਪਿੱਛੇ ਨਾ ਹਟਣਾ, ਹੱਸ ਕੇ ਜਾਣਾ। ਡਾਕਟਰ ਤਾਂ ਹੁੰਦੇ ਹੀ ਰੱਬ ਦਾ ਰੂਪ ਨੇ। ਐ ਪਾਪੀ ਵਿਨੋਦ, ਤੂੰ ਭੁਗਤੇਂਗਾ ਇੱਕ ਦਿਨ। ਜਸਟਿਸ ਜਸਵੰਤ ਸਿੰਘ ਦਾ ਜੱਸ ਕਿਵੇਂ ਗਾਈਏ। ‘ਸਿਸਟਮ‘ ‘ਤੇ ਟਕੋਰ ਕੀਤੀ, ਅਖੇ ਸ਼ਾਰਕ ਮੱਛੀ ਨਾ ਬਣੋ। ਕੱਲ੍ਹ ਨੂੰ ਕੋਈ ਆਖੂ, ਬੰਦੇ ਬਣੋ, ਭਲਾ ਦੱਸੋ, ਫਿਰ ‘ਸਿਸਟਮ‘ ਦਾ ਕੀ ਬਣੂ।
             ਅਖਾਣ ਅਟਪਟਾ ਨਾ ਲੱਗੇ, ‘ਮੂਤ ‘ਚੋਂ ਮੱਛੀਆਂ ਭਾਲਣਾ‘। ਮਹਾਨ ਡਾਕਟਰਾਂ ਨੂੰ ਪ੍ਰਣਾਮ। ਮਾਨਸਾ ‘ਚ ਸੱਚਮੁੱਚ ਚਮਤਕਾਰ ਕੀਤੈ। ਮੂਤ ‘ਚੋਂ ਕਿੰਨੀਆਂ ਮੱਛੀਆਂ ਲੱਭੀਆਂ, ਵਿਜੀਲੈਂਸ ਗਿਣਤੀ ਕਰਕੇ ਦੱਸੂ। ਡੋਪ ਟੈਸਟ ਦਾ ‘ਸਿਸਟਮ‘ ਅਨੋਖਾ ਐ। ‘ਸਿਸਟਮ‘ ‘ਚ ਬੱਝੇ ਭਗਤ ਆਉਂਦੇ ਨੇ। ਦਸ ਹਜ਼ਾਰ ‘ਸਿਸਟਮ‘ ਦੀ ਜੇਬ ‘ਚ ਪਾਉਂਦੇ ਨੇ। ਘਰੋਂ ਕਿਸੇ ਬੱਚੇ ਦਾ ਪਿਸ਼ਾਬ ਲਿਆਉਂਦੇ ਨੇ। ਡੋਪ ਟੈਸਟ ਕਰਾਉਂਦੇ ਨੇ। ਲਾਇਸੈਂਸ ਅਸਲੇ ਦਾ ਬਣਾਉਂਦੇ ਨੇ। ਐੱਸਐੱਸਪੀ (ਵਿਜੀਲੈਂਸ) ਦਾ ਢਿੱਡ ਪਤਾ ਨਹੀਂ ਕਿਉਂ ਦੁਖਿਐ। ‘ਸਿਸਟਮ‘ ਦੇ ਰਾਖੇ ਫੜ ਲਏ। ਰੋਮਨ ਆਖਦੇ ਨੇ, ‘ਰੋਗ ਤੋਂ ਵੱਧ ਡਾਕਟਰ ਤੋਂ ਡਰੋਂ।‘ ਪਰਮਜੀਤ ਸਿੰਘ ਵਿਰਕ ਕਾਹਤੋਂ ਨਹੀਂ ਡਰਦੇ। ਇਕੱਲੇ ਐੱਸਐੱਸਪੀ ਨਹੀਂ, ਕਵੀ ਵੀ ਚੰਗੇ ਨੇ। ਇੰਝ ਅਰਜ਼ ਕਰਦੇ ਨੇ, ‘ਅੱਜ ਕੱਲ੍ਹ ਸਾਰੇ ਚੋਰ ਸਿਆਣੇ, ਇਹੋ ਢੰਗ ਅਪਣਾ ਰਹੇ ਨੇ/ਚੋਰ ਤੇ ਕੁੱਤੀ ਦੋਵੇਂ ਰਲ ਕੇ, ਥਾਂ-ਥਾਂ ਲੁੱਟ ਮਚਾ ਰਹੇ ਨੇ।‘ ਮਿਲਾਵਟ ਰੋਕਣ ਲਈ ਲਾਏ ਡਾਕਟਰ, ਕਿਹੜੇ ਰਾਹੇ ਪੈ ਨਿਕਲੇ। ਬਰਨਾਲੇ ਤੇ ਅੰਮ੍ਰਿਤਸਰ ਵਾਲੇ ਅਫ਼ਸਰ ਵੀ ਅਨਾੜੀ ਨਿਕਲੇ, ਕਾਬੂ ਆ ਗਏ। ਜਦੋਂ ਗੱਦੀ ‘ਤੇ ‘ਸਿਸਟਮ‘ ਬੈਠ ਜਾਏ, ਉਦੋਂ ਇਮਾਨ ਬਣਵਾਸ ਕੱਟਦੈ। ਮੱਛੀ ਬਾਜ਼ਾਰ ‘ਚ ਕਵਿਤਾ ਕੌਣ ਸੁਣਦੈ। ਸ਼ਾਰਕ ਮੱਛੀ ਵੱਡੀ ਐ, ਛੋਟੀ ਵਿਚਾਰੀ ਕੀ ਕਰੇ। ਪੰਜਾਬ ਮੱਛੀ ਵਾਂਗ ਤੜਫ ਰਿਹੈ।
              ਚੀਨੀ ਦਾਦੇ ਆਖਦੇ ਨੇ, ‘ਪੈਸੇ ਦਾ ਝਲਕਾਰਾ ਅੰਨ੍ਹੇ ਨੂੰ ਵੀ ਦੇਖਣ ਲਾ ਦਿੰਦੈ।‘ ਪਤਾ ਨਹੀਂ, ਸਿਆਸਤਦਾਨ ਕਿਉਂ ਐਨਕਾਂ ਲਾਈ ਫਿਰਦੇ ਨੇ। ਵੱਢੀਖੋਰੀ ਖੂਨ ‘ਚ ਏਨੀ ਰਚ ਗਈ। ਬਿਨਾਂ ਖੂਨ ਬਦਲੀ ਕੀਤੇ ਹੁਣ ਸਰਨਾ ਨਹੀਂ। ਮਰਜ਼ਾਂ ਹੱਡੀਂ ਬੈਠੀਆਂ ਨੇ। ਆਜ਼ਾਦੀ ਮਗਰੋਂ ਤਿੰਨ ਸਾਲਾਂ ‘ਚ 230 ਵੱਢੀਖੋਰ ਗਜ਼ਟਿਡ ਅਫ਼ਸਰ ਫੜੇ ਗਏ ਸਨ। 1951-52 ‘ਚ ਮਿਲਾਵਟੀ ਦੁੱਧ ਦੇ 3429 ਕੇਸ ਫੜੇ, ਜਿਨ੍ਹਾਂ ‘ਚੋਂ 2096 ਨੂੰ ਸਜ਼ਾ ਹੋਈ। ਅੱਜ ਨਮੂਨੇ ਤਾਂ ਭਰਦੇ ਨੇ, ਸਜ਼ਾ ਨਹੀਂ ਹੁੰਦੀ। ਅਮਰਿੰਦਰ ਸਰਕਾਰ ਵਧੇ ਫੁੱਲੇ। ‘ਸ਼ਾਰਕ ਮੱਛੀ‘ ਬਾਗੋ-ਬਾਗ ਐ। ਖੂੰਡਾ ਗੁਆਚ ਗਿਐ, ਹਰ ਇੱਟ ‘ਤੇ ਛੁਰੀਮਾਰ ਬੈਠੈ। ਦਸੌਂਧਾ ਸਿਓਂ ਨੂੰ ਨਾ ਚੜ੍ਹੀ ਦੀ ਐ, ਨਾ ਲੱਥੀ ਦੀ। ਕੱਛਾਂ ਵਜਾ ਰਿਹੈ, ਦੇਖਿਓ, ਸਰਕਾਰ ਬਣਾਵਾਂਗੇ। ਹਮਾਮ ‘ਚ ਸਭ ਪ੍ਰਾਹੁਣੇ ਨੇ। ‘ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ, ਕਿਹੜੇ-ਕਿਹੜੇ ਦਾ ਲਵਾਂ ਨਾਉਂ ਮੀਆਂ।‘ ਪਟਵਾਰੀ, ਕਲਰਕ, ਜੇਈ, ਸਿਪਾਹੀ, ਹੌਲਦਾਰ। ਸਭ ਛੋਟੀ ਮੱਛੀ ਦੀ ਪ੍ਰਜਾਤੀ ‘ਚ ਆਉਂਦੇ ਨੇ।ਕੈਪਟਨ ਹਕੂਮਤ ‘ਚ ਰੰਗੇ ਹੱਥੀ ਫੜੇ ਗਏ, ਕੇਵਲ 49 ਗਜ਼ਟਿਡ ਅਫਸਰ, ਨਾਨ ਗਜ਼ਟਿਡ 439। ਕਦੇ ਪੈਸੇ ਦਾ ਫੈਸ਼ਨ ਪੁਰਾਣਾ ਨਹੀਂ ਹੁੰਦਾ। ਸ਼ਾਰਕ ਮੱਛੀ ਸੰਦੂਕ ਦੀ ਰਾਖੀ ਬੈਠੀ ਹੈ। ਪੰਜਾਬ ਦੀ ਜਾਮਾ ਤਲਾਸ਼ੀ ਨਿੱਤ ਹੁੰਦੀ ਐ। ਬਾਬੇ ਨਾਨਕ ਦੀ ਕੌਣ ਸੁਣਦੇ, ‘ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ।‘
               ਧੰਨ ਉਹ ਵੀ ਡਾਕਟਰ ਨੇ ਜੋ ਕੋਵਿਡ ਖ਼ਿਲਾਫ਼ ਡਟੇ ਨੇ। ‘ਇੱਕ ਮੱਛੀ ਸਾਰਾ ਤਲਾਅ ਗੰਦਾ ਕਰ ਦਿੰਦੀ ਐ।‘ ਬਲਦੇਵ ਸਰਾ ਨੂੰ ਕਿਤੇ ਢੋਈ ਨਹੀਂ ਮਿਲਣੀ। ਅਮਰਿੰਦਰ ਨੇ ਪਾਵਰਕੌਮ ਦਾ ਚੇਅਰਮੈਨ ਲਾਤਾ। ਸਿਆਣੇ ਮੰਤਰੀ ਨੇ ਸਰਾ ਨੂੰ ‘ਸਿਸਟਮ‘ ਦਾ ਕਾਇਦਾ ਫੜਾ‘ਤਾ। ਬਲਦੇਵ ਸਿਓਂ ਅੜ ਗਏ... ਅਖੇ ਏਹ ਸਿਸਟਮ ਨਹੀਂ ਚੱਲਣਾ। ਇਮਾਨ ਦਾ ਭੂਤ ਸਵਾਰ ਸੀ। ਮੰਤਰੀ ਦੇ ਗੁਮਾਸ਼ਤੇ ਉਦੋਂ ਭੰਗੜੇ ਪਾਉਣ ਲੱਗੇ ਜਦੋਂ ਸਰਾ ਦੀ ਛੁੱਟੀ ਕਰਤੀ। ਪਿਉ ਦਾ ਪੁੱਤ ਮੂਰਖ ਨਿਕਲਿਆ। ‘ਸਿਸਟਮ‘ ਦਾ ਸਾਊ ਪੁੱਤ ਬਣਦਾ, ਹੁਣ ਕਿਰਾਏ ਦਾ ਘਰ ਨਾ ਵੇਖਣਾ ਪੈਂਦਾ। ਸਿਸਟਮ ਦਾ ਗੁਰ ਸਿੱਖਦਾ, ਪ੍ਰੀਤ ਪਾਉਂਦਾ। ਪੁੱਤ-ਪੋਤੇ ਮੌਜਾਂ ਲੁੱਟਦੇ। ਬਿਨਾਂ ਮੰਗਿਆ ਮਸ਼ਵਰਾ ਹੈ। ਕੋਵਿਡ ਦੀ ਟੈਸਟਿੰਗ ਵਧਾਓ। ਪੰਜਾਬ ਦੇ ਸਮੁੱਚੇ ਸਰੀਰ ਦਾ ਟੈੱਸਟ ਕਰਾਓ। ਹਾਲੇ ਸਾਫ ਖੂਨ ਵਾਲੇ ਬਚੇ ਨੇ। ਚੀਨ ਤੇ ਭਾਰਤ ਇੱਕ ਗੱਲੋਂ ਸਕੇ ਨੇ। ਟਰਾਂਸਪੇਰੈਂਸੀ ਇੰਟਰਨੈਸ਼ਨਲ ਕੁਰੱਪਸ਼ਨ ਰਿਪੋਰਟ-2020 ‘ਤੇ ਤੈਰਵੀਂ ਨਜ਼ਰ ਮਾਰੋ। ਕੁਰੱਪਸ਼ਨ ‘ਚ ਦੋਵੇਂ ਮੁਲਕ 80ਵੇਂ ਨੰਬਰ ‘ਤੇ ਹਨ। ਡੈਨਮਾਰਕ ਤੋਂ ਸਿੱਖ ਲਓ। ਇਮਾਨ ‘ਚ ਪਹਿਲਾ ਨੰਬਰ ਐ। ਮੱਛੀ ਦਾ ਵੱਡਾ ਕਾਰੋਬਾਰੀ ਵੀ ਹੈ। ‘ਕਾਲੇ ਧਨ‘ ਦਾ ਭਾਰਤ ‘ਚ ਕਾਰੋਬਾਰ ਐ। ਬੇਈਮਾਨੀ ਦਾ ਝਾੜ ਕਦੇ ਘਟਿਆ ਨਹੀਂ। ਸਵਿਸ ਬੈਂਕ ਭਰੇ ਪਏ ਨੇ। ਲੱਗਦੈ ਡੈਨਮਾਰਕ ਤੋਂ ਲਿਆ ਕੇ ਪਿਉਂਦ ਚੜ੍ਹਾਉਣੀ ਪਊ।
                 ਗੱਲ ਹੈ ਤਾਂ ਪੁਰਾਣੀ। ਰਾਮਪੁਰਾ ਫੂਲ ਦੇ ਇੱਕ ਐੱਸਡੀਓ ਨੇ ਟਿੱਬੇ ‘ਤੇ ਮੱਛੀਆਂ ਚਾੜ੍ਹੀਆਂ ਸਨ। ਖੇਤੀ ਮੋਟਰਾਂ ਦੇ ਕੁਨੈਕਸ਼ਨ ਵੰਡ ਦਿੱਤੇ, ਟਿੱਬਿਆਂ ‘ਤੇ ਮੱਛੀ ਫਾਰਮ ਦਿਖਾ ਕੇ। ਕੇਹਾ ਯੁੱਗ ਹੈ, ਦਸ ਨਹੁੰਆਂ ਦੀ ਕਮਾਈ ਨੂੰ ਵਿਹਲ ਨਹੀਂ। ਹਰਾਮ ਦੀ ਕਮਾਈ ਜੌਗਿੰਗ ਕਰ ਰਹੀ ਹੈ। ਪੁਰਾਣੀ ਵੀ ਸੁਣੋ, ਇੰਦਰਾ ਗਾਂਧੀ ਦੀ ਹਕੂਮਤ ‘ਚ ਤੇਲ ਦੀ ਕਿੱਲਤ ਹੋਈ। ਇੱਕ ਸੇਠ ਜਿਉਂਦੀ ਮਛਲੀ ਲੈ ਆਇਆ। ਤਲਣ ਬੈਠਣ ਲੱਗਾ। ਪਤਨੀ ਬੋਲੀ, ‘ਸਟੋਵ ‘ਚ ਤੇਲ ਨਹੀਂ‘। ਸੇਠ ਨੂੰ ਗੁੱਸਾ ਆਇਆ, ਖਿੜਕੀ ਖੋਲ੍ਹੀ, ਮੱਛੀ ਬਾਹਰ ਵਗਾਹ ਮਾਰੀ। ਮੱਛੀ ਸਮੁੰਦਰ ‘ਚ ਗੋਤੇ ਖਾਣ ਲੱਗੀ। ਸਮੁੰਦਰ ਗੂੰਜ ਉੱਠਿਆ, ‘ਇੰਦਰਾ ਗਾਂਧੀ ਜ਼ਿੰਦਾਬਾਦ‘। ਸੁਨੀਲ ਜਾਖੜ ਆਖਦੇ ਨੇ, ਪੁਰਾਣੀ ਛੱਡੋ, ਨਵੀਂ ਸੁਣੋ। ਪੰਜ ਵਰ੍ਹੇ ਪਹਿਲਾਂ ਨਰਮੇ ਦੇ ਮਾਮਲੇ ‘ਚ ਸਰਕਾਰ ਘਿਰੀ। ਵੱਡੇ ਬਾਦਲ ਨੇ ਖੇਤੀ ਚੀਫ਼ ਨੂੰ ਜਾਖੜ ਦੇ ਘਰ ਭੇਜਤਾ। ਚੀਫ਼ ਸਾਹਿਬ ਬੋਲੇ, ਜਾਖੜ ਸਾਹਿਬ ਤੁਸੀਂ ਹੁਕਮ ਕਰੋ। ‘ਆਇਆ ਹੁਕਮ ਲੈਣ ਸੀ, ਸ਼ਹਿਰ ‘ਚੋਂ ਜਾਂਦਾ ਹੋਇਆ ਲੈ ਗਿਆ ਪੰਜ-ਪੰਜ ਹਜ਼ਾਰ।‘ ਮਗਰੋਂ ਡੀਲਰ ਜਾਖੜ ਕੋਲ ਦੁਹੱਥੜ ਮਾਰਨ। ਜਾਖੜ ਨੇ ਬਾਦਲ ਨੂੰ ਉਲਾਂਭਾ ਦਿੱਤਾ, ‘ਥੋਡਾ ਚੀਫ਼ ਦੰਦ ਘਸਾਈ ਲੈ ਗਿਆ।‘ ਛੱਜੂ ਰਾਮ ਕਚੀਚੀਆਂ ਵੱਟ ਰਿਹੈ। ਵੱਡਾ ਵਹਿਮ ਪਾਲੀ ਬੈਠਾ। ਅਖੇ ਰੱਸੇ ਨਾਲ ‘ਸਿਸਟਮ‘ ਨੂੰ ਮਸ਼ਕਾਂ ਦੇਊ।

Monday, October 29, 2018

                 ਨਵਾਂ ਮਰਜ਼,ਨਵਾਂ ਇਲਾਜ
   ਰੱਬ ਦੇ ਰੂਪ ਹੁਣ ਬਾਊਂਸਰਾਂ ਸਹਾਰੇ !
                        ਚਰਨਜੀਤ ਭੁੱਲਰ
ਬਠਿੰਡਾ : ਜਦੋਂ ਡਾਕਟਰਾਂ ਨੂੰ ਬਾਊਂਸਰ ਰੱਖਣੇ ਪੈ ਜਾਣ ਤਾਂ ਸਮਝੋ ਦਾਲ ’ਚ ਕੱੁਝ ਕਾਲਾ ਹੈ। ਪੰਜਾਬ ਵਿਚ ਮਰੀਜ਼ਾਂ ਦੇ ਰਾਖਿਆਂ ਨੂੰ ਬਾਊਂਸਰਾਂ ਦੀ ਸੇਵਾ ਲੈਣੀ ਪੈ ਰਹੀ ਹੈ। ਭਾਵੇਂ ਰੁਝਾਨ ਬਹੁਤਾ ਵੱਡਾ ਨਹੀਂ, ਫਿਰ ਵੀ ਹਸਪਤਾਲਾਂ ’ਚ ਬਾੳਂੂਸਰ ਨਜ਼ਰੀ ਪੈਣ ਲੱਗੇ ਹਨ। ਉਂਜ ਤਾਂ ਡਾਕਟਰ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹੁੰਦੇ, ਜਦੋਂ ਬਾਜ਼ਾਰ ਭਾਰੂ ਹੋ ਜਾਏ ਤਾਂ ਫਿਰ ਮਰੀਜ਼ ਦੀ ਜੇਬ ਤੇ ਨਜ਼ਰ ਟਿਕਦੀ ਹੈ। ਮੁਨਾਫੇਬਾਜ਼ੀ ਨੇ ਡਾਕਟਰ ਮਰੀਜ਼ ਦਾ ਰਿਸ਼ਤਾ ਤਾਰ ਤਾਰ ਕੀਤਾ ਹੈ। ਡਾਕਟਰਾਂ ’ਤੇ ਹਮਲੇ ਵਧ ਰਹੇ ਹਨ ਜਿਸ ਵਜੋਂ ਹਸਪਤਾਲਾਂ ’ਚ ਸੁਰੱਖਿਆ ਗਾਰਦਾਂ ਤੇ ਬਾੳਂੂਸਰਾਂ ਦੀ ਮੰਗ ਵਧੀ ਹੈ। ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿਚ ਦਰਜਨਾਂ ਕੰਪਨੀਆਂ ਤਰਫ਼ੋਂ ਬਾੳਂੂਸਰਾਂ ਦੀ ਸਰਵਿਸ ਦਿੱਤੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਬਠਿੰਡਾ ਦੇ ਜਿੰਦਲ ਹਰਟ ਹਸਪਤਾਲ ਦੇ ਮੁੱਖ ਦੁਆਰ ’ਤੇ ਬਾੳਂੂਸਰਾਂ ਦੀ ਤਾਇਨਾਤੀ ਹੈ। ਬਠਿੰਡਾ ਸ਼ਹਿਰ ਵਿਚ ਪਿਛਲੇ ਇੱਕ ਵਰੇ੍ਹ ਵਿਚ ਕਈ ਪ੍ਰਾਈਵੇਟ ਡਾਕਟਰਾਂ ਖ਼ਿਲਾਫ਼ ਧਰਨੇ ਮੁਜ਼ਾਹਰੇ ਹੋਏ ਹਨ। ਜਿੰਦਲ ਹਰਟ ਹਸਪਤਾਲ ਦੇ ਡਾਕਟਰ ਰਾਜੇਸ਼ ਜਿੰਦਲ ਦਾ ਪ੍ਰਤੀਕਰਮ ਸੀ ਕਿ ‘ਹਸਪਤਾਲ ਵਿਚ ਬਾਊਸਰ ਨਹੀਂ ,ਸੁਰੱਖਿਆ ਗਾਰਦ ਹਨ, ਬਾਡੀ ਬਿਲਡਰ ਮੁੰਡੇ ਨੇ, ਉਨ੍ਹਾਂ ਨੂੰ ਕਾਲੇ ਕੱਪੜੇ ਪਾਉਣ ਦਾ ਸ਼ੌਕ ਹੈ।’
                   ਡਾਕਟਰ ਜਿੰਦਲ ਨੇ ਆਖਿਆ ਕਿ ਕਿਸੇ ਪ੍ਰਾਈਵੇਟ ਕੰਪਨੀ ਤੋਂ ਸਕਿਉਰਿਟੀ ਨਹੀਂ ਲਈ। ਲੁਧਿਆਣਾ ਦੀ ਇੱਕ ਸਕਿਉਰਿਟੀ ਸਰਵਿਸਿਜ਼ ਕੰਪਨੀ ਦੇ ਮਾਲਕ ਨੇ ਮਾਨਸਾ ਜ਼ਿਲ੍ਹੇ ਦੇ ਚਾਰ ਡਾਕਟਰਾਂ ਨੂੰ ਪੀ.ਐੱਸ.ਓ ਅਤੇ ਬਾੳਂੂਸਰ ਦੀ ਸਰਵਿਸ ਦਿੱਤੀ ਹੋਈ ਹੈ। ਉਨ੍ਹਾਂ ਸੰਗਰੂਰ ਜ਼ਿਲ੍ਹੇ ਦੇ ਵੀ ਕੱੁਝ ਹਸਪਤਾਲਾਂ ਵਿਚ ਵੀ ਪੀ.ਐਸ.ਓ ਤੇ ਬਾੳਂੂਸਰ ਹੋਣ ਦੀ ਗੱਲ ਆਖੀ। ਮੁਕਤਸਰ ਜ਼ਿਲ੍ਹੇ ਦੇ ਤਿੰਨ ਡਾਕਟਰਾਂ ਕੋਲ ਪ੍ਰਾਈਵੇਟ ਕੰਪਨੀਆਂ ਦੇ ਸੁਰੱਖਿਆ ਗਾਰਦ ਹਨ। ਲੁਧਿਆਣਾ ਦੇ ਦਰਜਨਾਂ ਹਸਪਤਾਲਾਂ ਵਿਚ ਬਾਊਂਸਰ ਤੇ ਪ੍ਰਾਈਵੇਟ ਸੁਰੱਖਿਆ ਗਾਰਦ ਹਨ। ਜਲੰਧਰ ਦੇ ਬਿੱਗ ਮੈਨ ਸਕਿਉਰਿਟੀ ਦੇ ਸ੍ਰੀ ਮਿੱਕੀ ਚੌਧਰੀ ਨੇ ਦੱਸਿਆ ਕਿ ਹੁਣ ਡਾਕਟਰਾਂ ਤੋਂ ਵੀ ਬਾੳਂੂਸਰਾਂ ਦੀ ਮੰਗ ਆਉਣ ਲੱਗੀ ਹੈ ਅਤੇ ਪਹਿਲਾਂ ਜ਼ਿਆਦਾ ਸਿੰਗਰ ਤੇ ਵਿਆਹ ਸ਼ਾਦੀਆਂ ਵਾਲੇ ਬਾੳਂੂਸਰ ਲੈਂਦੇ ਸਨ। ਇੱਕ ਹੋਰ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਜਲੰਧਰ ਵਿਚ ਕਈ ਡਾਕਟਰਾਂ ਨੇ ਬਾੳਂੂਸਰ ਤੇ ਨਿੱਜੀ ਸੁਰੱਖਿਆ ਗਾਰਦ ਲਏ ਹਨ। ਅੰਮ੍ਰਿਤਸਰ ਦੇ ਸੈਫਰਨ ਸਨ ਸਕਿਉਰਿਟੀ ਸਿਲੂਸ਼ਨ ਦੇ ਮਲਕੀਤ ਸਿੰਘ ਨੇ ਦੱਸਿਆ ਕਿ ਡਾਕਟਰਾਂ ਤਰਫ਼ੋਂ ਹੁਣ ਮੰਗ ਕੀਤੀ ਜਾਣ ਲੱਗੀ ਹੈ ਅਤੇ ਡਾਕਟਰਾਂ ਦੀ ਇੱਕ ਐਸੋਸੀਏਸ਼ਨ ਨੇ ਤਾਂ ਕੁਇੱਕ ਰਿਸਪਾਂਸ ਟੀਮ ਲਈ ਸੁਰੱਖਿਆ ਗਾਰਦਾਂ ਦੀ ਮੰਗ ਕੀਤੀ ਸੀ ਤਾਂ ਜੋ ਹੰਗਾਮੀ ਹਾਲਾਤ ਵਿਚ ਸੁਰੱਖਿਆ ਬੁਲਾਈ ਜਾ ਸਕੇ।
                    ਵੇਖਿਆ ਜਾਵੇ ਜੋ ਵੱਡੀਆਂ ਕੰਪਨੀਆਂ ਦੇ ਪ੍ਰਾਈਵੇਟ ਹਸਪਤਾਲ ਹਨ, ਉਨ੍ਹਾਂ ਵਿਚ ਤਾਂ ਪ੍ਰਾਈਵੇਟ ਕੰਪਨੀਆਂ ਤੋਂ ਪੂਰੀ ਸੁਰੱਖਿਆ ਹੀ ਲਈ ਜਾਂਦੀ ਹੈ। ਜੋ ਡਾਕਟਰਾਂ ਦੇ ਨਿੱਜੀ ਹਸਪਤਾਲ ਹੈ, ਉਹ ਵੀ ਹੁਣ ਸੁਰੱਖਿਆ ਦੇ ਘੇਰੇ ਵਿਚ ਆਉਣ ਲੱਗੀ ਹੈ। ਸਰਕਾਰੀ ਹਸਪਤਾਲਾਂ ਵਿਚ ਏਦਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਤੋਂ ਬਿਨਾਂ ਪੰਜਾਬ ’ਚ ਤਾਂ ਹੁਣ ਵਿਆਹ ਸਮਾਰੋਹਾਂ ’ਤੇ ਵੀ ਬਾਊਸਰ ਬੁਲਾਏ ਜਾਣ ਦਾ ਰੁਝਾਨ ਕਾਫ਼ੀ ਵਧਿਆ ਹੈ। ਕਈ ਨੇਤਾਵਾਂ ਨੇ ਬਾਊਂਸਰ ਰੱਖੇ ਹੋਏ ਹਨ। ਜਲੰਧਰ ਦੇ ਮਿੱਕੀ ਚੌਧਰੀ ਨੇ ਦੱਸਿਆ ਕਿ  ਹੁਣ ਤਾਂ ਉਹ ਜਗਰਾਤਿਆਂ ਵਿਚ ਵੀ ਬਾੳਂੂਸਰ ਭੇਜਣ ਲੱਗੇ ਹਨ।  ਇਸੇ ਤਰ੍ਹਾਂ ਮਹਿਲਾ ਬਾੳਂੂਸਰਾਂ ਦੀ ਮੰਗ ਵਿਆਹਾਂ ਵਿਚ ਵਿਆਹੁਤਾ ਕੁੜੀ ਦੀ ਸੁਰੱਖਿਆ ਲਈ ਕਾਫ਼ੀ ਵਧੀ ਹੈ। ਬਠਿੰਡਾ ਦਾ ਇੱਕ ਪ੍ਰਾਈਵੇਟ ਡਾਕਟਰ ਆਪਣੇ ਕਾਲਜ ਦੇ ਈਵੈਂਟਾਂ ਲਈ ਮਹਿਲਾ ਬਾਊਂਸਰਾਂ ਨੂੰ ਬੁਲਾਉਂਦਾ ਹੈ। ਲੁਧਿਆਣਾ ਦੀ ਜੇਐਮਸੀ ਗਰੁੱਪ ਬਾਊਂਸਰ ਇੰਡੀਆ ਦੇ ਹੈਰੀ ਨੇ ਦੱਸਿਆ ਕਿ ਦਿਹਾਤੀ ਖੇਤਰਾਂ ਦੇ ਨੌਜਵਾਨ ਮੁੰਡਿਆਂ ਨੂੰ ਬਤੌਰ ਬਾੳਂੂਸਰ ਕਾਫ਼ੀ ਕੰਮ ਮਿਲਿਆ ਹੈ ਤੇ ਉਹ ਕਈ ਅਦਾਰਿਆਂ ਵਿਚ ਮਹਿਲਾ ਬਾੳਂਸਰ ਵੀ ਭੇਜਦੇ ਹਨ।
                                 ਡਾਕਟਰ ਹਮੇਸਾਂ ਭਲਾ ਲੋਚਦਾ ਹੈ : ਐਸੋਸੀਏਸ਼ਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ.ਜਤਿੰਦਰ ਕਾਂਸਲ ਦਾ ਕਹਿਣਾ ਸੀ ਕਿ ਹਸਪਤਾਲਾਂ ਵਿਚ ਸਭਨਾਂ ਦੀ ਸੁਰੱਖਿਆ ਲਈ ਸਕਿਉਰਿਟੀ ਤਾਇਨਾਤੀ ਸਮੇਂ ਦੀ ਲੋੜ ਬਣ ਗਿਆ ਹੈ ਕਿਉਂਕਿ ਪਿਛਲੇ ਸਮੇਂ ਵਿਚ ਡਾਕਟਰਾਂ ਤੇ ਹਮਲਿਆਂ ਵਿਚ ਵਾਧਾ ਹੋਇਆ ਹੈ। ਉਨ੍ਹਾਂ ਆਖਿਆ ਕਿ ਡਾਕਟਰ ਹਮੇਸ਼ਾ ਮਰੀਜ਼ ਦੀ ਬਿਹਤਰੀ ਲਈ ਹਰ ਯਤਨ ਕਰਦਾ ਹੈ ਪ੍ਰੰਤੂ ਕਈ ਵਾਰੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਵਿਚ ਮਰੀਜ਼ ਦੇ ਵਾਰਸ ਨੁਕਸਾਨ ਕਰਨ ਲਈ ਉਤਾਰੂ ਹੋ ਜਾਂਦੇ ਹਨ। ਪੁਲੀਸ ਨੂੰ ਡਾਕਟਰਾਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਤੋਂ ਜਾਣੂ ਕਰਾਉਣਾ ਚਾਹੀਦਾ ਹੈ।
                                  ਮੁਨਾਫ਼ੇ ਦੀ ਹੋੜ ’ਚ ਪਏ ਡਾਕਟਰ : ਪ੍ਰੋ. ਮਲੇਰੀ
ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋ.ਏ.ਕੇ.ਮਲੇਰੀ ਦਾ ਕਹਿਣਾ ਸੀ ਕਿ ਵਪਾਰੀਕਰਨ ਨੇ ਡਾਕਟਰਾਂ ਦੀ ਮਾਨਵੀ ਸੋਚ ਨੂੰ ਮੁਨਾਫ਼ੇ ਦੀ ਨਜ਼ਰ ਵਿਚ ਤਬਦੀਲ ਕਰ ਦਿੱਤਾ ਹੈ ਅਤੇ ਕੱੁਝ ਡਾਕਟਰ ਮੁਨਾਫ਼ੇ ਦੀ ਹੋੜ ਵਿਚ ਨੈਤਿਕਤਾ ਭੁੱਲ ਜਾਂਦੇ ਹਨ। ਪੰਜਾਬ ਵਿਚ ਬਹੁਤੀ ਆਬਾਦੀ ਮਹਿੰਗਾ ਇਲਾਜ ਸਹਿਣਯੋਗ ਨਹੀਂ। ਜਦੋਂ ਮਹਿੰਗੇ ਬਿੱਲਾਂ ਦਾ ਸੇਕ ਲੱਗਦਾ ਹੈ ਤਾਂ ਲੋਕ ਆਪਾ ਖੋਹ ਬੈਠਦੇ ਹਨ। ਡਾਕਟਰਾਂ ਦੀ ਨੈਤਿਕ ਪ੍ਰੈਕਟਿਸ ਨੂੰ ਕਾਫ਼ੀ ਖੋਰਾ ਲੱਗਾ ਹੈ।
         


Tuesday, March 27, 2018

                          ਡਾਕਟਰਾਂ ਦੀ ਲੁੱਟ
    ‘ਕਮਿਸ਼ਨ’ ਦੇ ਟੀਕੇ ਨੇ ਮਰੀਜ਼ ਤੜਫਾਏ
                          ਚਰਨਜੀਤ ਭੁੱਲਰ
ਬਠਿੰਡਾ : ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਆਪਣੇ ਘਰ ਭਰਨ ਲਈ ਮਰੀਜ਼ਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਬੇਨਕਾਬ ਹੋਈ ਹੈ। ਖ਼ੁਦ ਪੰਜਾਬ ਸਰਕਾਰ ਦੇ ਖ਼ੁਫ਼ੀਆ ਵਿੰਗ ਨੇ ਇਹ ਨਕਾਬ ਉਤਾਰਿਆ ਹੈ ਜਿਸ ਤੋਂ ਮਰੀਜ਼ਾਂ ਨੂੰ ਲੁੱਟਣ ਲਈ ਡਾਕਟਰਾਂ ਤੇ ਡਰੱਗਜ਼ ਕੰਪਨੀਆਂ ਦਾ ਗੱਠਜੋੜ ਸਾਹਮਣੇ ਆਇਆ ਹੈ। ਭੋਲੇ ਭਾਲੇ ਮਰੀਜ਼ ਆਪਣੀ ਮਜਬੂਰੀ ’ਚ ਲੁਟਾ ਹੋ ਰਹੇ ਹਨ। ਸਿਹਤ ਵਿਭਾਗ ਤਰਫ਼ੋਂ ਨਾ ਕਦੇ ਕੋਈ ਐਕਸ਼ਨ ਲਿਆ ਗਿਆ ਹੈ ਅਤੇ ਨਾ ਹੀ ਇਸ ਪ੍ਰੈਕਟਿਸ ਨੂੰ ਰੋਕਿਆ ਗਿਆ ਹੈ। ਦਰਜਨਾਂ ਸਰਕਾਰੀ ਡਾਕਟਰਾਂ ਅਤੇ ਮੈਡੀਕਲ ਸਟੋਰਾਂ ਦੇ ਇਸ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਖ਼ੁਫ਼ੀਆ ਵਿਭਾਗ ਪੰਜਾਬ ਦੇ ਡਾਇਰੈਕਟਰ ਜਨਰਲ ਪੁਲੀਸ ਵੱਲੋਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇੱਕ ਖ਼ੁਫ਼ੀਆ ਪੱਤਰ ਲਿਖ ਕੇ ਦਰਜਨਾਂ ਸਰਕਾਰੀ ਡਾਕਟਰਾਂ ਅਤੇ ਮੈਡੀਕਲ ਸਟੋਰਾਂ ’ਤੇ ਉਂਗਲ ਉਠਾਈ ਹੈ। ਖ਼ੁਫ਼ੀਆ ਪੱਤਰ ਮਗਰੋਂ ਸਿਹਤ ਮਹਿਕਮੇ ’ਚ ਹਲਚਲ ਮੱਚੀ ਹੈ। ਸਿਹਤ ਵਿਭਾਗ ਪੰਜਾਬ ਨੇ ਸਮੂਹ ਸਿਵਲ ਸਰਜਨਾਂ ਨੂੰ ਫ਼ੌਰੀ ਪੱਤਰ ਲਿਖ ਕੇ ਮਰੀਜ਼ਾਂ ਦੀ ਲੁੱਟ ਲਈ ਬਣੇ ਗੱਠਜੋੜ ਤੇ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ। ਸਾਰੀ ਗੱਲ ਹੁਣ ਸਿਵਲ ਸਰਜਨਾਂ ਤੇ ਸੁੱਟੀ ਗਈ ਹੈ।
            ਖ਼ੁਫ਼ੀਆ ਪੱਤਰ ਅਨੁਸਾਰ ਸਰਕਾਰੀ ਡਾਕਟਰ 30 ਤੋਂ 40 ਫ਼ੀਸਦੀ ਕਮਿਸ਼ਨ ਦੇਣ ਵਾਲੀਆਂ ਡਰੱਗਜ਼ ਕੰਪਨੀਆਂ ਦੀਆਂ ਮਹਿੰਗੀਆਂ ਦਵਾਈਆਂ ਮਰੀਜ਼ਾਂ ਨੂੰ ਲਿਖ ਕੇ ਲੁੱਟ ਕਰ ਰਹੇ ਹਨ ਜਦੋਂ ਕਿ ਇਹ ਦਵਾਈਆਂ ਕਾਰਗਰ ਵੀ ਨਹੀਂ ਹੁੰਦੀਆਂ ਹਨ। ਹਾਲਾਂਕਿ ਇਸੇ ਸਾਲਟ ਦੀਆਂ ਦਵਾਈਆਂ ਹਸਪਤਾਲਾਂ ਵਿਚਲੇ ਸਟੋਰਾਂ ਤੋਂ ਸਸਤੀਆਂ ਵੀ ਮਿਲਦੀਆਂ ਹਨ। ਡਾਕਟਰ ਮਰੀਜ਼ਾਂ ਨੂੰ ਬਾਹਰਲੇ ਮੈਡੀਕਲ ਸਟੋਰਾਂ ਤੋਂ ਦਵਾਈ ਲੈਣ ਲਈ ਮਜਬੂਰ ਕਰਦੇ ਹਨ। ਰਿਪੋਰਟ ਅਨੁਸਾਰ ਜ਼ਿਲ੍ਹਾ ਬਰਨਾਲਾ, ਸੰਗਰੂਰ, ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਇਸ ਮਾਮਲੇ ’ਚ ਝੰਡੀ ਲਈ ਹੈ ਜਿਨ੍ਹਾਂ ਦੇ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਡਾਕਟਰ ਕਮਿਸ਼ਨ ਲੈਣ ਲਈ 60 ਫ਼ੀਸਦੀ ਦਵਾਈਆਂ ਖ਼ਾਸ ਕੰਪਨੀਆਂ ਦੀਆਂ ਲਿਖਦੇ ਹਨ। ਇਨ੍ਹਾਂ ਕੰਪਨੀਆਂ ਦੇ ਨੁਮਾਇੰਦੇ ਡਾਕਟਰਾਂ ਨੂੰ ਓ.ਪੀ.ਡੀ ’ਚ ਮਿਲਦੇ ਹਨ। ਫਿਰ ਮਰੀਜ਼ ਕਿਸੇ ਸਟੋਰ ਤੋਂ ਵੀ ਦਵਾਈ ਲੈਣ, ਡਾਕਟਰਾਂ ਨੂੰ ਗੁਪਤ ਤੌਰ ਤੇ ਕਮਿਸ਼ਨ ਪੁੱਜ ਜਾਂਦਾ ਹੈ।
           ਬਰਨਾਲਾ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਤੇ ਇੱਕ ਖ਼ਾਸ ਮੈਡੀਕਲ ਸਟੋਰ ਦੇ ਆਪਸੀ ਗੱਠਜੋੜ ਦੇ ਵੀ ਚਰਚੇ ਉੱਭਰੇ ਹਨ। ਲੁਧਿਆਣਾ ਦੇ ਸਰਕਾਰੀ  ਹਸਪਤਾਲ ਦੇ ਤਿੰਨ ਡਾਕਟਰਾਂ ਵੱਲੋਂ ਮੋਟੇ ਕਮਿਸ਼ਨਾਂ ਨਾਲ ਕਮਾਈ ਕੀਤੇ ਜਾਣ ਦੀ ਰਿਪੋਰਟ ਹੈ। ਖੰਨਾ,ਪਾਇਲ ਅਤੇ ਸਮਰਾਲਾ ਦੇ ਡਾਕਟਰਾਂ ਵੱਲੋਂ ਕਮਿਸ਼ਨ ਖਾਣ ਦੀ ਗੱਲ ਵਿਸ਼ੇਸ਼ ਉੱਭਰੀ ਹੈ। ਰੋਪੜ ਅਤੇ ਨੰਗਲ ਦੇ ਪੰਜ ਡਾਕਟਰਾਂ ਦੇ ਨਾਮ ਲਿਖੇ ਗਏ ਹਨ ਜੋ ਮਰੀਜ਼ਾਂ ਨੂੰ ਬਾਹਰਲੇ ਸਟੋਰਾਂ ਵਾਲੀ ਦਵਾਈ ਲਿਖਦੇ ਹਨ। ਅੰਮ੍ਰਿਤਸਰ ਦੇ ਤਿੰਨ ਸਰਕਾਰੀ ਡਾਕਟਰਾਂ ਅਤੇ ਤਿੰਨ ਮੈਡੀਕਲ ਸਟੋਰਾਂ ਦਾ ਗੱਠਜੋੜ ਵੀ ਬੇਪਰਦ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਤਰਨਤਾਰਨ, ਬਟਾਲਾ,ਗੁਰਦਾਸਪੁਰ ਤੇ ਪਠਾਨਕੋਟ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਮਹਿੰਗੀ ਦਿਵਾਈ ਲਿਖ ਕੇ ਲੁੱਟ ਕਰਨ ਦਾ ਸਪਸ਼ਟ ਖ਼ਾਕਾ ਵਾਹਿਆ ਗਿਆ ਹੈ। ਜਲੰਧਰ,ਹੁਸ਼ਿਆਰਪੁਰ,ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਡਾਕਟਰਾਂ ਵੱਲੋਂ ਹਸਪਤਾਲ ਵਿਚ ਮੌਜੂਦ ਸਾਲਟ ਦੀ ਥਾਂ ਬਾਹਰਲੇ ਸਟੋਰਾਂ ਤੋਂ ਦਵਾਈਆਂ ਲੈਣ ਲਈ ਮਰੀਜ਼ਾਂ ਨੂੰ ਮਜਬੂਰ ਕੀਤਾ ਜਾਂਦਾ ਹੈ।
                   ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ/ਹਸਪਤਾਲ ਵਿਚ ਚੱਲਦੇ ਵੱਡੇ ਪੱਧਰ ਦੇ ਕਮਿਸ਼ਨ ਬਾਰੇ ਵੀ ਖ਼ੁਲਾਸਾ ਕੀਤਾ ਗਿਆ ਹੈ। ਡਾਕਟਰਾਂ ਵੱਲੋਂ ਜੈਨਰਿਕ ਦਵਾਈਆਂ ਲਿਖਣ ਦੀ ਥਾਂ ਬਾਹਰਲੇ ਮੈਡੀਕਲ ਸਟੋਰਾਂ ਦੀ ਦਵਾਈ ਲਿਖੀ ਜਾਂਦੀ ਹੈ। ਫਾਰਮਾਸਿਸਟ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸਕੱਤਰ ਸੁਖਮਿੰਦਰ ਸਿੱਧੂ ਦਾ ਪ੍ਰਤੀਕਰਮ ਸੀ ਕਿ ਮਹਿਕਮੇ ਵੱਲੋਂ ਸਪਸ਼ਟ ਹਦਾਇਤਾਂ ਦੇ ਉਲਟ ਡਾਕਟਰ ਦਵਾਈ ਦੇ ਬਰਾਂਡ ਨੇਮ ਦੀ ਥਾਂ ਸਿਰਫ਼ ਸਾਲਟ ਨੇਮ ਹੀ ਪਰਚੀ ਤੇ ਲਿਖਦੇ ਹਨ। ਡਰੱਗਜ਼ ਕੰਪਨੀਆਂ ਵੱਲੋਂ ਡਾਕਟਰਾਂ ਨੂੰ ਇਕੱਲਾ ਕਮਿਸ਼ਨ ਨਹੀਂ, ਬਲਕਿ ਮਹਿੰਗੇ ਹੋਟਲਾਂ ਵਿਚ ਖਾਣੇ ਅਤੇ ਸੈਰ-ਸਪਾਟਾ ਵੀ ਕਰਾਇਆ ਜਾਂਦਾ ਹੈ। ਹਾਲਾਂਕਿ ਪ੍ਰਾਈਵੇਟ ਹਸਪਤਾਲਾਂ ’ਚ ਇਸ ਤੋਂ ਵੱਡੀ ਲੁੱਟ ਹੈ ਪ੍ਰੰਤੂ ਖ਼ੁਫ਼ੀਆ ਵਿਭਾਗ ਨੇ ਉੱਧਰ ਫੇਰਾ ਨਹੀਂ ਪਾਇਆ ਹੈ।
                  ਪ੍ਰਧਾਨ ਮੰਤਰੀ ਭਾਰਤੀਆ ਜਨਅੌਸਧੀ ਪ੍ਰਯੋਜਨਾਂ ਤਹਿਤ ਪੰਜਾਬ ਦੇ ਸਿਹਤ ਕੇਂਦਰਾਂ ਵਿਚ 76 ਸਟੋਰ ਖੋਲੇ ਗਏ ਹਨ ਜਿੱਥੇ 700 ਦਵਾਈਆਂ ਮਿਲਦੀਆਂ ਹਨ। ਇਨ੍ਹਾਂ ਕੇਂਦਰਾਂ ਤੋਂ ਦਵਾਈ ਸਸਤੀ ਅਤੇ ਗੁਣਵੱਤਾ ਵਾਲੀ ਮਿਲਦੀ ਹੈ ਪ੍ਰੰਤੂ ਡਾਕਟਰ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ। ਸਰਕਾਰੀ ਹਸਪਤਾਲਾਂ ਦਾ ਆਸਰਾ ਸਿਰਫ਼ ਗ਼ਰੀਬ ਹੀ ਤੱਕਦੇ ਹਨ  ਜਿਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਡਾਕਟਰ ਉਠਾਉਂਦੇ ਹਨ। ਕੇਂਦਰ ਸਰਕਾਰ ਨੇ 8 ਸਤੰਬਰ 2017 ਨੂੰ ਪੱਤਰ ਲਿਖ ਕੇ ਜੈਨਰਿਕ ਦਵਾਈਆਂ ਹੀ ਸਿਫ਼ਾਰਸ਼ ਕੀਤੇ ਜਾਣ ਦੀ ਹਦਾਇਤ ਕੀਤੀ ਹੈ।
                         ਸਮਾਜੀ ਨਿਘਾਰ ਨੇ ਡਾਕਟਰ ਵਿਗਾੜੇ : ਐਸੋਸੀਏਸ਼ਨ
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੰਗਠਨ ਸਕੱਤਰ ਡਾ. ਇੰਦਰਬੀਰ ਸਿੰਘ ਦਾ ਪ੍ਰਤੀਕਰਮ ਸੀ ਕਿ ਸਮਾਜ ਦੀਆਂ ਕਦਰਾਂ ਕੀਮਤਾਂ ਦੇ ਨਿਘਾਰ ਨੇ ਡਾਕਟਰਾਂ ’ਚ ਵਿਗਾੜ ਪੈਦਾ ਕੀਤੇ ਹਨ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਗ਼ਲਤ ਡਾਕਟਰਾਂ ਦਾ ਸਾਥ ਬਿਲਕੁਲ ਨਹੀਂ ਦਿੰਦੀ ਹੈ। ਸਰਕਾਰ ਜ਼ਿਆਦਾ ਮੈਡੀਸਨ ਮੁਹੱਈਆ ਕਰਾ ਕੇ ਇਸ ਪ੍ਰੈਕਟਿਸ ਨੂੰ ਕੰਟਰੋਲ ਕਰ ਸਕਦੀ ਹੈ ਪ੍ਰੰਤੂ ਡੰਡਾ ਕਿਸੇ ਮਸਲੇ ਦਾ ਹੱਲ ਨਹੀਂ ਹੈ।
                                 ਦਵਾਈਆਂ ਅੰਦਰਲੇ ਸਟੋਰਾਂ ’ਤੇ ਉਪਲਬਧ : ਡਾਇਰੈਕਟਰ
ਸਿਹਤ ਵਿਭਾਗ ਦੀ ਡਾਇਰੈਕਟਰ ਡਾ.ਜਸਪਾਲ ਸਿੰਘ ਦਾ ਪ੍ਰਤੀਕਰਮ ਸੀ ਕਿ ਸਿਵਲ ਸਰਜਨਾਂ ਤੋਂ ਪ੍ਰਾਪਤ ਹੋਣ ਵਾਲੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਤਰਫ਼ੋਂ ਆਮ ਵਰਤੋਂ ਵਾਲੀਆਂ 266 ਦਵਾਈਆਂ ਹਸਪਤਾਲਾਂ ਨੂੰ ਉਪਲਬਧ ਕਰਾਈਆਂ ਗਈਆਂ ਹਨ ਤਾਂ ਜੋ ਮਰੀਜ਼ਾਂ ਨੂੰ ਬਾਹਰੀ ਸਟੋਰਾਂ ਤੇ ਜਾਣਾ ਹੀ ਨਾ ਪਵੇ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੂੰ ਪਰਚੀ ਤੇ ਸਿਰਫ਼ ਸਾਲਟ ਨੇਮ ਲਿਖਣਾ ਚਾਹੀਦਾ ਹੈ, ਨਾ ਕਿ ਬਰਾਂਡ ਨੇਮ।


Tuesday, June 30, 2015

                                    ਸਿਆਸੀ ਪਹੁੰਚ
                ਡਾਕਟਰਾਂ ਨੇ ਲਾਏ ਚੰਡੀਗੜ ਡੇਰੇ
                                    ਚਰਨਜੀਤ ਭੁੱਲਰ
ਬਠਿੰਡਾ  :  ਪੰਜਾਬ ਦੇ ਕਰੀਬ ਚਾਰ ਦਰਜਨ ਵੀ.ਆਈ.ਪੀ ਡਾਕਟਰ ਵਰਿ•ਆਂ ਤੋਂ ਚੰਡੀਗੜ• ਵਿਚ ਡੇਰੇ ਜਮਾਈ ਬੈਠੇ ਹਨ ਜਦੋਂ ਕਿ ਪੰਜਾਬ ਵਿਚ ਲੋਕ ਇਲਾਜ ਬਿਨ•ਾਂ ਤੜਫ ਰਹੇ ਹਨ। ਇਕੱਲੇ ਡਾਕਟਰਾਂ ਦਾ ਨਹੀਂ ਬਲਕਿ ਫਰਮਾਸਿਸਟਾਂ ਤੇ ਨਰਸਾਂ ਦਾ ਵੀ ਰਾਜਧਾਨੀ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਹੈ। ਇਵੇਂ ਹੀ ਕਈ ਡਾਕਟਰ ਦਿੱਲੀ ਵਿਚ ਡੈਪੂਟੇਸ਼ਨ ਤੇ ਬੈਠੇ ਹਨ। ਇਨ•ਾਂ ਚੋਂ ਬਹੁਤੇ ਡਾਕਟਰ ਉਚ ਅਫਸਰਾਂ ਤੇ ਸਿਆਸਤਦਾਨਾਂ ਦੇ ਰਿਸ਼ਤੇਦਾਰ ਹਨ। ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਪੁਨਰਗਠਨ ਐਕਟ 1966 ਅਨੁਸਾਰ ਚੰਡੀਗੜ• (ਯੂ.ਪੀ) ਵਿਚ ਪੰਜਾਬ ਚੋਂ 60 ਫੀਸਦੀ ਅਤੇ ਹਰਿਆਣਾ ਚੋਂ 40 ਫੀਸਦੀ ਡਾਕਟਰ ਤੇ ਹੋਰ ਸਟਾਫ ਡੈਪੂਟੇਸ਼ਨ ਤੇ ਲਿਆ ਜਾਂਦਾ ਹੈ। ਨਿਯਮਾਂ ਅਨੁਸਾਰ ਇੱਕ ਡਾਕਟਰ ਵੱਧ ਤੋਂ ਵੱਧ ਪੰਜ ਸਾਲ ਡੈਪੂਟੇਸ਼ਨ ਤੇ ਰਹਿ ਸਕਦਾ ਹੈ ਪ੍ਰੰਤੂ ਚੰਡੀਗੜ• ਵਿਚ ਡਾਕਟਰ 25–25 ਸਾਲ ਤੋਂ ਵੀ ਡੈਪੂਟੇਸ਼ਨ ਤੇ ਹਨ। ਸਰਕਾਰੀ ਵੇਰਵਿਆਂ ਅਨੁਸਾਰ ਚੰਡੀਗੜ• ਵਿਚ ਪੰਜਾਬ ਤੋਂ 70 ਦੇ ਕਰੀਬ ਡਾਕਟਰ ਡੈਪੂਟੇਸ਼ਨ ਹਨ ਜਿਨ•ਾਂ ਚੋਂ 46 ਡਾਕਟਰਾਂ ਓਵਰ ਸਟੇਅ ਵਾਲੇ ਹਨ। ਪੰਜਾਬ ਦੇ 19 ਅਜਿਹੇ ਵੀ.ਆਈ.ਪੀ ਡਾਕਟਰ ਹਨ ਜੋ 20 ਵਰਿ•ਆਂ ਤੋਂ ਜਿਆਦਾ ਸਮੇਂ ਤੋਂ ਚੰਡੀਗੜ• ਵਿਚ ਡੈਪੂਟੇਸ਼ਨ ਤੇ ਬੈਠੇ ਹਨ। ਪੰਜਾਬ ਦੀ ਡਾ. ਵਿਮਲਾ ਅਗਰਵਾਲ 2 ਜੁਲਾਈ 1983 ਤੋਂ ਅਤੇ ਡਾ.ਪਰਮਜੀਤ ਸਿੰਘ 18 ਨਵੰਬਰ 1983 ਤੋਂ ਚੰਡੀਗੜ• ਵਿਚ ਡੈਪੂਟੇਸ਼ਨ ਤੇ ਹਨ। ਕਈ ਡਾਕਟਰ ਤਰੱਕੀ ਮਗਰੋਂ ਵੀ ਰਾਜਧਾਨੀ ਵਿਚ ਹੀ ਹਨ।
                      ਵੇਰਵਿਆਂ ਅਨੁਸਾਰ ਸਿਰਫ 34 ਡਾਕਟਰ ਹੀ ਅਜਿਹੇ ਹਨ ਜਿਨ•ਾਂ ਦਾ ਡੈਪੂਟੇਸ਼ਨ ਸਾਲ 2011 ਤੋਂ ਮਗਰੋਂ ਹੋਇਆ ਹੈ।  ਇਵੇਂ ਹੀ ਚੰਡੀਗੜ• ਵਿਚ ਪੰਜਾਬ ਦੇ 26 ਫਰਮਾਸਿਸਟ ਹਨ ਜਿਨ•ਾਂ ਦੀ ਓਵਰ ਸਟੇਅ ਹੈ। ਇਨ•ਾਂ ਚੋਂ ਪੰਜ ਫਰਮਾਸਿਸਟ ਤਾਂ 28 ਵਰਿ•ਆਂ ਤੋਂ ਰਾਜਧਾਨੀ ਵਿਚ ਬੈਠੇ ਹਨ। ਚੰਦਰ ਪ੍ਰਭਾ ਫਰਮਾਸਿਸਟ ਦਾ 1 ਫਰਵਰੀ 1982 ਨੂੰ ਅਤੇ ਦਿਨੇਸ਼ ਸ਼ਰਮਾ ਦਾ 20 ਅਪਰੈਲ 1983 ਨੂੰ ਚੰਡੀਗੜ• ਵਿਚ ਡੈਪੂਟੇਸ਼ਨ ਹੋਇਆ ਸੀ। ਤਕਰੀਬਨ ਫਰਮਾਸਿਸਟ 10 ਵਰਿ•ਆਂ ਤੋਂ ਜਿਆਦਾ ਸਟੇਅ ਵਾਲੇ ਹਨ। ਇਵੇਂ ਹੀ ਚੰਡੀਗੜ• ਵਿਚ 15 ਸਟਾਫ ਨਰਸਾਂ ਡੈਪੂਟੇਸ਼ਨ ਤੇ ਹਨ ਜਿਨ•ਾਂ ਦੀ ਓਵਰ ਸਟੇਅ ਹੈ। ਛੇ ਸਟਾਫ ਨਰਸਾਂ ਦਾ ਡੈਪੂਟੇਸ਼ਨ 25 ਵਰਿ•ਆਂ ਤੋਂ ਚੱਲ ਰਿਹਾ ਹੈ। ਸਟਾਫ ਨਰਸ ਸੁਮਨ ਦਾ 3 ਫਰਵਰੀ 1982 ਨੂੰ ਅਤੇ ਸੁਦੇਸ਼ ਮਹਿਤਾ ਦਾ 25 ਜੁਲਾਈ 1984 ਨੂੰ ਰਾਜਧਾਨੀ ਵਿਚ ਡੈਪੂਟੇਸ਼ਨ ਹੋਇਆ ਸੀ। ਸੂਤਰ ਦੱਸਦੇ ਹਨ ਕਿ ਕਈ ਡਾਕਟਰਾਂ ਤੇ ਫਰਮਾਸਿਸਟਾਂ ਦੀ ਤਾਂ ਸੇਵਾ ਮੁਕਤੀ ਵੀ ਨੇੜੇ ਹੀ ਹੈ। ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦਾ ਕਹਿਣਾ ਸੀ ਕਿ ਚੰਡੀਗੜ• ਵਿਚ ਦਹਾਕਿਆਂ ਤੋਂ ਬੈਠਣ ਵਾਲੇ ਡਾਕਟਰ ਸਿਆਸਤਦਾਨਾਂ ਅਤੇ ਅਫਸਰਾਂ ਦੇ ਧੀਆਂ ਪੁੱਤ ਤੇ ਰਿਸ਼ਤੇਦਾਰ ਹਨ। ਉਨ•ਾਂ ਦੱਸਿਆ ਕਿ ਉਨ•ਾਂ ਨੇ ਆਪਣੇ ਸਮੇਂ ਵਿਚ ਇਨ•ਾਂ ਨੂੰ ਵਾਪਸ ਬੁਲਾਉਣ ਦਾ ਉਪਰਾਲਾ ਕੀਤਾ ਸੀ ਪ੍ਰੰਤੂ ਉਸ ਵੇਲੇ ਮੁੱਖ ਮੰਤਰੀ ਪੰਜਾਬ ਇਨ•ਾਂ ਦੀ ਪਿੱਠ ਤੇ ਆ ਗਏ ਸਨ।
                      ਸਰਕਾਰੀ ਸੂਚਨਾ ਅਨੁਸਾਰ ਫਿਰੋਜਪੁਰ ਦੇ ਮਮਦੋਟ ਤੋਂ ਡਾ. ਸੁਨੀਤਪਾਲ ਕੌਰ ਕਰੀਬ ਅੱਠ ਵਰਿ•ਆਂ ਤੋਂ ਪੰਜਾਬ ਭਵਨ ਨਵੀਂ ਦਿੱਲੀ ਵਿਖੇ ਡੈਪੂਟੇਸ਼ਨ ਤੇ ਹੈ। ਰੋਪੜ ਅਤੇ ਰਾਜਪੁਰਾ ਦੇ ਦੋ ਡਾਕਟਰ ਵੀ ਦਿੱਲੀ ਵਿਖੇ ਡੈਪੂਟੇਸ਼ਨ ਤੇ ਹਨ। ਪਟਿਆਲਾ ਲਾਗਲੇ ਇੱਕ ਪਿੰਡ ਦਾ ਫਰਮਾਸਿਸਟ ਵੀ ਦਿੱਲੀ ਵਿਖੇ ਹੀ ਹੈ। ਚੰਡੀਗੜ• ਵਿਖੇ ਐਮ.ਐਲ.ਏ ਹੋਸਟਲ ਦੀ ਡਿਸਪੈਂਸਰੀ ਵਿਚ ਡਾਕਟਰਾਂ ਸਮੇਤ 7 ਮੁਲਾਜ਼ਮ ਡੈਪੂਟੇਸ਼ਨ ਤੇ ਹਨ। ਹੁਸ਼ਿਆਰਪੁਰ ਦੇ ਪਿੰਡ ਹਾਰਟਾ ਬਾਡਲ ਦਾ ਇੱਕ ਮੁਲਾਜ਼ਮ ਇੱਥੇ ਡੈਪੂਟੇਸ਼ਨ ਤੇ ਹੈ। ਐਸ.ਐਮ.ਓ ਦਫਤਰ ਡੇਰਾ ਬੱਸੀ ਵਿਚ ਕਰੀਬ 16 ਮੁਲਾਜ਼ਮ ਸਮੇਤ ਡਾਕਟਰ ਡੈਪੂਟੇਸ਼ਨ ਤੇ ਹਨ। ਸਿਹਤ ਮੰਤਰੀ ਪੰਜਾਬ ਦੇ ਹਲਕਾ ਫਾਜਿਲਕਾ ਦੇ ਪਿੰਡ ਡਬਵਾਲਾ ਕਲਾਂ ਦੇ ਦੋ ਡਾਕਟਰਾਂ ਸਮੇਤ ਅੱਠ ਮੁਲਾਜ਼ਮ ਅਬੋਹਰ ਤੇ ਫਾਜਿਲਕਾ ਵਿਚ ਡੈਪੂਟੇਸ਼ਨ ਤੇ ਹਨ। ਫਾਜਿਲਕਾ ਤੋਂ ਇੱਕ ਡਾਕਟਰ ਖਰੜ ਵਿਖੇ 23 ਅਗਸਤ 2014 ਤੋਂ ਡੈਪੂਟੇਸ਼ਨ ਤੇ ਹੈ ਡੈਪੂਟੇਸ਼ਨ ਤੇ ਇਹ ਇਕੱਲੇ ਵੀ.ਆਈ.ਪੀ ਲੋਕ ਹਨ ਜਿਨ•ਾਂ ਦੀ ਡੈਪੂਟੇਸ਼ਨ ਵਿਚ ਤਿੰਨ ਤਿੰਨ ਵਰਿ•ਆਂ ਮਗਰੋਂ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਪੇਂਡੂ ਖੇਤਰਾਂ ਵਿਚ ਡਾਕਟਰਾਂ ਦੀ ਵੱਡੀ ਕਮੀ ਹੈ। ਪੰਜਾਬ ਤੇ ਆਈ.ਏ.ਐਸ ਅਤੇ ਆਈ.ਪੀ.ਐਸ ਅਫਸਰਾਂ ਦੇ ਰਿਸ਼ਤੇਦਾਰ ਜਿਆਦਾ ਡੈਪੂਟੇਸ਼ਨ ਤੇ ਚੰਡੀਗੜ• ਵਿਚ ਹਨ।                                                                                                                                                              ਚੰਡੀਗੜ• (ਯੂ.ਟੀ) ਦੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਵਿਨੋਦ ਕੁਮਾਰ ਗਗਨੇਜਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਓਵਰ ਸਟੇਅ ਵਾਲੇ ਡਾਕਟਰ ਵਾਪਸ ਬੁਲਾਉਣ ਵਾਸਤੇ ਯੂ.ਟੀ ਪ੍ਰਸ਼ਾਸਨ ਨੂੰ ਨਹੀਂ ਲਿਖਿਆ ਹੈ। ਉਨ•ਾਂ ਦੱਸਿਆ ਕਿ ਡੈਪੂਟੇਸ਼ਨ ਦੀ ਮਿਆਦ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਡੈਪੂਟੇਸ਼ਨ ਦੀ ਮਿਆਦ ਦੀ ਕੋਈ ਸਮਾਂ ਸੀਮਾ ਨਹੀਂ ਹੈ। ਸਿਹਤ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਸੀ ਕਿ ਡਾਕਟਰ ਤਾਂ ਚੰਡੀਗੜ• ਯੂ.ਟੀ ਨੂੰ ਵੀ ਦੇਣੇ ਪੈਂਦੇ ਹਨ ਅਤੇ ਡੈਪੂਟੇਸ਼ਨ ਤੇ ਬੈਠੇ ਡਾਕਟਰਾਂ ਦੀ ਕੋਈ ਸ਼ਿਕਾਇਤ ਨਾ ਹੋਣ ਕਰਕੇ ਮਿਆਦ ਵਧਾਈ ਜਾ ਰਹੀ ਹੈ। ਉਨ•ਾਂ ਆਖਿਆ ਕਿ ਡੈਪੂਟੇਸ਼ਨ ਦੀ ਸਮਾਂ ਸੀਮਾ ਸਬੰਧੀ ਤਾਂ ਪਾਲਿਸੀ ਬਦਲਦੀ ਹੀ ਰਹਿੰਦੀ ਹੈ।