Showing posts with label tourism. Show all posts
Showing posts with label tourism. Show all posts

Friday, March 7, 2025

                                                             ਹਰੀ ਝੰਡੀ
                                    ਨਹਿਰਾਂ ’ਚ ਚੱਲਣਗੇ ‘ਕਰੂਜ਼’
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੀਆਂ ਨਹਿਰਾਂ ’ਚ ਹੁਣ ‘ਕਰੂਜ਼’ ਚੱਲਣਗੇ ਤਾਂ ਜੋ ਸੈਰ ਸਪਾਟੇ ਨੂੰ ਹੁਲਾਰਾ ਦਿੱਤਾ ਜਾ ਸਕੇ। ਕਈ ਨਹਿਰਾਂ ’ਚ ਬੋਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਕਰੀਬ ਦਰਜਨ ਨਹਿਰਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ’ਚ ਬੋਟਿੰਗ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਮਹਿਕਮੇ ਨੂੰ ਸੈਰ ਸਪਾਟੇ ਦੇ ਪੁਆਇੰਟ ਵਿਕਸਤ ਕਰਨ ਲਈ ਹਰੀ ਝੰਡੀ ਦਿੱਤੀ ਸੀ। ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜਿੱਥੇ ਲੋਕਾਂ ਨੂੰ ਆਪਣੇ ਪਿੰਡਾਂ ਸ਼ਹਿਰਾਂ ਦੇ ਨੇੜੇ ਹੀ ਬੋਟਿੰਗ ਦੇ ਮੌਕੇ ਮਿਲ ਸਕਣਗੇ, ਉੱਥੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਇਸ ਤੋਂ ਲਾਹਾ ਮਿਲੇਗਾ। ਜਲ ਸਰੋਤ ਮਹਿਕਮੇ ਵੱਲੋਂ 11 ਨਹਿਰਾਂ ’ਚ ਬੋਟਿੰਗ/ਕਰੂਜ਼ ਚਲਾਏ ਜਾਣ ਦੇ ਟੈਂਡਰ ਕੀਤੇ ਗਏ ਸਨ ਜਿਨ੍ਹਾਂ ’ਚੋਂ ਤਿੰਨ ਥਾਵਾਂ ’ਤੇ ਬੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। 

       ਦੋਰਾਹਾ ਲਾਗੇ ਕੰਬਾਈਂਡ ਬਰਾਂਚ, ਜਿੱਥੋਂ ਅਬੋਹਰ ਤੇ ਬਠਿੰਡਾ ਬਰਾਂਚ ਨਿਕਲਦੀ ਹੈ, ’ਚ ਕਰੂਜ਼ ਚੱਲੇਗਾ ਜੋ ਕਰੀਬ 30 ਸੀਟਾਂ ਦਾ ਹੋਵੇਗਾ। ਮਹਿਕਮੇ ਤਰਫ਼ੋਂ ਇਸ ਦਾ ਟੈਂਡਰ ਮੁਕੰਮਲ ਕਰ ਲਿਆ ਗਿਆ ਹੈ ਅਤੇ ਪ੍ਰਾਈਵੇਟ ਕੰਪਨੀ ਨੇ ਕਿਸ਼ਤੀਆਂ ਤੇ ਕਰੂਜ਼ ਦਾ ਆਰਡਰ ਦੇ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਤਲਵਾੜਾ ਨੇੜੇ ਸ਼ਾਹ ਨਹਿਰ ਬੈਰਾਜ ’ਚ ਬੋਟਿੰਗ ਸ਼ੁਰੂ ਹੋ ਗਈ ਹੈ ਅਤੇ ਇਸੇ ਤਰ੍ਹਾਂ ਸੰਗਰੂਰ ਦੇ ਨਦਾਮਪੁਰ ਲਾਗੇ ਘੱਗਰ ਬਰਾਂਚ ’ਚ ਬੋਟਿੰਗ ਸ਼ੁਰੂ ਹੋ ਚੁੱਕੀ ਹੈ। ਨਿਦਾਮਪੁਰ ਪ੍ਰਾਜੈਕਟ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਦੋ ਮੈਂਬਰਾਂ ਤੋਂ 400 ਰੁਪਏ ਵਸੂਲਦੇ ਹਨ ਅਤੇ ਇੱਕ ਕਿਲੋਮੀਟਰ ਦੀ 10 ਮਿੰਟ ਤੱਕ ਦੀ ਬੋਟਿੰਗ ਕਰਾਉਂਦੇ ਹਨ। ਪ੍ਰੀ-ਵੈਡਿੰਗ ਸ਼ੂਟ ਲਈ ਵੱਖਰੇ ਚਾਰਜਿਜ਼ ਲਏ ਜਾਂਦੇ ਹਨ। ਇਸ ਪ੍ਰਾਜੈਕਟ ਤੋਂ ਸਰਕਾਰ ਨੂੰ ਆਮਦਨ ਹੋਵੇਗੀ।

       ਰੋਪੜ ਹੈੱਡ ਵਰਕਸ ’ਤੇ ਵੀ ਬੋਟਿੰਗ ਸ਼ੁਰੂ ਕਰਨ ਦੇ ਟੈਂਡਰ ਹੋ ਚੁੱਕੇ ਹਨ। ਰੋਪੜ ਹੈੱਡ ਵਰਕਸ ਦੇ ਬੋਟਿੰਗ ਪ੍ਰਾਜੈਕਟ ਤੋਂ ਸਰਕਾਰ ਨੂੰ 10,77,777 ਰੁਪਏ ਸਾਲਾਨਾ ਆਮਦਨ ਹੋਵੇਗੀ ਅਤੇ ਹਰ ਸਾਲ 10 ਫ਼ੀਸਦੀ ਦਾ ਵਾਧਾ ਹੋਵੇਗਾ। ਇਸੇ ਤਰ੍ਹਾਂ ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ਵਿੱਚ ਬੋਟਿੰਗ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਹਫ਼ਤੇ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ ਪ੍ਰਾਜੈਕਟ ਤੋਂ ਮਾਲੀਆ ਹਾਸਲ ਹੋਵੇਗਾ ਤੇ ਲੋਕਾਂ ਨੂੰ ਮਨੋਰੰਜਨ ਲਈ ਘਰ ਦੇ ਨੇੜੇ ਸੈਰ-ਸਪਾਟੇ ਵਾਲੀ ਥਾਂ ਮਿਲ ਜਾਵੇਗੀ। ਬਹੁਤੇ ਪ੍ਰਾਜੈਕਟਾਂ ਦੇ ਸਮਝੌਤੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਨੇ ਇਸ ’ਚ ਕਾਫ਼ੀ ਦਿਲਚਸਪੀ ਦਿਖਾਈ ਹੈ।

                                   ਰੈਸਟ ਹਾਊਸਾਂ ’ਚ ਖੋਲ੍ਹੇ ਜਾ ਰਹੇ ਨੇ ਕੈਫੇਟੇਰੀਆ

ਨਹਿਰ ਮਹਿਕਮੇ ਵੱਲੋਂ ਪੁਰਾਣੀਆਂ ਥਾਵਾਂ ’ਤੇ ਕੈਫੇਟੇਰੀਆ ਵੀ ਖੋਲ੍ਹੇ ਜਾ ਰਹੇ ਹਨ। ਰੋਪੜ ਹੈੱਡਵਰਕਸ ਅਤੇ ਹੁਸ਼ਿਆਰਪੁਰ ਵਿੱਚ ਕੈਫ਼ੇ ਖੋਲ੍ਹੇ ਜਾ ਰਹੇ ਹਨ ਜਦਕਿ ਹੁਸੈਨੀਵਾਲਾ ਰੈਸਟ ਹਾਊਸ ਨੂੰ ਵੀ (ਹਰ ਸਾਲ 10 ਫ਼ੀਸਦੀ ਦਾ ਵਾਧਾ) ਕਿਰਾਏ ’ਤੇ ਦਿੱਤਾ ਗਿਆ ਹੈ। ਲਹਿਲ ਰੈਸਟ ਹਾਊਸ ਨੂੰ ਫਿਸ਼ ਫਾਰਮਿੰਗ ਲਈ ਸੱਤ ਸਾਲ ਲਈ ਲੀਜ਼ ’ਤੇ ਦਿੱਤਾ ਗਿਆ ਹੈ।

Saturday, March 12, 2016

                                   ਹਕੀਕਤ 
   ਸਾਢੇ ਚਾਰ ਕਰੋੜ ਵਿਚ ਖਰੀਦੀ ਜਲ ਬੱਸ
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਜਲ ਬੱਸ ਸਾਢੇ ਚਾਰ ਕਰੋੜ ਵਿਚ ਪਏਗੀ ਜਿਸ ਨੂੰ ਮਈ ਮਹੀਨੇ ਵਿਚ ਹਰੀਕੇ ਪੱਤਣ ਵਿਖੇ ਚਲਾਇਆ ਜਾਣਾ ਹੈ। ਕੇਂਦਰੀ ਵਾਤਾਵਰਣ ਮੰਤਰਾਲੇ ਨੇ ਹਰੀਕੇ ਰੱਖ ਵਿਖੇ ਜਲ ਬੱਸ ਚਲਾਏ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਚੋਣਾਂ ਤੋਂ ਪਹਿਲਾਂ ਪਹਿਲਾਂ ਜਲ ਬੱਸ ਪੰਜਾਬ ਦੇ ਲੋਕਾਂ ਨੂੰ ਚਲਾ ਕੇ ਦਿਖਾਉਣਾ ਚਾਹੁੰਦੀ ਹੈ। ਸੈਰਸਪਾਟਾ ਵਿਭਾਗ ਪੰਜਾਬ ਨੇ ਵਿਦੇਸ਼ੀ ਕੰਪਨੀ ਤੋਂ ਜਲ ਬੱਸ ਖਰੀਦ ਲਈ ਹੈ ਜਿਸ ਦੀ ਹੁਣ ਵਿਦੇਸ਼ ਵਿਚ ਬਾਡੀ ਲੱਗ ਰਹੀ ਹੈ। ਸੋਸ਼ਲ ਮੀਡੀਆ ਤੇ ਜਲ ਬੱਸਾਂ ਚਲਾਉਣ ਦੇ ਐਲਾਨ ਤੇ ਹੱਸਣ ਵਾਲਿਆਂ ਨੂੰ ਹੁਣ ਸਰਕਾਰ ਜਲਦੀ ਜੁਆਬ ਦੇਵੇਗੀ। ਸਵੀਡਸ਼ ਆਟੋਮੋਟਿਵ ਕੰਪਨੀ ਸਕੈਨੀਆਂ ਵਲੋਂ ਇਹ ਜਲ ਬੱਸ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਹ ਜਲ ਬੱਸ ਪੰਜਾਬ ਪੁੱਜ ਜਾਵੇਗੀ।ਪੰਜਾਬ ਵਿਰਾਸਤ ਤੇ ਸੈਰ ਸਪਾਟਾ ਪ੍ਰੋਤਸ਼ਾਹਨ ਬੋਰਡ ਵਲੋਂ ਜਲ ਬੱਸ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਦਸੰਬਰ ਮਹੀਨੇ ਵਿਚ ਇਸ ਦੇ ਟੈਂਡਰ ਲਗਾਏ ਗਏ ਸਨ। ਵਿਦੇਸ਼ੀ ਤਰਜ਼ ਤੇ ਹੁਣ ਜਲਦੀ ਹੀ ਹਰੀਕੇ ਰੱਖ ਵਿਖੇ ਜਲ ਬੱਸ ਚੱਲਦੀ ਨਜ਼ਰ ਆਵੇਗੀ। ਹਰੀਕੇ ਪੱਤਣ ਵਿਖੇ ਕਰੀਬ ਡੇਢ ਤੋਂ ਦੋ ਕਿਲੋਮੀਟਰ ਦਾ ਰਸਤਾ ਪਾਣੀ ਵਿਚ ਇਹ ਬੱਸ ਤੈਅ ਕਰੇਗੀ। ਜਲ ਬੱਸ ਦੀ ਇਹ ਖੂਬੀ ਹੋਵੇਗੀ ਕਿ ਇਹ ਪਾਣੀ ਅਤੇ ਧਰਤੀ ਦੋਵਾਂ ਥਾਵਾਂ ਤੇ ਹੀ ਚੱਲ ਸਕੇਗੀ।
                    ਵਿਦੇਸ਼ੀ ਸੈਲਾਨੀਆਂ ਨੂੰ ਖਿੱਚਣ ਵਾਸਤੇ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਕੇਂਦਰੀ ਵਾਤਾਵਰਣ ਮੰਤਰਾਲੇ ਦੇ ਇਤਰਾਜ਼ਾਂ ਤੋਂ ਇਸ ਜਲ ਬੱਸ ਦਾ ਬਚਾਓ ਹੋ ਗਿਆ ਹੈ। ਪੰਜਾਬ ਦੇ ਚੀਫ਼ ਵਾਈਲਡ ਲਾਈਫ ਵਾਰਡਨ ਸ੍ਰੀ ਧਰੇਂਦਰਾ ਸਿੰਘ ਨੇ ਦੱਸਿਆ ਕਿ ਜਲ ਬੱਸ ਦੇ ਪ੍ਰੋਜੈਕਟ ਨੂੰ ਵਾਤਾਵਰਣ ਕਲੀਅਰੈਂਸ ਦੇ ਦਿੱਤੀ ਗਈ ਹੈ।ਉਨ•ਾਂ ਦੱਸਿਆ ਕਿ ਹਰੀਕੇ ਰੱਖ ਦਾ ਕੁਦਰਤੀ ਢਾਂਚਾ ਇਸ ਜਲ ਬੱਸ ਨਾਲ ਪ੍ਰਭਾਵਿਤ ਨਹੀਂ ਹੋਵੇਗਾ। ਦੂਸਰੀ ਤਰਫ਼ ਚਰਚੇ ਚੱਲ ਰਹੇ ਹਨ ਕਿ ਜਲ ਬੱਸ ਦੇ ਚੱਲਣ ਨਾਲ ਇਥੇ ਆਉਣ ਵਾਲੇ ਪ੍ਰਵਾਸੀ ਪੰਛੀ ਪ੍ਰਭਾਵਿਤ ਹੋਣਗੇ। ਜਾਣਕਾਰੀ ਅਨੁਸਾਰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ) ਤਰਫ਼ੋਂ ਜਲ ਬੱਸ ਪ੍ਰੋਜੈਕਟ ਦਾ ਕੁੱਲ ਖਰਚਾ ਚੁੱਕਿਆ ਜਾਣਾ ਹੈ। ਪੀ.ਆਈ.ਡੀ.ਬੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਏ.ਵੇਨੂੰ ਪ੍ਰਸ਼ਾਦ ਨੇ ਦੱਸਿਆ ਕਿ ਪੀ.ਆਈ.ਡੀ.ਬੀ ਤਰਫ਼ੋਂ ਹੁਣ ਤੱਕ ਜਲ ਬੱਸ ਪ੍ਰੋਜੈਕਟ ਲਈ ਦੋ ਕਰੋੜ ਰੁਪਏ ਦਾ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਅਗਰ ਸਰਕਾਰ ਹੋਰ ਫੰਡ ਮੰਗੇਗੀ ਤਾਂ ਹੋਰ ਫੰਡ ਵੀ ਮੁਹੱਈਆ ਕਰਾਏ ਜਾਣਗੇ। ਉਨ•ਾਂ ਆਖਿਆ ਕਿ ਪ੍ਰੋਜੈਕਟ ਦੀ ਕੁੱਲ ਲਾਗਤ ਵਾਰੇ ਕੋਈ ਜਾਣਕਾਰੀ ਨਹੀਂ ਹੈ।ਵੇਰਵਿਆਂ ਅਨੁਸਾਰ ਇਸ ਜਲ ਬੱਸ ਦੀ ਸਮਰੱਥਾ ਕਰੀਬ 60 ਸੈਲਾਨੀਆਂ ਦੀ ਹੋਵੇਗੀ ਅਤੇ 10 ਬੱਸਾਂ ਵੀ ਬੱਸ ਵਿਚ ਬੈਠ ਸਕਣਗੇ। ਜਲ ਬੱਸ ਪ੍ਰੋਜੈਕਟ ਵਿਚ ਸੁਰੱਖਿਆ ਦਾ ਮੁੱਖ ਧਿਆਨ ਰੱਖਿਆ ਗਿਆ ਹੈ।
                  ਉਧਰ ਕੇਂਦਰ ਸਰਕਾਰ ਨੇ ਜਲ ਟਰਾਂਸਪੋਰਟ ਲਈ ਇੰਦਰਾ ਗਾਂਧੀ ਨਹਿਰ ਦੀ ਚੋਣ ਕੀਤੀ ਹੋਈ ਹੈ। ਸੈਰਸਪਾਟਾ ਵਿਭਾਗ ਦੇ ਡਾਇਰੈਕਟਰ ਸ੍ਰੀ ਨਵਜੋਤਪਾਲ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਇੱਕ ਜਲ ਬੱਸ ਤੇ ਕਰੀਬ ਚਾਰ ਤੋਂ ਪੰਜ ਕਰੋੜ ਰੁਪਏ ਖਰਚਾ ਆਵੇਗਾ ਅਤੇ ਇਸ ਵੇਲੇ ਬੱਸ ਦੀ ਵਿਦੇਸ਼ ਵਿਚ ਬਾਡੀ ਲੱਗ ਰਹੀ ਹੈ। ਉਨ•ਾਂ ਦੱਸਿਆ ਕਿ ਜਲ ਬੱਸ ਪ੍ਰੋਜੈਕਟ ਲਈ ਲੋੜੀਂਦੀ ਹਰ ਪ੍ਰਵਾਨਗੀ ਲੈ ਲਈ ਗਈ ਹੈ। ਉਨ•ਾਂ ਆਖਿਆ ਕਿ ਪ੍ਰੋਜੈਕਟ ਦਾ ਪੂਰੀ ਲਾਗਤ ਵਾਰੇ ਰਿਕਾਰਡ ਵੇਖ ਕੇ ਹੀ ਦੱਸਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਉਪ ਮੁੱਖ ਮੰੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਇਸ ਪ੍ਰੋਜੈਕਟ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ ਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਹਰੀਕੇ ਰੱਖ ਨੂੰ ਚਾਰ ਵਰਿ•ਆਂ ਵਿਚ ਕੋਈ ਕੇਂਦਰੀ ਫੰਡ ਨਹੀਂ ਦਿੱਤਾ ਹੈ ਜਦੋਂ ਕਿ 23 ਸੂਬਿਆਂ ਦੀਆਂ 93 ਰੱਖਾਂ ਚੋਂ 87 ਰੱਖਾਂ ਨੂੰ ਲਗਾਤਾਰ ਕੇਂਦਰੀ ਫੰਡ ਦਿੱਤੇ ਜਾ ਰਹੇ ਹਨ। ਪੰਜਾਬ ਤੋਂ ਬਿਨ•ਾਂ ਹਰਿਆਣਾ ਦੀ ਇੱਕ,ਆਂਧਰਾ ਪ੍ਰਦੇਸ਼ ਦੀਆਂ ਦੋ ਰੱਖਾਂ ,ਚੰਡੀਗੜ• ਦੀ ਇੱਕ ਅਤੇ ਬਿਹਾਰ ਦੀਆਂ ਦੋ ਰੱਖਾਂ ਨੂੰ ਕੋਈ ਫੰਡ ਨਹੀਂ ਦਿੱਤਾ ਗਿਆ ਹੈ। ਜ਼ਿਲ•ਾ ਜੰਗਲਾਤ ਅਫਸਰ (ਵਾਈਲਡ ਲਾਈਫ਼) ਫਿਰੋਜ਼ਪੁਰ ਚਰਨਜੀਤ ਸਿੰਘ ਦਾ ਕਹਿਣਾ ਸੀ ਕਿ ਕੇਂਦਰੀ ਫੰਡ ਤਾਂ ਪ੍ਰਾਪਤ ਨਹੀਂ ਹੋਏ ਹਨ ਪ੍ਰੰਤੂ ਪੰਜਾਬ ਸਰਕਾਰ ਤੋਂ ਰੈਗੂਲਰ ਫੰਡ ਪ੍ਰਾਪਤ ਹੋ ਰਹੇ ਹਨ।
                                     ਵੱਖਰੇ ਪ੍ਰੋਜੈਕਟ ਲਈ 7.5 ਕਰੋੜ ਦੇਵੇਗਾ ਏਸ਼ੀਅਨ ਬੈਂਕ
ਹਰੀਕੇ ਰੱਖ ਲਈ ਹੁਣ ਕਰਜ਼ਾ ਚੁੱਕ ਕੇ 7.5 ਕਰੋੜ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਜੋ ਸੈਰਸਪਾਟਾ ਵਿਭਾਗ ਦੇ ਪ੍ਰੋਜੈਕਟ ਤੋਂ ਵੱਖਰਾ ਹੈ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਡੀ.ਪੀ. ਐਸ. ਖਰਬੰਦਾ ਨੇ ਦੱਸਿਆ ਕਿ ਏਸ਼ੀਅਨ ਡਿਵੈਲਮੈਂਟ ਬੈਂਕ ਦੇ ਫੰਡਾਂ ਨਾਲ ਹਰੀਕੇ ਰੱਖ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ ਜਿਸ ਦੇ ਤਹਿਤ ਵਾਚ ਟਾਵਰ, ਮਿਊਜੀਅਮ, ਰਿਸੈਪਸ਼ਨ ਸੈਂਟਰ, ਵਹੀਕਲ ਪਾਰਕਿੰਗ,4 ਕਿਲੋਮੀਟਰ ਲੰਮਾ ਵਾਕ ਵੇਅ ਆਦਿ ਬਣੇਗਾ। ਉਨ•ਾਂ ਦੱਸਿਆ ਕਿ ਉਹ ਦੋ ਦਫ਼ਾ ਹਰੀਕੇ ਰੱਖ ਵਿਖੇ ਜਾਇਜ਼ਾ ਲੈ ਚੁੱਕੇ ਹਨ।