Saturday, May 7, 2011

                       ਜ਼ਮੀਨ ਨਾਲੋਂ ਅਣਖ ਪਿਆਰੀ
                                       ਚਰਨਜੀਤ ਭੁੱਲਰ
ਬਠਿੰਡਾ : ਹੁਣ ਮਾਲਵੇ 'ਚ ਜ਼ਮੀਨਾਂ ਖਾਤਰ ਕਤਲ ਨਹੀਂ ਹੁੰਦੇ। ਹੁਣ ਤਾਂ 'ਅਣਖ' ਦੇ ਮਾਮਲੇ ਭਾਰੀ ਪੈਣ ਲੱਗੇ ਹਨ। ਇਸ ਵੇਲੇ ਕਤਲਾਂ ਦਾ ਕਾਰਨ ਨਾਜਾਇਜ਼ ਸਬੰਧ ਬਣ ਰਹੇ ਹਨ। ਜ਼ਮੀਨ ਨਾਲੋਂ ਅਣਖ ਪਿਆਰੀ ਹੈ। ਜੱਟ ਜ਼ਮੀਨਾਂ ਦੇ ਝਗੜੇ ਤਾਂ ਕਚਹਿਰੀ ਤੱਕ ਲਿਜਾਣ ਲੱਗੇ ਹਨ। ਅਣਖ ਦੇ ਮਾਮਲਿਆਂ ਦਾ ਫੈਸਲਾ ਖੁਦ ਹੀ ਸੁਣਾਉਣ ਲੱਗੇ ਹਨ। ਹਰਿਆਣਾ ਦੀਆਂ ਖਾਪ ਪੰਚਾਇਤਾਂ ਨਾਲੋਂ ਇਹ ਵੱਖਰਾ ਹੈ ਕਿ ਇੱਥੇ ਵਿਆਹ ਮਗਰੋਂ ਬਣੇ ਨਾਜਾਇਜ਼ ਸਬੰਧਾਂ ਦਾ ਫੈਸਲਾ ਜਾਨ ਲੈ ਕੇ ਹੁੰਦਾ ਹੈ। ਵੱਟ ਪਿਛੇ ਲੜਾਈ ਝਗੜੇ ਤਾਂ ਹਾਲੇ ਵੀ ਉਵੇਂ ਹੁੰਦੇ ਹਨ। ਕਤਲ ਪਹਿਲਾਂ ਵਾਂਗ ਨਹੀਂ ਹੁੰਦੇ ਹਨ। ਮੁਕਤਸਰ ਜ਼ਿਲ੍ਹੇ ਦੇ ਪਿੰਡ ਮਿਡੂਖੇੜਾ 'ਚ ਪਾਣੀ ਦੇ ਝਗੜੇ ਕਾਰਨ ਪੰਜ ਕਤਲ ਹੋ ਗਏ ਸਨ। ਵੱਟ ਤੇ ਪਾਣੀ ਦੀ ਲੜਾਈ ਜੱਟਾਂ ਨੂੰ ਓਪਰੀ ਨਹੀਂ ਲੱਗਦੀ। ਉਹ ਵੇਲੇ ਲੰਘ ਗਏ ਜਦੋਂ ਕਿਸੇ ਪਿੰਡ ਵੀ ਕਤਲ ਹੁੰਦਾ ਤਾਂ ਉਸ ਦੀ ਵਜ੍ਹਾ ਜ਼ਮੀਨ ਹੀ ਨਿਕਲਦੀ। ਹੁਣ ਉਲਟਾ ਹੋ ਗਿਆ ਹੈ ਕਿ ਜਿਆਦਾ ਕਤਲਾਂ ਦਾ ਕਾਰਨ ਨਾਜਾਇਜ਼ ਸਬੰਧ ਬਣ ਗਏ ਹਨ। ਸਮੇਂ ਦੇ ਬਦਲਾਓ ਮਗਰੋਂ ਹੁਣ ਇਸ ਖ਼ਿੱਤੇ 'ਚ ਜ਼ਮੀਨ ਲਈ ਹੁੰਦੇ ਕਤਲਾਂ ਦੀ ਗਿਣਤੀ ਘਟੀ ਹੈ। ਉਲਟਾ ਨਾਜਾਇਜ਼ ਸਬੰਧਾਂ ਕਾਰਨ ਹੋ ਰਹੇ ਕਤਲਾਂ ਦੀ ਦਰ ਦਿਨ ਬ ਦਿਨ ਵੱਧ ਰਹੀ ਹੈ।
           ਸੂਚਨਾ ਦੇ ਅਧਿਕਾਰ ਤਹਿਤ ਜੋ ਬਠਿੰਡਾ ਜ਼ੋਨ ਦੀ ਪੁਲੀਸ ਤੋਂ ਵੇਰਵੇ ਮਿਲੇ ਹਨ, ਉਨ੍ਹਾਂ ਤੋਂ ਇਸ ਰੁਝਾਨ ਦਾ ਸੰਕੇਤ ਮਿਲਿਆ ਹੈ।  ਇਸ ਖ਼ਿੱਤੇ ਦੇ ਪੰਜ ਜ਼ਿਲ੍ਹਿਆਂ ਬਠਿੰਡਾ,ਫਰੀਦਕੋਟ,ਮੁਕਤਸਰ,ਮੋਗਾ ਅਤੇ ਫਿਰੋਜ਼ਪੁਰ ਚ ਲੰਘੇ ਛੇ ਵਰ੍ਹਿਆਂ 'ਚ ਜ਼ਮੀਨ ਖਾਤਰ 123 ਕਤਲ ਹੋਏ ਹਨ ਜਦੋਂ ਕਿ ਨਾਜਾਇਜ਼ ਸਬੰਧਾਂ ਕਾਰਨ ਹੋਏ ਕਤਲਾਂ ਦੀ ਗਿਣਤੀ 231 ਹੈ। ਸੰਚਾਰ ਕਰਾਂਤੀ ਨੇ ਇਸ 'ਚ ਵੱਡਾ ਯੋਗਦਾਨ ਪਾਇਆ ਹੈ। ਜ਼ਿਲ੍ਹਾ ਬਠਿੰਡਾ 'ਚ ਇਨ੍ਹਾਂ ਛੇ ਵਰ੍ਹਿਆਂ 'ਚ 41 ਕਤਲ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ 'ਚ ਹਰ ਮਹੀਨੇ ਔਸਤਨ ਤਿੰਨ ਕਤਲ ਨਾਜਾਇਜ਼ ਸਬੰਧਾਂ ਕਾਰਨ ਹੋ ਰਹੇ ਹਨ ਜਦੋਂ ਕਿ ਹਰ ਦੋ ਮਹੀਨੇ 'ਚ ਤਿੰਨ ਕਤਲ ਜ਼ਮੀਨਾਂ ਕਰਕੇ ਹੋ ਰਹੇ ਹਨ। ਜ਼ਿਲ੍ਹਾ ਫਰੀਦਕੋਟ,ਮੁਕਤਸਰ ਅਤੇ ਫਿਰੋਜ਼ਪੁਰ 'ਚ ਨਾਜਾਇਜ਼ ਸਬੰਧਾਂ ਕਰਕੇ ਜ਼ਿਆਦਾ ਕਤਲ ਹੁੰਦੇ ਹਨ ਜਦੋਂ ਕਿ ਜ਼ਿਲ੍ਹਾ ਮੋਗਾ 'ਚ ਹਾਲੇ ਵੀ ਜ਼ਮੀਨਾਂ ਕਰਕੇ ਜਿਆਦਾ ਕਤਲ ਹੋ ਰਹੇ ਹਨ। ਨਾਜਾਇਜ਼ ਸਬੰਧਾਂ ਵਾਲੇ ਕੇਸਾਂ 'ਚ ਜਿਆਦਾ ਮਾਮਲੇ ਪਤਨੀਆਂ 'ਤੇ ਦਰਜ਼ ਹੋਏ ਹਨ ਜਿਨ੍ਹਾਂ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਹੈ। ਇਵੇਂ ਹੀ ਕਾਫੀ ਕੇਸ ਉਹ ਹਨ ਜਿਨ੍ਹਾਂ 'ਚ ਪਤੀ ਨੂੰ ਪਤਨੀ ਦੇ ਚਾਲ ਚੱਲਣ 'ਤੇ ਸ਼ੱਕ ਹੋਣ ਮਗਰੋਂ ਉਸ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ। ਜ਼ਿਲ੍ਹਾ ਬਠਿੰਡਾ 'ਚ ਡੇਢ ਦਰਜਨ ਪੁਲੀਸ ਥਾਣੇ ਹਨ ਅਤੇ ਹਰ ਥਾਣੇ 'ਚ ਨਾਜਾਇਜ਼ ਸਬੰਧਾਂ ਕਾਰਨ ਹੁੰਦੇ ਕਤਲਾਂ ਦੇ ਕੇਸ ਦਰਜ ਹੁੰਦੇ ਹਨ।
            ਵੇਰਵਿਆਂ ਅਨੁਸਾਰ ਜ਼ਿਲ੍ਹਾ ਮੋਗਾ 'ਚ 33 ਪੁਲੀਸ ਕੇਸ ਨਾਜਾਇਜ਼ ਸਬੰਧਾਂ ਕਾਰਨ ਹੋਏ ਕਤਲਾਂ ਨਾਲ ਸਬੰਧਿਤ ਹਨ ਜਦੋਂ ਕਿ ਜ਼ਮੀਨੀ ਵਿਵਾਦ 'ਚ ਹੋਏ ਕਤਲਾਂ ਦੀ ਗਿਣਤੀ 34 ਹੈ। ਇਸ ਜ਼ਿਲ੍ਹੇ 'ਚ ਰੁਝਾਨ ਉਲਟ ਆਇਆ ਹੈ। ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਮੁਕਤਸਰ 'ਚ ਜ਼ਮੀਨ ਕਾਰਨ 22 ਕਤਲ ਛੇ ਵਰ੍ਹਿਆਂ 'ਚ ਹੋਏ ਹਨ ਜਦੋਂ ਕਿ ਨਾਜਾਇਜ਼ ਸਬੰਧਾਂ ਕਾਰਨ ਹੋਏ ਕਤਲਾਂ ਦੀ ਗਿਣਤੀ 45 ਹੈ। ਜ਼ਿਲ੍ਹਾ ਫਿਰੋਜ਼ਪੁਰ 'ਚ ਜ਼ਮੀਨੀ ਵਿਵਾਦ ਕਾਰਨ 36 ਕਤਲ ਹੋਏ ਹਨ ਅਤੇ ਨਾਜਾਇਜ਼ ਸਬੰਧਾਂ ਨੇ 89 ਵਿਅਕਤੀਆਂ ਦੀ ਜਾਨ ਲਈ ਹੈ। ਜ਼ਿਲ੍ਹਾ ਫਰੀਦਕੋਟ 'ਚ ਜ਼ਮੀਨ ਕਰਕੇ ਕੇਵਲ ਪੰਜ ਕਤਲ ਹੀ ਛੇ ਵਰ੍ਹਿਆਂ 'ਚ ਹੋਏ ਹਨ ਜਦੋਂ ਕਿ ਨਾਜਾਇਜ਼ ਸਬੰਧਾਂ ਕਾਰਨ 23 ਕਤਲ ਹੋਏ ਹਨ। ਇਸੇ ਤਰ੍ਹਾਂ ਦਾ ਰੁਝਾਨ ਹੀ ਜ਼ਿਲ੍ਹਾ ਮਾਨਸਾ ਵਿੱਚ ਦੇਖਣ ਨੂੰ ਮਿਲਿਆ ਹੈ।
            ਪੰਜਾਬੀ ਵਰਸਿਟੀ ਪਟਿਆਲਾ ਦੇ ਬਠਿੰਡਾ ਰੀਜ਼ਨਲ ਸੈਂਟਰ ਦੇ ਡਾ.ਪਰਮਜੀਤ ਸਿੰਘ ਰੋਮਾਣਾ ਜੋ ਕਿ ਸਮਾਜਿਕ ਅਤੇ ਆਰਥਿਕ ਮਾਮਲਿਆਂ ਦੇ ਮਾਹਿਰ ਹਨ, ਦਾ ਕਹਿਣਾ ਸੀ ਕਿ ਅਸਲ 'ਚ ਇਸ ਖ਼ਿੱਤੇ 'ਚ ਪਹਿਲਾਂ ਜਿਆਦਾ ਕਤਲਾਂ ਪਿਛੇ ਲੋਭ ਜੁੜਿਆ ਹੁੰਦਾ ਸੀ। ਹੁਣ ਜਦੋਂ ਬਹੁਤੇ ਜ਼ਮੀਨੀ ਮਾਮਲੇ ਕਚਹਿਰੀ ਰਾਹੀਂ ਹੱਲ ਹੋਣ ਲੱਗੇ ਹਨ ਤਾਂ ਕਤਲਾਂ ਦੀ ਗਿਣਤੀ ਵੀ ਘੱਟ ਗਈ ਹੈ। ਉਨ੍ਹਾਂ ਆਖਿਆ ਕਿ ਹੁਣ ਜਦੋਂ ਤੇਜ ਰਫ਼ਤਾਰ ਜ਼ਮਾਨੇ 'ਚ ਲੋਕਾਂ ਦੇ ਆਪਸੀ ਮੇਲ ਜੋਲ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ ਤਾਂ ਨਾਜਾਇਜ਼ ਸਬੰਧਾਂ ਕਾਰਨ ਹੋਣ ਵਾਲੇ ਕਤਲਾਂ ਦੀ ਗਿਣਤੀ ਵੀ ਵੱਧ ਗਈ ਹੈ। ਉਨ੍ਹਾਂ ਆਖਿਆ ਕਿ ਲੋਕਾਂ ਦੀ ਮਾਨਸਿਕਤਾ ਹਾਲੇ ਵੀ ਪ੍ਰੰਪਰਿਕ ਹੈ ਅਤੇ ਜਦੋਂ ਪ੍ਰਵਾਰਿਕ ਕਦਰਾਂ ਕੀਮਤਾਂ ਨੂੰ ਸੱਟ ਵੱਜਦੀ ਹੈ ਤਾਂ ਇਸ ਚੋਂ ਇਸ ਤਰ੍ਹਾਂ ਦੀਆਂ ਨਵੀਆਂ ਘਟਨਾਵਾਂ ਵਾਪਰਦੀਆਂ ਹਨ। ਸੂਤਰ ਆਖਦੇ ਹਨ ਕਿ ਗੱਲ ਇਹ ਨਹੀਂ ਕਿ ਲੋਕਾਂ ਨੂੰ ਜ਼ਮੀਨਾਂ ਦਾ ਮੋਹ ਨਹੀਂ ਰਿਹਾ ਬਲਕਿ ਹੁਣ ਜ਼ਮੀਨੀ ਮਸਲੇ ਨਜਿੱਠਣ ਦੀ ਜਾਂਚ ਆ ਗਈ ਹੈ। ਜੋ ਨਾਜਾਇਜ਼ ਸਬੰਧਾਂ ਦੇ ਮਾਮਲੇ ਹਨ, ਉਨ੍ਹਾਂ 'ਚ ਜਿਆਦਾ ਕਤਲ ਵਿਆਹ ਮਗਰੋਂ ਸ਼ੁਰੂ ਹੋਏ ਪ੍ਰੇਮ ਪ੍ਰਸੰਗ ਵਜੋਂ ਹੁੰਦੇ ਹਨ।
     

No comments:

Post a Comment