Sunday, May 15, 2011

       ਮੁਫਤੋਂ ਮੁਫਤ 'ਚ ਜਹਾਜ਼ਾਂ ਦੇ ਝੂਟੇ
                            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਮੁਫਤੋਂ ਮੁਫਤ  ਹਵਾਈ ਜਹਾਜ਼ਾਂ ਦੇ ਝੂਟੇ ਲੈ ਰਹੀ ਹੈ। ਪੁਲੀਸ ਕੋਲ ਉਂਝ ਤਾਂ ਕੋਈ ਫੰਡ ਨਹੀਂ, ਜਿਸ ਵਿੱਚੋਂ ਹਵਾਈ ਖਰਚਾ ਝੱਲਿਆ ਜਾ ਸਕਦਾ ਹੋਵੇ। 'ਵਗਾਰ' ਵਿੱਚ ਹੀ ਪੁਲੀਸ ਮੁਲਾਜ਼ਮ ਨਾਲੇ ਹਵਾਈ ਜਹਾਜ਼ਾਂ ਦੇ ਝੂਟੇ ਲੈ ਲੈਂਦੀ ਹੈ ਤੇ ਨਾਲੇ ਦੂਸਰੇ ਸੂਬਿਆਂ ਵਿੱਚੋਂ ਮੁਲਜ਼ਮਾਂ ਨੂੰ ਫੜ ਲਿਆਉਂਦੀ ਹੈ। ਜਦੋਂ ਵੀ ਕੋਈ ਮੁਦਈ ਹਵਾਈ ਸਫਰ ਦੀ ਪੇਸ਼ਕਸ਼ ਕਰਦਾ ਹੈ ਤਾਂ ਪੁਲੀਸ ਮੁਲਾਜ਼ਮ ਇਸ ਬਹਾਨੇ ਹਵਾਈ ਸਫਰ ਵੀ ਕਰ ਲੈਂਦੇ ਹਨ। ਜ਼ਿਲ੍ਹਾ ਪੁਲੀਸ ਵੱਲੋਂ ਜੋ ਦੂਸਰੇ ਸੂਬਿਆਂ ਵਿੱਚੋਂ ਹਵਾਈ ਰਸਤੇ ਰਾਹੀਂ ਮੁਲਜ਼ਮ ਫੜ ਕੇ ਲਿਆਂਦੇ ਜਾਂਦੇ ਹਨ, ਉਨ੍ਹਾਂ ਵਿੱਚੋਂ ਬਹੁਤੇ ਕੇਸਾਂ ਨੂੰ ਤਾਂ ਜੱਗ ਜ਼ਾਹਰ ਹੀ ਨਹੀਂ ਹੋਣ ਦਿੱਤਾ ਜਾਂਦਾ। ਕਈ ਮਾਮਲਿਆਂ ਵਿੱਚ ਪੁਲੀਸ ਆਪਣੇ ਰਿਕਾਰਡ ਵਿੱਚ ਜ਼ਾਹਰ ਕਰਦੀ ਹੈ ਕਿ ਮੁਲਜ਼ਮ ਨੂੰ 'ਹਵਾਈ ਜਹਾਜ਼' ਰਾਹੀਂ ਲਿਆਂਦਾ ਗਿਆ ਹੈ। ਜਿਨ੍ਹਾਂ ਕੇਸਾਂ ਵਿੱਚ ਮੁਦਈ ਧਿਰ ਮਾਲੀ ਤੌਰ 'ਤੇ ਮਜ਼ਬੂਤ ਹੁੰਦੀ ਹੈ, ਉਹ ਮੁਲਜ਼ਮਾਂ ਨੂੰ ਫੜਨ ਵਾਸਤੇ ਪੁਲੀਸ ਨੂੰ ਹਵਾਈ ਸਫਰ ਦੀ ਪੇਸ਼ਕਸ਼ ਕਰ ਦਿੰਦੀ ਹੈ। ਬਾਕੀ ਮਾਮਲਿਆਂ ਵਿੱਚ ਪੁਲੀਸ ਵੀ ਦੜ ਵੱਟ ਜਾਂਦੀ ਹੈ।
            ਸੂਚਨਾ ਦੇ ਅਧਿਕਾਰ ਤਹਿਤ ਜੋ ਵੇਰਵੇ ਪ੍ਰਾਪਤ ਹੋਏ ਹਨ, ਉਨ੍ਹਾਂ ਅਨੁਸਾਰ ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲੀਸ ਕਰਨਾਟਕਾ ਵਿੱਚੋਂ ਦੋ ਮੁਲਜ਼ਮਾਂ ਨੂੰ ਫੜਨ ਵਾਸਤੇ ਗਈ ਸੀ, ਜਿਸ ਵੱਲੋਂ ਹਵਾਈ ਜਹਾਜ਼ ਰਾਹੀਂ ਮੁਲਜ਼ਮਾਂ ਨੂੰ ਬਠਿੰਡਾ ਲਿਆਂਦਾ ਗਿਆ।  ਥਾਣਾ ਸਿਵਲ ਲਾਈਨ ਵਿੱਚ 9 ਜਨਵਰੀ 2011 ਨੂੰ ਇਕ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ, ਜਿਸ ਦੇ ਮੁਲਜ਼ਮ ਕਰਨਾਟਕ ਦਾ ਵਸਨੀਕ ਸਨ। ਜ਼ਿਲ੍ਹਾ ਪੁਲੀਸ ਦੇ ਸਹਾਇਕ ਥਾਣੇਦਾਰ ਜੈ ਸਿੰਘ, ਹੌਲਦਾਰ ਦਵਿੰਦਰ ਸਿੰਘ ਅਤੇ ਮਹਿਲਾ ਹੌਲਦਾਰ ਸਿਮਰਜੀਤ ਕੌਰ ਦੀ ਟੀਮ ਮੁਲਜ਼ਮਾਂ ਨੂੰ ਫੜਨ ਵਾਸਤੇ ਹਵਾਈ ਜਹਾਜ਼ ਰਾਹੀਂ ਬੰਗਲੌਰ ਗਈ ਸੀ। ਸਰਕਾਰੀ ਰਿਕਾਰਡ ਅਨੁਸਾਰ ਮੁਲਜ਼ਮਾਂ ਨੂੰ ਹਵਾਈ ਜਹਾਜ਼ ਰਾਹੀਂ ਪੁਲੀਸ ਟੀਮ ਬੰਗਲੌਰ ਤੋਂ ਦਿੱਲੀ ਤੱਕ ਲੈ ਕੇ ਆਈ। ਪੁਲੀਸ ਨੇ ਵੇਰਵਾ ਦਿੱਤਾ ਹੈ ਕਿ ਹਵਾਈ ਟਿਕਟਾਂ ਦਾ ਖਰਚ ਮੁਦਈ ਧਿਰ ਵੱਲੋਂ ਕੀਤਾ ਗਿਆ ਸੀ। ਪੁਲੀਸ ਟੀਮ ਵੱਲੋਂ ਬੰਗਲੌਰ ਤੋਂ ਉਮੈ ਖੈਰ ਅਤੇ ਤਾਰਿਕ ਇਮਰਾਨ ਨੂੰ ਲਿਆਂਦਾ ਗਿਆ ਸੀ। ਪਤਾ ਲੱਗਿਆ ਹੈ ਕਿ ਮੁਦਈ ਧਿਰ ਨੂੰ ਮੁਲਜ਼ਮਾਂ ਨੂੰ ਲਿਆਉਣ ਵਾਸਤੇ ਹਰ ਤਰ੍ਹਾਂ ਦਾ ਖਰਚ ਕਰੀਬ ਦੋ ਲੱਖ ਰੁਪਏ        ਆਇਆ ਸੀ।
            ਹਵਾਈ ਜ਼ਹਾਜ਼ ਰਾਹੀਂ ਲਿਆਂਦੀ ਔਰਤ ਉਮੈ ਖੈਰ ਦੀ ਬਠਿੰਡਾ ਅਦਾਲਤ ਵਿੱਚੋਂ ਜ਼ਮਾਨਤ ਆਲ ਇੰਡੀਆ ਪ੍ਰੋਗਰੈਸਿਵ ਵਿਮੈਨ ਐਸੋਸੀਏਸ਼ਨ ਦੀ ਆਗੂ ਜਸਵੀਰ ਕੌਰ ਨੱਤ ਅਤੇ ਇਕਬਾਲ ਕੌਰ ਉਦਾਸੀ ਵੱਲੋਂ ਕਰਾਈ ਗਈ ਸੀ। ਮਹਿਲਾ ਆਗੂ ਜਸਵੀਰ ਕੌਰ ਨੱਤ ਦਾ ਕਹਿਣਾ ਸੀ ਕਿ ਪੁਲੀਸ ਬੇਕਸੂਰ ਔਰਤ ਨੂੰ ਤਾਂ ਲਿਆਉਣ ਵਾਸਤੇ ਬੰਗਲੌਰ ਚਲੀ ਗਈ, ਜਦੋਂ ਕਿ ਪੁਲੀਸ ਦੇ ਨੱਕ ਹੇਠ ਕਿੰਨੇ ਹੀ ਮੁਲਜ਼ਮ ਘੁੰਮਦੇ ਰਹਿੰਦੇ ਹਨ, ਉਨ੍ਹਾਂ ਨੂੰ ਕਦੇ ਹੱਥ ਨਹੀਂ ਪਾਇਆ ਜਾਂਦਾ। ਉਨ੍ਹਾਂ ਆਖਿਆ ਕਿ ਪੁਲੀਸ ਮੁਫਤ ਵਿੱਚ ਹਵਾਈ ਸਫਰ ਦੇ ਲਾਲਚ ਵਿੱਚ ਕਿਤੇ ਵੀ ਜਾਣ ਨੂੰ ਤਿਆਰ ਹੋ ਜਾਂਦੀ ਹੈ। ਸਰਕਾਰੀ ਸੂਚਨਾ ਅਨੁਸਾਰ ਥਾਨਾ ਮੌੜ ਨੂੰ ਲੋੜੀਂਦੇ ਇਕ ਮੁਲਜ਼ਮ ਨੂੰ ਫੜਨ ਵਾਸਤੇ ਬਠਿੰਡਾ ਪੁਲੀਸ ਦੀ ਟੀਮ ਹਵਾਈ ਜਹਾਜ਼ ਰਾਹੀਂ ਤਾਮਿਲਨਾਡੂ ਗਈ ਸੀ। ਸਬ ਇੰਸਪੈਕਟਰ ਸੰਜੀਵ ਕੁਮਾਰ ਅਤੇ ਹੌਲਦਾਰ ਗੁਰਮੀਤ ਸਿੰਘ ਨੇ ਮੁਲਜ਼ਮ ਨੂੰ ਲਿਆਉਣ ਵਾਸਤੇ ਦਿੱਲੀ ਤੋਂ ਚੇਨਈ ਅਤੇ ਮੁੰਬਈ ਤੋਂ ਦਿੱਲੀ ਤੱਕ ਦਾ ਸਫਰ ਹਵਾਈ ਜਹਾਜ਼ ਰਾਹੀਂ ਕੀਤਾ ਸੀ। ਥਾਣਾ ਮੌੜ ਵਿੱਚ ਤਾਮਿਲਨਾਡੂ ਦੇ ਵਸਨੀਕ ਬੀ ਪ੍ਰਸ਼ੋਤਮ ਖ਼ਿਲਾਫ਼ ਥਾਣਾ ਮੌੜ ਵਿੱਚ 29 ਜੁਲਾਈ 2009 ਨੂੰ ਧੋਖਾਧੜੀ ਦਾ ਕੇਸ ਦਰਜ ਹੋਇਆ ਸੀ।
           ਕੰਪਨੀ ਸਪਿਨਟੈਕਸ ਰਾਮਾਂ ਕ੍ਰਿਸ਼ਨ ਮੌੜ ਮੰਡੀ ਦੇ ਐਮ.ਡੀ. ਮੱਖਣ ਲਾਲ ਵੱਲੋਂ ਪਰਚਾ ਦਰਜ ਕਰਾਇਆ ਗਿਆ ਸੀ ਕਿਉਂਕਿ ਮੁਲਜ਼ਮ ਨੇ ਫਰਜ਼ੀ ਵੈਬਸਾਈਟ ਤਿਆਰ ਕਰਕੇ ਧਾਗੇ ਦੀ ਖਰੀਦ ਕਰਨ ਵਿੱਚ 35 ਲੱਖ ਰੁਪਏ ਦੀ ਠੱਗੀ ਮਾਰੀ ਸੀ। ਸਰਕਾਰੀ ਸੂਚਨਾ ਵਿੱਚ ਦੱਸਿਆ ਗਿਆ ਕਿ ਹਵਾਈ ਟਿਕਟਾਂ ਦਾ ਖਰਚਾ ਮੁਦਈ ਧਿਰ ਵੱਲੋਂ ਕੀਤਾ ਗਿਆ ਹੈ। ਬਾਕੀ ਥਾਣਿਆਂ ਨੇ ਦੱਸਿਆ ਹੈ ਕਿ 1 ਜਨਵਰੀ 2006 ਤੋਂ 31 ਮਾਰਚ 2011 ਤੱਕ ਪੁਲੀਸ ਦੂਸਰੇ ਸੂਬੇ ਵਿੱਚ ਮੁਲਜ਼ਮਾਂ ਨੂੰ ਫੜਨ ਵਾਸਤੇ ਹਵਾਈ ਜਹਾਜ਼ ਰਾਹੀਂ ਨਹੀਂ ਗਈ ਹੈ। ਸੂਤਰ ਦੱਸਦੇ ਹਨ ਕਿ ਇਸ ਤੋਂ ਜ਼ਿਆਦਾ ਮਾਮਲੇ ਉਹ ਵੀ ਹੁੰਦੇ ਹਨ, ਜਿਸ ਵਿੱਚ ਪੁਲੀਸ ਰਿਕਾਰਡ ਵਿੱਚ ਇਹ ਗੱਲ ਜ਼ਾਹਰ ਹੀ ਨਹੀਂ ਕਰਦੀ ਹੈ ਕਿ ਮੁਲਜ਼ਮਾਂ ਨੂੰ ਉਥੋਂ ਲਿਆਂਦਾ ਗਿਆ ਹੈ। ਅਤਿਵਾਦ ਦੇ ਸਮੇਂ ਸਾਲ 1993 ਵਿੱਚ ਬਠਿੰਡਾ ਪੁਲੀਸ ਦੀ ਟੀਮ ਵਿਸ਼ੇਸ਼ ਹੈਲੀਕਾਪਟਰ ਰਾਹੀਂ ਕਲਕੱਤਾ ਵਿਖੇ ਇਕ ਅਤਿਵਾਦੀ ਨੂੰ ਫੜਨ ਵਾਸਤੇ ਗਈ ਸੀ।

                                   ਪੁਲੀਸ ਟੀਮ ਖਰਚਾ ਕਲੇਮ ਕਰ ਸਕਦੀ ਹੈ: ਐਸ.ਐਸ.ਪੀ
ਜ਼ਿਲ੍ਹਾ ਪੁਲੀਸ ਕਪਤਾਨ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਦੂਜੇ ਸੂਬਿਆਂ ਵਿੱਚੋਂ ਜਿਨ੍ਹਾਂ ਮੁਲਜ਼ਮਾਂ ਨੂੰ ਹਵਾਈ  ਜਹਾਜ਼ ਰਾਹੀਂ ਫੜ ਕੇ ਲਿਆਂਦਾ ਜਾਂਦਾ ਹੈ, ਉਨ੍ਹਾਂ ਨੂੰ ਫੜਨ ਵਾਸਤੇ ਜਾਣ ਵਾਲੀ ਟੀਮ ਆਪਣਾ ਟੀ.ਏ/ਡੀ.ਏ ਕਲੇਮ ਕਰ ਸਕਦੀ ਹੈ ਅਤੇ ਇਸ ਦੀ ਬਾਕਾਇਦਾ ਵਿਵਸਥਾ ਹੈ। ਉਨ੍ਹਾਂ ਆਖਿਆ ਕਿ ਟੀਮ ਮੈਂਬਰ ਅਜਿਹਾ ਕਰਦੇ ਵੀ ਹਨ। ਉਨ੍ਹਾਂ ਆਖਿਆ ਕਿ ਇਸ ਵਾਸਤੇ ਕੋਈ ਵੱਖਰਾ ਫੰਡ ਤਾਂ ਨਹੀਂ ਹੁੰਦਾ ਪਰ ਮੁਲਾਜ਼ਮਾਂ ਨੂੰ ਟੀ.ਏ/ਡੀ.ਏ ਦਿੱਤਾ ਜਾਂਦਾ ਹੈ।

No comments:

Post a Comment