Sunday, August 21, 2011



                                  
                                               ਬਚਪਨ ਉਮਰੇ
                               ਜ਼ਿੰਦਗੀ ਨਹੀਂ, ਉਜਾੜਾ ਦੇਖਿਆ।
                                           ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਕਿਸਾਨ ਪਰਿਵਾਰਾਂ ਦੇ ਕਰੀਬ ਤਿੰਨ ਦਰਜਨ ਬੱਚਿਆਂ ਨੂੰ ਜ਼ਿੰਦਗੀ ਦੇਖਣ ਤੋਂ ਪਹਿਲਾਂ ਉਜਾੜਾ ਦੇਖਣਾ ਪੈ ਗਿਆ ਹੈ। ਬਚਪਨ ਉਮਰੇ ਹੀ ਇਹ ਆਪਣੀ ਪੈਲੀ ਬਚਾਉਣ ਲਈ ਨਾਅਰੇ ਮਾਰਨ ਲਈ ਮਜਬੂਰ ਹਨ। ਅੱਜ ਤੋਂ ਇਹ ਬੱਚੇ ਆਪਣੇ ਖੇਤਾਂ ਖਾਤਰ ਮੋਰਚੇ 'ਤੇ ਬੈਠ ਗਏ ਹਨ। ਦੱਸਣਯੋਗ ਹੈ ਕਿ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਬੀ.ਡੀ.ਏ ਐਨਕਲੇਵ ਉਸਾਰਨ ਲਈ ਇਨ੍ਹਾਂ ਪਰਿਵਾਰਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਹੈ। ਇਨ੍ਹਾਂ ਪਰਿਵਾਰਾਂ ਤੋਂ 972 ਰੁਪਏ ਪ੍ਰਤੀ ਗਜ਼ ਜ਼ਮੀਨ ਲੈ ਕੇ ਅਥਾਰਟੀ ਵੱਲੋਂ 11 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚੀ ਗਈ ਹੈ। ਕਰੀਬ 35 ਪਰਿਵਾਰ ਹਨ, ਜਿਨ੍ਹਾਂ ਤੋਂ ਧੱਕੇ ਨਾਲ ਜ਼ਮੀਨ ਖੋਹੀ ਜਾ ਰਹੀ ਹੈ। ਇਨ੍ਹਾਂ ਪਰਿਵਾਰਾਂ ਨੂੰ ਕੋਈ ਪੈਸਾ ਵੀ ਨਹੀਂ ਮਿਲਿਆ ਹੈ। ਸਰਕਾਰੀ ਕਾਗਜ਼ਾਂ ਵਿੱਚ ਅਥਾਰਟੀ ਵੱਲੋਂ ਇਸ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ ਹੈ ਪਰ ਇਹ ਕਿਸਾਨ ਆਪਣੀ ਜ਼ਮੀਨ ਕਿਸੇ ਵੀ ਸੂਰਤ ਵਿੱਚ ਦੇਣ ਨੂੰ ਤਿਆਰ ਨਹੀਂ ਹਨ।
       ਬਠਿੰਡਾ ਸ਼ਹਿਰ ਦੇ ਇਨ੍ਹਾਂ ਕਿਸਾਨ ਪਰਿਵਾਰਾਂ ਨੇ ਅੱਜ ਤੋਂ ਆਪਣੀਆਂ ਜ਼ਮੀਨਾਂ ਬਚਾਉਣ ਖਾਤਰ ਸੰਘਰਸ਼ ਲੜਨ ਦਾ ਫੈਸਲਾ ਕਰ ਲਿਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਇਨ੍ਹਾਂ ਪਰਿਵਾਰਾਂ ਦੀ ਅਗਵਾਈ ਕਰਨ ਦਾ ਫੈਸਲਾ ਕੀਤਾ ਹੈ। ਇਕ ਕਿਸਾਨ ਪਰਿਵਾਰ ਦਾ ਅੱਠ ਵਰ੍ਹਿਆਂ ਦਾ ਬੱਚਾ ਮੇਹਰਜੋਤ ਵੀ ਅੱਜ ਨਾਹਰੇ ਮਾਰ ਰਿਹਾ ਸੀ। ਹਾਲਾਂਕਿ ਉਹ ਇਨ੍ਹਾਂ ਨਾਅਰਿਆਂ ਦੇ ਮਾਅਨੇ ਤਾਂ ਨਹੀਂ ਜਾਣਦਾ ਪਰ ਉਸ ਨੇ ਮਾਪਿਆਂ ਦੇ ਚਿਹਰਿਆਂ ਨੂੰ ਜ਼ਰੂਰ ਪੜ੍ਹ ਲਿਆ ਹੈ। ਤੀਸਰੀ ਜਮਾਤ ਵਿੱਚ ਪੜ੍ਹਦੀ ਬੱਚੀ ਮਹਿਕਪ੍ਰੀਤ ਖੇਤਾਂ 'ਤੇ ਪੁਲੀਸ ਦਾ ਪਹਿਰਾ ਦੇਖਣ ਮਗਰੋਂ ਸਹਿਮੀ ਹੋਈ ਹੈ। ਉਸ ਦੇ ਬਾਪ ਦੀ ਨਰਮੇ ਦੀ ਫਸਲ 'ਤੇ ਬੁਲਡੋਜ਼ਰ ਚੱਲ ਗਿਆ। ਉਹ ਅੱਜ ਮਾਪਿਆਂ ਨਾਲ ਨਾਅਰੇ ਮਾਰ ਰਹੀ ਸੀ। ਇਵੇਂ ਹੀ 8 ਵਰ੍ਹਿਆਂ ਦਾ ਲਵਪ੍ਰੀਤ ਵੀ ਆਪਣੇ ਮਾਪਿਆਂ ਦਾ ਦਰਦ ਵੰਡਾਉਣ ਲਈ ਦਰੀ 'ਤੇ ਬੈਠਾ ਹੋਇਆ ਸੀ। ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਵਿੱਚ ਮਨ ਨਹੀਂ ਲਾ ਰਹੇ ਹਨ। ਸਕੂਲ ਨਾ ਜਾਣ ਦੀ ਜ਼ਿੱਦ ਵੀ ਕਰਨ ਲੱਗੇ ਹਨ।
      ਕਿਸਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਤੇ ਜ਼ਮੀਨ ਖੋਹੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਬੱਚੀ ਉਸ ਦਿਨ ਤੋਂ ਹੀ ਤਰ੍ਹਾਂ ਤਰ੍ਹਾਂ ਦੇ ਸੁਆਲ ਕਰ ਰਹੀ ਹੈ। ਅੱਠਵੀਂ ਜਮਾਤ ਵਿੱਚ ਪੜ੍ਹਦੀ ਬੱਚੀ ਗੁਰਪ੍ਰੀਤ ਕੌਰ ਵੀ ਆਪਣੇ ਮਾਪਿਆਂ ਹੱਥੋਂ ਨਿਕਲ ਰਹੀ ਘਰ ਅਤੇ ਜ਼ਮੀਨ ਦਾ ਦੁੱਖ ਮਹਿਸੂਸ ਕਰ ਰਹੀ ਹੈ। ਇਨ੍ਹਾਂ ਬੱਚਿਆਂ ਦੇ ਚਿਹਰਿਆਂ ਤੋਂ ਇੰਝ ਲੱਗਦਾ ਸੀ ਕਿ ਜਿਵੇਂ ਉਹ ਆਪਣੇ ਭਵਿੱਖ ਦੀ ਟੁੱਟੀ ਡੋਰ ਨੂੰ ਫੜਨ ਲਈ ਤਰਲੇ ਮਾਰ ਰਹੇ ਹੋਣ। ਇਕੱਲੇ ਬੱਚੇ ਨਹੀਂ, ਸਗੋਂ ਇਨ੍ਹਾਂ ਕਿਸਾਨ ਪਰਿਵਾਰਾਂ ਦੇ ਬਜ਼ੁਰਗ ਵੀ  ਘੋਲ ਵਿੱਚ ਕੁੱਦ ਪਏ ਹਨ। 65 ਵਰ੍ਹਿਆਂ ਦਾ ਪੋਲਾ ਸਿੰਘ ਉਹ ਦਿਨ ਕਿਵੇਂ ਭੁੱਲ ਸਕਦਾ ਹੈ, ਜਦੋਂ ਉਸ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਟਿੱਬਿਆਂ ਵਾਲੀ ਧਰਤੀ ਨੂੰ ਉਪਜਾਊ ਬਣਾਉਣ ਖਾਤਰ ਲਾ ਦਿੱਤਾ ਸੀ। ਉਸ ਦੀ ਜ਼ਮੀਨ ਅਤੇ ਘਰ ਖੋਹਿਆ ਜਾ ਰਿਹਾ ਹੈ। ਇਸ ਕਿਸਾਨ ਦਾ ਕਹਿਣਾ ਸੀ ਕਿ ਉਸ ਨੇ ਆਪਣਾ ਪਸੀਨਾ ਸਰਕਾਰਾਂ ਦੇ ਮੁਨਾਫੇ ਖਾਤਰ ਨਹੀਂ ਵਹਾਇਆ ਸੀ। ਇਹੋ ਹਾਲ ਮਜ਼ਦੂਰਾਂ ਦਾ ਹੈ, ਜਿਨ੍ਹਾਂ ਨੇ ਦਿਹਾੜੀਆਂ ਕਰ ਕੇ ਆਪਣਾ ਸਿਰ ਢਕਣ ਜੋਗੀ ਥਾਂ ਦਾ ਪ੍ਰਬੰਧ ਕੀਤਾ ਸੀ। 100 ਸਾਲ ਦਾ ਮਜ਼ਦੂਰ ਮਹਿੰਦਰ ਸਿੰਘ ਆਪਣਾ ਘਰ ਬਚਾਉਣ ਖਾਤਰ ਲੋਕ ਘੋਲ ਵਿੱਚ ਕੁੱਦਿਆ ਹੈ। ਅੱਜ ਭਾਵੇਂ ਉਸ ਵਿੱਚ ਨਾਅਰੇ ਮਾਰਨ ਜੋਗੀ ਹਿੰਮਤ ਤਾਂ ਨਹੀਂ ਸੀ ਪਰ ਉਹ ਸਰਕਾਰਾਂ ਨੂੰ ਬੁਰਾ ਭਲਾ ਜ਼ਰੂਰ ਬੋਲ ਰਿਹਾ ਸੀ। ਦੱਸਣਯੋਗ ਹੈ ਕਿ ਬੀ.ਡੀ.ਏ. ਐਨਕਲੇਵ ਲਈ ਜ਼ਮੀਨ ਐਕੁਆਇਰ ਕਾਂਗਰਸ ਸਰਕਾਰ ਸਮੇਂ ਹੋਈ ਸੀ। ਉਸ ਵਕਤ ਇਹ ਰੌਲਾ ਰੱਪਾ ਵੀ ਪਿਆ ਸੀ ਕਿ ਜੋ ਕਾਂਗਰਸੀ ਨੇਤਾ ਹਨ, ਉਨ੍ਹਾਂ ਨੇ ਆਪਣੀ ਜ਼ਮੀਨ ਤਾਂ ਐਕੁਆਇਰ ਹੋਣ ਤੋਂ ਬਚਾਅ ਲਈ ਸੀ ਅਤੇ ਇਹ ਸਾਧਾਰਨ ਕਿਸਾਨ ਰਗੜੇ ਗਏ ਸਨ।
                                  ਕਿਸਾਨਾਂ ਵੱਲੋਂ ਸਾਂਝੀ ਲੜਾਈ ਦਾ ਫੈਸਲਾ
ਗੋਬਿੰਦਪੁਰਾ ਅਤੇ ਬਠਿੰਡਾ ਦੇ ਕਿਸਾਨ ਹੁਣ ਸਾਂਝੀ ਲੜਾਈ ਲੜਨਗੇ। ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਮਨਜੀਤ ਸਿੰਘ ਭੁੱਚੋ ਖੁਰਦ ਨੇ ਇਨ੍ਹਾਂ ਪਰਿਵਾਰਾਂ ਨਾਲ ਅੱਜ ਇੱਥੇ ਸੰਘਰਸ਼ੀ ਵਿਉਂਤਬੰਦੀ ਕੀਤੀ। ਆਗੂਆਂ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਤੋਂ ਮਾਨਸਾ ਵਿੱਚ ਜ਼ਮੀਨਾਂ ਬਚਾਉਣ ਖਾਤਰ ਘੋਲ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬਠਿੰਡਾ ਵਾਲੇ ਕਿਸਾਨ ਪਰਿਵਾਰ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਹੁਣ ਜ਼ਮੀਨਾਂ ਬਚਾਉਣ ਲਈ ਸਾਂਝੀ ਲੜਾਈ ਲੜਾਂਗੇ। ਆਗੂਆਂ ਨੇ ਦੱਸਿਆ ਕਿ ਕਿਸਾਨ ਪਰਿਵਾਰ ਕਿਸੇ ਵੀ ਹਾਲ ਵਿੱਚ ਆਪਣੀ ਜ਼ਮੀਨ ਹੱਥੋਂ ਨਹੀਂ ਜਾਣ ਦੇਣਗੇ।

No comments:

Post a Comment