Friday, October 24, 2014

                                   ਫੰਡਾਂ ਦੇ ਗੱਫ਼ੇ
             ਲੰਬੀ ਵਿਚ ਪਸ਼ੂਆਂ ਲਈ ਵੀ ਸੜਕਾਂ !
                                 ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਲੋਕ ਤਾਂ ਟੁੱਟੀਆਂ ਸੜਕਾਂ ਦੀ ਮੁਰੰਮਤ ਨੂੰ ਤਰਸੇ ਪਏ ਹਨ ਪ੍ਰੰਤੂ ਮੁੱਖ ਮੰਤਰੀ ਆਪਣੇ ਹਲਕੇ ਲੰਬੀ ਵਿਚ ਪਸ਼ੂਆਂ ਵਾਸਤੇ ਵੀ ਲਿੰਕ ਸੜਕਾਂ ਬਣਾ ਰਹੇ ਹਨ। ਪੰਜਾਬ ਦਾ ਇੱਕੋ ਇੱਕ ਹਲਕਾ ਲੰਬੀ ਹੈ ਜਿਥੋਂ ਦੇ ਪਸ਼ੂ ਵੀ ਹਲਕਾ ਵੀ.ਆਈ.ਪੀ ਹੋਣ ਦਾ ਸੁੱਖ ਭੋਗ ਰਹੇ ਹਨ। ਪੰਜਾਬ ਭਰ ਦੇ ਪਸ਼ੂ ਮੇਲਿਆਂ 'ਚੋਂ ਹੁੰਦੀ ਸਰਕਾਰੀ ਆਮਦਨ ਵਿੱਚੋਂ ਹਰ ਵਰ੍ਹੇ 25 ਤੋਂ 42 ਫੀਸਦੀ ਫੰਡ ਇਕੱਲੇ ਜ਼ਿਲ੍ਹਾ ਮੁਕਤਸਰ ਵਿੱਚ ਖਰਚ ਹੋ ਰਹੇ ਹਨ। ਫੰਡਾਂ ਦਾ ਵੱਡਾ ਹਿੱਸਾ ਇਕੱਲੇ ਲੰਬੀ ਹਲਕੇ ਵਿੱਚ ਚਲਾ ਜਾਂਦਾ ਹੈ। ਦੂਜੇ ਪਾਸੇ ਕਈ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਨੂੰ ਪਸ਼ੂ ਮੇਲਾ ਫੰਡਾਂ 'ਚੋਂ ਕਦੇ ਪਾਈ ਵੀ ਨਹੀਂ ਮਿਲੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਆਰ.ਟੀ.ਆਈ. ਤਹਿਤ ਦਿੱਤੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਹਰ ਮਹੀਨੇ 42 ਦੇ ਕਰੀਬ ਪਸ਼ੂ ਮੇਲੇ ਲੱਗਦੇ ਹਨ ਜਿਨ੍ਹਾਂ ਨੂੰ ਹਰ ਵਰ੍ਹੇ ਠੇਕੇ 'ਤੇ ਦਿੱਤਾ ਜਾਂਦਾ ਹੈ। ਪਸ਼ੂ ਮੇਲਿਆਂ ਤੋਂ ਸਾਲ 2008-09 ਤੋਂ 2013-14 ਤੱਕ 165.16 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਸ 'ਚੋਂ ਕਰੀਬ 40 ਕਰੋੜ ਰੁਪਏ ਇਕੱਲੇ ਜ਼ਿਲ੍ਹਾ ਮੁਕਤਸਰ ਨੂੰ ਜਾਰੀ ਕੀਤੇ ਗਏ ਹਨ। ਪਸ਼ੂ ਮੇਲਾ ਫੰਡਾਂ 'ਚੋਂ ਸਾਲ 2009-10 ਦੌਰਾਨ 42 ਫੀਸਦੀ ਅਤੇ ਸਾਲ 2011-12 ਦੌਰਾਨ 41.99 ਫੀਸਦੀ ਫੰਡ ਇਕੱਲੇ ਮੁਕਤਸਰ ਜ਼ਿਲ੍ਹੇ ਨੂੰ ਦਿੱਤੇ ਗਏ। ਇਵੇਂ ਹੀ ਸਾਲ 2012-13 ਦੌਰਾਨ 32 ਫੀਸਦੀ ਫੰਡ ਇਕੱਲੇ ਮੁਕਤਸਰ ਜ਼ਿਲ੍ਹੇ ਨੂੰ ਮਿਲੇ। ਸਾਲ 2011-12 ਵਿੱਚ ਮੁਕਤਸਰ ਜ਼ਿਲ੍ਹੇ, ਖਾਸ ਕਰਕੇ ਲੰਬੀ ਹਲਕੇ ਦੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਲਈ 11.50 ਕਰੋੜ ਰੁਪਏ ਦੇ ਫੰਡ ਪਸ਼ੂ ਮੇਲਾ ਫੰਡਾਂ ਵਿੱਚੋਂ ਖਰਚ ਕੀਤੇ ਗਏ ਹਨ। ਸਾਲ 2010-11 ਦੌਰਾਨ 86 ਲੱਖ ਰੁਪਏ ਹਲਕਾ ਲੰਬੀ ਦੇ 17 ਪਿੰਡਾਂ ਦੀਆਂ ਗਲੀਆਂ-ਨਾਲੀਆਂ ਵਾਸਤੇ ਪਸ਼ੂ ਮੇਲਾ ਫੰਡਾਂ 'ਚੋਂ ਵਰਤੇ ਗਏ ਹਨ।
                     ਜ਼ਿਲ੍ਹਾ ਮੁਕਤਸਰ ਵਿੱਚ ਸਾਲ 2009-10  ਇੱਕ ਕਰੋੜ ਰੁਪਏ ਲਿੰਕ ਸੜਕਾਂ ਦੀ ਉਸਾਰੀ ਅਤੇ ਸਾਲ 2008-09 ਦੌਰਾਨ 1.46 ਕਰੋੜ ਰੁਪਏ ਲਿੰਕ ਸੜਕਾਂ ਦੀ ਮੁਰੰਮਤ 'ਤੇ ਫੰਡ ਪਸ਼ੂ ਮੇਲਾ ਫੰਡਾਂ 'ਚੋਂ ਖਰਚੇ ਗਏ। ਸਾਲ 2013-14 ਵਿੱਚ 2.11 ਕਰੋੜ ਰੁਪਏ ਪੇਂਡੂ ਵਿਕਾਸ ਵਾਸਤੇ ਪਸ਼ੂ ਮੇਲਾ ਫੰਡਾਂ ਦੇ ਖਰਚ ਕੀਤੇ ਗਏ ਹਨ। ਇਸੇ ਵਰ੍ਹੇ ਤਿੰਨ ਕਰੋੜ ਛੱਪੜਾਂ ਦੇ ਵਿਕਾਸ ਅਤੇ ਗਲੀਆਂ-ਨਾਲੀਆਂ 'ਤੇ ਖਰਚੇ ਗਏ। ਕਰੀਬ 50 ਲੱਖ ਰੁਪਏ ਖੜਵੰਜਿਆਂ 'ਤੇ ਖਰਚੇ ਗਏ ਹਨ। ਹਲਕਾ ਲੰਬੀ ਵਿੱਚ ਪਸ਼ੂ ਮੇਲਾ ਫੰਡਾਂ 'ਚੋਂ 7.59 ਕਰੋੜ ਦੇ ਫੰਡਾਂ ਨਾਲ ਕਿੱਲਿਆਂਵਾਲੀ ਵਿਖੇ ਆਧੁਨਿਕ ਪਸ਼ੂ ਮੰਡੀ ਵੀ ਬਣਾਈ ਗਈ। ਪਿੰਡ\ ਬਾਦਲ ਵਿੱਚ ਘੋੜਿਆਂ ਦੇ ਇਲਾਜ ਲਈ ਬਣਾਏ ਸਰਕਾਰੀ ਹਸਪਤਾਲ 'ਤੇ ਵੀ ਪੌਣੇ ਦੋ ਕਰੋੜ ਰੁਪਏ ਦੇ ਫੰਡ ਪਸ਼ੂ ਮੇਲਾ ਫੰਡਾਂ 'ਚੋਂ ਹੀ ਵਰਤੇ ਗਏ ਹਨ। ਹਲਕਾ ਲੰਬੀ ਵਿੱਚ ਪਸ਼ੂ ਡਿਸਪੈਂਸਰੀਆਂ ਅਤੇ ਹਸਪਤਾਲਾਂ ਦੀਆਂ ਇਮਾਰਤਾਂ ਲਈ 1.08 ਕਰੋੜ ਦੇ ਫੰਡ ਸਾਲ 2012-13 ਵਿਚ ਪਸ਼ੂ ਮੇਲਾ ਫੰਡਾਂ 'ਚੋਂ ਜਾਰੀ ਕੀਤੇ ਗਏ ਹਨ।ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਜੁਗਰਾਜ ਸਿੰਘ ਟੱਲੇਵਾਲ ਦਾ ਕਹਿਣਾ ਸੀ ਕਿ ਜੋ ਪਸ਼ੂ ਫੰਡ ਸਮੁੱਚੇ ਪੰਜਾਬ 'ਚੋਂ ਇਕੱਠੇ ਹੁੰਦੇ ਹਨ, ਉਨ੍ਹਾਂ ਦੀ ਵੰਡ ਵੀ ਪਸ਼ੂ-ਧਨ ਦੀ ਭਲਾਈ ਲਈ ਇਕਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਲਿੰਕ ਸੜਕਾਂ ਜਾਂ ਗਲੀਆਂ ਦੀ ਉਸਾਰੀ ਵਾਸਤੇ ਪਸ਼ੂਆਂ ਦੇ ਭਲਾਈ ਫੰਡ ਵਰਤਣੇ ਜਾਇਜ਼ ਨਹੀਂ। ਪਸ਼ੂ-ਧਨ ਦੇ ਬਹਾਨੇ ਇਹ ਫੰਡ ਹੋਰਨਾਂ ਕੰਮਾਂ ਖਾਤਰ ਵਰਤਣੇ ਗਲਤ ਹਨ। ਸੂਤਰਾਂ ਅਨੁਸਾਰ ਪੰਜਾਬ ਕੈਟਲ ਫੇਅਰਜ਼ ਐਕਟ ਐਂਡ ਰੂਲਜ਼ ਅਨੁਸਾਰ ਪਸ਼ੂ ਮੇਲਿਆਂ ਤੋਂ ਇਕੱਤਰ ਫੰਡਾਂ ਨੂੰ ਪਸ਼ੂਆਂ ਦੀ ਭਲਾਈ 'ਤੇ ਹੀ ਖਰਚ ਕੀਤਾ ਜਾ ਸਕਦਾ ਸੀ। ਪੰਜਾਬ ਸਰਕਾਰ ਨੇ ਬਾਅਦ ਵਿੱਚ ਸਮੇਂ-ਸਮੇਂ ਐਕਟ ਦੇ ਨਿਯਮਾਂ ਵਿੱਚ ਸੋਧਾਂ ਕਰਕੇ ਇਸ ਨੂੰ ਆਪਣੀ ਲੋੜ ਅਨੁਸਾਰ ਢਾਲ ਲਿਆ ਹੈ।
                      ਪਸ਼ੂ ਮੇਲਾ ਫੰਡਾਂ ਚੋਂ ਜਿਲ•ਾ ਮੁਕਤਸਰ ਵਿਚ ਪਸ਼ੂ ਧੰਨ ਮੇਲਿਆਂ ਅਤੇ ਦੁੱਧ ਚੁਆਈ ਮੁਕਾਬਲਿਆਂ ਤੇ 8.20 ਕਰੋੜ ਰੁਪਏ ਇਨ•ਾਂ ਵਰਿ•ਆਂ ਦੌਰਾਨ ਖਰਚੇ ਗਏ ਹਨ। ਚਾਲੂ ਮਾਲੀ ਦੌਰਾਨ ਵਿਕਾਸ ਕੰਮਾਂ ਵਾਸਤੇ ਇਨ•ਾਂ ਫੰਡਾਂ ਚੋਂ 18.20 ਲੱਖ ਰੁਪਏ ਖਰਚ ਕੀਤੇ ਗਏ ਹਨ। ਪਸ਼ੂ ਮੇਲਾ ਫੰਡਾਂ ਚੋਂ ਪੰਜਾਬ ਭਰ ਵਿਚ ਕਰੀਬ 11 ਪਸ਼ੂ ਮੰਡੀਆਂ ਵੀ ਬਣਾਈਆਂ ਗਈਆਂ ਹਨ ਜਿਨ•ਾਂ ਤੇ 50 ਕਰੋੜ ਦੇ ਕਰੀਬ ਫੰਡ ਖਰਚ ਕੀਤੇ ਗਏ ਹਨ ਅਤੇ ਇਹ ਪਸ਼ੂ ਮੰਡੀਆਂ ਜਿਲ•ਾ ਮੋਹਾਲੀ,ਫਤਿਹਗੜ ਸਾਹਿਬ, ਅੰਮ੍ਰਿਤਸਰ, ਕਪੂਰਥਲਾ, ਬਰਨਾਲਾ, ਪਟਿਆਲਾ,ਗੁਰਦਾਸਪੁਰ ਅਤੇ ਬਠਿੰਡਾ ਵਿਚ ਬਣੀਆਂ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਦੇ ਸਬੰਧਤ ਡਿਪਟੀ ਡਾਇਰੈਕਟਰ ਸ਼ਿਵਦੇਵ ਸਿੰਘ ਦੰਦੀਵਾਲ ਦਾ ਕਹਿਣਾ ਸੀ ਕਿ ਪਸ਼ੂ ਮੇਲਾ ਫੰਡ ਇਸ ਕਰਕੇ ਸੜਕਾਂ ਅਤੇ ਗਲੀਆਂ-ਨਾਲੀਆਂ ਦੀ ਉਸਾਰੀ ਲਈ ਵਰਤੇ ਗਏ ਹਨ ਤਾਂ ਜੋ ਪਸ਼ੂਆਂ ਨੂੰ ਛੱਪੜਾਂ ਵਿੱਚ ਨੁਹਾਉਣ ਜਾਣ ਸਮੇਂ ਕੱਚੇ ਰਸਤਿਆਂ ਵਿੱਚ ਨਾ ਚੱਲਣਾ ਪਵੇ। ਉਨ੍ਹਾਂ ਆਖਿਆ ਕਿ ਅਜਿਹੀ ਕੋਈ ਨੀਤੀ ਨਹੀਂ ਜੋ ਪਸ਼ੂ ਮੇਲਾ ਫੰਡਾਂ ਦੀ ਬਰਾਬਰ ਵੰਡ ਦਾ ਜ਼ਿਕਰ ਕਰਦੀ ਹੋਵੇ। ਪਸ਼ੂ ਮੇਲਾ ਫੰਡ ਮਨਜ਼ੂਰ ਕਰਨ ਦੀ ਅਥਾਰਟੀ ਮੁੱਖ ਮੰਤਰੀ ਕੋਲ ਹੈ। ਜੋ ਫੰਡ ਉਹ ਮਨਜ਼ੂਰ ਕਰਦੇ ਹਨ, ਵਿਭਾਗ ਜਾਰੀ ਕਰ ਦਿੰਦਾ ਹੈ।

No comments:

Post a Comment