Wednesday, October 15, 2014

                                                            ਕੌਣ ਸਾਹਿਬ ਨੂੰ ਆਖੇ
                                 ਡਿਪਟੀ ਕਮਿਸ਼ਨਰਾਂ ਨੇ ਵਰਤੇ ਗਰੀਬਾਂ ਦੇ ਫੰਡ
                                                               ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਡਿਪਟੀ ਕਮਿਸ਼ਨਰਾਂ ਨੇ ਰੈੱਡ ਕਰਾਸ ਦੇ ਫੰਡਾਂ ਨਾਲ ਇਨੋਵਾ ਗੱਡੀਆਂ ਖਰੀਦੀਆਂ ਹਨ। ਅਜਿਹਾ ਕਰਨਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਅਤੇ ਗ਼ਰੀਬਾਂ ਲਈ ਰੱਖੇ ਪੈਸੇ ਦੀ ਦੁਰਵਰਤੋਂ ਹੈ। ਪਹਿਲਾਂ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਕੈਂਪ ਦਫ਼ਤਰਾਂ 'ਤੇ ਸਾਰਾ ਖਰਚਾ ਰੈੱਡ ਕਰਾਸ ਫੰਡਾਂ 'ਚੋਂ ਕੀਤਾ ਜਾਂਦਾ ਸੀ ਜਿਸ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਲ 2007-08 ਵਿੱਚ ਰੋਕ ਲਗਾ ਦਿੱਤੀ ਸੀ। ਹੁਣ ਡਿਪਟੀ ਕਮਿਸ਼ਨਰ ਰੈੱਡ ਕਰਾਸ ਫੰਡ 'ਚੋਂ ਕਾਰਾਂ ਖਰੀਦ ਕੇ ਚਲਾ ਰਹੇ ਹਨ .ਆਰਟੀਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਰੈੱਡ ਕਰਾਸ ਮਾਨਸਾ ਵੱਲੋਂ ਸਾਲ 2012 ਦੇ ਅਖੀਰ ਵਿੱਚ ਇੱਕ ਨਵੀਂ ਇਨੋਵਾ ਗੱਡੀ 11.75 ਲੱਖ ਰੁਪਏ ਵਿੱਚ ਖਰੀਦੀ ਗਈ ਸੀ ਜਿਸ ਮਗਰੋਂ ਇਹ ਡਿਪਟੀ ਕਮਿਸ਼ਨਰ ਮਾਨਸਾ ਨੇ ਲੈ ਲਈ। ਇਸ ਗੱਡੀ (ਨੰਬਰ ਪੀਬੀ 31 ਜੇ 2021) ਨੂੰ ਡਿਪਟੀ ਕਮਿਸ਼ਨਰ ਵਰਤ ਰਹੇ ਹਨ। ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਥਿੰਦ ਦਾ ਕਹਿਣਾ ਸੀ ਕਿ ਉਨ੍ਹਾਂ ਤੋਂ ਪਹਿਲਾਂ ਹੀ ਇਹ ਗੱਡੀ ਖਰੀਦੀ ਗਈ ਸੀ। ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਨੋਵਾ ਗੱਡੀ ਵਿੱਚ ਤੇਲ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਹੀ ਪੁਆਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਕੋਲ ਹੋਰ ਕੋਈ ਵੀ ਗੱਡੀ ਜਾਂ ਐਬੂਲੈਂਸ ਨਹੀਂ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੀ ਹਸਪਤਾਲ ਭਲਾਈ ਸੈਕਸ਼ਨ ਦੀ ਚੇਅਰਪਰਸਨ ਜੋ ਕਿ ਡੀ.ਸੀ. ਦੀ ਪਤਨੀ ਹੈ, ਰੈੱਡ ਕਰਾਸ ਦੀ ਨਵੀਂ ਇਨੋਵਾ ਗੱਡੀ (ਪੀਬੀ 07 ਏ ਜੇ 0900) ਵਰਤ ਰਹੇ ਹਨ। ਰੈੱਡ ਕਰਾਸ ਵੱਲੋਂ ਸਾਲ 2013-14'ਚ 12.07 ਲੱਖ ਰੁਪਏ ਦੀ ਲਾਗਤ ਨਾਲ ਇਹ ਗੱਡੀ ਖਰੀਦ ਕੇ ਦਿੱਤੀ ਗਈ ਸੀ। ਇੱਥੇ ਦਫ਼ਤਰ ਅਤੇ ਕੈਂਪ ਦਫ਼ਤਰ ਦਾ ਖਰਚਾ ਹਾਲੇ ਵੀ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ।
                     ਸੂਚਨਾ ਅਨੁਸਾਰ ਪਿਛਲੇ ਪੰਜ ਸਾਲਾਂ ਤੋਂ ਰੈੱਡ ਕਰਾਸ ਦੇ ਫੰਡ ਦਫ਼ਤਰ ਤੇ ਕੈਂਪ ਦਫ਼ਤਰ ਲਈ ਔਸਤਨ 14 ਹਜ਼ਾਰ ਰੁਪਏ ਸਾਲਾਨਾ ਵਰਤੇ ਜਾ ਰਹੇ ਹਨ। ਰੈੱਡ ਕਰਾਸ ਦੇ ਸਕੱਤਰ ਨਰੇਸ਼ ਗੁਪਤਾ ਨੇ ਦੱਸਿਆ ਕਿ ਇਨੋਵਾ ਗੱਡੀ ਦੀ ਵਰਤੋਂ ਡੀ.ਸੀ. ਰੈਗੂਲਰ ਕਰ ਰਹੇ ਹਨ ਕਿਉਂਕਿ ਰੈੱਡ ਕਰਾਸ ਦਾ ਅਧਿਕਾਰ ਖੇਤਰ ਕਾਫ਼ੀ ਵੱਡਾ ਹੈ ਤੇ ਕੰਮ ਜ਼ਿਆਦਾ ਹੋਣ ਕਰਕੇ ਗੱਡੀ ਵਰਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਪਟਿਆਲਾ ਵੀ ਰੈੱਡ ਕਰਾਸ ਦੀ ਨਵੀਂ ਇਨੋਵਾ ਗੱਡੀ ਵਰਤ ਰਹੇ ਹਨ। ਰੈੱਡ ਕਰਾਸ ਫੰਡਾਂ 'ਚੋਂ ਇਹ ਇਨੋਵਾ ਗੱਡੀ (ਨੰਬਰ ਪੀਬੀ 11 ਵੀ 0002) ਸਾਲ 2011-12 ਵਿੱਚ ਖਰੀਦੀ ਗਈ ਸੀ ਜਿਸ ਦੇ ਬੀਮੇ 'ਤੇ ਰੈੱਡ ਕਰਾਸ ਨੇ 45,781 ਰੁਪਏ ਖਰਚੇ ਹਨ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਪ੍ਰਧਾਨ ਵੀ ਆਪਣੇ ਅਹੁਦੇ ਦੇ ਆਧਾਰ 'ਤੇ ਡਿਪਟੀ ਕਮਿਸ਼ਨਰ ਹੁੰਦਾ ਹੈ ਤੇ ਇਸ ਪ੍ਰਧਾਨਗੀ ਦੀ ਆੜ ਵਿੱਚ ਉਹ ਰੈੱਡ ਕਰਾਸ ਦੇ ਫੰਡਾਂ ਨੂੰ ਹਰ ਤਰ੍ਹਾਂ ਵਰਤ ਲੈਂਦੇ ਹਨ। ਸਰਕਾਰੀ ਸੂਚਨਾ ਅਨੁਸਾਰ ਜਦੋਂ ਫਾਜ਼ਿਲਕਾ ਜ਼ਿਲ੍ਹਾ ਬਣਿਆ ਤਾਂ ਉਸ ਮਗਰੋਂ ਰੈੱਡ ਕਰਾਸ ਨੇ ਆਪਣੇ ਫੰਡਾਂ 'ਚੋਂ ਡਿਪਟੀ ਕਮਿਸ਼ਨਰ ਲਈ ਨਵੀਂ  ਐੱਸ ਐਕਸ 4 ਗੱਡੀ ਖਰੀਦ ਕੇ ਦਿੱਤੀ। ਉਸ ਮਗਰੋਂ ਸਰਕਾਰ ਨੇ ਡੀ.ਸੀ. ਨੂੰ ਨਵੀਂ ਇਨੋਵਾ ਗੱਡੀ ਦੇ ਦਿੱਤੀ ਪਰ ਅੱਜ ਵੀ ਰੈੱਡ ਕਰਾਸ ਵਾਲੀ ਗੱਡੀ ਡਿਪਟੀ ਕਮਿਸ਼ਨਰ ਕੋਲ ਹੀ ਹੈ। ਰੈੱਡ ਕਰਾਸ ਦੇ ਸਕੱਤਰ ਸੁਭਾਸ਼ ਅਰੋੜਾ ਦਾ ਕਹਿਣਾ ਸੀ ਕਿ ਗੱਡੀ ਡੀ.ਸੀ. ਕੋਲ ਹੀ ਹੈ ਜੋ ਹੁਣ ਰੈੱਡ ਕਰਾਸ ਦੇ ਕੰਮਾਂ ਲਈ ਹੀ ਵਰਤਦੇ ਹਨ। ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਰੈੱਡ ਕਰਾਸ ਦੇ ਫੰਡਾਂ 'ਚੋਂ 16 ਜੂਨ 2011 ਨੂੰ ਇਨੋਵਾ ਗੱਡੀ (ਨੰਬਰ ਪੀਬੀ 09 ਐਨ 0010) ਖਰੀਦੀ ਗਈ ਹੈ।
                    ਸਰਕਾਰੀ ਸੂਚਨਾ ਮੁਤਾਬਕ ਇਹ ਗੱਡੀ ਰੈੱਡ ਕਰਾਸ ਦੀ ਚੇਅਰਪਰਸਨ, ਸਕੱਤਰ ਅਤੇ ਸਟਾਫ਼ ਵੱਲੋਂ ਵਰਤੀ ਜਾਂਦੀ ਹੈ ਪਰ ਅਸਲ ਵਿੱਚ ਇਸ ਨੂੰ ਡਿਪਟੀ ਕਮਿਸ਼ਨਰ ਹੀ ਜ਼ਿਆਦਾ ਸਮਾਂ ਵਰਤ ਰਹੇ ਹਨ। ਰੈੱਡ ਕਰਾਸ ਇਸ ਗੱਡੀ ਦੀ ਮੁਰੰਮਤ, ਬੀਮੇ ਅਤੇ ਤੇਲ 'ਤੇ 1.05 ਲੱਖ ਰੁਪਏ ਖਰਚ ਚੁੱਕੇ ਹਨ। ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਲਈ ਰੈੱਡ ਕਰਾਸ ਨੇ ਦਸੰਬਰ 2011 ਵਿੱਚ ਇਨੋਵਾ ਗੱਡੀ (ਪੀਬੀ 05 ਵੀ 2627) ਖਰੀਦ ਕੇ ਦਿੱਤੀ ਸੀ। ਉਸ ਵੇਲੇ ਰੈੱਡ ਕਰਾਸ ਸੁਸਾਇਟੀ ਕੋਲ ਮੌਜੂਦ ਅੰਬੈਸਡਰ ਗੱਡੀ ਫਾਜ਼ਿਲਕਾ ਦੇ ਨਵਾਂ ਜ਼ਿਲ੍ਹਾ ਬਣਨ 'ਤੇ ਉੱਥੇ ਭੇਜ ਦਿੱਤੀ ਗਈ ਸੀ। ਲਿਖਤੀ ਸੂਚਨਾ ਮੁਤਾਬਕ ਡਿਪਟੀ ਕਮਿਸ਼ਨਰ ਕੋਲ ਖ਼ੁਦ ਆਪਣੀ ਦਫ਼ਤਰੀ ਗੱਡੀ ਨਾ ਹੋਣ ਕਰਕੇ ਉਨ੍ਹਾਂ ਵੱਲੋਂ ਰੈੱਡ ਕਰਾਸ ਦੀ ਗੱਡੀ ਵਰਤੀ ਜਾ ਰਹੀ ਸੀ ਜੋ ਹੁਣ ਅਪਰੈਲ 2014 ਵਿੱਚ ਰੈੱਡ ਕਰਾਸ ਨੂੰ ਵਾਪਸ ਕਰ ਦਿੱਤੀ ਗਈ ਹੈ। ਮੁੱਖ ਸਕੱਤਰ ਪੰਜਾਬ ਸਰਵੇਸ਼ ਕੌਸ਼ਲ ਨਾਲ ਪੱਖ ਜਾਣਨ ਲਈ ਵਾਰ ਵਾਰ ਫੋਨ ਤੇ ਸੰਪਰਕ ਕੀਤਾ ਪ੍ਰੰਤੂ ਉਨ•ਾਂ ਫੋਨ ਅਟੈਂਡ ਨਹੀਂ ਕੀਤਾ। ਆਲ ਇੰਡੀਆ ਰੈਡ ਕਰਾਸ ਸੁਸਾਇਟੀ ਚੰਡੀਗੜ• (ਸਟੇਟ ਬਰਾਂਚ) ਦੇ ਸਟੇਟ ਸਕੱਤਰ ਸ੍ਰੀ ਸੀ.ਐਸ.ਤਲਵਾਰ ਦਾ ਕਹਿਣਾ ਸੀ ਕਿ ਹਰ ਜਿਲ•ੇ ਦੀ ਰੈਡ ਕਰਾਸ ਸੁਸਾਇਟੀ ਦਾ ਉਨ•ਾਂ ਕੋਲ ਪ੍ਰਬੰਧਕੀ ਕੰਟਰੋਲ ਨਹੀਂ ਹੁੰਦਾ ਹੈ ਪ੍ਰੰਤੂ ਰੈਡ ਕਰਾਸ ਦੇ ਵਾਹਣ ਨੂੰ ਸਿਰਫ ਰੈਡ ਕਰਾਸ ਦੇ ਕੰਮਾਂ ਵਾਸਤੇ ਹੀ ਵਰਤਿਆ ਜਾ ਸਕਦਾ ਹੈ। ਉਨ•ਾਂ ਆਖਿਆ ਕਿ ਰੈਡ ਕਰਾਸ ਫੰਡਾਂ ਚੋਂ ਨਵੇਂ ਵਾਹਣ ਖਰੀਦਣ ਦਾ ਮਾਮਲਾ ਉਨ•ਾਂ ਦਾ ਧਿਆਨ ਵਿਚ ਵੀ ਨਹੀਂ ਹੈ।
                                          ਰੈੱਡਕਰਾਸ ਦੇ ਫੰਡਾਂ ਦੀ ਦੁਰਵਰਤੋਂ
ਗੈਰ-ਸਰਕਾਰੀ ਸੰਗਠਨ 'ਰਿਸਰਜੈਂਸ ਇੰਡੀਆ' ਦੀ ਜਨਹਿਤ ਪਟੀਸ਼ਨ 'ਤੇ ਹਾਈ ਕੋਰਟ ਵੱਲੋਂ ਰੈੱਡ ਕਰਾਸ ਦੇ ਫੰਡਾਂ ਦੀ ਜਾਂਚ ਲਈ ਸਾਲ 2009 ਵਿੱਚ ਦੋ ਮੈਂਬਰੀ ਜੁਡੀਸ਼ਲ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸਦੀ ਪੜਤਾਲ ਮਗਰੋਂ ਪੰਜਾਬ ਸਰਕਾਰ ਨੂੰ ਦੁਰਵਰਤੋਂ ਵਾਲਾ ਸਾਰਾ ਪੈਸਾ ਰੈੱਡ ਕਰਾਸ ਨੂੰ ਵਾਪਸ ਕਰਨਾ ਪਿਆ ਸੀ। ਹੁਣ ਕੁਝ ਡਿਪਟੀ ਕਮਿਸ਼ਨਰਾਂ ਨੇ ਮੁੜ ਰੈੱਡ ਕਰਾਸ ਸੁਸਾਇਟੀ ਦੇ ਫੰਡ ਗੱਡੀਆਂ ਦੀ ਖਰੀਦ ਲਈ ਵਰਤਣੇ ਸ਼ੁਰੂ ਕਰ ਦਿੱਤੇ ਹਨ। 'ਰਿਸਰਜੈਂਸ ਇੰਡੀਆ' ਦੇ ਜਨਰਲ ਸਕੱਤਰ ਹੇਮੰਤ ਗੋਸਵਾਮੀ ਨੇ ਕਿਹਾ ਕਿ ਹਦਾਇਤਾਂ ਮੁਤਾਬਕ ਡਿਪਟੀ ਕਮਿਸ਼ਨਰ ਰੈੱਡ ਕਰਾਸ ਦੇ ਕੰਮਾਂ ਤੋਂ ਬਿਨਾਂ ਹੋਰ ਕਿਸੇ ਮਕਸਦ ਲਈ ਗੱਡੀ ਦੀ ਵਰਤੋਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਡਿਪਟੀ ਕਮਿਸ਼ਨਰਾਂ ਨੇ ਅਜਿਹਾ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਉਹ ਹਾਈ ਕੋਰਟ ਤਕ ਮੁੜ ਪਹੁੰਚ ਕਰਨਗੇ।

No comments:

Post a Comment