Sunday, May 7, 2017

                              ਅਕਾਲੀ ਤਰਜ਼
       ਨਾ ਟਰੱਕ ਨਾ ਟੈਰ, ਬਣ ਬੈਠੇ ਲਫਟੈਨ !
                              ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਹਕੂਮਤ ਦੇ ਸਿਆਸੀ ਲਫ਼ਟੈਣਾਂ ਨੇ ਸਿਆਸੀ ਮਾਹੌਲ ਦੇ ਤਬਦੀਲ ਹੁੰਦਿਆਂ ਹੀ ਕਰੀਬ 55 ਟਰੱਕ ਯੂਨੀਅਨਾਂ 'ਤੇ ਕਬਜ਼ੇ ਜਮਾ ਲਏ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਹੁੰ ਚੁੱਕ ਸਮਾਗਮਾਂ ਮਗਰੋਂ ਸਭ ਤੋਂ ਪਹਿਲਾਂ ਟਰੱਕ ਯੂਨੀਅਨਾਂ ਦਾ ਨੰਬਰ ਲੱਗਿਆ। ਟਰੱਕ ਯੂਨੀਅਨਾਂ ਚੋਂ ਅਕਾਲੀ ਦਲ ਦੀ ਅਜਾਰੇਦਾਰੀ ਖਤਮ ਕਰਕੇ ਕਾਂਗਰਸੀ ਪ੍ਰਧਾਨ ਜਾਂ ਕਮੇਟੀ ਮੈਂਬਰ ਥਾਪ ਦਿੱਤੇ ਗਏ ਹਨ। ਬਰੇਟਾ 'ਚ ਦੋ ਕੀਮਤੀ ਜਾਨਾਂ ਵੀ ਇਸੇ ਲੜਾਈ ਵਿਚ ਚਲੀਆਂ ਗਈਆਂ। ਕਰੀਬ 10 ਟਰੱਕ ਯੂਨੀਅਨ ਦੀ ਕੁਰਸੀ ਲਈ ਕਾਂਗਰਸੀ ਧੜੇ ਆਪਸ ਵਿਚ ਉਲਝੇ ਹੋਏ ਹਨ। ਪੰਜਾਬੀ ਟ੍ਰਿਬਿਊਨ ਤਰਫ਼ੋਂ ਮਾਲਵਾ ਖ਼ਿੱਤੇ ਦੇ ਗਿਆਰਾਂ ਜ਼ਿਲਿ•ਆਂ ਦੀਆਂ ਕਰੀਬ 70 ਟਰੱਕ ਯੂਨੀਅਨਾਂ ਦੇ 'ਲੋਕ ਰਾਜ' ਦਾ ਮੁਲਾਂਕਣ ਕੀਤਾ ਗਿਆ ਜਿਸ ਤੋਂ ਅਹਿਮ ਤੱਥ ਉਭਰੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਕਰੀਬ 134 ਟਰੱਕ ਯੂਨੀਅਨਾਂ ਹਨ ਜਿਨ•ਾਂ ਵਿਚ ਕਰੀਬ 93 ਹਜ਼ਾਰ ਟਰੱਕ ਹਨ। ਇਨ•ਾਂ ਯੂਨੀਅਨਾਂ ਵਲੋਂ ਪੰਜਾਬ ਵਿਚ ਇਕੱਲੀ ਜਿਣਸ ਦੀ ਢੋਆ ਢੁਆਈ ਵਿਚ ਕਰੀਬ ਇੱਕ ਹਜ਼ਾਰ ਕਰੋੜ ਦਾ ਕਾਰੋਬਾਰ ਕੀਤਾ ਜਾਂਦਾ ਹੈ। ਸਿਆਸੀ ਧਿਰਾਂ ਲਈ ਟਰੱਕ ਯੂਨੀਅਨਾਂ ਸੋਨੇ ਦੀ ਖਾਣ ਹਨ ਜਿਸ ਦਾ ਨਾ ਕੋਈ ਆਡਿਟ ਹੁੰਦਾ ਹੈ ਅਤੇ ਨਾ ਹੀ ਕੋਈ ਜੁਆਬਦੇਹੀ ਹੈ।
                      ਨਵੀਂ ਹਕੂਮਤ ਨੇ ਕਰੀਬ 50 ਫੀਸਦੀ ਟਰੱਕ ਯੂਨੀਅਨ ਦੇ ਅਜਿਹੇ ਨਵੇਂ ਪ੍ਰਧਾਨ ਜਾਂ ਕਮੇਟੀ ਮੈਂਬਰ ਥਾਪੇ ਹਨ ਜਿਨ•ਾਂ ਕੋਲ ਨਾ ਕੋਈ ਟਰੱਕ ਹੈ ਅਤੇ ਨਾ ਕੋਈ ਟੈਰ। ਸਿਆਸੀ ਦਬਕੇ ਦੇ ਡਰੋਂ ਟਰੱਕ ਯੂਨੀਅਨਾਂ ਦੇ ਅਪਰੇਟਰਾਂ ਨੂੰ ਸਿਆਸੀ ਲੋਕਾਂ ਦੀ ਅਗਵਾਈ ਮੰਨਣਾ ਮਜਬੂਰੀ ਬਣ ਜਾਂਦਾ ਹੈ।ਘੋਖ ਅਨੁਸਾਰ ਮੁਕਤਸਰ,ਮਲੋਟ,ਕਿੱਲਿਆਂ ਵਾਲੀ ਅਤੇ ਗਿੱਦੜਬਹਾ ਟਰੱਕ ਯੂਨੀਅਨਾਂ ਦੇ ਕਿਸੇ ਵੀ ਪ੍ਰਧਾਨ ਕੋਈ ਕੋਈ ਟਰੱਕ ਹੀ ਨਹੀਂ ਹੈ ਜਦੋਂ ਕਿ ਉਹ ਅਗਵਾਈ ਟਰੱਕਾਂ ਵਾਲਿਆਂ ਦੀ ਕਰਨਗੇ। ਗਿੱਦੜਬਹਾ ਵਿਚ ਦੋ ਪ੍ਰਧਾਨ ਥਾਪੇ ਗਏ ਪ੍ਰੰਤੂ ਇਨ•ਾਂ ਦੋਹਾਂ ਕੋਲ ਹੀ ਟਰੱਕ ਨਹੀਂ ਹਨ। ਮਹਿਲ ਕਲਾਂ ਟਰੱਕ ਯੂਨੀਅਨ ਦੀ ਸਰਪ੍ਰਸਤ ਸਾਬਕਾ ਕਾਂਗਰਸੀ ਵਿਧਾਇਕ ਬੀਬੀ ਹਰਚੰਦ ਕੌਰ ਖੁਦ ਬਣ ਗਈ ਹੈ ਜਦੋਂ ਕਿ ਉਨ•ਾਂ ਦੇ ਪਤੀ ਸੰਤ ਸਿੰਘ ਟਰੱਕ ਯੂਨੀਅਨ ਦੇ ਪ੍ਰਧਾਨ ਬਣ ਗਏ ਹਨ। ਬੀਬੀ ਹਰਚੰਦ ਕੌਰ ਦਾ ਪ੍ਰਤੀਕਰਮ ਸੀ ਕਿ ਯੂਨੀਅਨ ਸਰਬਸੰਮਤੀ ਨਾਲ ਬਣੀ ਹੈ। ਉਨ•ਾਂ ਨੂੰ ਅਪਰੇਟਰਾਂ ਨੇ ਖੁਦ ਸਰਬਸੰਮਤੀ ਨਾਲ ਯੂਨੀਅਨ ਦੀ ਇਹ ਜਿੰਮੇਵਾਰੀ ਦਿੱਤੀ  ਹੈ, ਉਨ•ਾਂ ਦੀ ਕੋਈ ਇੱਛਾ ਨਹੀਂ ਸੀ।
                        ਟਰੱਕ ਯੂਨੀਅਨ ਤਪਾ 'ਚ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦਾ ਮੋਹਰੀ ਮੈਂਬਰ ਵਿੱਕੀ ਬਰਾੜ (ਫਰੀਦਕੋਟ) ਨੂੰ ਬਣਾਇਆ ਗਿਆ ਹੈ, ਜੋ ਕਿ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਦੇ ਪੀ.ਏ ਵਜੋਂ ਵਿਚਰਦਾ ਹੈ। ਉਸ ਸਮੇਤ ਦੋ ਹੋਰ ਮੈਂਬਰਾਂ ਕੋਲ ਕੋਈ ਟਰੱਕ ਵੀ ਨਹੀਂ ਹੈ। ਫਿਰੋਜ਼ਪੁਰ ਅਤੇ ਮੱਲਾਵਾਲਾ ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨਾਂ ਕੋਲ ਵੀ ਕੋਈ ਟਰੱਕ ਨਹੀਂ ਹੈ ਜਦੋਂ ਕਿ ਫਾਜਿਲਕਾ ਯੂਨੀਅਨ ਦੇ ਨਵੇਂ ਪ੍ਰਧਾਨ ਕੋਲ ਟਰੱਕ ਨਹੀਂ ਹੈ ਜਦੋਂ ਕਿ ਜਲਾਲਾਬਾਦ ਯੂਨੀਅਨ ਦੇ ਦੋ ਪ੍ਰਧਾਨ ਹਨ ਜਿਨ•ਾਂ ਕੋਲ ਟਰੱਕ ਨਹੀਂ ਹਨ। ਰਾਮਾਂ ਮੰਡੀ ਟਰੱਕ ਯੂਨੀਅਨ ਦੀ ਚਾਰ ਮੈਂਬਰੀ ਕਮੇਟੀ ਚੋਂ ਸਿਰਫ਼ ਇੱਕ ਮੈਂਬਰ ਕੋਲ ਆਪਣੇ ਟਰੱਕ ਹਨ।  ਤਲਵੰਡੀ ਸਾਬੋ ਯੂਨੀਅਨ ਦੇ ਪੰਜ ਮੈਂਬਰਾਂ ਚੋਂ ਦੋ ਮੈਂਬਰਾਂ ਕੋਲ  ਅਤੇ ਭੁੱਚੋ ਮੰਡੀ ਯੂਨੀਅਨ ਦੇ ਪੰਜ ਨਵੇਂ ਮੈਂਬਰਾਂ ਚੋਂ ਸਿਰਫ਼ ਇੱਕ ਮੈਂਬਰ ਕੋਲ ਟਰੱਕ ਹੈ। ਬਾਜਾਖਾਨਾ,ਨਿਹਾਲ ਸਿੰਘ ਵਾਲਾ ਅਤੇ ਅਜਿੱਤਵਾਲ ਦੀ ਯੂਨੀਅਨ ਦੇ ਪ੍ਰਧਾਨ ਬਿਨ•ਾਂ ਟਰੱਕਾਂ ਤੋਂ ਬਣੇ ਹਨ। ਮਾਨਸਾ ਤੇ ਭਿਖੀ ਯੂਨੀਅਨ ਲਈ ਕਾਂਗਰਸ ਦੇ ਦੋ ਧੜੇ ਆਪਸ ਵਿਚ ਉਲਝੇ ਪਏ ਹਨ।
                    ਲਹਿਰਾਗਾਗਾ ਯੂਨੀਅਨ ਦੀ ਕੁਰਸੀ ਤੋਂ ਕਾਫ਼ੀ ਕਲੇਸ਼ ਪਿਆ ਹੈ ਅਤੇ ਹੁਣ ਸਰਬਸੰਮਤੀ ਨਾਲ ਦੋ ਮਹੀਨੇ ਮਗਰੋਂ ਇੱਕ ਸ਼ਰਾਬ ਦੇ ਠੇਕੇਦਾਰ ਨੂੰ ਪ੍ਰਧਾਨਗੀ ਮਿਲਣੀ ਹੈ। ਅਮਰਗੜ ਯੂਨੀਅਨ ਦੇ ਪ੍ਰਧਾਨ ਨੇ ਹੁਣ ਟਰੱਕ ਲਿਆ ਹੈ।  ਬਨੂੜ ਤੇ ਨਾਭਾ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਖੁਦ ਟਰੱਕ ਮਾਲਕ ਨਹੀਂ ਹਨ। ਮੋਗਾ, ਸੰਗਰੂਰ, ਪਟਿਆਲਾ, ਕੋਟਕਪੂਰਾ, ਸ਼ੇਰਪੁਰ, ਜਗਰਾਓ ਆਦਿ ਤੇ ਹਾਲੇ ਪੁਰਾਣੇ ਅਕਾਲੀ ਪ੍ਰਧਾਨ ਹੀ ਕਾਬਜ਼ ਹਨ। ਬਠਿੰਡਾ,ਰਾਮਪੁਰਾ,ਭਗਤਾ ਅਤੇ ਗੋਨਿਆਣਾ ਯੂਨੀਅਨ 'ਤੇ ਰਾਤੋਂ ਰਾਤ ਕਾਂਗਰਸੀ ਕਾਬਜ਼ ਹੋਏ ਹਨ। ਪਹਿਲਾਂ ਅਕਾਲੀ ਆਗੂਆਂ ਨੇ ਏਦਾਂ ਹੀ ਕਬਜ਼ੇ ਜਮਾਏ ਹੋਏ ਸਨ ਅਤੇ ਹੁਣ 10 ਵਰਿ•ਆਂ ਮਗਰੋਂ ਕਾਂਗਰਸੀ ਲੀਡਰਾਂ ਦਾ ਦਾਅ ਲੱਗਾ ਹੈ। 'ਆਪ' ਦੇ ਬੁਲਾਰੇ ਕੁਲਤਾਰ ਸੰਧਵਾਂ ਦਾ ਕਹਿਣਾ ਸੀ ਕਿ ਕਾਂਗਰਸੀ ਲੀਡਰਾਂ ਨੇ ਟਰੱਕ ਯੂਨੀਅਨਾਂ ਤੇ ਕਬਜ਼ੇ ਲਈ ਖੂਨ ਖ਼ਰਾਬਾ ਕੀਤਾ ਹੈ ਜਿਸ ਤੋਂ ਲੀਡਰਾਂ 'ਲੁੱਟ ਨੀਤੀ' ਸਾਫ ਹੁੰਦੀ ਹੈ ਅਤੇ ਘਾਣ ਆਮ ਅਪਰੇਟਰਾਂ ਹੋਣਾ ਹੈ।
                                         ਸਿਆਸੀ ਦਾਖਲ ਬੰਦ ਹੋਵੇ : ਬੁੱਟਰ
ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਅਤੇ ਜਨਰਲ ਸਕੱਤਰ ਟਹਿਲ ਸਿੰਘ ਬੁੱਟਰ ਦਾ ਕਹਿਣਾ ਸੀ ਕਿ ਟਰੱਕ ਯੂਨੀਅਨਾਂ ਵਿਚ ਸਿਆਸੀ ਦਾਖਲ ਬਿਲਕੁਲ ਬੰਦ ਹੋਵੇ ਅਤੇ ਹਰ ਵਰੇ• ਅਪਰੇਟਰਾਂ ਦੀ ਚੋਣ ਹੋਣੀ ਚਾਹੀਦੀ ਹੈ। ਉਨ•ਾਂ ਆਖਿਆ ਕਿ ਢੋਆ ਢੁਆਈ ਦੇ ਟੈਂਡਰ ਯੂਨੀਅਨਾਂ ਦੇ ਨਾਮ ਤੇ ਪੈਣੇ ਚਾਹੀਦੇ ਹਨ ਤਾਂ ਹੀ ਅਪਰੇਟਰਾਂ ਦਾ ਭਲਾ ਹੋਵੇਗਾ। ਸਿਆਸੀ ਪ੍ਰਧਾਨ ਆਪਣੇ ਨਾਮ ਤੇ ਟੈਂਡਰ ਪਾ ਕੇ ਲਾਹਾ ਖੱਟਦੇ ਹਨ

1 comment:

  1. ਗਰੀਬ ਦੇਸ਼ਾਂ ਜਿਵੇ ਭਾਰਤ ਵਿਚ,ਪੰਜਾਬ ਵਿਚ, ਅਮਰੀ ਹੋਣ ਦਾ ਇੱਕ ਤਰੀਕਾ: ਸਿਆਸਤ ਤੇ ਕਾਬਜ਼ ਹੋਣਾ, ਦੂਸਰਾ govt ਦੀ ਜੋਬ ਜਿਥੇ ਲੋਕਾ ਨੂ ਡਰਾ ਕੇ ਵਢੀ ਲਈ ਜਾਂਦੀ ਹੈ! ਇਨਾ truck union members ਤੋ union ਪ੍ਰਧਾਨ ਹਿਸਾ ਵਸੂਲੇਗਾ..ਵੋਟਾਂ ਵੀ ਪਵਾਏਗਾ ਮਰਜੀ ਨਾਲ...ਚੂਨਾ ਟੈਕ੍ਸ payers(govt) ਨੂ ਲਵੇਗਾ.

    ਇਥੇ ਸਾਰੇ ਕਾਲੇ ਹਨ.....ਲੋਕ ਆਪ ਹੀ ਕੁਹਾੜਾ ਮਾਰ ਰਹੇ ਹਨ. ਸਿਖਾ ਦੇ ਵੈਰੀ ਇਹ ਆਪ ਹੀ ਹਨ. ਲੋਕ ਪੰਜਾਬ ਛਡ ਕੇ ਬਾਹਰ ਨੂ ਕਿਓ ਭਜਦੇ ਹਨ ..

    ਆਤਮ ਚਿੰਤਨ ਕਰਨ ਦੀ ਲੋੜ. RSS ਤੇ bjp ਨੂ blame ਕਰਨਾ ਬਹੁਤ ਦੂਰ ਦੀ ਗਲ ਹੈ

    ReplyDelete