ਵਿਚਲੀ ਗੱਲ
ਗਣਰਾਜ ਆਫ਼ ਕਿਸਾਨ
ਚਰਨਜੀਤ ਭੁੱਲਰ
ਚੰਡੀਗੜ੍ਹ : ਏਹ ਪੈਲ਼ੀਆਂ ਦੇ ਜਾਏ, ਨਰੈਣ ਦੇ ਘਰ ਆਏ ਨੇ, ਢੱਠ ਮਕੌੜੇ ਬਣਕੇ, ਕੀੜੀਆਂ ਦਾ ਭੌਣ ਨਹੀਂ। ਨਾ ਏਹ ਖੱਬੂ ਨੇ, ਨਾ ਹੀ ਸੱਜੂ, ਖੇਤਾਂ ਦੇ ਧੰਨੇ ਜੱਟ ਨੇ, ਕੋਲ ਟਰੈਕਟਰ ਤੇ ਕਰੈਕਟਰ ਹੈ। ਲੈਫਟ-ਰਾਈਟ ਨਹੀਂ, ਬੱਸ ‘ਕਿਸਾਨ ਪਰੇਡ’ ਕਰਨਗੇ, ਖੜ੍ਹ ਕੇ ਦੁਨੀਆ ਵੇਖੇਗੀ, ਦਿੱਲੀ ਨੇ ਰਾਹ ਛੱਡੇ ਨੇ। ਟਰੈਕਟਰ ਖੇਤਾਂ ’ਚ ਨਹੀਂ, ਜਰਨੈਲੀ ਸੜਕਾਂ ’ਤੇ ਗੂੰਜੇ ਨੇ। ਚਾਚੇ ਤਾਏ, ਭੈਣ ਭਾਈ, ਦਾਦੇ ਪੋਤੇ, ਮਾਈ ਭਾਈ, ਸਭ ਦਿੱਲੀ ਜਾ ਬੈਠੇ ਨੇ। ‘ਚਿੱਟੀ ਪੱਗ’ ਨੂੰ ਦਾਗ ਨਾ ਲੱਗੇ, ਪਰਨੇ ਹੀ ਲਪੇਟ ਲਿਆਏ ਨੇ। ਰਾਜਪਥ ’ਤੇ ਜਵਾਨ, ਰਿੰਗ ਰੋਡ ’ਤੇ ਕਿਸਾਨ। ਬੰਨ੍ਹ ਲੰਮੇ ਕਾਫਲੇ, ਪਾਲ਼ਾਂ ’ਚ ਚੱਲਣਗੇ, ਟੋਚਨ ਸਿਦਕ ਤੇ ਸਿਰੜ ਨੂੰ ਕੀਤੈ। ਤਿਰੰਗੇ ਦੀ ਆਨ, ਖੇਤਾਂ ਦੀ ਸ਼ਾਨ ਲਈ, ਪੱਬ ਉੱਠਣਗੇ। ਕੋਈ ਸਿਆਸੀ ਯੱਭ ਨਾ ਉੱਠੇ, ਸਭਨਾਂ ਕੋਲ ਗਠੜੀ ਹੈ, ਜਿਸ ’ਚ ਜੋਸ਼, ਜਾਨੂੰਨ ਤੇ ਜ਼ਾਬਤਾ ਹੈ। ‘ਨਰਕ ਵਾਸੀ ਸੁਆਹ ਤੋਂ ਨਹੀਂ ਡਰਦੇ।’ ਧਰਤੀ ਪੁੱਤ ਧੱਕ ਪਾਉਣਗੇ, ਧਮਕ ਕਿੰਨਾ ਕੁ ਕੰਬਾਊ, ਧਰਤੀ ਹੇਠਲਾ ਬੌਲਦ ਜਾਣੇ। ਖੇਤੀ ਕਾਨੂੰਨਾਂ ਨੇ ਮਰਨ ਕੀਤੈ, ਧਰਨ ਕੱਢ ਕੇ ਮੁੜਨਗੇ। ‘ਸੂਰਜ ਤਪੇ, ਖੇਤੀ ਪੱਕੇ।’ ਦਾਣਾ ਟੋਹ ਤਾਂ ਵੇਖੋ, ਪੂਰਾ ਪੱਕ ਚੱਲਿਐ ‘ਕਿਸਾਨ ਅੰਦੋਲਨ’।
ਖੇਤਾਂ ਦੀ ਢੂਹੀ ਨਾ ਲੱਗੇ, ਝੰਡੀ ਪੁੱਤਾਂ ਨੇ ਫੜ੍ਹੀ ਐ। ਘੋਲ ਖੇਡ ਕੋਈ ਨਵਾਂ ਨਹੀਂੇ। ਮਿੱਟੀ ਹੱਥਾਂ ਨੂੰ ਮਲੀ ਐ, ਦੋ ਹੱਥ ਕਰਨ ਲਈ। ਹੱਥ ਨੂੰ ਹੱਥ ਨੇ ਸਿਆਣਿਐ। ਓਧਰ ਦੇਖੋ, ਹਾਕਮਾਂ ਕੋਲ ਤਾਕਤ, ਦਿੱਲੀ ਪੁਲੀਸ ਕੋਲ ਡਾਂਗ ਐ। ਜਪਾਨੀ ਫ਼ਰਮਾਉਂਦੇ ਨੇ, ‘ਤੂਫਾਨ ਨੂੰ ਡਾਂਗ ਨਾਲ ਰੋਕਣਾ ਅੌਖੈ’। ਕਿਸਾਨ ਘੋਲ ਨੇ ਬੈਰੀਗੇਡ ਤੋੜੇ ਨੇ, ਜਾਤਾਂ, ਉਮਰਾਂ ਤੇ ਫਿਰਕੇ ਦੇ। ‘ਕਿਸਾਨ ਪਰੇਡ’ ਚੋਂ ਦਿਖੇਗਾ ਅੰਨਦਾਤੇ ਦੇ ਜਜ਼ਬਾਤ। ਹੁਣ ਝਾਕਾ ਟੁੱਟਿਐ, ਹਰ ਝਲਕੀ ਸਜੇਗੀ, ਜਿਸ ਚੋਂ ਦਿੱਖੇਗਾ, ਪੇਟ ਤੇ ਕਾਰਪੋਰੇਟ ਦੀ ਉਲਝਣਾਂ ਦਾ ਤੰਦ। ਏਨੇ ਸਿਰ ਜੁੜੇ ਨੇ, ਕਿਸਾਨੀ ਰੰਗ ਵੇਖ, ਪੰਜਾਬ ਜਰੂਰ ਬੋਲੇਗਾ, ਵਾਹ! ਕਿਆ ‘ਗਣਰਾਜ ਆਫ ਕਿਸਾਨ’ ਐ। ਜਦੋਂ ‘ਕਿਸਾਨ ਪਰੇਡ’ ਸਜੇਗੀ, ਇਲਾਹੀ ਤਾਕਤ ਕਿਧਰੋਂ ਜਰੂਰ ਮਿਲੂ। ਚੇਤਿਆਂ ’ਚ ਹਲ਼ ਵਾਹੁੰਦਾ ਬਾਬਾ ਨਾਨਕ ਆਊ। ਕਿਸਾਨ ਪੁੱਤਰਾਂ ਦੇ ਮਨਾਂ ’ਚ ਮਾਛੀਵਾੜਾ ਘੁੰਮੂ, ਨਾਲੇ ਚਮਕੌਰ ਦੀ ਗੜ੍ਹੀ। ਭਗਤ ਸਰਾਭੇ ਢਾਲ ਬਣਨਗੇ। ਥਾਪੀ ਸੁਕਰਾਤ ਦੇਵੇਗਾ, ‘ਤੋੜ ਦਿਓ ਪਿਆਲੇ ਦਾ ਗਰੂਰ।’ ਮਨਸੂਰ ਵੀ ਪਿੱਛੇ ਨਹੀਂ ਹਟੇਗਾ, ਸੂਲੀ ਦੇ ਵਾਰਸ ਮੱਥੇ ’ਤੇ ਹੱਥ ਮਾਰਨਗੇ।
ਜਦੋਂ ਕਿਸਾਨ ਪੱਗਾਂ ਬੰਨ੍ਹਣਗੇ, ਉਦੋਂ ਚਾਚਾ ਅਜੀਤ ਸਿੰਘ ਵੀ ਯਾਦ ਆਊ। ਕਿਸਾਨ ਪਰੇਡ ਦੀ ਪਰਕਰਮਾ ਬਾਬਾ ਬੰਦਾ ਬਹਾਦਰ ਦੀ ਰੂਹ ਵੀ ਕਰੂ। ਕੋਈ ਬਜ਼ੁਰਗ ਧੰਨੇ ਭਗਤ ਤੋਂ ਕੁਰਬਾਨ ਜਾਏਗਾ। ਦੁੱਲਾ ਭੱਟੀ ਤੇ ਜਿਉਣਾ ਮੌੜ ਨੂੰ ਯਾਦ ਕਰ, ਨਵਾਂ ਖੂਨ ਉਬਾਲੇ ਖਾਏਗਾ। ਪੁਨਰਜਨਮ ਕਿਤੇ ਹੁੰਦਾ, ਸਰ ਛੋਟੂ ਰਾਮ ਤੇ ਲਾਲ ਬਹਾਦਰ ਸ਼ਾਸਤਰੀ ਵੀ ਆਉਂਦੇ, ਹਾਕਮਾਂ ਨੂੰ ਬਹਿ ਸਮਝਾਉਂਦੇ, ‘ਬਈ! ਝੱਖ ਨਾ ਮਾਰੋ, ਕਾਨੂੰਨਾਂ ’ਤੇ ਲੀਕ ਮਾਰੋ।’ ‘ਡੂੰਘੀ ਜੜ ਵਾਲਾ ਪੇੜ ਝੱਖੜ ਤੋਂ ਨਹੀਂ ਡਰਦਾ’, ਪੁਰਖੇ ਥਾਪੀ ਦੇਣਗੇ। ਬਾਬਲ ਦੀ ਪੱਗ ਦਿਮਾਗ ’ਚ ਘੁੰਮੂ ਟਰੈਕਟਰਾਂ ’ਤੇ ਬੈਠੀਆਂ ਬੀਬੀਆਂ ਦੇ। ਬੰਬੀਆਂ ਦਾ ਚੇਤਾ ਬੱਚਿਆਂ ਨੂੰ ਆਊ। ਸਹਾਰਨ ਮਾਜਰਾ (ਲੁਧਿਆਣਾ) ਦੀ 116 ਵਰ੍ਹਿਆਂ ਦੀ ਮਾਂ ਸੁਰਜੀਤ ਕੌਰ, ਤੋਹਫ਼ਾ ਦੇਣ ਆਏ ਕਾਂਗਰਸੀ ਨੇਤਾਵਾਂ ਨੂੰ ਬੋਲੀ, ‘ਮੇਰੇ ਜਨਮ ਦਿਨ ਨੂੰ ਛੱਡੋ, ਜੋ ਦਿੱਲੀ ਬੈਠੇ ਨੇ, ਉਨ੍ਹਾਂ ਦੀ ਸਾਰ ਲਓ।’ ਨਰੇਂਦਰ ਤੋਮਰ ਨੇ ਗੱਲਬਾਤ ਹੀ ਤੋੜਤੀ।
‘ਕਭੀ ਨਾ ਛੋੜ੍ਹੇ ਖੇਤ’, ਏਹ ਜਗਦੀਸ਼ ਚੰਦਰ ਦਾ ਹਿੰਦੀ ਨਾਵਲ ਹੈ। ਕੇਂਦਰ ਪੜ੍ਹੇਗਾ ਤਾਂ ਸਮਝ ਪਊ, ਕਿਸਾਨ ਤੇ ਜ਼ਮੀਨ ਕਿਵੇਂ ਸਕੇ ਨੇ। ਜ਼ਮੀਨ ਦੀ ਲੱਜ ਲਈ ਕਿਸਾਨ ਕਿਸ ਹੱਦ ਤੱਕ ਜਾਂਦੈ, ਖੂਬ ਚਿਤਰਨ ਕੀਤਾ ਐ। ਜਿਨ੍ਹਾਂ ਸੰਘਰਸ਼ੀ ਪੈਂਤੀ ਪੜ੍ਹੀ ਐ, ਉਹ ਨਿਰਭੈ ਹੋ ਦਿੱਲੀ ਪੁੱਜੇ ਨੇ। ਪਿੜਾਂ ਦੇ ਪਾੜੇ, ਸਭ ਜਾਣਦੇ ਨੇ, ਛੋਲੇ ਝੰਬ ਕੇ ਕਿਵੇਂ ਕੱਢੀਦੇ ਨੇ। ‘ਕੰਡੇ ਨਾਲ ਕੰਡਾ ਨਿਕਲੇ।’ ‘ਟਰੰਪ ਕਾਰਡ’ ਤਾਂ ਫੇਲ੍ਹ ਹੋਇਐ। ਸਾਜ਼ਿਸ਼ ਬਾਣੀ ਕਿਸਾਨਾਂ ਨੇ ਫੇਲ੍ਹ ਕੀਤੀ ਐ, ਜਦੋਂ ਧਮਕੀਆਂ ਦੇਣ ਲੱਗੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਤੋਂ ਬੋਲਿਆ, ‘ਆਹ ਖੂੰਡਾ ਦੀਂਹਦੈ।’ ‘ਕਿਸਾਨ ਪਰੇਡ’ ’ਚ ਬਲਬੀਰ ਰਾਜੇਵਾਲ ਦੀ ਸੂਝ-ਸਿਆਣਪ, ਜੋਗਿੰਦਰ ਉਗਰਾਹਾਂ ਦਾ ਅਨੁਸ਼ਾਸਨ, ਇੱਕੋ ਟਰੈਕਟਰ ’ਤੇ ਬੈਠਣਗੇ। ਮਜਾਲ ਐ ਕਿਸੇ ਵੀ ਕਿਸਾਨ ਨੇਤਾ ਦਾ ਕੋਈ ਆਖਾਂ ਮੋੜੇ। ਜ਼ਮੀਨ ਵਿਹੂਣੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਸ਼ਹਿਰੀਆਂ ਤੇ ਪ੍ਰਵਾਸੀਆਂ ਦੀ ਇੱਕੋ ਆਵਾਜ਼ ਐ, ‘ਕਾਲੇ ਕਾਨੂੰਨ ਰੱਦ ਕਰੋ।’ ਖਲੀਲ ਜਿਬਰਾਨ ਦਾ ਪ੍ਰਵਚਨ ਐ, ‘ਹੋਰਾਂ ਦੇ ਹੱਕਾਂ ਦੀ ਰਾਖੀ ਕਰਨਾ, ਮਨੁੱਖੀ ਸ਼ਾਨ ਅਤੇ ਮਨੁੱਖੀ ਸੁਹੱਪਣ ਦਾ ਸਿਖਰ ਹੁੰਦਾ ਹੈ।’
ਸਿਲਤਾਂ ਵਾਂਗ ਚੁਭੇ ਨੇ ਖੇਤੀ ਕਾਨੂੰਨ। ‘ਕਿਸਾਨ ਪਰੇਡ’ ਦਾ ਬਿਗਲ ਐਵੇਂ ਨਹੀਂ ਵੱਜਿਆ। ਨਹੀਂ ਕਿਸਾਨ ਤਾਂ ਏਨਾ ਦਇਆਵਾਨ ਏ, ਸੁੱਤੀ ਧਰਤੀ ’ਤੇ ਵੀ ਹਲ਼ ਨਹੀਂ ਚਲਾਉਂਦਾ। ਏਨਾ ਸਮਾਂ ਚੁੱਪ ਰਹੇ, ਹੋ ਨਹੀਂਓ ਸਕਦਾ, ਤਾਹੀਂ ਦਸੌਂਧਾ ਸਿਓ ਬੋਲਿਐ, ‘ਜੱਟ ਤਾਂ ਜ਼ਮੀਨ ਵਰਗੈ, ਸੁੱਕੀ ਜ਼ਮੀਨ, ਨਿਰਾ ਲੋਹਾ, ਗਿੱਲੀ ਜ਼ਮੀਨ, ਨਿਰਾ ਗੋਹਾ।’ ਕਿਸਾਨ ਰਾਮ ਨਿਰਮਾਣ ਨੇ ਦਿੱਲੀ ਡੇਰਾ ਲਾਇਐ। ਉਹਦੇ ਪਿੰਡ ਚੁੱਘੇ ਕਲਾਂ ਜ਼ਮੀਨ ਬੰਜਰ ਬਣੀ ਐ, ਜੀਹਤੇ ਕਾਰਪੋਰੇਟਾਂ ਨੇ ਸੋਲਰ ਪਲਾਂਟ ਲਾਇਐ। ‘ਦਿੱਲੀ ਮੋਰਚੇ’ ’ਚ ਬਹੁਤੇ ਇੱਕੋ ਕੰਮ ’ਤੇ ਲੱਗੇ ਨੇ, ਬੱਸ ਝਾਕੀਆਂ ਦੀ ਤਿਆਰੀ ’ਚ। ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ ਦੱਸਦੀ ਹੈ, ਹਰ ਝਾਕੀ ‘ਭਾਰਤ ਦਰਸ਼ਨ’ ਕਰਾਏਗੀ। ਕੋਈ ਖੇਤੀ ਸ਼ਹੀਦਾਂ ਦੇ ਘਰਾਂ ’ਚ ਲਿਜਾਏਗੀ, ਕਿਸੇ ਝਾਕੀ ਚੋਂ ਡਿਗਰੀਧਾਰੀ ਨੌਜਵਾਨਾਂ ਦਾ ਰੁਦਨ ਦਿਖੇਗਾ। ਗੁਰੂਆਂ ਤੇ ਸੂਰਬੀਰਾਂ ਦੀ ਬਹਾਦਰੀ ਦੀ ਝਾਕੀ ਵੀ ਜੋਸ਼ ਭਰੇਗੀ। ਕਿੱਲੀ ਚਹਿਲ (ਮੋਗਾ) ਦੇ ਮੂਰਤੀਕਾਰ ਭਰਾ ਮਨਜੀਤ ਤੇ ਸੁਰਜੀਤ ਟਰਾਲੀ ’ਚ ਰੱਖ ਕੇ ‘ਬਲਦਾਂ ਦੀ ਜੋੜੀ’ ਲੈ ਆਏ ਨੇ, ਡਾ. ਸਵਾਮੀਨਾਥਨ ਵੀ ਪਿੱਛੇ ਖੜ੍ਹੈ।
ਅਸੀਂ ਭਾਰਤੀ ਗਣਰਾਜ ਦੇ ਵਾਸੀ ਹਾਂ, ਜਿਥੇ ਮਾਂ ਵੀ ਬੱਚੇ ਨੂੰ ਰੋਏ ਬਿਨਾਂ ਦੁੱਧ ਨਹੀਓਂ ਦਿੰਦੀ। ਇਸੇ ਕਰਕੇ 26 ਜਨਵਰੀ ਨੂੰ ‘ਕਿਸਾਨ ਪਰੇਡ’ ਨਿਕਲੇਗੀ। ਪੰਜਾਬ ਦਾ ਹਰ ਮੂੰਹ ਦਿੱਲੀ ਵੱਲ ਐ। ਜੋ ਹਾਲੇ ਵੀ ‘ਸੰਘਰਸ਼ੀ ਸਮੁੰਦਰ’ ਦੇ ਕਿਨਾਰੇ ’ਤੇ ਬੈਠੇ ਹਨ, ਉਹ ਡੈਸਮੰਡ ਟੂੁਟੂੁ ਦੀ ਗੱਲ ਪੱਲੇ ਬੰਨ੍ਹ ਲਓ, ‘ਅਨਿਆਂ ਹੋਣ ਸਮੇਂ ਜੇ ਤੁਸੀਂ ਨਿਰਪੱਖ ਰਹਿੰਦੇ ਹੋ, ਤਾਂ ਸਮਝੋ ਤੁਸੀਂ ਜ਼ੁਲਮ ਕਰਨ ਵਾਲੀ ਧਿਰ ਦਾ ਸਾਥ ਦੇ ਰਹੇ ਹੋ।’ ਉਨ੍ਹਾਂ ਵੱਲ ਵੀ ਵੇਖੇ ਜੋ 58 ਦਿਨਾਂ ਤੋਂ ਦਿੱਲੀ ਦੀ ਜੂਹ ’ਤੇ ਬੈਠੇ ਗੱਜ ਰਹੇ ਨੇ, ‘ ਵਾਰਸ ਸ਼ਾਹ ਨਾ ਮੁੜਾਂ ਰਝੇਟੜੇ ਤੋਂ..। 26 ਜਨਵਰੀ 1967 ਵਾਲੇ ਦਿਨ ਦੂਰਦਰਸ਼ਨ ’ਤੇ ‘ਕ੍ਰਿਸ਼ੀ ਦਰਸ਼ਨ’ ਪ੍ਰੋਗਰਾਮ ਸ਼ੁਰੂ ਹੋਇਆ ਸੀ। ਸਰਕਾਰ ਨੇ ਦਿੱਲੀ ਨੇੜਲੇ 80 ਪਿੰਡਾਂ ’ਚ ਟੀਵੀ ਸੈੱਟ ਭੇਜੇ ਸਨ। ਹੁਣ ਸ਼ਾਸਤਰੀ ਦਾ ਜ਼ਮਾਨਾ ਨਹੀਂ। ਉਂਜ, ਗਣਤੰਤਰ ਦਿਵਸ ਗਣਰਾਜ ਦਾ ਅਹਿਸਾਸ ਕਰਾਉਦੈ। 21 ਤੋਪਾਂ ਦੀ ਸਲਾਮੀ, ਅਸਮਾਨ ਵਿਚਲੇ ਉੱਡਣ ਖਟੌਲੇ, ਭਾਸ਼ਣਾਂ ਦੀ ਲੰਮੀ ਲੜੀ, ਝਾਕੀਆਂ ਚੋਂ ਦਿੱਖਦਾ ਭਾਰਤ। ਖੇਤਾਂ ਦੀ ਝਾਕੀ ’ਤੇ ਸਦਾ ਲਈ ਪਰਦਾ ਨਾ ਡਿੱਗ ਪਏ, ‘ਕਿਸਾਨੀ ਘੋਲ’ ਤੋਂ 151 ਕਿਸਾਨ ਜਿੰਦ ਵਾਰ ਗਏ। ਹਕੂਮਤੀ ਅੱਖਾਂ ’ਚ ਨਾ ਪੀੜਾ ਦੇ ਹੰਝੂ ਦਿਖੇ, ਨਾ ਹੀ ਸ਼ਰਮ ਦੇ। ਖੇਤੀ ਤਾਂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਐ, ਜਿਹਨੇ ਬੇਬੇ ਦੇ ਵੀ ਕੁੱਬ ਪਾਤਾ। ਹਾਕਮ ਝੁਕਣ ਲਈ ਤਿਆਰ ਨਹੀਂ।
ਛੱਜੂ ਰਾਮ ਆਖਦੈ, ਕਿਸਾਨ ਕੋਈ ਛੋਟੇ ਵੈਦ ਨੇ। ਦਿੱਲੀ ਦਾ ਮਣਕਾ ਹਿੱਲਿਆ ਲੱਗਦੈ, ਤਾਹੀਓ ਝੁਕ ਨਹੀਂ ਰਹੀ। ਕਿਸਾਨਾਂ ਨੇ ਤਾਂ ਟਿੱਬੇ ਨਿਸਾਲ਼ੇ ਨੇ, ਮਣਕੇ ਤਾਂ ਖੱਬੇ ਹੱਥ ਦੀ ਖੇਡ ਐ। ‘ਕਿਸਾਨੀ ਲਹਿਰ’ ਕੋਈ ਬੇਰੰਗ ਚਿੱਠੀ ਨਹੀਂ, ਨਿਰੀ ਸਪੀਡ ਪੋਸਟ ਐ। ਪੰਜਾਬ ਉਡੀਕ ਰਿਹੈ, ਦਿੱਲੀਓਂ ਕਦੋਂ ਸੁੱਖ ਚਿੱਠੀ ਆਊ, ਤਾਹੀਂ ਟਰੈਕਟਰ ਭੇਜੇ ਨੇ।
Bakamaal
ReplyDeleteInsensitive ruling elite has brought the people to this tethers end. There was no other way. Hope they realize that they can't fool all the people all the time.
ReplyDelete