ਵਿਚਲੀ ਗੱਲ
ਚੋਣ ਨਿਸ਼ਾਨ ਫੌਹੜਾ..!
ਚਰਨਜੀਤ ਭੁੱਲਰ
ਚੰਡੀਗੜ੍ਹ: ਪਿੰਡ ਲੱਖੋਵਾਲ ਵਾਲਾ ਅਜਮੇਰ ਸਿਓਂ, ਪਿੰਡ ਲੰਗਾਹ ਵਾਲਾ ਸੁੱਚਾ ਸਿਓਂ। ਕੌਣ ਸ਼ਾਕਾਹਾਰੀ ਤੇ ਕੌਣ ਮਾਸਾਹਾਰੀ ਐ, ਏਹ ਤਾਂ ਇਲਮ ਨਹੀਂ, ਏਨਾ ਜ਼ਰੂਰ ਪਤੈ, ਤੀਕਸ਼ਣ ਸੂਦ ‘ਗੋਹਾਹਾਰੀ’ ਬਿਲਕੁਲ ਨਹੀਂ। ਨਵਾਂ ਵਰ੍ਹਾ, ਨਵਾਂ ਮਹੂਰਤ, ਭਲਾ ਕੋਈ ਇੰਝ ਕਰਦੈ। ਭਲੇਮਾਣਸੋ! ਤੀਕਸ਼ਣ ਹੁਸ਼ਿਆਰਪੁਰੀ ਭਾਜਪਾਈ ਮੰਤਰੀ ਰਹੇ ਨੇ, ਨਾਲੇ ਸਿਆਸੀ ਸਲਾਹਕਾਰ, ਉਹ ਵੀ ਵੱਡੇ ਬਾਦਲ ਦੇ। ਕੋਈ ਫੁੱਲ ਦਿੰਦੇ, ਕੋਈ ਤੋਹਫ਼ਾ ਦਿੰਦੇ, ਗੋਹਾ ਸਿਰ ’ਚ ਮਾਰਨੈਂ, ਉਪਰੋਂ ਪੰਜ ਕਲਿਆਣੀ ਮੱਝ ਦਾ, ਹੈ ਨਾ ਹਨੇਰ ਸਾਈਂ ਦਾ। ‘ਆਂਡੇ ਵੇਚਣ ਵਾਲੇ ਬਾਜ਼ਾਰ ’ਚ ਨਹੀਂ ਲੜਦੇ।’ ਤੀਕਸ਼ਣ ਸੂਦ ਭਰੇ ਬਾਜ਼ਾਰ ਗੱਜੇ, ‘ਦਿੱਲੀ ’ਚ ਕਿਸਾਨ ਪਿਕਨਿਕ ਮਨਾਉਣ ਜਾਂਦੇ ਨੇ’। ਵੱਟ ਖਾ ਗਏ ਬੇਗਮਪੁਰਾ ਦੇ ਛੋਕਰੇ। ‘ਸੱਦਿਆ ਪੰਚ, ਅਣਸੱਦਿਆ ਭੜੂਆ।’ ਨਵਾਂ ਸਾਲ ਆਊ, ਏਹ ਤਾਂ ਪਤਾ ਸੀ, ਨਾਲ ਗੋਹਾ ਲਿਆਊ, ਕਿੱਥੇ ਚਿੱਤ ਚੇਤੇ ਸੀ। ਨਵਾਂ ਵਰ੍ਹਾ ਚੜ੍ਹਿਆ, ਦੇਖਣ ਲਈ ਸੂਦ ਸਾਹਿਬ ਉੱਠੇ। ਅੱਗਿਓਂ ਵਿਹੜੇ ’ਚ ਗੋਹੇ ਦਾ ਢੇਰ ਮੱਥੇ ਲੱਗਿਆ। ਮਸਤਕ ’ਚ ਖੜਕੀ ਹੋਊ, ‘ਏਹ ਭੜੂਏ ‘ਪਿਕਨਿਕ’ ਦਾ ਸੂਦ ਮੋੜ ਗਏ।’ ਬਾਪੂ ਆਸਾ ਰਾਮ ਫ਼ਰਮਾਉਂਦੇ ਨੇ, ਪ੍ਰੇਮੀ ਜਨੋਂ! ‘ਗੁੱਸਾ ਅਕਲ ਕੋ ਖਾ ਜਾਤਾ ਐ।’ ਤੀਖਣ ਬੁੱਧੀ ਕੰਮ ਨਾ ਆਈ ਤੀਕਸ਼ਣ ਦੇ। ਭਲਾ ਕੀ ਖੱਟਿਆ, ਕਿਸਾਨਾਂ ਖ਼ਿਲਾਫ਼ ਬੋਲ ਕੇ, ਬੱਸ ਆਹ ਗੋਹਾ। ਪਹਿਲਾਂ ‘ਜੁੱਤੀ ਮਾਰ’ ਮੁਹਿੰਮ ਚੱਲੀ ਸੀ, ਕਿਤੇ ਹੁਣ ‘ਗੋਹਾਖਾਣੀ’ ਜ਼ੋਰ ਨਾ ਫੜ ਜਾਏ।
ਕਿਸੇ ਪੇਂਡੂ ਘਰ ’ਚ ਗੋਹਾ ਸੁੱਟਿਆ ਹੁੰਦਾ। ਬੇਬੇ ਪਾਥੀਆਂ ਥੱਪ ਗੁਹਾਰਾ ਲਾਉਂਦੀ। ਬਾਪੂ ਫੌਹੜੇ ਨਾਲ ’ਕੱਠਾ ਕਰਦਾ। ਦਸੌਂਧਾ ਸਿੰਘ ਕਿਤੇ ਚੋਣ ਕਮਿਸ਼ਨਰ ਹੁੰਦਾ, ਸੂਦ ਸਾਹਿਬ ਨੂੰ ਚੋਣ ਨਿਸ਼ਾਨ ‘ਫੌਹੜਾ’ ਦਿੰਦਾ। ਜਿੰਨੀਆਂ ਮਰਜ਼ੀ ਵੋਟਾਂ ’ਕੱਠੀਆਂ ਕਰਦੇ। ‘ਸੱਟਾਂ ’ਚੋਂ ਵੀ ਖੱਟਾਂ’। ਬ੍ਰਹਮਾਕੁਮਾਰੀ ਸ਼ਿਵਾਨੀ ਦਾ ਪ੍ਰਵਚਨ, ‘ਭਾਈਓ, ਨੈਗੇਟਿਵ ਮਾਹੌਲ ਕੋ ਭੀ ਪਾਜ਼ੇਟਿਵ ਬਣਾਓ’। ਜਿੱਥੇ ਵਿਸ਼ਵਾਸ, ਉੱਥੇ ਧਰਵਾਸ।’ ਬਿਹਾਰ ਵਾਲੇ ਲੇਬਰ ਮੰਤਰੀ, ਵਿਜੇ ਕੁਮਾਰ ਸਿਨਹਾ। ਗਏ ਵੋਟਾਂ ਮੰਗਣ, ਅੱਕੇ ਲੋਕ ਗੋਹਾ ਲੈ ਪਿੱਛੇ ਪੈ ਗਏ। ਅਖੇ ਤਿੰਨ ਸਾਲ ਕਿੱਥੇ ਰਿਹਾ, ਹਲਕਾ ‘ਸਿਆਸੀ ਪਿਕਨਿਕ’ ਲਈ ਨਹੀਂ। ਸਿਨਹਾ ਨੇ ਗੁੱਸਾ ਪੀਤਾ, ਢੂਹੀ ’ਤੇ ਗੋਹਾ ਖਾਧਾ। ਵਿਜੇ ਦੀ ਸ਼ਾਨਦਾਰ ਵਿਜੇ ਹੋਈ। ਪਿਆਰੇ ਸੂਦ ਜੀ! ਕੀ ਪਤੈ, ਇਹ ਗੋਹਾ ਵੀ ਭਾਗਾਂ ਵਾਲਾ ਨਿਕਲੇ।ਮੁੱਖ ਮੰਤਰੀ ਅਮਰਿੰਦਰ ਸਿੰਘ ਬਿਨਾਂ ਗੱਲੋਂ ਡਰੇ ਨੇ। ਇੰਝ ਗੜ੍ਹਕੇ, ‘ਕੋਈ ਛੋਕਰਾ ਕਾਨੂੰਨ ਹੱਥ ’ਚ ਨਾ ਲਵੇ’, ਗੋਹਾ ਹੱਥ ’ਚ ਲੈ ਲੈਣ, ਮੁੱਖ ਮੰਤਰੀ ਨੇ ਸਪੱਸ਼ਟ ਨਹੀਂ ਕੀਤਾ। ਇਸ ਗੱਲੋਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਕੋਈ ਓਹਲਾ ਨਹੀਂ ਰੱਖਿਆ। ਨਵੀਂ ਯੋਜਨਾ ਐਲਾਨੀ, ਸਰਕਾਰ ਖਰੀਦ ਕਰੇਗੀ ਗੋਹਾ, ਡੇਢ ਰੁਪਏ ਕਿੱਲੋ। ਸੌਦਾ ਮਾੜਾ ਨਹੀਂ, ਕਿਤੇ ਸੂਦ ਜੀ ਲੱਖਣ ਲਾਉਂਦੇ, ਟਰੱਕ ਭਰ ਕੇ ਛੱਤੀਸਗੜ੍ਹ ਭੇਜਦੇ। ‘ਨਾਲੇ ਪੁੰਨ, ਨਾਲੇ ਫਲੀਆਂ’। ਨਾਲੇ ਕੀ ਪਤੈ, ਪੰਜਾਬੀ ਗੋਹੇ ਦਾ ਮੁੱਲ ਪੈ ਜਾਂਦਾ। ਛੱਤੀਸਗੜ੍ਹ ਸਰਕਾਰ ਫੌਰੀ ਪੰਜਾਬ ਨਾਲ ‘ਗੋਹਾ ਸਮਝੌਤਾ’ ਕਰਦੀ।
ਸਿਆਣੇ ਆਖਦੇ ਨੇ, ‘ਆਸਾਂ ’ਤੇ ਜਿਊਣ ਵਾਲਾ ਭੈੜੀਆਂ ਧੁਨਾਂ ਨਾਲ ਵੀ ਨੱਚਦੈ।’ ਸੱਚਮੁੱਚ ਇੰਝ ਹੁੰਦਾ, ਭੰਗੜੇ ਸਾਡੇ ਆਲੇ ਲੀਡਰਾਂ ਨੇ ਪਾਉਣੇ ਸਨ। ਭਾਵੇਂ ਤੁਸੀਂ ਲੱਖ ਆਖਦੇ, ‘ਗੋਹਾ ਮਾਫੀਆ’ ਖਾ ਗਿਆ ਪੰਜਾਬ ਨੂੰ। ਸੁਣੋ ਸਭਨਾਂ ਦੀ, ਮੰਨੋ ਮਨੀਰਾਮ ਦੀ। ਬਾਕੀ ਸੂਦ ਜੀ ਜਿਵੇਂ ਚੰਗਾ ਲੱਗੇ।ਖੇਤੀ ਕਾਨੂੰਨਾਂ ’ਤੇ ਜਿਵੇਂ ਪ੍ਰਧਾਨ ਮੰਤਰੀ ਨੇ ਹਿੰਡ ਫੜੀ ਹੈ, ਉਸ ਤੋਂ ਜਾਪਦੈ, ‘ਗੋਹਾ ਸੰਧੀ’ ਦਾ ਵੱਡਾ ਲਾਹਾ ਭਾਜਪਾਈ ਵੀਰਾਂ ਨੂੰ ਮਿਲੂ। ਤੀਕਸ਼ਣ ਜੀ ਤਾਂ ਮੌਕਾ ਗੁਆ ਬੈਠੇ। ਭਾਜਪਾ ਹਾਈਕਮਾਨ ’ਚ ਭੱਲ ਖੱਟਣੋਂ ਖੁੰਝ ਗਏ। ਇਹ ਭਾਜਪਾਈ ਏਜੰਡਾ ਵੀ ਤਾਂ ਹੈ। ਸੰਬਿਤ ਪਾਤਰਾ ਦੀ ਗੱਲ ਪੱਲੇ ਬੰਨ੍ਹਦੇ, ‘ਕੋਹੇਨੂਰ ਹੀਰੇ ਤੋਂ ਵਡਮੁੱਲਾ ਐ ਗਊ ਦਾ ਗੋਬਰ’। ਕੌਮੀ ਕਾਮਧੇਨੂ ਕਮਿਸ਼ਨ ਦੇ ਚੇਅਰਮੈਨ ਵੱਲਭ ਭਾਈ ਦਾ ਖੁਲਾਸਾ ਸੁਣੋ, ‘ਰੇਡੀਏਸ਼ਨ’ ਰੋਕਦੈ ਗਾਂ ਦਾ ਗੋਬਰ’। ਇੱਕ ਭਾਜਪਾਈ ਨੇ ‘ਨਾਸਾ’ ਦਾ ਹਵਾਲਾ ਦਿੱਤਾ, ‘ਪਰਮਾਣੂ ਬੰਬ ਦੇ ਅਸਰਾਂ ਨੂੰ ਵੀ ਗੋਹਾ ਬੇਅਸਰ ਕਰਦੈ।’ ਸੂਦ ਸਾਹਿਬ, ‘ਦੇਖਿਓ ਕਿਤੇ ਤੁਸੀਂ ਗੁੱਸਾ ਕਰ ਜਾਵੋ।’ਕਿਸਾਨ ਆਗੂ ਅਜਮੇਰ ਲੱਖੋਵਾਲ, ਮਜਾਲ ਐ ਗੁੱਸਾ ਕਰਨ। ਇਲਾਜ ਲਈ ਅਮਰੀਕਾ ਗਏ। ਖੇਤੀ ਕਾਨੂੰਨਾਂ ਬਾਰੇ ਭਿਣਕ ਪਈ, ਰੂਹ ਬੇਚੈਨ ਹੋ ਉੱਠੀ। ਨਾ ਦਿਨ ਨੂੰ ਚੈਨ, ਨਾ ਰਾਤ ਨੂੰ ਨੀਂਦ। ਸਿੰਘੂ ਸਰਹੱਦ ’ਤੇ ਕਿਸਾਨ ਪੋਹ ਝੱਲਦੇ ਹੋਣ, ਲੱਖੋਵਾਲ ਤੋਂ ਝੱਲ ਨਾ ਹੋਇਆ। ਅਮਰੀਕਾ ਤੋਂ ਸਿੱਧੇ ‘ਸਿੰਘੂ ਸਰਹੱਦ’ ਪੁੱਜੇ। ਹੱਥ ’ਚ ਖੂੰਡੀ, ਗਲ ’ਚ ਪਰਨਾ, ਨਿਮਰ ਹੋ ਸਟੇਜ ਤੋਂ ਬੋਲੇ। ਓਹੀ ਛੋਕਰੇ ਰੌਲਾ ਪਾਉਣ ਲੱਗੇੇ। ਭਲਿਓ, ਬਜ਼ੁਰਗਾਂ ਦਾ ਲਿਹਾਜ਼ ਰੱਖੋ। ਕਿਉਂ ਭੁੱਲ ਗਏ ਆਪਣੀ ਸੰਸਕ੍ਰਿਤੀ।
ਬੋਲਣ ਨਾ ਦਿੱਤਾ ਲੱਖੋਪੁਰੀ ਦਾ ਵਾਸੀ। ‘ਜਾਨ ਬਚੀ ਸੋ ਲਾਖੋਂ ਪਾਏ’, ਲੱਖੋਵਾਲ ਸਟੇਜ ਤੋਂ ਉੱਤਰੇ। ਨਾਅਰਾ ਵੱਜਿਆ, ‘ਗੋ ਬੈਕ’। ਲੱਖੋਵਾਲ ਦੁਬਿਧਾ ’ਚ ਪੈ ਗਏ, ਬਈ! ਪਿੰਡ ਜਾਵਾਂ ਜਾਂ ਅਮਰੀਕਾ। ਯਾਦ ਕਰੋ ਉਹ ਵੇਲਾ, ਜਦੋਂ ਪੰਜਾਬ ’ਚ ਕਿਸਾਨ ਯੂਨੀਅਨ ਦੀ ਮੋੜ੍ਹੀ ਗੱਡੀ। ਚਾਰ ਚੁਫੇਰੇ ‘ਲੱਖੋਵਾਲ-ਲੱਖੋਵਾਲ’ ਹੋਈ ਸੀ, ਲੋਕਾਂ ’ਚ ਗੱਡਵੀਂ ਠਾਠ ਬਣੀ। ਪਿਛਲਾ ਵੇਲਾ ਵੀ ਭੁੱਲੇ ਨਹੀਂ। ਗੱਠਜੋੜ ਸਰਕਾਰ ਨੇ ਲੱਖੋਵਾਲ ਨੂੰ ‘ਝੰਡੀ ਵਾਲੀ ਕਾਰ’ ਦਿੱਤੀ। ਜੱਟ ਦੀ ਠਾਠ ਨਵਾਬੀ ਸੀ। ਕਿਸਾਨ ਦਿਲਾਂ ’ਚੋਂ ਲੱਖੋਵਾਲ ਦੀ ਗੱਡੀ ਕੱਚੇ ਉਤਰ ਗਈ।ਕਿੰਨੇ ਸੁਹਾਵਣੇ ਸਨ, ਉਹ ਦਿਨ। 20 ਲੱਖ ਵਾਲੀ ਕੈਮਰੀ, 14 ਹਜ਼ਾਰੀ ਘੁੰਮਣ ਵਾਲੀ ਕੁਰਸੀ, ਪਹਿਰੇ ’ਤੇ ਚਾਰ ਗੰਨਮੈਨ, ਹੂਟਰ ਵੱਜਦੇ, ਨਾਲੇ ਅਫ਼ਸਰਾਂ ਦੇ ਸਲੂਟ ਵੱਜਦੇ। ਲੱਖੋਵਾਲ ਵਾਲੇ ਘਰ ਦਾ ਕਿਰਾਇਆ 15 ਹਜ਼ਾਰ ਵੱਖਰਾ ਮਿਲਦਾ, ਉਹ ਵੀ ਚੜ੍ਹੇ ਮਹੀਨੇ। ਲੱਖੋਵਾਲ ਕੋਲ ਵੱਡਾ ਤਜਰਬੈ। ਵੱਡਾ ਨੇਤਾ, ਵੱਡਾ ਦਿਲ। ਦਿਲ ਕਰਦੈ, ਬਜ਼ੁਰਗਾਂ ਦੇ ਚਰਨਾਂ ’ਚ ਬੈਠਾਂ। ਗੱਲ ਮਨ ’ਤੇ ਨਹੀਂ ਲਾਉਂਦੇ। ਸਿੰਘੂ ਸਟੇਜ ਤੋਂ ਬੋਲੇ, ‘ਸੰਗਤੋ ਮੁਆਫ਼ ਕਰਨਾ।’ਰਸਕਿਨ ਇਵੇਂ ਆਖਦੇ ਹਨ, ‘ਪੈਸੇ ਦੇ ਘਮੰਡ ਨਾਲ ਆਦਮੀ ਫੁੱਲ ਤਾਂ ਸਕਦਾ ਹੈ ਪਰ ਫੈਲ ਨਹੀਂ ਸਕਦਾ।’ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਹੁਣ ਭੋਰਾ ਘਮੰਡ ਨਹੀਂ। ਬੀਬੀ ਜਗੀਰ ਕੌਰ ਕਾਹਤੋਂ ਤਪ ਗਏ। ਫ਼ਤਹਿਗੜ੍ਹ ਸਾਹਿਬ ’ਚ ਜਥੇਦਾਰ ਲੰਗਾਹ ਨੇ ਪਾਠ ਪ੍ਰਕਾਸ਼ ਕਰਾਏ। ਬੀਬੀ ਨੇ ਮੁਲਾਜ਼ਮ ਝਟਕਾ ਦਿੱਤੇ। ਪਵਿੱਤਰ ਧਰਤੀ ’ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਕਿੱਧਰੋਂ ਛੋਕਰੇ ਕਾਲੀਆਂ ਝੰਡੀਆਂ ਲੈ ਨਿਕਲੇ। ਕਿਤੇ ਲੰਗਾਹ ਦੀ ਹਾਅ ਤਾਂ ਨਹੀਂ ਲੱਗ ਗਈ।
‘ਗੋਹਾਖਾਣੀ’ ਨਾ ਹੋ ਜਾਏ, ਕਾਂਗਰਸੀ ਵੀ ਪੂਰੇ ਡਰੇ ਨੇ। ਚਿੱਟੀ ਪੁਸ਼ਾਕ ਤੋਂ ਦਾਗ਼ ਵੀ ਨਹੀਂ ਲੱਥਦੇ। ਛੋਕਦੇ ਆਖਦੇ ਹਨ, ‘ਛੇਤੀ ਕਾਂਗਰਸ ਨਾਲ ਵੀ ਮੜਿੱਕਾਂਗੇ।’ ਜਦੋਂ ਦੇ ਕਿਸਾਨ ਜਾਗੇ ਨੇ, ਲੀਡਰਾਂ ਨੂੰ ਨੀਂਦ ਕਿੱਥੇ। ਆਓ, ਹੁਣ ‘ਕਿਸਾਨਿਸਤਾਨ’ ਚੱਲੀਏ, ਜਿੱਥੇ ਪੋਹ ਦੀ ਗੋਡਣੀ ਲੱਗੀ ਐ। ਕੇਂਦਰ ਨਾਲ ਛੱਤੀ ਦਾ ਆਂਕੜਾ, ਕਿਸਾਨ 38 ਦਿਨਾਂ ਤੋਂ ਬੈਠੇ ਨੇ। ਸਿੰਘੂ/ਟਿਕਰੀ ਸਰਹੱਦ ’ਤੇ ‘ਸਬਰ ਤੇ ਜੋਸ਼’ ਇਕੱਠੇ ਧੂਣੀ ’ਤੇ ਬੈਠੇ ਨੇ। ਨਵਤੇਜ ਭਾਰਤੀ ਨੇ ਇੰਝ ਸਬਰ ਮਾਪਿਐ, ‘ਕਣਕ ਜਿਹੜੀ ਅਸੀਂ ਅੱਜ ਬੀਜੀ ਹੈ, ਅੱਧੇ ਵਰ੍ਹੇ ਨੂੰ ਖਾਵਾਂਗੇ ਇਹਦੀ ਰੋਟੀ/ਖੇਤਾਂ ਦੀ ਮਿੱਟੀ ਜਾਣਦੀ ਹੈ, ਸਾਡਾ ਸਬਰ ਕਿੰਨਾ ਲੰਮਾ ਹੈ।’ਕੌਤਕ ਟਿਕਰੀ ’ਤੇ ਵਰਤਿਐ। ਕਾਂਬਾ ਪੰਜਾਬ ’ਚ ਛਿੜਿਐ। ਕੈਪਟਨ ਦਾ ਖੂੰਡਾ ਗੁਆਚਿਐ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਇੱਕ ਖੂੰਡਾ ਦਿੱਲੀ ’ਚ ਲਈ ਫਿਰਦੈ। ਪੁਲੀਸ ਨੂੰ ਸ਼ੱਕ ਹੈ ਕਿ ਏਹ ਮਹਾਰਾਜੇ ਵਾਲਾ ਖੂੰਡੈ। ਦਿੱਲੀ ਨੂੰ ਕੋਈ ਸ਼ੱਕ ਨਹੀਂ। ‘ਖੋਤੇ ਨੂੰ ਡਾਂਗ, ਸਿਆਣੇ ਨੂੰ ਇਸ਼ਾਰਾ।’ਧੁੰਦ ’ਚ ਗੱਲ ਨਿਖਰੀ ਐ। ਅਸਲੀ ਨੇਤਾ ਉਹ ਜਿਹੜੇ ਦਿਲਾਂ ’ਤੇ ਰਾਜ ਕਰਨ। ਕਿਸਾਨ ਘੋਲ ਨੇ ‘ਜੈ ਜਵਾਨ, ਜੈ ਕਿਸਾਨ’ ਨੂੰ ਵੀ ਅਮਰ ਕੀਤੈ। ਰੌਨ ਪਾਲ ਸੱਚ ਸੁਣਾਉਂਦੇ ਨੇ, ‘ਅਸਲੀ ਦੇਸ਼ ਭਗਤੀ ਉਸ ਇੱਛਾ ਸ਼ਕਤੀ ਨੂੰ ਕਿਹਾ ਜਾਂਦੈ, ਜਿਸ ਅੰਦਰ ਸਰਕਾਰ ਦੀਆਂ ਗ਼ਲਤੀਆਂ ਨੂੰ ਵੰਗਾਰਨ ਦੀ ਹਿੰਮਤ ਹੁੰਦੀ ਹੈ।’ ਛੱਜੂ ਰਾਮ, ਪਾਬਲੋ ਨੇਰੂਦਾ ਪੜ੍ਹ ਰਿਹੈ, ‘ਤੁਸੀਂ ਸਾਰੇ ਦੇ ਸਾਰੇ ਫੁੱਲਾਂ ਨੂੰ ਤਾਂ ਕੱਟ ਸਕਦੇ ਹੋ ਪਰ ਬਹਾਰ ਨੂੰ ਆਉਣ ਤੋਂ ਨਹੀਂ ਰੋਕ ਸਕਦੇ।’
👍👍👍👍🙏
ReplyDelete