ਵਿਚਲੀ ਗੱਲ
ਬਾਗ ਨਾ ਉਜਾੜੋ ਤੋਤਿਓ..!
ਚਰਨਜੀਤ ਭੁੱਲਰ
ਚੰਡੀਗੜ੍ਹ : ਜਨੌਰਾਂ ਨੂੰ ‘ਬਰਡ ਫਲੂ’ ਤੋਂ, ਰਾਜ-ਭਾਗ ਨੂੰ ‘ਸੰਘਰਸ਼ੀ ਫਲੂ’ ਤੋਂ, ਖ਼ੌਫ ਮਾਸਾ ਵੀ ਘੱਟ ਨਹੀਂ। ਗਲੋਬਲ ਵਾਰਮਿੰਗ ਤੋਂ ਬੇਜ਼ੁਬਾਨਾਂ ਨੂੰ, ਕੰਨਟਰੈਕਟ ਫਾਰਮਿੰਗ ਤੋਂ ਕਿਸਾਨਾਂ ਨੂੰ, ਬੱਸ ਖਤਰਾ ਹੀ ਖਤਰਾ ਹੈ। ਪੰਛੀਆਂ ਦੀ ਹੋਂਦ ਨੂੰ, ਕਿਸਾਨਾਂ ਦੇ ਵਜੂਦ ਨੂੰ, ਮਿਟ ਜਾਣ ਦਾ ਝੋਰਾ ਐ। ਘੁੱਗੀਆਂ ਤੇ ਗਟਾਰਾਂ, ਕਿਸਾਨ ਪਰਿਵਾਰਾਂ ਦੇ ਸਬਰ ਸੰਤੋਖ ਦਾ, ਜੇ ਕਿਤੇ ਮੁੱਲ ਪੈਂਦਾ। ਨਾ ਫੇਰ ਟਿੱਕਰੀ ਗੂੰਜਦਾ, ਨਾ ਹੀ ਸਿੰਘੂ। ਪੁਰਾਣਾ ਕਥਨ ਐ, ‘ਸਬਰ ਨਾਲ ਲੋਹੇ ਦੇ ਦਰਵਾਜੇ ਭੰਨੇ ਜਾ ਸਕਦੇ ਹਨ।’ ਅੰਨਦਾਤੇ ਦੇ ਸਬਰਾਂ ਦੇ ਪਿਆਲੇ ਛਲਕੇ ਨੇ। ਖੇਤਾਂ ਦਾ ਰਾਜਾ, ਰੰਕ ਹੋ ਗਿਆ, ਸੰਤੋਖ ਦਾ ਪੱਲਾ ਨਹੀਂ ਛੱਡਿਆ। ਨਾ ਕੋਈ ਸਿਕਵਾ, ਨਾ ਸ਼ਿਕਾਇਤ ਕੀਤੀ। ਐਨ ਅਖੀਰ ਜਦੋਂ ਸਿਰ ਆ ਪਈ, ਫੇਰ ਅੱਕ ਚੱਬਣਾ ਪਿਆ। ਤੁਸਾਂ ਨੇ ਲਕਬ ਦੇ ਦਿੱਤਾ, ਏਹ ਤਾਂ ‘ਮਾਓਵਾਦੀ ਫਲੂ’ ਐ। ਕੋਈ ਗੱਜਿਆ, ‘ਨਕਸਲੀ ਫਲੂ’ ਐ। ਹੇਮਾ ਮਾਲਿਨੀ ਵੀ ਨਾ ਟਲੀ, ‘ਏਹ ਬੇਸਮਝੀ ਦਾ ਫਲੂ ਐ’। ਗੁਮਾਸ਼ਤੇ ਵੀ ਬੋਲ ਉੱਠੇ, ਨਹੀਂ ਜੀ, ‘ਕਾਂਗਰਸੀ ਫਲੂ’ ਐ। ਹਜ਼ੂਰ ! ਏਹ ਤਾਂ ਭੋਲੇ ਪੰਛੇ ਨੇ ਜੋ ਸਿਆਸੀ ਚਾਲਾਂ ਚੋਂ ਨੌ ਬਰ ਨੌ ਹੋ ਨਿਕਲੇ ਨੇ। ਦਿੱਲੀ ਦੇ ਕੂੜ ਪ੍ਰਚਾਰ ਤੋਂ ਦੂਰ, ਜੂਹ ਦੇ ਨੇੜੇ ਬੈਠੇ ਨੇ। ‘ਸਮੁੰਦਰਾਂ ਦੇ ਵੱਡੇ ਜੇਰੇ।’
ਕੋਰੋਨਾ ਮਹਾਂਮਾਰੀ ਬਰੂਹਾਂ ਤੇ ਪੁੱਜੀ, ਤੁਸਾਂ ਨੂੰ ਹੱਥਾਂ ਪੈਰਾਂ ਦੀ ਪਈ। ਹੁਣ ‘ਬਰਡ ਫਲੂ’ ਨੇ ਝਪੱਟੀ ਮਾਰੀ, ਹਾਕਮਾਂ ਪਲ ਨਾ ਸਹੀ। ਏਹ ਕਾਲੇ ਖੇਤੀ ਕਾਨੂੰਨ, ਚਿੱਟੇ ਦਿਨ ਵਾਂਗ ਸਾਫ ਨੇ। ਖੇਤਾਂ ਲਈ ਬਿਮਾਰੀ, ਕਿਸਾਨੀ ਲਈ ਮਹਾਂਮਾਰੀ ਨੇ। ਵੈਕਸੀਨ ਗੁਰੂ ਜੀ! ਬਿਨਾਂ ਦਵਾ ਤੋਂ ‘ਸੰਘਰਸ਼ੀ ਫਲੂ’ ਨਹੀਓਂ ਰੁਕਣਾ। ਸਭ ਹੱਦਾਂ ਬੰਨੇ ਟੱਪ ਗਿਐ, ਵਿਦੇਸ਼ਾਂ ’ਚ ਵੀ ਤੋਏ ਤੋਏ ਭਾਰਤੀ ਹਕੂਮਤ ਦੀ ਹੋਈ ਐ। ‘ਵਕਤ ਵਿਚਾਰੇ ਸੋ ਬੰਦਾ ਹੋਏ।’ ਜਿਵੇਂ ਨੇਤਾਵਾਂ ਨੂੰ ਵੋਟਾਂ ਦਾ, ਉਵੇਂ ਪੰਛੀਆਂ ਨੂੰ ਬੋਟਾਂ ਦਾ ਫਿਕਰ ਐ। ‘ਪੰਚਾਂ ਅੱਗੇ ਰੱਬ ਵੀ ਨਿੰਵਦੇ।’ ਕੋਈ ਸੱਤ ਬਿਗਾਨੇ ਨਹੀਂ, ਖੇਤਾਂ ਦੇ ਨਾਨੇ ਨੇ। ਲਿਖ ਦਿਓ ਨਵੀਂ ਕਿਸਾਨ-ਕਥਾ, ਤੁਸੀਂ ਕਲਮ ਚੁੱਕੋ। ਕਿਸਾਨ ਤੁਹਾਨੂੰ ਸਿਰਾਂ ’ਤੇ ਚੁੱਕਣਗੇ। ਸਰਕਾਰ ਜੀ ! ਹੱਦ ਨਾ ਕਰੋ, ਖੇਤੀ ਕਾਨੂੰਨਾਂ ਨੂੰ ਰੱਦ ਕਰੋ। ਭੋਲੇ ਪੰਛੀ ਛੇਤੀ ਘਰਾਂ ਨੂੰ ਪਰਤਣ। ਆਲ੍ਹਣਾ ਛੱਡਣਾ ਸੌਖਾ ਨਹੀਂ। ਤੁਸੀਂ ਹੁਣ ਇੰਝ ਨਾ ਕਰੋ। ਖਲੀਲ ਜਿਬਰਾਨ ਖਰਾ ਬੋਲ ਗਏ,‘ ਸਿਰਫ ਗੰੂਗੇ ਹੀ ਬੋਲਣ ਵਾਲਿਆਂ ਨਾਲ ਈਰਖਾ ਕਰਦੇ ਨੇ।’ ‘ਸੰਘਰਸ਼ੀ ਫਲੂ’ ਦਾ ਸਾਈਡ ਇਫੈਕਟ ਬਹੁਤ ਐ। ਰਾਸ ਇਕੱਲੇ ਘੁੰਮਣ ਕਲਾਂ (ਬਠਿੰਡਾ) ਵਾਲੇ ਬੰਤਾ ਸਿਓ ਨੂੰ ਆਏ ਨੇ।
ਤੁਹਾਡੇ ਖੇਤੀ ਕਾਨੂੰਨ ਆਏ, ਇੱਧਰ ਕਿਸਾਨ ਘੋਲ ’ਚ ਬੱਚੇ ਵੀ ਆਏ। ਘੁੰਮਣ ਕਲਾਂ ਦਾ ਪੰਜ ਕੁ ਵਰ੍ਹਿਆਂ ਦਾ ਬੱਚਾ ਸ਼ਗਨਦੀਪ। ਜਨਮ ਤੋਂ ਬੋਲਣੋ ਅਸਮਰਥ ਸੀ। ਕੋਈ ਵੈਦ ਥਾਹ ਨਾ ਪਾ ਸਕਿਆ। ਬਾਪ ਗੋਦੀ ਚੁੱਕ ਬੱਚੇ ਨੂੰ ਕਿਸਾਨ ਘੋਲ ’ਚ ਲਿਆਉਣ ਲੱਗਾ। ਜਦੋਂ ਨਾਅਰੇ ਗੂੰਜਦੇ, ਮੁੱਕੇ ਤਣੇ ਜਾਂਦੇ, ਨਿੱਕਾ ਬੱਚਾ ਜੋਸ਼ ’ਚ ਬਾਂਹ ਖੜ੍ਹੀ ਕਰਦਾ। ਬਾਪ ਦੱਸਦਾ ਹੈ ਕਿ ਜੋ ਵੈਦ ਨਾ ਕਰ ਸਕੇ, ਕਿਸਾਨ ਅੰਦੋਲਨ ਨੇ ਕਰ ਦਿੱਤਾ। ਗੂੰਗਾ ਬੱਚਾ ਹੁਣ ਬੋਲਣ ਲੱਗ ਪਿਐ। ਕੁਦਰਤੀ ਕ੍ਰਿਸ਼ਮਾ ਕਹੋ, ਚਾਹੇ ਕਿਸਾਨੀ ਘੋਲ ਦਾ ਪ੍ਰਤਾਪ। ਕਿਸਾਨ ਘੋਲ ਨੂੰ ਪੰਜ ਭੱਠ ਬੁਖਾਰ ਚੜ੍ਹਿਐ। ਕੋਈ ਸ਼ੰਕਾ ਨਾ ਰਹੇ, ‘ਕਿਸਾਨ ਪਰੇਡ’ ਵੇਖ ਲੈਣਾ। ਹਰ ਰਾਜ ਦੀ ਲੋਕ ਗੰਗਾ, ਅੰਦੋਲਨੀ ਸਾਗਰ ’ਚ ਲੀਨ ਹੋਣ ਲੱਗੀ ਹੈ, ਕਿਸਾਨੀ ਮਹਾਂਸਾਗਰ ਐਵੇਂ ਨਹੀਂ ਬਣਿਆ। ਐਨ ਪੱਤਣਾਂ ’ਤੇ ਸਿਆਸੀ ‘ਮੌਕਾਟੇਰੀਅਨ’ ਖੜ੍ਹੇ ਨੇ, ਮਹਾਂਸਾਗਰ ’ਚ ਹੱਥ ਧੋਣ ਲਈ ਕਾਹਲੇ ਨੇ। ਪੰਜਾਬ ’ਚ ਹਜ਼ਾਰਾਂ ਕਿਸਾਨ-ਮਜ਼ਦੂਰ ਖੁਦਕੁਸ਼ੀ ਕਰ ਗਏ। ਕਿਸੇ ਸੱਥਰ ’ਤੇ ਸਿਆਸੀ ਨੇਤਾ ਨਹੀਂ ਪੁੱਜਿਆ। ਜਦੋਂ ਹੁਣ ‘ਸੰਘਰਸ਼ੀ ਫਲੂ’ ਆਇਐ, ਫੌਤ ਹੋਏ ਕਿਸਾਨਾਂ ’ਤੇ ਸਭ ਹੰਝੂ ਵਹਾਉਣ ਤੁਰੇ ਨੇ।
ਦਿੱਲੀ ਘੋਲ ’ਚ ਫੌਤ 78 ਕਿਸਾਨ ਹੋਏ ਨੇ। ਭਾਰਤ ਸਰਕਾਰ ਦਾ ਇੱਕ ਹੰਝੂ ਵੀ ਹਿੱਸੇ ਨਹੀਂ ਆਇਆ। ਫੌਤ ਹੋਇਆ ਦੀ ਮਿੱਟੀ ਵੀ ਰੁਲ ਗਈ। ‘ਤੇਰਾ ਮੁਰਦਾ ਖ਼ਰਾਬ ਹੋਵੇ’, ਪੰਜਾਬ ਦੀ ਭੈੜੀ ਗਾਲ ਹੈ। ਕਿੰਨੇ ਪਰਿਵਾਰਾਂ ਨੇ ਇੰਝ ਹੀ ਝੱਲਿਆ। ਮੁਰਦੇ ਖਰਾਬ ਹੋਏ, ਪਰਿਵਾਰ ਖੱਜਲ ਹੋਏ। ਮੁਆਵਜ਼ੇ ਲਈ ਮੁਜ਼ਾਹਰੇ ਕਰਨੇ ਪਏ। ਉਪਰੋਂ ਕੇਂਦਰ ਦਾ ਕਰੂਰਪੁਣਾ ਵੇਖਣਾ ਪਿਆ।ਪੁਰਾਣੇ ਆਖਦੇ ਨੇ, ‘ਪਾਟੇ ਅੰਬਰ ਨੂੰ ਸੀਣਾ ਅੌਖਾ’ ਦਿੱਲੀ ਮੋਰਚੇ ’ਚ ਹਰ ਬੇਬੇ ਦੇ ਹੱਥ ਕੰਧੂਈ ਸੂਈ ਐ। ਜੇ ਹਕੂਮਤ ਦੀ ਅੜੀ ਐ ਤਾਂ ਕਿਸਾਨਾਂ ਦਾ ਵੀ ਅੜਾ ਐ। ਤਾਹੀਓਂ ਕੌੜਤੁੰਮੇ ਬਣ ਗਏ ਨੇ। ‘ਬਰਡ ਫਲੂ’ ਜਨੌਰਾਂ ਲਈ ਜਾਨ ਦਾ ਖੌਅ ਬਣਿਐ। ਮੱਧ ਪ੍ਰਦੇਸ਼ ’ਚ ਸਭ ਤੋਂ ਵੱਧ ਕਾਂ ਮਰੇ ਨੇ। ਪੰਜਾਬ ਵਿਚ ਮੁਰਗੀਆਂ ’ਤੇ ਬਗਲੇ। ਕਬੂਤਰ, ਕੋਇਲਾਂ ਤੇ ਘੁੱਗੀਆਂ, ਸਭ ’ਤੇ ਸ਼ਨੀ ਗ੍ਰਹਿ ਭਾਰੂ ਐ। ਵਿਕਰੀ ਪੋਲਟਰੀ ਦੀ ਘਟੀ ਐ, ਉਂਝ ਤੋਤਿਆਂ ਦੇ ਭਾਅ ਵਧੇ ਨੇ। ਲਾਹੌਰ ’ਚ ਤੋਤਾ ਮੰਡੀ ਹੈ, ਤੋਤਿਆਂ ਦਾ ਟੋਟਾ ਪਿਐ। ਸਲੇਟੀ ਤੋਤੇ ਦੀ ਕੀਮਤ ਚਮਕੀ ਐ। ਦੇਸੀ ਤੋਤੇ ਦਾ ਵੀ ਭਾਅ ਬਣਿਐ। ਪੰਛੀ ਪ੍ਰੇਮੀ ਆਖਦੇ ਨੇ, ‘ਤੋਤੇ ਵਿਕਦੇ ਨਹੀਂ, ਉੱਡਦੇ ਚੰਗੇ ਲੱਗਦੇ ਨੇ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚੰਗਾ ਲੱਗਦੈ, ਮੋਰਾਂ ਨੂੰ ਦਾਣੇ ਪਾਉਣਾ, ਤੋਤਿਆਂ ਨਾਲ ਲਾਡ ਲਡਾਉਣਾ। ‘ਪਿੰਜਰੇ ਦਾ ਤੋਤਾ’, ਮਜਾਲ ਐ, ਆਖਾ ਮੋੜ ਜਾਏ।
ਮਰਹੂਮ ਲਾਲ ਬਹਾਦਰ ਸ਼ਾਸਤਰੀ, ‘ਕਿਸਾਨ ਪ੍ਰੇਮ’ ਦੇ ਧਾਗੇ ’ਚ ਬੰਨ੍ਹੇ ਹੋਏ ਸਨ। ਜਦੋਂ ਮੁਲਕ ਅੰਨ ਨੂੰ ਤਰਸਿਆ ਸੀ, ਸ਼ਾਸਤਰੀ ਜੀ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਲਾਅਨ ’ਚ ਕਣਕ ਦੀ ਬਿਜਾਂਦ ਕਰਾ ਦਿੱਤੀ। ਦੇਸ਼ ਦਾ ਇਹ ਉਹ ਲਾਲ ਹੈ, ਜਿਸ ਨੇ ਉਦੋਂ ਇੱਕ ਡੰਗ ਦੀ ਰੋਟੀ ਵੀ ਛੱਡੀ ਸੀ। ਹੁਣ ਫੌਰੀ ਲੋੜ ਐ, ਮੌਜੂਦਾ ਹਕੂਮਤ ਰੋਟੀ ਨਹੀਂ, ਬੱਸ ਅੜੀ ਛੱਡੇ, ਵਾਅਦਾ ਰਿਹਾ, ਕਿਸਾਨ ਸਭ ਰਾਹ ਛੱਡਣਗੇ। ਖੇਤੀ ਕਾਨੂੰਨਾਂ ਤੋਂ ’ਕੱਲੇ ਕਿਸਾਨ ਨਹੀਂ, ਪੰਛੀ ਵੀ ਦਹਿਲੇ ਨੇ। ਵੱਟਾਂ ’ਤੇ ਕਿਸਾਨ ਜੋ ਨਹੀਂਓ ਦਿੱਖ ਰਿਹਾ। ਧਰਤੀ ਦੀ ਕੁੱਖ ’ਚ ਬੀਜ ਬੋਣ ਤੋਂ ਪਹਿਲਾਂ ਕਿਸਾਨ ਹਮੇਸ਼ਾ ਵੰਦਨਾ ਕਰਦੈ, ‘ ਹਾਲੇ ਪਾਲੀ ਦੇ ਭਾਗੀ, ਰਾਹੀਂ ਪਾਂਧੀ ਦੇ ਭਾਗੀ, ਚਿੜ੍ਹੀ ਜਨੌਰ ’ਤੇ ਭਾਗੀ।’ ਭੁਪਿੰਦਰ ਸਿੰਘ ਮਾਨ ਦੀ ਕਹਾਣੀ ‘ਮੰਗਲਾਚਰਨ’ ਨਵੇਂ ਹਾਲਾਤਾਂ ’ਤੇ ਉਂਗਲ ਧਰਦੀ ਐ। ਕਿਸਾਨਾਂ ਤੇ ਪੰਛੀਆਂ ਦਾ ਸਦੀਆਂ ਪੁਰਾਣਾ ਰਿਸ਼ਤੈ। ਚੀਨੇ ਕਬੂਤਰ ਤਾਂ ਸੰਗੀ ਰਹੇ ਨੇ। ਕਾਂ ਦਾ ਬਨੇਰੇ ਤੇ ਬੋਲਣਾ, ਸ਼ੁਭ ਸੁਨੇਹਾ ਦਿੰਦਾ ਰਿਹੈ। ਪੁਰਾਣੀ ਬੋਲੀ, ਨਵੇਂ ਪ੍ਰਸੰਗ ’ਚ ਫਿੱਟ ਬੈਠੀ ਐ, ‘ਸਿੱਟੇ ਨਾ ਉਜਾੜੋ ਤੋਤਿਓ, ਅਸਾਂ ਬਾਜਰੇ ਤੋਂ ਘੱਗਰਾ ਸਮਾਉਣਾ।’ ਸਿਮਰਤ ਸੁਮੈਰਾ ਦੀ ਨਵੀਂ ਤੁਕਬੰਦੀ ਵੀ ਘੱਟ ਨਹੀਂ, ‘ਜਿੰਨਾਂ ਦਾ ਧਨ ਸੀ ਕਾਲਾ, ਰੰਗਦਾਰ ਹੋ ਗਿਆ ਹੈ, ਸਾਡਾ ਪਸੀਨਾ ਐਵੇਂ ਬੇਕਾਰ ਹੋ ਗਿਆ ਹੈ/ ਕੈਸਾ ਤੁਫਾਨ ਆਇਆ ਉੱਜੜੇ ਨੇ ਆਸ਼ਿਆਨੇ, ਗਮਗੀਨ ਪੰਛੀਆਂ ਦਾ ਸੰਸਾਰ ਹੋ ਗਿਆ ਹੈ। ’
ਖੇਤਾਂ ਨੂੰ ਨਵੇਂ ਯੁੱਗ ਦੇ ਪੰਛੀਆਂ ਤੋਂ ਖਤਰਾ ਹੈ। ਰਾਖੀ ਲਈ ਦਿੱਲੀ ਡੇਰਾ ਜਮਾਉਣਾ ਪਿਆ ਹੈ। ਜੇਠ ਮਹੀਨਾ ਖੇਤਾਂ ’ਚ ਝੱਲਿਆ, ਸਾਰਾ ਪੋਹ ਦਿੱਲੀ ’ਚ। ਕਿਸੇ ਨੇ ਠੀਕ ਹੀ ਕਿਹਾ, ‘ਸ਼ਿਕਾਰ ਹੋਣ ਵਾਲੇ ਪੰਛੀ ਗੀਤ ਨਹੀਂ ਗਾਉਂਦੇ।’ ਟਿੱਕਰੀ/ ਸਿੰਘੂ ਸਰਹੱਦ ’ਤੇ ਦਿਨ ਰਾਤ ਹੇਕਾਂ ਲੱਗਦੀਆਂ ਨੇ। ਕਿਤੇ ਪੰਛੀ ਭਾਸ਼ਾ ਸਮਝਦੇ ਹੁੰਦੇ, ਛੱਜੂ ਰਾਮ ਜਰੂਰ ਆਖਦਾ, ‘ਦੁਨੀਆਂ ਭਰ ਦੇ ਪੰਛੀਓ, ਇੱਕ ਹੋ ਜਾਓ।’ ‘ਬਰਡ ਫਲੂ’ ਦੀ ਫਿਰ ਐਸੀ ਦੀ ਤੈਸੀ। ‘ਸੰਘਰਸ਼ੀ ਫਲੂ’ ਦਾ ਰੰਗ ਉਘੜਿਐ, ਵੈਕਸੀਨ ਸਰਕਾਰ ਕੋਲ ਐ। ਅਖੀਰ ਅਚਾਰੀਆ ਰਜਨੀਸ਼ ਦੇ ਇੱਕ ਪ੍ਰਵਚਨ ਨਾਲ। ‘ ਪਿਆਰ ਉਦੋਂ ਖੁਸ਼ ਹੁੰਦਾ ਹੈ ਜਦੋਂ ਉਹ ਕੁਝ ਦੇ ਦਿੰਦਾ ਹੈ ਅਤੇ ਹਓਮੈ ਉਦੋਂ ਖੁਸ਼ ਹੁੰਦੀ ਹੈ ਜਦੋਂ ਇਹ ਕੁਝ ਲੈ ਲੈਂਦੀ ਹੈ।’ ਸੋ, ਵੇਲਾ ਹੁਣ ਦੇਣ ਦਾ ਹੈ। ਬਾਕੀ ਮਾਲਕਾਂ ਦੀ ਮਰਜ਼ੀ..।
No comments:
Post a Comment