ਕਿਸਾਨ ਘੋਲ
ਏਹ ਵੇਲਾ ਮੁੜ ਕੇ ਉੱਠਣ ਦਾ..!
ਚਰਨਜੀਤ ਭੁੱਲਰ
ਚੰਡੀਗੜ੍ਹ : ਬਠਿੰਡਾ ਦੇ ਪਿੰਡ ਮੰਡੀ ਕਲਾਂ ਦੀ ਮਾਂ ਬਲਜਿੰਦਰ ਕੌਰ ‘ਦਿੱਲੀ ਮੋਰਚਾ’ ’ਚ ਇਕਲੌਤਾ ਪੁੱਤ ਗੁਆ ਬੈਠੀ ਹੈ। ਉਹ ਹੁਣ ਵੀ ਦਿੱਲੀ ਦੇ ਰਾਹ ਵੇਖ ਰਹੀ ਹੈ। ਕਿਸਾਨ ਘੋਲ ਫਤਿਹ ਹੋ ਜਾਏ, ਦੋਵੇਂ ਹੱਥ ਜੋੜ ਇਹੋ ਅਰਦਾਸ ਕਰਦੀ ਹੈ। ਨਵੇਂ ਬਣੇ ਹਾਲਾਤ ਮਗਰੋਂ ਇਸ ਮਾਂ ਨੇ ਦਿੱਲੀ ਬੈਠੇ ਕਿਸਾਨਾਂ ਨੂੰ ਹੌਸਲਾ ਦਿੱਤਾ ਹੈ ਕਿ ‘ਸ਼ਹਾਦਤਾਂ ਅਜਾਈਂ ਨਾ ਜਾਣ, ਅਸੀਂ ਤੁਹਾਡੇ ਨਾਲ ਹਾਂ, ਦੇਖਿਓ ਕਿਤੇ ਦਿਲ ਸੁੱਟ ਜਾਇਓ।’ ਇਸ ਮਾਂ ਦਾ ਪੁੱਤ ਮਨਪ੍ਰੀਤ ਸਿੰਘ (24) ਵਰ੍ਹਿਆਂ ਦਾ ਸੀ। ਟਰੈਕਟਰ ਲੈ ਕੇ ਦਿੱਲੀ ਗਿਆ ਸੀ। ਉਸ ਦਾ ਤਾਬੂਤ ਮੁੜਿਆ। ਇਨ੍ਹਾਂ ਮਾਪਿਆਂ ਨੇ ਦਿੱਲੀ ਤੋਂ ਟਰੈਕਟਰ ਹਾਲੇ ਤੱਕ ਵਾਪਸ ਨਹੀਂ ਲਿਆਂਦਾ। ਬਲਜਿੰਦਰ ਕੌਰ ਆਖਦੀ ਹੈ ਕਿ ਪੁੱਤ ਚਲਾ ਗਿਆ ਤਾਂ ਕੀ ਹੋਇਆ, ਹੁਣ ਟਰੈਕਟਰ ਕਿਸਾਨ ਘੋਲ ’ਚ ਸੀਰ ਪਾ ਰਿਹਾ ਹੈ। ਉਸ ਨੇ ਦੁਆ ਕੀਤੀ ਕਿ ਹਰ ਪੁੱਤ ਜਿੱਤ ਕੇ ਸਹੀ ਸਲਾਮਤ ਮੁੜੇ।
ਪਿੰਡ ਚਾਉਕੇ ਦਾ ਜਸ਼ਨਪ੍ਰੀਤ 18ਵੇਂ ਵਰ੍ਹੇ ਵਿੱਚ ਸੀ। ਦਿੱਲੀ ਮੋਰਚੇ ’ਚ 2 ਜਨਵਰੀ ਨੂੰ ਫੌਤ ਹੋ ਗਿਆ। ਇਕਲੌਤੇ ਪੁੱਤ ਦੀ ਲਾਸ਼ ਪਿੰਡ ਮੁੜੀ। ਮਾਂ ਬਲਜਿੰਦਰ ਕੌਰ ਆਖਦੀ ਹੈ ਕਿ ਕਿਸਾਨ ਜੰਗ ਜਿੱਤ ਕੇ ਮੁੜਨ ਤਾਂ ਸਭ ਗਮ ਭੁੱਲ ਜਾਣਗੇ। ਉਹ ਆਖਦੀ ਹੈ ਕਿ ਜਸ਼ਨਪ੍ਰੀਤ ਦੇ ਬੂਟ ਹਾਲੇ ਵੀ ‘ਦਿੱਲੀ ਮੋਰਚੇ’ ’ਚ ਹਨ। ਮਾਂ ਆਖਦੀ ਹੈ ਕਿ ਸਰਕਾਰੀ ਚਾਲਾਂ ਕਿਸਾਨਾਂ ਨੂੰ ਹਰਾ ਨਹੀਂ ਸਕਣਗੀਆਂ। ਉਸ ਦਾ ਕਹਿਣਾ ਸੀ ਕਿ ਪੁੱਤ ਚਲੇ ਗਏ ਤਾਂ ਕੀ ਹੋਇਆ, ਉਹ ਅੱਜ ਵੀ ਕਿਸਾਨ ਘੋਲ ’ਚੋਂ ਸਾਹ ਲੈਂਦੇ ਹਨ।ਉਸ ਨੇ ਅਪੀਲ ਕੀਤੀ ਕਿ ‘ਭਰਾਵੋਂ! ਸ਼ਹਾਦਤਾਂ ਦੇਣ ਵਾਲਿਆਂ ਦਾ ਖਿਆਲ ਰੱਖਿਓ, ਦਮ ਰੱਖਣਾ ਤੇ ਜਿੱਤ ਕੇ ਮੁੜਨਾ।’ ਇਹ ਮਾਂ ਆਖਦੀ ਹੈ ਕਿ ਜਿਗਰ ਦਾ ਟੋਟਾ ਖੁਸ ਜਾਵੇ, ਇਸ ਤੋਂ ਵੱਡਾ ਗਮ ਕੀ ਹੋ ਸਕਦਾ ਹੈ। ਇਹ ਵੀ ਆਖਿਆ ਕਿ ਦਿੱਲੀ ਗਏ ਕਿਸਾਨ ਹੁਣ ਸ਼ਹਾਦਤਾਂ ਨੂੰ ਚੇਤੇ ਕਰਕੇ ਜੰਗ ਲੜਨ, ਕੋਈ ਤਾਕਤ ਨਹੀਂ ਹਰਾ ਸਕੇਗੀ। ਮਾਨਸਾ ਜ਼ਲ੍ਹਿੇ ਦੇ ਪਿੰਡ ਫੱਤਾ ਮਾਲੋਕਾ ਦਾ 22 ਵਰ੍ਹਿਆਂ ਦਾ ਜਤਿੰਦਰ ਵੀ ‘ਦਿੱਲੀ ਮੋਰਚਾ’ ਵਿੱਚ ਸ਼ਹੀਦ ਹੋ ਗਿਆ।
ਮਾਂ ਮਨਪ੍ਰੀਤ ਕੌਰ ਗੁੰਮ ਸੁੰਮ ਹੈ। ਇਹ ਮਾਂ ਕਦੇ ਪੁੱਤ ਦੇ ਟਰੈਕਟਰ ਦੀ ਸੀਟ ’ਤੇ ਸਿਰ ਸੁੱਟ ਰੋਣ ਲੱਗ ਜਾਂਦੀ ਹੈ ਅਤੇ ਕਦੇ ਪੁੱਤ ਦਾ ਕੋਟ ਚੁੱਕ ਕੇ ਗਲ ਨਾਲ ਲਾਉਂਦੀ ਹੈ। ਬਾਪ ਸੁਖਪਾਲ ਸਿੰਘ ਦੱਸਦਾ ਹੈ ਕਿ ਕੈਨੇਡਾ ਭੇਜਣਾ ਚਾਹਿਆ ਪ੍ਰੰਤੂ ਜਤਿੰਦਰ ਨੇ ਖੇਤੀ ਕਰਨ ਨੂੰ ਤਰਜੀਹ ਦਿੱਤੀ। ਸ਼ੌਕ ਨਾਲ ਟਰਾਲੀ ਬਣਾਈ ਜੋ ਦਿੱਲੀ ਮੋਰਚੇ ’ਚ ਲੈ ਕੇ ਗਿਆ। ਜਤਿੰਦਰ ਫੌਤ ਹੋ ਗਿਆ ਅਤੇ ਹੁਣ ਉਸ ਦੀ ਟਰਾਲੀ ‘ਕਿਸਾਨ ਮੋਰਚੇ’ ’ਚ ਸੀਰ ਪਾ ਰਹੀ ਹੈ। ਬਾਪ ਨੇ ‘ਦਿੱਲੀ ਮੋਰਚੇ’ ’ਚ ਡਟੇ ਕਿਸਾਨਾਂ ਦਾ ਹੌਸਲਾ ਬੰਨ੍ਹਿਆ ਅਤੇ ਕਿਹਾ ਕਿ ‘ਅਸੀਂ ਤੁਹਾਡੇ ਨਾਲ ਹਾਂ, ਪਿਛਾਂਹ ਨਾ ਹਟਣਾ।’ ਦੱਸਣਯੋਗ ਹੈ ਦਿੱਲੀ ਮੋਰਚੇ ਵਿੱਚ ਕਰੀਬ 162 ਕਿਸਾਨ ਜਾਨ ਗੁਆ ਬੈਠੇ ਹਨ, ਜਨ੍ਹਿਾਂ ’ਚ ਕਈ ਇਕਲੌਤੇ ਪੁੱਤ ਸਨ।ਮੁਕਤਸਰ ਦੇ ਪਿੰਡ ਗੰਧੜ ਦਾ ਕਿਸਾਨ ਇਕਬਾਲ ਸਿੰਘ ਦਿੱਲੀ ਮੋਰਚੇ ਤੋਂ ਘਰ ਟਰੈਕਟਰ ਲੈਣ ਆਇਆ, ਫੌਤ ਹੋ ਗਿਆ। ਉਸ ਦਾ ਬਿਸਤਰਾ ਅੱਜ ਵੀ ‘ਦਿੱਲੀ ਮੋਰਚੇ’ ’ਚ ਲੱਗਾ ਹੋਇਆ ਹੈ। ਪਤਨੀ ਗੁਰਮੀਤ ਕੌਰ ਖੁਦ ਬਿਮਾਰ ਹੈ ਅਤੇ ਆਖਦੀ ਹੈ ਕਿ ਜਦੋਂ ਕਿਸਾਨ ਦਿੱਲੀ ’ਚੋਂ ਜਿੱਤ ਕੇ ਮੁੜਨਗੇ, ਉਦੋਂ ਹੀ ਪਤੀ ਦੇ ਚਲੇ ਜਾਣ ਦਾ ਦੁੱਖ ਭੁੱਲੇਗਾ। ਉਹ ਆਖਦੀ ਹੈ ਕਿ ਦਿੱਲੀ ’ਚ ਬੈਠੇ ਕਿਸਾਨਾਂ ਲਈ ਵੇਲਾ ਤਕੜੇ ਹੋ ਕੇ ਨਿੱਕਲਣ ਦਾ ਹੈ। ਉਸ ਨੇ ਸਿੰਘੂ/ਟਿੱਕਰੀ ਸਰਹੱਦ ’ਤੇ ਡਟੇ ਕਿਸਾਨਾਂ ਨੂੰ ਕਿਹਾ ਕਿ ‘ਦੇਖਿਓ ਕਿਤੇ ਸ਼ਹਾਦਤਾਂ ਰੁਲ ਨਾ ਜਾਣ।’
ਮੋਗਾ ਜ਼ਲ੍ਹਿੇ ਦੇ ਪਿੰਡ ਭਿੰਡਰ ਕਲਾਂ ਦਾ ਮੱਖਣ ਖਾਨ ਵੀ ਦਿੱਲੀ ਮੋਰਚੇ ਦੇ ਲੇਖੇ ਆਪਣੀ ਜ਼ਿੰਦ ਲਾ ਗਿਆ। ਉਸ ਦੀ ਪਤਨੀ ਪਰਮਜੀਤ ਆਖਦੀ ਹੈ ਕਿ ਉਸ ਵਕਤ ਹੀ ਰੂਹ ਨੂੰ ਧਰਵਾਸ ਮਿਲੂ ਜਦੋਂ ਕਿਸਾਨਾਂ ਨੂੰ ਨਿਆਂ ਮਿਲੂ। ਇਸ ਪਰਿਵਾਰ ਨੇ ਕਿਹਾ ਕਿ ਕਿਸਾਨਾਂ ਦਾ ਸਰਕਾਰੀ ਚਾਲਾਂ ਕੁਝ ਨਹੀਂ ਵਿਗਾੜ ਸਕਣਗੀਆਂ। ਲੋੜ ਬੱਸ ਮੁੜ ਹੰਭਲਾ ਮਾਰਨ ਦੀ ਹੈ। ਮਾਨਸਾ ਦੇ ਪਿੰਡ ਭਾਦੜਾ ਦਾ ਜਗਸੀਰ ਸਿੰਘ ਵੀ ‘ਦਿੱਲੀ ਮੋਰਚੇ’ ਦੇ ਸ਼ਹੀਦਾਂ ਵਿਚ ਸ਼ਾਮਲ ਹੈ। ਉਸ ਦੇ ਪਰਿਵਾਰ ਵਾਲੇ ਕਾਮਨਾ ਕਰਦੇ ਹਨ ਕਿ ਦਿੱਲੀ ਮੋਰਚਾ ਫਤਹਿ ਹੋਵੇ।ਜਨ੍ਹਿਾਂ ਪਰਿਵਾਰਾਂ ਦੇ ਜੀਅ ਕਿਸਾਨ ਘੋਲ ਵਿੱਚ ਚਲੇ ਗਏ ਹਨ, ਉਹ ਹੁਣ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਦੀ ਸੁੱਖ ਮੰਗ ਰਹੇ ਹਨ। ਦਿੱਲੀ ਦੀ ਘਟਨਾ ਨੇ ਇਨ੍ਹਾਂ ਪਰਿਵਾਰਾਂ ਨੂੰ ਪ੍ਰੇਸ਼ਾਨ ਤਾਂ ਕੀਤਾ ਹੈ ਪ੍ਰੰਤੂ ਉਹ ਆਖਦੇ ਹਨ ਕਿ ਉਹ ਪੂਰੀ ਤਰ੍ਹਾਂ ਘੋਲ ਦੇ ਨਾਲ ਹਨ ਅਤੇ ਘੋਲ ਵਿੱਚ ਕੁੱਦੇ ਕਿਸਾਨਾਂ ਨੂੰ ਢਾਰਸ ਦੇ ਰਹੇ ਹਨ। ਇਹ ਮਾਪੇ ਆਖਦੇ ਹਨ ਕਿ ਵੇਲਾ ਢੇਰੀ ਢਾਹੁਣ ਦਾ ਨਹੀਂ ਬਲਕਿ ਮੁੜ ਉਠਣ ਦਾ ਹੈ।
No comments:
Post a Comment