ਸਿਆਸੀ ਧੂੰਆਂ ਨਵੇਂ ਕਪਤਾਨ ਦਾ ਜੋਸ਼, ਰਾਜਾ ਵੜਿੰਗ ਖ਼ਾਮੋਸ਼ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਪਰਗਟ ਸਿੰਘ ਦੇ ਨਾਂ ਦੇ ਐਲਾਨ ਮਗਰੋਂ ਵੀ ਪਾਰਟੀ ਵਿਚਲਾ ਸਿਆਸੀ ਧੂੰਆਂ ਹਾਲੇ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਰਮਿਆਨ ਚੰਗਿਆੜੀ ਸੁਲਘ ਰਹੀ ਹੈ। ਸਾਬਕਾ ਪ੍ਰਧਾਨ ਵੜਿੰਗ ਨੇ ਆਪਣੇ ਅਸਤੀਫ਼ੇ ਮਗਰੋਂ ਕਿਹਾ ਸੀ ਕਿ ਜਿੱਤ ਚੰਨੀ ਦੀ ਹੋਈ ਹੈ। ਅੱਜ ਸਾਬਕਾ ਮੁੱਖ ਮੰਤਰੀ ਚੰਨੀ ਦੇ ਪੁੱਤਰ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਪੋਸਟ ‘ਗੁੱਡਾ-ਗੁੱਡੀ ਔਹ ਜਾਂਦੇ..’ ਨੇ ਧੂੰਏਂ ਦੇ ਹਾਲੇ ਹੋਰ ਧੁਖਣ ਦੇ ਸੰਕੇਤ ਦਿੱਤੇ ਹਨ। ਦੱਸਣਯੋਗ ਹੈ ਕਿ ਚਰਨਜੀਤ ਚੰਨੀ ਤੇ ਵੜਿੰਗ ਧੜੇ ’ਚ ਪਿਛਲੇ ਕਈ ਮਹੀਨੇ ਚੱਲੇ ਟਕਰਾਅ ਵਿਚਾਲੇ ਪੰਜਾਬ ਕਾਂਗਰਸ ਦੇ ਤਤਕਾਲੀ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਸੀ ਕਿ ਪ੍ਰਧਾਨਗੀ ਨੂੰ ਬਦਲਣਾ ਕੋਈ ਗੁੱਡਾ-ਗੁੱਡੀ ਦਾ ਖੇਡ ਨਹੀਂ। ਬਾਅਦ ’ਚ ਕਾਂਗਰਸ ਨੇ ਪੰਜਾਬ ਇੰਚਾਰਜ ਬਘੇਲ ਨੂੰ ਹੀ ਬਦਲ ਦਿੱਤਾ ਅਤੇ ਬਾਅਦ ’ਚ ਰਾਜਾ ਵੜਿੰਗ ਦੀ ਛੁੱਟੀ ਕਰ ਦਿੱਤੀ।
ਰਾਜਾ ਵੜਿੰਗ ਨੇ ਖ਼ੁਦ ਇੱਕ ਗੱਲਬਾਤ ’ਚ ਕਿਹਾ ਸੀ ਕਿ ਹੁਣ ਨਾ ਗੁੱਡਾ ਰਿਹਾ ਹੈ ਤੇ ਨਾ ਹੀ ਗੁੱਡੀ। ਚੰਨੀ ਦੇ ਪੁੱਤਰ ਦੀ ਤਾਜ਼ਾ ਪੋਸਟ ਵੀ ਇਸੇ ਸੰਦਰਭ ’ਚ ਜਾਪਦੀ ਹੈ। ਵੜਿੰਗ ਨੇੜਲੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇਸ ਪੋਸਟ ਦਾ ਬੁਰਾ ਮਨਾਇਆ ਹੈ ਜਿਨ੍ਹਾਂ ਨੇ ਚੰਨੀ ਨੂੰ ਚੌਕਸ ਵੀ ਕੀਤਾ ਹੈ। ਅੱਜ ਇਸੇ ਦੌਰਾਨ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂਆਂ ਤੋਂ ਦਿੱਲੀ ’ਚ ਆਸ਼ੀਰਵਾਦ ਲਿਆ। ਉਨ੍ਹਾਂ ਅੱਜ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਕੇ ਸੰਕੇਤਕ ਤੌਰ ’ਤੇ ਸਭ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਸੁਨੇਹਾ ਦਿੱਤਾ ਹੈ। ਦੂਸਰੀ ਤਰਫ਼ ਪੁਰਾਣੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਪੁਰਾਣੇ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ ਕੀਤੀ। ਉਂਜ, ਹਾਲੇ ਤੱਕ ਨਵੇਂ ਪ੍ਰਧਾਨ ਪਰਗਟ ਸਿੰਘ ਅਤੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਿਲਣੀ ਦੀ ਕੋਈ ਪਹਿਲੀ ਤਸਵੀਰ ਸਾਹਮਣੇ ਨਹੀਂ ਆਈ।
ਪਤਾ ਲੱਗਿਆ ਹੈ ਕਿ ਪਰਗਟ ਸਿੰਘ ਨੇ ਪੁਰਾਣੇ ਪ੍ਰਧਾਨ ਰਾਜਾ ਵੜਿੰਗ ਨੂੰ ਫੋਨ ਕਰਕੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ ਪਰ ਵੜਿੰਗ ਨੇ ਫ਼ਿਲਹਾਲ ਮਿਲਣੀ ਤੋਂ ਪਾਸਾ ਵੱਟਿਆ ਹੈ। ਰਾਜਾ ਵੜਿੰਗ ਨੇ ਅੱਜ ਭੂਪੇਸ਼ ਬਘੇਲ ਨਾਲ ਮਿਲਣੀ ਤੋਂ ਬਾਅਦ ਖ਼ੁਦ ਇਹ ਗੱਲ ਕਹੀ ਕਿ ਉਨ੍ਹਾਂ ਨੂੰ ਪਰਗਟ ਸਿੰਘ ਨੇ ਮਿਲਣ ਲਈ ਫੋਨ ਕੀਤਾ ਸੀ ਪਰ ਉਹ ਹਾਲੇ ਇੱਕ ਦੋ ਦਿਨ ਆਪਣੇ ਬੇਟੇ ਨੂੰ ਸਮਾਂ ਦੇਣਾ ਚਾਹੁੰਦੇ ਹਨ। ਪਤਾ ਲੱਗਿਆ ਹੈ ਕਿ ਰਾਜਾ ਵੜਿੰਗ ਨੇ ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਫੋਨ ਕਰ ਕੇ ਵਧਾਈ ਜ਼ਰੂਰ ਦਿੱਤੀ ਹੈ। ਸੰਕੇਤਾਂ ਤੋਂ ਜਾਪਦਾ ਹੈ ਕਿ ਰਾਜਾ ਵੜਿੰਗ ਆਪਣੇ ਸਿਆਸੀ ਵਜੂਦ ਲਈ ਛੇਤੀ ਕਿਤੇ ਪਿਛਾਂਹ ਨਹੀਂ ਹਟਣਗੇ। ਅੱਜ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨਾਲ ਮੁਲਾਕਾਤ ਕੀਤੀ। ਨਵੇਂ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਲਈ ਡਾ. ਮਨਮੋਹਨ ਸਿੰਘ ਦੀ ਸਾਦਗੀ, ਸਮਰਪਣ ਅਤੇ ਇਮਾਨਦਾਰੀ ਹਮੇਸ਼ਾ ਪ੍ਰੇਰਨਾ ਸਰੋਤ ਰਹੀ ਹੈ।
ਪਰਗਟ ਸਿੰਘ ਨੇ ਅੱਜ ਪਾਰਟੀ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਤੇ ਕੇ ਸੀ ਵੇਣੂਗੋਪਾਲ ਨਾਲ ਵੀ ਮੁਲਾਕਾਤ ਕੀਤੀ।ਪ੍ਰਧਾਨ ਪਰਗਟ ਸਿੰਘ ਆਖ ਚੁੱਕੇ ਹਨ ਕਿ ਉਹ ਇੱਕ ਟੀਮ ਦੇ ਕਪਤਾਨ ਦੇ ਤੌਰ ’ਤੇ ਸਭ ਨੂੰ ਨਾਲ ਲੈ ਕੇ ਚੱਲਣਗੇ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨਗੇ।
.jpg)
No comments:
Post a Comment