Showing posts with label SIT. Show all posts
Showing posts with label SIT. Show all posts

Tuesday, June 13, 2023

                                                      ਕਟਾਰੂਚੱਕ ਮਾਮਲਾ 
                                ਪੀੜਤ ਕੇਸ਼ਵ ਕੁਮਾਰ ਨੇ ਲਿਆ ਯੂ-ਟਰਨ !
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੇ ਪੀੜਤ ਕੇਸ਼ਵ ਕੁਮਾਰ ਨੇ ਹੁਣ ਯੂ-ਟਰਨ ਲੈ ਲਿਆ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਕੋਲ ਪੀੜਤ ਕੇਸ਼ਵ ਕੁਮਾਰ ਨੇ ਆਪਣੀ ਪਹਿਲੀ ਸ਼ਿਕਾਇਤ ਤੋਂ ਮੋੜਾ ਕੱਟਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਖ਼ਿਲਾਫ਼ ਕੋਈ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਹਲਕਿਆਂ ਵਿਚ ਉੱਠੇ ਇਸ ਵਿਵਾਦ ਨੂੰ ਹੁਣ ਵਿਸ਼ਰਾਮ ਲੱਗ ਸਕਦਾ ਹੈ। ਡੀ.ਆਈ.ਜੀ (ਬਾਰਡਰ ਜ਼ੋਨ) ਨਰਿੰਦਰ ਭਾਰਗਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਐਕਸ਼ਨ ਟੇਕਨ ਰਿਪੋਰਟ ਭੇਜ ਦਿੱਤੀ ਹੈ। ਅਹਿਮ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾ ਕੇਸ਼ਵ ਕੁਮਾਰ ਹੁਣ ਜਿਨਸੀ ਸ਼ੋਸ਼ਣ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ। ਚੇਤੇ ਰਹੇ ਕਿ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ 6 ਜੂਨ ਨੂੰ ਤੀਸਰਾ ਨੋਟਿਸ ਜਾਰੀ ਕਰਕੇ 12 ਜੂਨ ਤੱਕ ਰਿਪੋਰਟ ਮੰਗੀ ਸੀ।

        ਕੌਮੀ ਕਮਿਸ਼ਨ ਨੇ ਪੰਜਾਬ ਪੁਲੀਸ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਤੁਰੰਤ ਵੀਡੀਓ ਕਾਨਫ਼ਰੰਸ ਜਾਂ ਦਿੱਲੀ ਵਿਚ ਵਿਅਕਤੀਗਤ ਤੌਰ ’ਤੇ ਪੀੜਤ ਦੇ ਬਿਆਨ ਦਰਜ ਕਰਨ ਅਤੇ ਉਸ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ। ਕੌਮੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੀੜਤ ਕੇਸ਼ਵ ਕੁਮਾਰ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ 5 ਮਈ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਪਹਿਲਾ ਨੋਟਿਸ ਜਾਰੀ ਕੀਤਾ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ 8 ਮਈ ਨੂੰ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਚੇਤੇ ਰਹੇ ਕਿ ਜਲੰਧਰ ਜ਼ਿਮਨੀ ਚੋਣ ਮੌਕੇ ਵਿਰੋਧੀ ਧਿਰਾਂ ਨੇ ਕਟਾਰੂਚੱਕ ਮਾਮਲੇ ਨੂੰ ਉਭਾਰਿਆ ਸੀ ਅਤੇ ਪੰਜਾਬ ਦੇ ਗਵਰਨਰ ਨੇ ਵੀ ਜਿਨਸੀ ਸ਼ੋਸ਼ਣ ਵਾਲੀ ਵੀਡੀਓ ਦੀ ਆਪਣੇ ਪੱਧਰ ’ਤੇ ਜਾਂਚ ਕਰਾਈ ਸੀ। ਵਿਰੋਧੀ ਧਿਰਾਂ ਨੇ ਇਹ ਗੱਲ ਉਭਾਰੀ ਸੀ ਕਿ ਕੈਬਨਿਟ ਮੰਤਰੀ ਕਟਾਰੂਚੱਕ ਨੇ ਉਸ ਵੇਲੇ ਪੀੜਤ ਦਾ ਜਿਨਸੀ ਸ਼ੋਸ਼ਣ ਕੀਤਾ ਜਦੋਂ ਉਹ 2013 ਵਿਚ ਨਾਬਾਲਗ ਸੀ। 

          ਸੂਤਰਾਂ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਐੈਸ.ਐਫ.ਐਲ.ਜੇ.ਐਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ 11 ਮਈ 2023 ਨੂੰ ਪਠਾਨਕੋਟ ਪੁਲੀਸ ਨੂੰ ਪੱਤਰ ਭੇਜ ਕੇ ਦੱਸਿਆ ਹੈ ਕਿ ਕੇਸ਼ਵ ਕੁਮਾਰ 2007-08 ਵਿਚ ਇਸ ਸਕੂਲ ਦਾ ਵਿਦਿਆਰਥੀ ਸੀ ਅਤੇ ਉਸ ਦੀ ਜਨਮ ਮਿਤੀ 3 ਮਈ 1993 ਵੀ ਦੱਸੀ ਗਈ। ਵਿਸ਼ੇਸ਼ ਜਾਂਚ ਟੀਮ ਨੇ ਪਾਇਆ ਕਿ ਘਟਨਾ ਵਾਲੇ 2013 ਦੇ ਵਰ੍ਹੇ ਵਿਚ ਵੀ ਪੀੜਤ ਨਾਬਾਲਗ ਨਹੀਂ ਸੀ। ਪੀੜਤ ਸਕੂਲ ਚੋਂ ਨੌਵੀਂ ਕਲਾਸ ਦਾ ਡਰਾਪ ਆਊਟ ਹੈ। ਸੂਤਰਾਂ ਅਨੁਸਾਰ ਪੀੜਤ ਨੇ 5 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਅਤੇ ਪੀੜਤ ਨੇ ਆਪਣੀ ਲਿਖਤੀ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੋਈ ਸੀ। ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਤਾਂ ਪੀੜਤ ਨੇ 10 ਜੂਨ ਨੂੰ ਪੇਸ਼ ਹੋਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਪੀੜਤ ਨੇ 8 ਜੂਨ ਨੂੰ ਹੀ ਵਿਸ਼ੇਸ਼ ਜਾਂਚ ਟੀਮ ਨਾਲ ਸੰਪਰਕ ਕੀਤਾ ਅਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਇਆ।

         ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫੀ ਵੀ ਕਰਾਈ ਅਤੇ ਪੀੜਤ ਨੇ ਲਿਖਤੀ ਰੂਪ ਵਿਚ ਹਿੰਦੀ ਭਾਸ਼ਾ ਵਿਚ ਲਿਖ ਕੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਾਉਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਨੇ ਵਿਸ਼ੇਸ਼ ਜਾਂਚ ਟੀਮ ਕੋਲ ਬਿਆਨ ਕੀਤਾ ਕਿ ਉਸ ਦਾ ਮੋਬਾਈਲ ਫ਼ੋਨ ਗੁੰਮ ਹੋ ਗਿਆ ਸੀ ਅਤੇ ਉਸ ਕੋਲ ਇੱਕ ਵਿਅਕਤੀ ਮੋਬਾਈਲ ਲੈ ਕੇ ਆਇਆ ਸੀ ਜਿਸ ਨੇ ਇੱਕ ਵੀਡੀਓ ਦਿਖਾਈ ਜੋ ਕਿ ਬਦਲੀ ਹੋਈ ਸੀ। ਉਸ ਨੇ ਵਿਸ਼ੇਸ਼ ਜਾਂਚ ਟੀਮ ਅੱਗੇ ਕੋਈ ਸੁਰੱਖਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ।ਕੌਮੀ ਕਮਿਸ਼ਨ ਨੇ ਪੀੜਤ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ ਦੀ ਗੱਲ ਵੀ ਕੀਤੀ ਸੀ ਪ੍ਰੰਤੂ ਜਾਂਚ ਟੀਮ ਨੇ ਇਹ ਤਰਕ ਦਿੱਤਾ ਹੈ ਕਿ ਕੈਬਨਿਟ ਮੰਤਰੀ ਕਟਾਰੂਚੱਕ ਖ਼ੁਦ ਵੀ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਹਨ। ਪੀੜਤ ਦੇ ਪਿੱਛੇ ਹਟਣ ਨਾਲ ‘ਆਪ’ ਸਰਕਾਰ ਨੂੰ ਵੱਡੀ ਰਾਹਤ ਮਿਲਦੀ ਜਾਪਦੀ ਹੈ। ਵਿਧਾਨ ਸਭਾ ਦੇ ਆਗਾਮੀ ਸੈਸ਼ਨ ਤੋਂ ਪਹਿਲਾਂ ਆਏ ਇਹ ਤੱਥ ਵਿਰੋਧੀ ਧਿਰਾਂ ਦੇ ਹਮਲਾਵਰ ਰੁਖ਼ ਨੂੰ ਜ਼ਰੂਰ ਠੱਲ੍ਹਣਗੇ।

                                  ਕੌਮੀ ਕਮਿਸ਼ਨ ਨੂੰ ਰਿਪੋਰਟ ਭੇਜੀ : ਭਾਰਗਵ

ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਅਤੇ ਡੀ.ਆਈ.ਜੀ ਬਾਰਡਰ ਰੇਂਜ ਸ੍ਰੀ ਨਰਿੰਦਰ ਭਾਰਗਵ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਸਿਰਫ਼ ਏਨਾ ਹੀ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਤਰਫ਼ੋਂ ਐਕਸ਼ਨ ਟੇਕਨ ਰਿਪੋਰਟ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ। ਭਾਰਗਵ ਨੇ ਰਿਪੋਰਟ ਵਿਚਲੇ ਤੱਥ ਪੁੱਛਣ ’ਤੇ ਫ਼ੋਨ ਕੱਟ ਦਿੱਤਾ।

Saturday, August 4, 2018

                             ਗੁਪਤ ਰਿਪੋਰਟ 
           ਦਾਦੂਵਾਲ ਨੂੰ ਭੀਖੀ ’ਚ ਮਾਰਨਾ ਸੀ
                             ਚਰਨਜੀਤ ਭੁੱਲਰ
ਬਠਿੰਡਾ : ਬਰਗਾੜੀ ਕਾਂਡ ਦੀ ‘ਗੁਪਤ ਰਿਪੋਰਟ’ ’ਚ ਕਈ ਗੁੱਝੇ ਭੇਤ ਬੰਦ ਹਨ ਜਿਨ੍ਹਾਂ ਦੇ ਡਰੋਂ ਕੈਪਟਨ ਹਕੂਮਤ ਭਾਫ਼ ਬਾਹਰ ਨਹੀਂ ਕੱਢ ਰਹੀ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ‘ਗੁਪਤ ਰਿਪੋਰਟ’ ਪੁਲੀਸ ਮੁਖੀ ਨੂੰ ਸੌਂਪ ਦਿੱਤੀ ਸੀ। ਬਰਗਾੜੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਰਿਪੋਰਟ ਨੂੰ ਜਨਤਿਕ ਕੀਤਾ ਜਾਵੇ। ਜਦੋਂ ਹੁਣ ਸਰਕਾਰ ‘ਬਰਗਾੜੀ ਰਿਪੋਰਟ’ ਨੂੰ ਜਨਤਿਕ ਕਰਨ ਤੋਂ ਪਿੱਛੇ ਹਟ ਰਹੀ ਹੈ ਤਾਂ ਪੰਥਕ ਧਿਰਾਂ ਦੇ ਸ਼ੱਕ ਹੋਰ ਵਧ ਗਏ ਹਨ। ਪੰਜਾਬੀ ਟ੍ਰਿਬਿਊਨ ਨੂੰ ਜੋ ਇਸ ‘ਗੁਪਤ ਰਿਪੋਰਟ’ ਦੇ ਤੱਥ ਪ੍ਰਾਪਤ ਹੋਏ ਹਨ, ਉਨ੍ਹਾਂ ’ਚ ਬਰਗਾੜੀ ਕਾਂਡ ਦੀ ਤਾਰ ਸਿੱਧੀ ਡੇਰਾ ਸਿਰਸਾ ਨਾਲ ਜੁੜੀ ਹੈ। ਡੇਰਾ ਮੁਖੀ ਦੇ ਪੀ.ਏ ਰਾਕੇਸ਼ ਦਿੜ੍ਹਬਾ ਨੇ ਬਰਗਾੜੀ ਕਾਂਡ ’ਚ ਮੁੱਖ ਭੂਮਿਕਾ ਨਿਭਾਈ। ਵੇਰਵਿਆਂ ਅਨੁਸਾਰ ਡੇਰਾ ਮੁਖੀ ਦੇ ਪੀ.ਏ ਦੇ ਇਸ਼ਾਰੇ ’ਤੇ ਡੇਰੇ ਦੇ ਮੋਹਰੀ ਮੈਂਬਰਾਂ ਨੇ ਸਿੱਖ ਪ੍ਰਚਾਰਕਾਂ ਤੋਂ ਬਦਲਾ ਲੈਣ ਲਈ ਦੋ ਪੜਾਵੀਂ ਸਾਜ਼ਿਸ਼ ਘੜੀ। ਪਹਿਲੀ ਸਾਜ਼ਿਸ਼ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਅਤੇ ਦੂਸਰੀ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀ। ਰਿਪੋਰਟ ਅਨੁਸਾਰ ਡੇਰਾ ਮੁਖੀ ਦੇ ਪੀ.ਏ ਰਾਕੇਸ਼ ਦਿੜ੍ਹਬਾ ਦੀ ਹਦਾਇਤ ਨੇ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੇ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਨਾਲ ਸਿੱਖ ਪ੍ਰਚਾਰਕ ਦਾਦੂਵਾਲ ਨੂੰ ਭਿਖੀ ਵਿਖੇ ਮਾਰਨ ਦੀ ਯੋਜਨਾ ਬਣਾਈ। ਦਾਦੂਵਾਲ ਦੇ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ’ਚ ਪ੍ਰੇਮੀ ਭੇਜੇ ਜਾਣ ਦੀ ਯੋਜਨਾ ਸੀ ਤਾਂ ਜੋ ਹਮਲਾਵਰ ਬਚ ਕੇ ਨਿਕਲ ਸਕਣ। ਜਦੋਂ ਮਾਨਸਾ ਦੇ ਡੇਰਾ ਆਗੂਆਂ ਨੇ ਹਾਮੀ ਨਾ ਭਰੀ ਤਾਂ ਯੋਜਨਾ ਫਲਾਪ ਹੋ ਗਈ।
           ਰਿਪੋਰਟ ਅਨੁਸਾਰ ਉਦੋਂ ਡੇਰਾ ਆਗੂ ਤੈਸ਼ ’ਚ ਆ ਗਏ ਜਦੋਂ ਸਿੱਖ ਪ੍ਰਚਾਰਕ ਹਰਜਿੰਦਰ ਮਾਝੀ ਦੇ 21 ਤੋਂ 23 ਮਈ 2015 ਤੱਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ’ਚ ਲੱਗੇ ਦੀਵਾਨ ਤੋਂ ਪ੍ਰਭਾਵਿਤ ਹੋਏ ਕੱੁਝ ਪ੍ਰੇਮੀਆਂ ਨੇ ਡੇਰੇ ਦੇ ਲਾਕਟ ਉਤਾਰ ਦਿੱਤੇ। ਮਹਿੰਦਰਪਾਲ ਬਿੱਟੂ ਨੇ ਇਸ ਬਾਰੇ ਫ਼ੌਰੀ ਸੂਚਨਾ ਡੇਰਾ ਸਿਰਸਾ ਭੇਜੀ ਜਿੱਥੋਂ ਸਿੱਖ ਪੈਰੋਕਾਰਾਂ ਨੂੰ ਸਬਕ ਸਿਖਾਉਣ ਦੇ ਆਦੇਸ਼ ਦਿੱਤੇ ਗਏ। ਬਿੱਟੂ ਨੇ ਡੇਰੇ ਦੇ ਹੁਕਮਾਂ ਨੂੰ ਅਮਲੀ ਰੂਪ ਦੇਣ ਲਈ ਆਪਣੇ ਸਾਥੀ ਨਿਸ਼ਾਨ ਸਿੰਘ ਕੋਟਕਪੂਰਾ, ਸ਼ਕਤੀ ਸਿੰਘ ਵਾਸੀ ਡੱਗੋ ਰੋਮਾਣਾ, ਰਣਦੀਪ ਸਿੰਘ ਨੀਲਾ ਫ਼ਰੀਦਕੋਟ, ਸੁਖਜਿੰਦਰ ਸਿੰਘ ਸੰਨ੍ਹੀ ਕੋਟਕਪੂਰਾ ਨਾਲ ਨਵੀਂ ਵਿਉਂਤ ਬਣਾਈ ਜਿਸ ਤਹਿਤ ਸੰਨ੍ਹੀ ਤੇ ਨੀਲੇ ਨੇ ਮੱਲਕੇ,ਬਰਗਾੜੀ,ਸਾਹੋਕੇ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰਾਂ ਦੇ ਆਸੇ ਪਾਸੇ ਰੈਕੀ ਕੀਤੀ। ਰਿਪੋਰਟ ਅਨੁਸਾਰ ਨੀਲਾ ਤੇ ਸੰਨੀ ਮੋਟਰ ਸਾਈਕਲ (ਪੀ. ਬੀ. 04 ਟੀ 0930) ਤੇ ਬੁਰਜ ਜਵਾਹਰ ਸਿੰਘ ਵਾਲਾ ਗਏ। ਇਸ ਟੀਮ ਦੇ ਮੈਂਬਰ ਪਹਿਲਾਂ ਬੁਰਜ ਜਵਾਹਰ ਸਿੰਘ ਵਾਲਾ ’ਚ ਗੁਰਦੇਵ ਸਿੰਘ ਪ੍ਰੇਮੀ ਦੀ ਦੁਕਾਨ ਤੇ ਗਏ ਜਿੱਥੋਂ ਕੋਲਡ ਡਰਿੰਕ ਪੀਣ ਮਗਰੋਂ ਉਹ ਗੁਰੂ ਘਰ ਵਿਚ ਗਏ। ਗੁਰੂ ਘਰ ਚੋਂ ਸਰੂਪ ਚੁੱਕਣ ਮਗਰੋਂ ਮੋਟਰ ਸਾਈਕਲ ਤੇ ਫ਼ਰਾਰ ਹੋ ਗਏ। ਕੋਟਕਪੂਰਾ ਸਾਈਡ ਉਡੀਕ ’ਚ ਖੜੇ ਬਲਜੀਤ ਸਿੰਘ ਤੇ ਸ਼ਕਤੀ ਨੂੰ ਇਹ ਸਰੂਪ ਦੇ ਦਿੱਤੇ ਜਿਨ੍ਹਾਂ ਨੇ ਸਰੂਪ ਸਮੇਤ ਆਲਟੋ ਕਾਰ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਚ ਖੜ੍ਹੀ ਕਰ ਦਿੱਤੀ।
                ਸ਼ਾਮ ਵਕਤ ਇਹ ਸਰੂਪ ਸਿੱਖਾਂਵਾਲਾ ਦੇ ਬਲਜੀਤ ਸਿੰਘ ਦੇ ਘਰ ਪਹੁੰਚਾਏ ਗਏ ਜਿੱਥੇ ਸੰਦੂਕ ’ਚ ਕਰੀਬ ਤਿੰਨ ਸਾਢੇ ਤਿੰਨ ਮਹੀਨੇ ਸਰੂਪ ਪਏ ਰਹੇ। ਜਦੋਂ ਸਤੰਬਰ 2015 ’ਚ ਫ਼ਰੀਦਕੋਟ ਦੇ ਸਿਨੇਮਾ ਮਾਲਕਾਂ ਨੇ ਵਿਵਾਦਾਂ ਦੇ ਡਰੋਂ ਡੇਰਾ ਮੁਖੀ ਦੀ ਫ਼ਿਲਮ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਡੇਰਾ ਆਗੂਆਂ ਨੇ ਸਾਜ਼ਿਸ਼ ਨੂੰ ਅਗਲੇ ਪੜਾਅ ’ਚ ਦਾਖਲ ਕਰ ਦਿੱਤਾ। ਸਾਜ਼ਿਸ਼ ਤਹਿਤ ਸ਼ਕਤੀ ਸਿੰਘ ਨੇ ਬਰਗਾੜੀ ਤੋਂ ਸਾਫ਼ ਕਾਗ਼ਜ਼ ਤੇ ਮਾਰਕਰ ਲਿਆ ਕੇ ਬਿੱਟੂ ਕੋਟਕਪੂਰਾ ਨੂੰ ਦੇ ਦਿੱਤੇ ਜਿੱਥੇ ਸੰਨ੍ਹੀ ਨੇ ਸਿੱਖ ਧਰਮ ਪ੍ਰਤੀ ਇਤਰਾਜ਼ਯੋਗ ਭਾਸ਼ਾ ’ਚ ਪੋਸਟਰ ਲਿਖੇ। ਸ਼ਕਤੀ,ਸੰਨ੍ਹੀ,ਭੋਲੇ ਤੇ ਬਲਜੀਤ ਸਿੰਘ ਨੇ 24 ਅਤੇ 25 ਸਤੰਬਰ 2015 ਦੀ ਸ਼ਾਮ ਨੂੰ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ’ਚ ਇਹ ਪੋਸਟਰ ਲਾ ਦਿੱਤੇ। ਇਵੇਂ 12 ਅਕਤੂਬਰ 2015 ਦੀ ਸਵੇਰ ਨੂੰ ਤਿੰਨ ਵਜੇ ਨਿਸ਼ਾਨ ਸਿੰਘ ਦੀ ਕਾਰ ’ਚ ਸਿੱਖਾਂਵਾਲਾ ਤੋਂ ਬਲਜੀਤ ਸਿੰਘ ਦੇ ਘਰੋਂ ਸਰੂਪ ਲਿਆਂਦੇ ਗਏ।  ਰਿਪੋਰਟ ਦੇ ਤੱਥਾਂ ਅਨੁਸਾਰ ਕਾਰ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅੰਗ ਪਾੜੇ ਗਏ। ਸ਼ਨੀ, ਨਿਸ਼ਾਨ ਤੇ ਭੋਲੇ ਨੇ ਪਵਿੱਤਰ ਅੰਗ ਖਿਲਾਰ ਦਿੱਤੇ। ਕੱੁਝ ਅੰਗ ਪ੍ਰਦੀਪ ਕੁਮਾਰ ਨੂੰ ਖਿਲਾਰਨ ਲਈ ਦਿੱਤੇ ਪ੍ਰੰਤੂ ਉਸ ਨੇ ਇਹ ਅੰਗ ਰਜਵਾਹੇ ਵਿਚ ਜਲ ਪ੍ਰਵਾਹ ਕਰ ਦਿੱਤੇ।
               ਇਸੇ ਦੌਰਾਨ ਜਦੋਂ ਪੂਰੇ ਪੰਜਾਬ ’ਚ ਰੋਸ ਵਜੋਂ ਧਰਨੇ ਮੁਜ਼ਾਹਰੇ ਹੋਣ ਲੱਗੇ ਤਾਂ 26-27 ਅਕਤੂਬਰ 2015 ਨੂੰ ਹਰਸ਼ ਧੂਰੀ ਦੇ ਆਦੇਸ਼ਾਂ ਤੇ ਬਿੱਟੂ ਨੇ ਦੋ ਡੇਰਾ ਪੈਰੋਕਾਰਾਂ ਨੂੰ ਬਾਕੀ ਬਚਦੇ ਅੰਗ ਉਸ ਤੱਕ ਪਹੁੰਚਾਉਣ ਲਈ ਆਖਿਆ। ਬਿੱਟੂ ਨੇ ਆਪਣੇ ਬਚਾਓ ਲਈ ਗੁਰੂ ਗੰ੍ਰਥ ਸਾਹਿਬ ਦੀ ਜਿਲਦ ਆਪਣੀ ਬੇਕਰੀ ਦੀ ਭੱਠੀ ਵਿਚ ਜਲਾ ਦਿੱਤੀ  ਅਤੇ ਬਾਕੀ ਬਚਦਾ ਸਰੂਪ ਡਰੇਨ ਵਿਚ ਸੁੱਟ ਦਿੱਤਾ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਜਾਂਚ ਟੀਮ ਕਰੀਬ ਪੌਣੇ ਤਿੰਨ ਵਰ੍ਹਿਆਂ ਤੋਂ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਸੀ। ਮਾਮਲੇ ਦੀ ਜਾਂਚ ਹੁਣ ਸੀ.ਬੀ.ਆਈ ਕਰ ਰਹੀ ਹੈ। ਕੈਪਟਨ ਸਰਕਾਰ ਤੋਂ ਇਸ਼ਾਰਾ ਮਿਲਣ ਮਗਰੋਂ ਜਾਂਚ ਟੀਮ ਨੇ ਬਰਗਾੜੀ ਕਾਂਡ ਦਾ ਪੂਰਾ ਮਾਮਲਾ ਦਿਨਾਂ ਵਿਚ ਹੀ ਸੁਲਝਾ ਦਿੱਤਾ। ਪੰਥਕ ਆਗੂ  ਆਖਦੇ ਹਨ ਕਿ ਪਤਾ ਨਹੀਂ ਕਿ ਕੈਪਟਨ ਸਰਕਾਰ ਕਿਸ ਗੱਲ ਦੇ ਡਰੋਂ ਰਿਪੋਰਟ ਨੂੰ ਹੁਣ ਜਨਤਿਕ ਨਹੀਂ ਕਰ ਰਹੀ। ਜਾਂਚ ਟੀਮ ਦੇ ਮੁਖੀ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਨੇ ਤੱਥਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਮੁਕੰਮਲ ਰਿਪੋਰਟ ਪੁਲੀਸ ਮੁਖੀ ਦੇ ਰਾਹੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਸੀਬੀਆਈ ਨੂੰ ਸੌਂਪ ਦਿੱਤੀ ਹੈ।



Thursday, June 14, 2018

                         ਬਰਗਾੜੀ ਕਾਂਡ
         ਡਰੇਨ ’ਚ ਸੁੱਟੇ ਚੋਰੀ ਕੀਤੇ ਸਰੂਪ 
                        ਚਰਨਜੀਤ ਭੁੱਲਰ
ਬਠਿੰਡਾ :  ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਬਰਗਾੜੀ ਕਾਂਡ ਦੇ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੇ ਗੁਰੂ ਘਰ ਚੋਂ ਚੋਰੀ ਹੋਏ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਦੇ ਕਰੀਬ ਛੇ ਸੌ ਪੰਨਿਆਂ ਨੂੰ ਡਰੇਨ ’ਚ ਸੁੱਟ ਕੇ ਸਭ ਸਬੂਤਾਂ ਤੇ ਮਿੱਟੀ ਪਾ ਦਿੱਤੀ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਤਰਫ਼ੋਂ ਸਰੂਪ ਬਰਾਮਦ ਕਰਨ ਲਈ ਆਖ਼ਰੀ ਪਲ ਤੱਕ ਵਾਹ ਲਾਈ ਗਈ। ਅਹਿਮ ਸੂਤਰਾਂ ਅਨੁਸਾਰ ਸਿੱਟ ਦੀ ਬਰਗਾੜੀ ਕਾਂਡ ਜਾਂਚ ’ਚ ਹੁਣ ਇਹ ਆਖ਼ਰੀ ਨਤੀਜਾ ਸਾਹਮਣੇ ਆਇਆ ਹੈ ਕਿ ਮਹਿੰਦਰਪਾਲ ਬਿੱਟੂ ਨੇ ਰਾਤ ਦੇ ਹਨੇਰੇ ਵਿਚ ਫ਼ਰੀਦਕੋਟ ਦੀ ਇੱਕ ਡਰੇਨ ਵਿਚ ਸਰੂਪ ਸੁੱਟ ਕੇ ਸਬੂਤ ਨਸ਼ਟ ਕਰ ਦਿੱਤੇ। ਮਹਿੰਦਰਪਾਲ ਬਿੱਟੂ ਸਰੂਪ ਦੀ ਬਰਾਮਦਗੀ ਨੂੰ ਲੈ ਕੇ ਤਫ਼ਤੀਸ਼ ਦੌਰਾਨ ਬਿਆਨ ਬਦਲਦਾ ਰਿਹਾ ਅਤੇ ਅਖੀਰ ਉਸ ਨੇ ਸਰੂਪ ਡਰੇਨ ’ਚ ਸੁੱਟਣ ਦੀ ਗੱਲ ਕਬੂਲ ਲਈ ਹੈ।  ਵੇਰਵਿਆਂ ਅਨੁਸਾਰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਕਰੀਬ ਤਿੰਨ ਸਾਲ ਪਹਿਲਾਂ 1 ਜੂਨ 2015 ਨੂੰ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ ਅਤੇ ਹੁਣ ਜਾਂਚ ਅਨੁਸਾਰ ਇਹ ਸਰੂਪ ਬਰਾਮਦ ਹੋਣ ਦੀਆਂ ਸਭ ਅਟਕਲਾਂ ਖ਼ਤਮ ਹੋ ਗਈਆਂ ਹਨ।
                   ਸੂਤਰਾਂ ਅਨੁਸਾਰ ਚੋਰੀ ਹੋਏ ਸਰੂਪਾਂ ਦੇ ਅੱਧੇ ਪੱਤਰੇ ਬਰਗਾੜੀ ਵਿਚ ਖਿਲਾਰੇ ਗਏ ਸਨ। ਸੂਤਰ ਦੱਸਦੇ ਹਨ ਕਿ ਹੁਣ ਜਦੋਂ ਸਰੂਪ ਬਰਾਮਦ ਹੋਣ ਦੀ ਕਹਾਣੀ ਦਾ ਅੰਤ ਹੋ ਗਿਆ ਹੈ ਤਾਂ ਭਲਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਪੁਲੀਸ ਦੇ ਮੁਖੀ ਇਸ ਮਾਮਲੇ ਤੇ ਮੀਡੀਆ ਕੋਲ ਖ਼ੁਲਾਸਾ ਕਰ ਸਕਦੇ ਹਨ। ਵਿਸ਼ੇਸ਼ ਜਾਂਚ ਟੀਮ ਨੇ ਕਰੀਬ ਇੱਕ ਹਫ਼ਤੇ ’ਚ ਬਰਗਾੜੀ ਕਾਂਡ ਦੀਆਂ ਤੰਦਾਂ ਨੂੰ ਖੋਲ੍ਹ ਦਿੱਤਾ ਹੈ ਜਿਸ ਤੋਂ ਪੰਜਾਬ ਸਰਕਾਰ ਕਾਫ਼ੀ ਤਸੱਲੀ ਵਿਚ ਹੈ। ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਬਰਗਾੜੀ ਕਾਂਡ ਦੀ ਕੀਤੀ ਜਾਂਚ ਮਗਰੋਂ ਹੁਣ ਵਾਰੀ ਸੀ. ਬੀ.ਆਈ ਹੈ। ਸੀ.ਬੀ.ਆਈ ਦੇ ਹੱਥ ਹੁਣ ਤੱਕ ਖ਼ਾਲੀ ਸਨ। ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਲਈ ਬਰਗਾੜੀ ਕਾਂਡ ਦੀ ਜਾਂਚ ਵਕਾਰੀ ਸੀ ਅਤੇ ਉਨ੍ਹਾਂ ਨੇ ਜਾਂਚ ਮੁਕੰਮਲ ਹੋਣ ਮਗਰੋਂ ਧਰਵਾਸ ਜ਼ਾਹਿਰ ਕੀਤਾ ਹੈ। ਸਿੱਟ ਦੀ ਜਾਂਚ ਮਗਰੋਂ ਸੀ.ਬੀ.ਆਈ ਨੂੰ ਵੀ ਬਰਗਾੜੀ ਕਾਂਡ ਦੀ ਤੰਦ ਖੋਲ੍ਹਣੀ ਸੌਖੀ ਹੋ ਜਾਣੀ ਹੈ। ਐਸ.ਐਸ.ਪੀ ਫ਼ਰੀਦਕੋਟ ਡਾ.ਨਾਨਕ ਸਿੰਘ ਵੀ ਇੱਕ ਹਫ਼ਤੇ ਤੋਂ ਸਿੱਟ ਦੀ ਮਦਦ ’ਚ ਲੱਗੇ ਹੋਏ ਸਨ।
                   ਸੀ.ਬੀ.ਆਈ ਵੱਲੋਂ ਹਾਲੇ ਤੱਕ ਬਰਗਾੜੀ ਕਾਂਡ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਨਾਲ ਕੋਈ ਰਾਬਤਾ ਨਹੀਂ ਬਣਾਇਆ ਹੈ। ਉਂਜ, ਸੀ.ਬੀ.ਆਈ ਦਾ ਇੱਕ ਇੰਸਪੈਕਟਰ ਸਿੱਟ ਦੀ ਜਾਂਚ ਨੂੰ ਨੇੜਿਓ ਦੇਖ ਰਿਹਾ ਹੈ। ਬਰਗਾੜੀ ਕਾਂਡ ’ਚ ਘਿਰੇ ਸੱਤ ਡੇਰਾ ਪੈਰੋਕਾਰਾਂ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਹੀ ਸੀ.ਬੀ.ਆਈ ਇਸ ਜਾਂਚ ਦੇ ਨਵੇਂ ਸਿਰੇ ਤੋਂ ਪੱਤਰੇ ਫਰੋਲੇਗੀ। ਵਿਸ਼ੇਸ਼ ਜਾਂਚ ਟੀਮ ਵੱਲੋਂ ਪੁਲੀਸ ਰਿਮਾਂਡ ਦੌਰਾਨ ਫੜੇ ਡੇਰਾ ਪੈਰੋਕਾਰਾਂ ਦੇ ਘਰਾਂ ਤੇ ਟਿਕਾਣਿਆਂ ਦੀ ‘ਸਰਚ ਮੁਹਿੰਮ’ ਅੱਜ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪੈਰੋਕਾਰ 16 ਜੂਨ ਤੱਕ ਪੁਲੀਸ ਰਿਮਾਂਡ ਤੇ ਹਨ।  ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਚੋਰੀ ਹੋਏ ਸਰੂਪ ਦਾ ਮਾਮਲਾ, 12 ਅਕਤੂਬਰ ਨੂੰ ਬਰਗਾੜੀ ’ਚ ਪੱਤਰੇ ਪਾੜਨ ਦਾ ਮਾਮਲਾ ਅਤੇ ਬਰਗਾੜੀ ਵਿਚ ਲੱਗੇ ਪੋਸਟਰਾਂ ਦਾ ਮਾਮਲਾ ਹੱਲ ਕਰ ਲਿਆ ਹੈ ਜਿਸ ਨੂੰ ਕੈਪਟਨ ਸਰਕਾਰ ਵੀ ਆਪਣੀ ਇੱਕ ਵੱਡੀ ਪ੍ਰਾਪਤੀ ਵਜੋਂ ਦੇਖ ਰਹੀ ਹੈ।
                ਸਰੂਪ ਲੱਭਣੇ ਮੁਸ਼ਕਲ ਜਾਪਦੇ ਨੇ  : ਖੱਟੜਾ
ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਸੀ ਕਿ ਹੁਣ ਤੱਕ ਦੀ ਜਾਂਚ ਤੋਂ ਸਰੂਪ ਬਰਾਮਦ ਹੋਣੇ ਮੁਸ਼ਕਲ ਜਾਪਦੇ ਹਨ ਪ੍ਰੰਤੂ ਉਹ ਜੁਟੇ ਹੋਏ ਹਨ। ਇੱਕ ਦੋ ਦਿਨਾਂ ਤੱਕ ਸਭ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਦੱਸਿਆ ਕਿ ਸੀਬੀਆਈ ਤਰਫ਼ੋਂ ਹਾਲੇ ਤੱਕ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਅਤੇ ਸਿੱਟ ਤਰਫ਼ੋਂ ਸਭ ਜਾਂਚ ਅਦਾਲਤ ’ਚ ਰੱਖ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਫੜੇ ਡੇਰਾ ਪ੍ਰੇਮੀਆਂ ਦੇ ਘਰਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ।








Sunday, June 10, 2018

                          ਬਰਗਾੜੀ ਕਾਂਡ 
       ਪੁਲੀਸ ਦਾ ਤੀਰ ਨਿਸ਼ਾਨੇ ਤੇ ਲੱਗਾ
                         ਚਰਨਜੀਤ ਭੁੱਲਰ
ਬਠਿੰਡਾ  :  ਪੁਲੀਸ ਪੁਲੀਸ ਦਾ ਤੀਰ ਬਰਗਾੜੀ ਕਾਂਡ ’ਚ ਨਿਸ਼ਾਨੇ ਤੇ ਜਾ ਲੱਗਾ ਹੈ ਜਿਸ ਮਗਰੋਂ ਪੁਲੀਸ ਅਫਸਰਾਂ ਨੇ ਸੁੱਖ ਦਾ ਸਾਹ ਲਿਆ ਹੈ। ਪੁਲੀਸ ਜਾਂਚ ਨੂੰ ਅਸਲ ਵਿਚ ਪਾਲਮਪੁਰ ਤੋਂ ਚੁੱਕੇ ਡੇਰਾ ਆਗੂ ਨੇ ਹੀ ਖੰਭ ਲਾਏ ਹਨ ਜਿਸ ਮਗਰੋਂ ਪੁਲੀਸ ਅਫਸਰ ਪੱਬਾਂ ਭਾਰ ਹੋ ਗਏ ਹਨ। ਅਹਿਮ ਸੂਤਰਾਂ ਅਨੁਸਾਰ ਬਰਗਾੜੀ ਕਾਂਡ ਦੀ ਜਾਂਚ ’ਚ ਪੁਲੀਸ ਨੇ ਅਹਿਮ ਰਾਜ ਖੋਲ ਲਏ ਹਨ ਅਤੇ ਹੁਣ ਪੁਲੀਸ ਟੀਮਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਬਰਾਮਦ ਕਰਨ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ਬਰਾਮਦਗੀ ਹੋਣ ਮਗਰੋਂ ਹੀ ਪੁਲੀਸ ਜਨਤਿਕ ਖੁਲਾਸਾ ਕਰੇਗੀ। ਪੁਲੀਸ ਅਫਸਰਾਂ ਨੂੰ ਅਸਲ ਪ੍ਰਾਪਤੀ ਉਦੋਂ ਹੀ ਮਿਲਣੀ ਹੈ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਬਰਾਮਦ ਹੋਣਗੇ। ਹੁਣ ਪੁਲੀਸ ਲਈ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਚੋਰੀ ਹੋਇਆ ਸਰੂਪ ਬਰਾਮਦ ਕਰਨਾ ਵੀ ਅਹਿਮ ਹੈ। ਪੁਲੀਸ ਦੀ ਹੁਣ ਤੱਕ ਦੀ ਜਾਂਚ ’ਚ ਸ਼ੱਕ ਦੀ ਸੂਈ ਡੇਰਾ ਸਿਰਸਾ ਦੁਆਲੇ ਘੁੰਮਣ ਲੱਗੀ ਹੈ। ਪਾਲਮਪੁਰ ਤੋਂ ਚੁੱਕੇ ਡੇਰਾ ਆਗੂ ਤੋਂ ਬਰਗਾੜੀ ਕਾਂਡ ਦੀ ਚਾਬੀ ਹੱਥ ਲੱਗਣ ਦੇ ਚਰਚੇ ਹਨ ਜਿਸ ਮਗਰੋਂ ਪੁਲੀਸ ਟੀਮਾਂ ਨੇ ਫ਼ਰੀਦਕੋਟ ਤੇ ਕੋਟਕਪੂਰਾ ਖ਼ਿੱਤਾ ਛਾਣ ਦਿੱਤਾ ਹੈ।
                   ਜ਼ਿਲ੍ਹਾ ਫ਼ਰੀਦਕੋਟ ਚੋਂ ਪੰਜ ਡੇਰਾ ਪ੍ਰੇਮੀ ਅੱਜ ਪੁਲੀਸ ਨੇ ਸ਼ਾਮ ਵਕਤ ਚੁੱਕੇ ਹਨ ਜੋ ਪਾਲਮਪੁਰ ਤੋਂ ਫੜੇ ਕੋਟਕਪੂਰਾ ਦੇ ਡੇਰਾ ਆਗੂ ਦੇ ਨੇੜਲੇ ਹਨ। ਦੇਰ ਸ਼ਾਮ ਪੰਜ ਹੋਰ ਡੇਰਾ ਪ੍ਰੇਮੀ ਕੋਟਕਪੂਰਾ ਇਲਾਕੇ ਚੋਂ ਪੁਲੀਸ ਨੇ ਚੁੱਕੇ ਹਨ। ਪੁਲੀਸ ਟੀਮ ਨੇ ਕੋਟਕਪੂਰਾ ਤੋਂ ਤਿੰਨ ਅਤੇ ਫ਼ਰੀਦਕੋਟ ਤੋਂ ਦੋ ਡੇਰਾ ਪ੍ਰੇਮੀ ਦਿਨ ਤੇ ਸ਼ਾਮ ਵਕਤ ਹਿਰਾਸਤ ਵਿਚ ਲਏ ਹਨ। ਬਰਗਾੜੀ ਕਾਂਡ ਦੇ ਸਬੰਧ ਵਿਚ ਫੜੇ ਸਭ ਡੇਰਾ ਪ੍ਰੇਮੀਆਂ ਨੂੰ ਪੁਲੀਸ ਅਣਦੱਸੀ ਥਾਂ ਲੈ ਗਈ ਹੈ। ਪਾਲਮਪੁਰ ਤੋਂ ਫੜੇ ਡੇਰਾ ਆਗੂ ਨੂੰ ਵੀ ਅਹਿਮ ਗੁਪਤ ਸੈਂਟਰ ਵਿਚ ਰੱਖਿਆ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲੀਸ ਮੁਖੀ ਇਸ ਮਾਮਲੇ ਤੇ ਪਲ ਪਲ ਦੀ ਸੂਚਨਾ ਲੈ ਰਹੇ ਹਨ। ਅਹਿਮ ਸੂਤਰਾਂ ਅਨੁਸਾਰ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਪਾਲਮਪੁਰ ਤੋਂ ਚੁੱਕਿਆ ਮੈਂਬਰ ਪੁਲੀਸ ਦੀ ਤਫ਼ਤੀਸ਼ ਵਿਚ ਬਰਗਾੜੀ ਕਾਂਡ ਦਾ ਮੁੱਖ ਸੂਤਰਧਾਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਇਸ ਕਮੇਟੀ ਮੈਂਬਰ ਤਰਫ਼ੋਂ ਪ੍ਰੇਮੀਆਂ ਨੂੰ ਨਿਰਦੇਸ਼ ਜਾਰੀ ਕਰਕੇ ਬਰਗਾੜੀ ਕਾਂਡ ਕਰਾਇਆ ਗਿਆ ਅਤੇ ਉਸ ਮਗਰੋਂ ਬਰਗਾੜੀ ਵਿਚ ਪੋਸਟਰ ਵੀ ਲਗਵਾਏ ਗਏ।
                   ਪੁਲੀਸ ਇਸ ਗੱਲੋਂ ਵੀ ਬੋਚ ਬੋਚ ਕੇ ਚੱਲ ਰਹੀ ਹੈ ਕਿ ਨਵਾਂ ਖ਼ੁਲਾਸਾ ਕਿਤੇ ਹੋਰ ਮੋੜਾ ਨਾ ਕੱਟ ਜਾਵੇ। ਸੂਤਰ ਦੱਸਦੇ ਹਨ ਕਿ ਪੁਲੀਸ ਨੇ 45 ਮੈਂਬਰੀ ਕਮੇਟੀ ਦੇ ਫੜੇ ਕਮੇਟੀ ਮੈਂਬਰ ਦੇ ਮੋਬਾਇਲ ਤੋਂ ਹੋਈ ਹਰ ਕਾਲ ਨੂੰ ਵਾਚਿਆ ਜਾ ਰਿਹਾ ਹੈ  ਅਤੇ ਸ਼ੱਕੀ ਲੋਕਾਂ ਦੀ ਵੱਖਰੀ ਸੂਚੀ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਸਰੂਪ ਚੋਰੀ ਹੋਏ ਸਨ ਅਤੇ 12 ਅਕਤੂਬਰ ਨੂੰ ਬਰਗਾੜੀ ’ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੱਤਰੇ ਪਾੜੇ ਹੋਏ ਮਿਲੇ ਸਨ। ਕੋਈ ਪੁਲੀਸ ਅਧਿਕਾਰੀ ਇਸ ਮਾਮਲੇ ਤੇ ਅਧਿਕਾਰਤ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ।



Friday, December 8, 2017

                                 ਸ਼ਰਾਬ ਤਸਕਰੀ
                   ਬਠਿੰਡਾ ਪੁਲੀਸ ਦੀ ਖੁੱਲੀ ਪੋਲ
                                ਚਰਨਜੀਤ ਭੁੱਲਰ
ਬਠਿੰਡਾ  : ਬਠਿੰਡਾ ਪੁਲੀਸ ਵਲੋਂ 'ਪਾਵਰਫੁੱਲ ਠੇਕੇਦਾਰ' 'ਤੇ ਦਰਜ ਪੁਲੀਸ ਕੇਸ ਨੂੰ ਕੈਂਸਲ ਕਰਨ ਦੀ ਹੁਣ ਵੱਡੀ ਪੋਲ ਖੁੱਲ• ਗਈ ਹੈ ਜਿਸ ਤੋਂ ਪੁਲੀਸ ਤੇ ਆਬਕਾਰੀ ਅਫਸਰਾਂ 'ਤੇ ਸਿੱਧੀ ਉਂਗਲ ਉੱਠਣ ਲੱਗੀ ਹੈ। ਸਿਆਸੀ ਦਬਾਓ ਕਰਕੇ ਆਬਕਾਰੀ ਅਫਸਰਾਂ ਨੇ ਪਹਿਲੋਂ ਸਭ ਕੁਝ ਗੋਲਮਾਲ ਕਰ ਦਿੱਤਾ ਅਤੇ ਹੁਣ ਇਨ•ਾਂ ਅਫਸਰਾਂ ਨੇ ਪੈਰ ਪਿਛਾਂਹ ਖਿੱਚ ਲਏ ਹਨ ਜਿਸ ਤੋਂ ਕੇਸ ਰੱਦ ਕਰਨ ਲਈ ਬੁਣੇ ਤਾਣੇ ਦੀਆਂ ਪਰਤਾਂ ਖੁੱਲ•ਣ ਲੱਗੀਆਂ ਹਨ। ਸਹਾਇਕ ਕਰ ਅਤੇ ਆਬਕਾਰੀ ਅਫਸਰ ਬਠਿੰਡਾ ਤੋਂ ਪ੍ਰਾਪਤ ਆਰ.ਟੀ.ਆਈ ਜੁਆਬ ਨੇ ਸਭ ਕੁਝ ਬੇਪਰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਅਡਵਾਂਸ ਵਾਈਨ ਦੇ ਹਿੱਸੇਦਾਰ ਜਸਵਿੰਦਰ ਸਿੰਘ ਜੁਗਨੂੰ ਅਤੇ ਰਮੇਸ਼ ਕੁਮਾਰ ਦੇ ਗ਼ੈਰਕਨੂੰਨੀ ਗੋਦਾਮ ਚੋਂ ਪੁਲੀਸ ਨੇ 28 ਜਨਵਰੀ 2017 ਨੂੰ ਚੋਣਾਂ ਮੌਕੇ ਕਰੀਬ 1.26 ਲੱਖ ਬੋਤਲਾਂ ਸ਼ਰਾਬ ਫੜੀ ਸੀ ਜਿਸ ਦਾ ਥਾਣਾ ਕੈਨਾਲ ਵਿਚ ਐਫ.ਆਈ.ਆਰ ਨੰਬਰ 14 ,ਧਾਰਾ 420,61/1/14 ਆਫ ਐਕਸਾਈਜ ਐਕਟ ਤਹਿਤ ਕੇਸ ਦਰਜ ਹੋਇਆ। ਬਠਿੰਡਾ ਜ਼ੋਨ ਦੇ ਆਈ.ਜੀ ਨੇ 21 ਫਰਵਰੀ ਨੂੰ ਪੱਤਰ ਨੰਬਰ 1360-64/ਆਰ ਤਹਿਤ ਤਤਕਾਲੀ ਐਸ.ਪੀ (ਐਚ) ਦੇਸ ਰਾਜ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾ ਦਿੱਤੀ।
                     ਐਸ.ਐਸ.ਪੀ ਬਠਿੰਡਾ ਨੇ 12 ਅਪਰੈਲ ਨੂੰ ਪੱਤਰ ਨੰਬਰ 1142/ ਸਪੈਸ਼ਲ ਤਹਿਤ ਆਈ.ਜੀ ਬਠਿੰਡਾ ਨੂੰ ਸਿੱਟ ਦੀ ਰਿਪੋਰਟ ਦੇ ਦਿੱਤੀ। ਪ੍ਰਵਾਨਗੀ ਮਿਲਣ ਮਗਰੋਂ ਐਸ.ਐਸ.ਪੀ ਨੇ ਪੱਤਰ ਨੰਬਰ 3840/ਪਬ ਤਹਿਤ ਕੈਂਸਲੇਸ਼ਨ ਰਿਪੋਰਟ ਭਰ ਦਿੱਤੀ ਜੋ ਹੁਣ ਅਦਾਲਤ ਵਿਚ ਹੈ। ਬਰਾਮਦ ਸ਼ਰਾਬ ਪੰਜਾਬ ਤੋਂ ਬਿਨ•ਾਂ ਹਰਿਆਣਾ ਤੇ ਅਰੁਣਾਚਲ ਪ੍ਰਦੇਸ਼ ਦੀ ਸੀ। ਸਿੱਟ ਰਿਪੋਰਟ ਅਨੁਸਾਰ ਅਡਵਾਂਸ ਵਾਈਨ ਨੇ 4,37,845 ਰੁਪਏ ਭਰ ਦਿੱਤੀ ਹੈ ਜਿਸ ਦੀ ਪੁਸਟੀ ਆਬਕਾਰੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ 22 ਮਾਰਚ ਨੂੰ ਪੱਤਰ ਨੰਬਰ 2762 ਤਹਿਤ ਕਰ ਦਿੱਤੀ ਹੈ ਜਿਸ ਦੇ ਅਧਾਰ ਤੇ ਪੁਲੀਸ ਨੇ ਕੈਸਲੇਸ਼ਨ ਰਿਪੋਰਟ ਭਰ ਦਿੱਤੀ ਹੈ। ਤਤਕਾਲੀ ਈ.ਟੀ.ਓ ਵਿਕਰਮ ਠਾਕੁਰ ਨੇ 23 ਮਾਰਚ ਨੂੰ ਪੁਲੀਸ ਕੋਲ ਬਿਆਨ ਦਰਜ ਕਰਾਏ ਕਿ ਅਡਵਾਂਸ ਵਾਈਨ ਨੇ ਬਣਦੀ ਆਬਕਾਰੀ ਡਿਊਟੀ ਭਰ ਦਿੱਤੀ ਹੈ। ਅਗਰ ਪੁਲੀਸ ਕੇਸ ਕੈਂਸਲ ਕਰਦੀ ਹੈ ਤਾਂ ਉਨ•ਾਂ ਨੂੰ ਕੋਈ ਇਤਰਾਜ਼ ਨਹੀਂ। ਇਵੇਂ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਤਾਂ ਪੁਲੀਸ ਕੋਲ 23 ਮਾਰਚ ਨੂੰ ਇਹ ਬਿਆਨ ਵੀ ਦਰਜ ਕਰਾਏ ਕਿ ਇਸ ਕੰਪਨੀ ਨੇ ਹਰਿਆਣਾ ਤੇ ਅਰੁਣਾਚਲ ਪ੍ਰਦੇਸ਼ ਦੀ ਆਬਕਾਰੀ ਡਿਊਟੀ ਵੀ ਭਰ ਦਿੱਤੀ ਹੈ।
                  ਮਾਮਲੇ ਦੀ ਪੋਲ ਉਦੋਂ ਖੁੱਲ•ਣੀ ਸ਼ੁਰੂ ਹੋ ਗਈ ਜਦੋਂ ਈ.ਟੀ.ਓ ਵਿਕਰਮ ਠਾਕੁਰ ਨੇ 5 ਮਈ ਨੂੰ ਅਦਾਲਤ 'ਚ ਬਿਆਨ ਦੇ ਦਿੱਤੇ ਕਿ ਬਰਾਮਦ ਸ਼ਰਾਬ ਦੀ ਆਬਕਾਰੀ ਡਿਊਟੀ ਨਹੀਂ ਭਰੀ ਜਾ ਸਕਦੀ ਹੈ ਅਤੇ ਉਹ ਪੁਲੀਸ ਵਲੋਂ ਪੇਸ਼ ਕੀਤੀ ਕੈਂਸਲੇਸ਼ਨ ਰਿਪੋਰਟ ਨਾਲ ਸਹਿਮਤ ਨਹੀਂ ਹੈ। ਵਿਕਰਮ ਠਾਕੁਰ ਨੇ ਅੱਜ ਇਸ ਪੱਤਰਕਾਰ ਕੋਲ ਖੁਲਾਸਾ ਕੀਤਾ ਕਿ ਉਨ•ਾਂ ਨੇ ਤਾਂ ਠੇਕੇਦਾਰਾਂ ਤੋਂ ਫੜੀ ਸ਼ਰਾਬ ਦੀ ਫੀਸ ਨਾ ਅਸੈਸ ਕੀਤੀ ਹੈ ਅਤੇ ਨਾ ਭਰਾਈ ਹੈ। ਜੋ ਠੇਕੇਦਾਰਾਂ ਨੇ ਫੀਸ ਭਰੀ ਹੈ, ਉਹ ਉਨ•ਾਂ ਨੇ ਨਹੀਂ ਭਰਾਈ। ਉਨ•ਾਂ ਆਖਿਆ ਕਿ ਪੁਲੀਸ ਕੋਲ ਵੀ ਉਸ ਨੇ ਫੀਸ ਭਰਨ ਦਾ ਕੋਈ ਬਿਆਨ ਨਹੀਂ ਦਿੱਤਾ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਇਸ ਮਾਮਲੇ ਤੇ ਹੁਣ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਆਬਕਾਰੀ ਤੇ ਕਰ ਅਫਸਰ ਬਠਿੰਡਾ ਵਲੋਂ 6 ਦਸੰਬਰ ਨੂੰ ਆਰ.ਟੀ.ਆਈ ਤਹਿਤ ਦਿੱਤੇ ਜੁਆਬ ਵਿਚ ਆਖਿਆ ਹੈ ਕਿ ਜ਼ਿਲ•ਾ ਪੁਲੀਸ ਦਾ ਆਬਕਾਰੀ ਡਿਊਟੀ ਭਰਨ ਦੀ ਪੁਸ਼ਟੀ ਕਰਨ ਆਦਿ ਦਾ ਕੋਈ ਪੱਤਰ ਉਨ•ਾਂ ਨੂੰ ਪ੍ਰਾਪਤ ਨਹੀਂ ਹੋਇਆ। ਵੱਡਾ ਖੁਲਾਸਾ ਇਹ ਕੀਤਾ ਹੈ ਕਿ ਗ਼ੈਰਕਨੂੰਨੀ ਗੋਦਾਮ ਚੋਂ ਸ਼ਰਾਬ ਬਰਾਮਦ ਹੋਣ ਤੇ ਆਬਕਾਰੀ ਡਿਊਟੀ ਜਾਂ ਜੁਰਮਾਨਾ ਭਰਵਾਉਣ ਦਾ ਕੋਈ ਨਿਯਮ ਨਹੀਂ ਹੈ।
                   ਇਹ ਵੀ ਸਪੱਸ਼ਟ ਕੀਤਾ ਹੈ ਕਿ ਅਡਵਾਂਸ ਵਾਈਨ ਵਲੋਂ ਭਰੀ 4.37 ਲੱਖ ਦੀ ਰਾਸ਼ੀ ਖ਼ਜ਼ਾਨੇ ਵਿਚ ਜਮ•ਾ ਹੈ ਪ੍ਰੰਤੂ ਇਹ ਆਬਕਾਰੀ ਵਿਭਾਗ ਦੇ ਸਾਲ 2016-17 ਦੇ ਸਰਕਾਰੀ ਮਾਲੀਏ ਦਾ ਹਿੱਸਾ ਨਹੀਂ ਹੈ ਅਤੇ ਇਹ ਰਸੀਦ ਦਫ਼ਤਰ ਰਿਕਾਰਡ ਵਿਚ ਦਰਜ ਨਹੀਂ ਹੈ। ਸੂਤਰ ਹੈਰਾਨ ਹਨ ਕਿ ਅਗਰ ਬਰਾਮਦ ਸ਼ਰਾਬ ਤੇ ਡਿਊਟੀ ਨਹੀਂ ਭਰੀ ਜਾ ਸਕਦੀ ਤਾਂ ਠੇਕੇਦਾਰ ਨੇ ਕਿਸ ਅਧਾਰ ਤੇ ਕਿਸ ਤੋਂ ਅਸੈਸਮੈਂਟ ਕਰਾ ਕੇ ਫੀਸ ਭਰੀ ਹੈ ਜਿਸ ਨੂੰ ਆਬਕਾਰੀ ਮਹਿਕਮਾ ਆਪਣੇ ਮਾਲੀਏ ਦਾ ਹਿੱਸਾ ਮੰਨਣ ਨੂੰ ਤਿਆਰ ਨਹੀਂ ਹੈ ਜਿਸ ਫੀਸ ਨੂੰ ਅਧਾਰ ਬਣਾ ਕੇ ਪੁਲੀਸ ਨੇ ਕੇਸ ਰੱਦ ਕੀਤਾ ਹੈ। ਮਹਿਕਮੇ ਨੇ ਇਹ ਵੀ ਲਿਖਤੀ ਦੱਸਿਆ ਹੈ ਕਿ ਆਬਕਾਰੀ ਨਿਰੀਖਕ ਸੁਰਿੰਦਰ ਕੁਮਾਰ ਨੇ ਐਸ.ਐਸ.ਪੀ ਨੂੰ ਇੱਕ ਪੱਤਰ ਜਰੂਰ ਭੇਜਿਆ ਹੈ ਪ੍ਰੰਤੂ ਆਬਕਾਰੀ ਨਿਰੀਖਕ ਵਲੋਂ ਸਿੱਧੇ ਤੌਰ ਤੇ ਕਿਸੇ ਹੋਰ ਦਫ਼ਤਰ ਨਾਲ ਪੱਤਰ ਵਿਹਾਰ ਨਹੀਂ ਕੀਤਾ ਜਾ ਸਕਦਾ ਹੈ। ਦੱਸਣਯੋਗ ਅਡਵਾਂਸ ਵਾਈਨ ਦੇ ਹਿੱਸੇਦਾਰ ਜਸਵਿੰਦਰ ਜੁਗਨੂੰ ਦਾ ਬਾਪ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਸੀਨੀਅਰ ਆਗੂ ਰਿਹਾ ਹੈ। ਅਡਵਾਂਸ ਵਾਈਨ ਵੱਲ 20.38 ਕਰੋੜ ਦਾ ਬਕਾਇਆ ਖੜ•ਾ ਹੈ। ਪੁਲੀਸ ਕੇਸ ਰੱਦ ਕਰਨ ਦਾ ਇਹ ਮਾਮਲਾ ਮੁੱਖ ਮੰਤਰੀ ਦੀ 'ਨਸ਼ਾ ਮੁਕਤ ਪੰਜਾਬ' ਮੁਹਿੰਮ ਤੇ ਸੁਆਲ ਖੜ•ੇ ਕਰਦਾ ਹੈ। ਆਈ.ਜੀ ਅਤੇ ਐਸ.ਐਸ.ਪੀ ਨੇ ਫੋਨ ਨਹੀਂ ਚੁੱਕਿਆ।