ਗੁਰਬਤ ਦੀ ਮਾਰ
ਜਦੋਂ ਲਾਸ਼ ਕਫਨ ਉਡੀਕਦੀ ਰਹੀ
ਚਰਨਜੀਤ ਭੁੱਲਰ
ਬਠਿੰਡਾ : ਹੋਣਹਾਰ ਨੌਜਵਾਨ ਇੰਦਰਜੀਤ ਨੂੰ ਮਰਨ ਮਗਰੋਂ ਵੀ ਛੱਤ ਨਸੀਬ ਨਾ ਹੋ ਸਕੀ। ਵਰ੍ਹਦੇ ਮੀਂਹ ਵਿੱਚ ਉਸ ਦੀ ਲਾਸ਼ ਸਿਰਫ਼ ਢਾਈ ਗਜ਼ ਕੱਪੜੇ ਨੂੰ ਤਰਸਦੀ ਰਹੀ। ਪੂਰੀ ਜ਼ਿੰਦਗੀ ਛੱਤ ਨੂੰ ਤਰਸਦਾ ਰਿਹਾ ਇਹ ਨੌਜਵਾਨ ਹੁਣ ਸਦਾ ਲਈ ਵਿਦਾ ਹੋ ਗਿਆ ਹੈ। ਉਸ ਦੀ ਅਰਥੀ ਜਦੋਂ ਧਰਮਸ਼ਾਲਾ ਵਿੱਚੋਂ ਉੱਠੀ ਤਾਂ ਪਿੰਡ ਦੀ ਜੂਹ ਨੂੰ ਵੀ ਹੌਲ ਪੈ ਗਿਆ। ਬਿਰਧ ਮਾਂ ਨਸੀਬ ਕੌਰ ਦੀ ਇਕਲੌਤੀ ਢਾਰਸ ਸਦਾ ਲਈ ਮੁੱਠੀ ਵਿੱਚੋਂ ਕਿਰ ਗਈ। ਪਿੰਡ ਕੋਠਾ ਗੁਰੂ ਦਾ ਇਹ ਨੌਜਵਾਨ ਪੂਰੀ ਜ਼ਿੰਦਗੀ ਗੁਰਬਤ ਦੇ ਹੱਲੇ ਝੱਲਦਾ ਰਿਹਾ। ਬਾਪ ਦੇ ਛੱਡਣ ਮਗਰੋਂ ਆਜ਼ਾਦੀ ਦਿਹਾੜੇ ਮੌਕੇ ਉਸ ਦਾ ਜ਼ਿੰਦਗੀ ਨੇ ਵੀ ਸਾਥ ਛੱਡ ਦਿੱਤਾ।ਬਾਪ ਦੇ ਮੂੰਹ ਮੋੜਨ ਮਗਰੋਂ ਉਹ ਆਪਣੀ ਬਿਰਧ ਮਾਂ ਨਸੀਬ ਕੌਰ ਨਾਲ ਨਸੀਬਾਂ ਦੀ ਮਿੱਟੀ ਫਰੋਲ ਰਿਹਾ ਸੀ ਜ਼ਿੰਦਗੀ ਬਸਰ ਕਰਨ ਵਾਸਤੇ ਉਹ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਸਨ। ਬੀਤੇ ਕੱਲ੍ਹ ਜਦੋਂ ਬਾਰਸ਼ ਸ਼ੁਰੂ ਹੋਈ ਤਾਂ ਕਿਰਾਏ ਦੇ ਕਮਰੇ ਵਿੱਚ ਪਾਣੀ ਭਰ ਗਿਆ। ਉਸ ਨੇ ਬਾਰਸ਼ ਦੌਰਾਨ ਹੀ ਕਮਰੇ ਵਿੱਚੋਂ ਸਾਮਾਨ ਚੁੱਕਣ ਮਗਰੋਂ ਜਦੋਂ ਛੱਤ ਵਾਲਾ ਪੱਖਾ ਖੋਲ੍ਹਿਆ ਤਾਂ ਕਰੰਟ ਲੱਗਣ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਖਰੀ ਮੌਕੇ ਪਿੰਡ ਦੀ ਧਰਮਸ਼ਾਲਾ ਨੇ ਉਸ ਦੀ ਮ੍ਰਿਤਕ ਦੇਹ ਨੂੰ ਸਹਾਰਾ ਦਿੱਤਾ। ਇਸ ਮੌਕੇ ਮਾਂ ਨਸੀਬ ਕੌਰ ਦੇ ਹੱਥ ਖਾਲੀ ਸਨ। ਪੁੱਤ ਦੀ ਕਮਾਈ ਤਾਂ ਸਿਰਫ਼ ਜ਼ਿੰਦਗੀ ਤੋਰਦੀ ਸੀ। ਜਦੋਂ ਰਿਸ਼ਤੇਦਾਰ ਆਏ ਤਾਂ ਉਨ੍ਹਾਂ ਨੇ ਕਫ਼ਨ ਦਾ ਪ੍ਰਬੰਧ ਕੀਤਾ। ਪਿੰਡ ਦੇ ਕਿਸਾਨਾਂ ਦੇ ਘਰਾਂ ਵਿੱਚੋਂ ਲੱਕੜਾਂ ਇਕੱਠੀਆਂ ਕੀਤੀਆਂ ਗਈਆਂ ਜਿਸ ਨਾਲ ਉਸ ਦੀ ਦੇਹ ਨੂੰ ਅਗਨ ਭੇਟ ਕੀਤਾ ਗਿਆ।
ਹੁਣ ਪਿੰਡ ਦੀ ਧਰਮਸ਼ਾਲਾ ਵਿੱਚ ਹੀ ਸੱਥਰ ਵਿੱਛਿਆ ਹੈ। ਨੌਜਵਾਨ ਭਾਰਤ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਪਿੰਡ ਦੇ ਲੋਕ ਇੰਦਰਜੀਤ ਦੇ ਸਿਰੜ ਤੇ ਕਿਰਦਾਰ ਨੂੰ ਸਲਾਮ ਕਰਦੇ ਹਨ। ਇੰਦਰਜੀਤ ਦਾ ਸਕੂਲ ਵਾਲਾ ਬਸਤਾ ਵੀ ਹੁਣ ਧਰਮਸਾਲਾ ਵਿੱਚ ਪਿਆ ਹੈ। ਇਸ ਹੋਣਹਾਰ ਨੌਜਵਾਨ ਨੇ ਡਿਪਟੀ ਕਮਿਸ਼ਨਰ ਨੂੰ ਕਮਰਾ ਪਾਉਣ ਵਾਸਤੇ ਜਗ੍ਹਾ ਲਈ ਦਰਖਾਸਤ ਵੀ ਦਿੱਤੀ ਸੀ ਪਰ ਕੋਈ ਹੁੰਗਾਰਾ ਨਹੀਂ ਮਿਲਿਆ ਸੀ। ਲੋਕਾਂ ਤੋਂ ਮਿਲੀ ਸੂਚਨਾ ਅਨੁਸਾਰ ਨੌਜਵਾਨ ਇੰਦਰਜੀਤ ਬਚਪਨ ਤੋਂ ਹੀ ਭੱਠੇ 'ਤੇ ਮਜ਼ਦੂਰੀ ਕਰਨ ਲੱਗ ਪਿਆ ਸੀ। ਉਹ ਦੁਪਹਿਰ ਤੱਕ ਸਕੂਲ ਜਾਂਦਾ ਤੇ ਉਸ ਮਗਰੋਂ ਭੱਠੇ 'ਤੇ ਕੰਮ ਕਰਦਾ ਸੀ। ਸਕੂਲੀ ਛੁੱਟੀਆਂ ਵਿੱਚ ਜਦੋਂ ਸਰਦੇ ਪੁੱਜਦੇ ਘਰਾਂ ਦੇ ਬੱਚੇ ਪਹਾੜਾਂ ਤੇ ਜਾਂਦੇ ਹਨ,ਉਨ•ਾਂ ਛੁੱਟੀਆਂ ਵਿੱਚ ਇੰਦਰਜੀਤ ਭੱਠੇ ਦੀ ਤਪਸ਼ ਚੋਂ ਹੀ ਤਕਦੀਰ ਤਲਾਸ਼ਦਾ ਹੁੰਦਾ ਸੀ। ਹੁਣੇ ਹੀ ਉਸ ਨੇ 12ਵੀਂ ਦੀ ਪੜ੍ਹਾਈ ਪੂਰੀ ਕੀਤੀ ਸੀ। ਇਸ ਕਲਾਸ ਵਿੱਚੋਂ ਉਸ ਨੇ 65 ਫੀਸਦੀ ਅੰਕ ਹਾਸਲ ਕੀਤੇ ਸਨ। ਉਹ ਹੁਣ ਅੱਗੇ ਪੜ੍ਹਨ ਦਾ ਇੱਛੁਕ ਸੀ। ਇਕੱਲਾ ਭੱਠੇ 'ਤੇ ਨਹੀਂ ਬਲਕਿ ਰਾਤ ਬਰਾਤੇ ਵੀ ਲੋਕਾਂ ਦੇ ਘਰਾਂ ਵਿੱਚ ਉਹ ਦਿਹਾੜੀ ਕਰਦਾ ਸੀ। ਹੁਣ ਤਾਂ ਉਸ ਨੇ ਸਵੇਰ ਵੇਲੇ ਉੱਠ ਕੇ ਅਖ਼ਬਾਰਾਂ ਵੰਡਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ। ਦਿਹਾੜੀ ਕਰਕੇ ਜੋ ਚਾਰ ਪੈਸੇ ਜੁੜਦੇ ਸਨ, ਉਹ ਬਿਰਧ ਮਾਂ ਦੀ ਸਿਹਤ 'ਤੇ ਲੱਗ ਜਾਂਦੇ ਸਨ। ਪਿੰਡ ਵਿੱਚ ਉਹ ਸਸਤਾ ਕਮਰਾ ਕਿਰਾਏ 'ਤੇ ਲੈ ਲੈਂਦਾ ਸੀ।
ਪਿੰਡ ਦੇ ਸਰਕਾਰੀ ਸਕੂਲ ਵਿੱਚ ਉਹ ਚੱਪਲਾਂ ਪਾ ਕੇ ਹੀ ਜਾਂਦਾ ਸੀ। ਪੁਰਾਣੇ ਕੱਪੜੇ ਹੀ ਉਸ ਦਾ ਤਨ ਢੱਕਦੇ ਸਨ।ਮਾਂ ਦੀ ਦੇਖ ਭਾਲ ਕਰਦਾ ਸੀ ਅਤੇ ਨਾਲ ਕੱਪੜੇ ਵੀ ਉਹ ਖੁਦ ਹੀ ਧੋਂਦਾ ਸੀ।ਪਿੰਡ ਕੋਠਾ ਗੁਰੂ ਦੇ ਸਰਕਾਰੀ ਸਕੂਲ ਦੇ ਪੰਜਾਬੀ ਲੈਕਚਰਾਰ ਸੁਖਦਰਸ਼ਨ ਸਿੰਘ ਜੋ ਉਸ ਦਾ ਕਲਾਸ ਇੰਚਾਰਜ ਵੀ ਸੀ, ਨੇ ਦੱਸਿਆ ਕਿ ਜਦੋਂ 12ਵੀਂ ਦਾ ਦਾਖਲਾ ਹੋਣਾ ਸੀ ਤਾਂ ਉਦੋਂ ਇੰਦਰਜੀਤ ਨੇ ਘਰ ਦੀ ਮਜਬੂਰੀ ਦੱਸੀ ਸੀ। ਲੈਕਚਰਾਰ ਨੇ ਦੱਸਿਆ ਕਿ ਉਸ ਨੇ ਖੁਦ ਦਾਖਲਾ ਤੇ ਫੀਸਾਂ ਭਰ ਕੇ ਆਪਣਾ ਫਰਜ਼ ਨਿਭਾਇਆ। ਉਸ ਨੇ ਦੱਸਿਆ ਕਿ ਬਹੁਤ ਹੀ ਹੋਣਹਾਰ ਤੇ ਮਿਹਨਤੀ ਨੌਜਵਾਨ ਸੀ। ਲੈਕਚਰਾਰ ਨੇ ਦੱਸਿਆ ਕਿ ਉਸ ਦੇ ਸਿਰਫ਼ ਬਰਨਾਲੇ ਵਾਲੇ ਰਿਸ਼ਤੇਦਾਰ ਸਨ ਜੋ ਉਸ ਦੀ ਪੜ੍ਹਾਈ ਬਾਰੇ ਫੋਨ ਕਰਦੇ ਰਹਿੰਦੇ ਸਨ।ਉਸ ਦੇ ਚਿਹਰੇ ਤੋਂ ਉਸ ਦੀ ਪੜ•ਨ ਦੀ ਲਾਲਸਾ ਸਾਫ ਪੜ•ੀ ਜਾ ਰਹੀ ਸੀ ਜਦੋਂ ਕਿ ਅੱਖਾਂ ਚੋਂ ਵਗਦੇ ਹੰਝੂ ਉਸ ਦੀ ਮਜਬੂਰੀ ਦੀ ਗੱਲ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਜਦੋਂ ਨੌਜਵਾਨ ਇੰਦਰਜੀਤ ਗੁਰਬਤ ਨਾਲ ਘੁਲ ਰਿਹਾ ਸੀ ਤਾਂ ਉਸ ਦਾ ਕੋਈ ਸਾਥੀ ਨਾ ਬਣਿਆ, ਹੁਣ ਪਿੰਡ ਉਸ ਦੀ ਘਾਲਣਾ ਦੀ ਦਾਦ ਦੇ ਰਿਹਾ ਹੈ। ਬਿਰਧ ਮਾਂ ਨਸੀਬ ਕੌਰ ਦੇ ਨਸੀਬ ਹੀ ਹੁਣ ਤਾਰ ਤਾਰ ਹੋ ਗਏ ਹਨ। ਉਸ ਦਾ ਇਕਲੌਤਾ ਲਾਲ ਸਦਾ ਲਈ ਚਲਾ ਗਿਆ ਹੈ। ਉਹ ਹੁਣ ਪਿੰਡ ਦੀ ਧਰਮਸਾਲਾ ਵਿੱਚ ਸੁੰਨ ਹੋਈ ਬੈਠੀ ਹੈ।

No comments:
Post a Comment