ਮਾਏ ਨੀ ਮਾਏ !
ਏਥੇ ਸੱਧਰਾਂ ਨੂੰ ਬੂਰ ਨਾ ਪਏ...
ਚਰਨਜੀਤ ਭੁੱਲਰ
ਬਠਿੰਡਾ : ਜ਼ਿੰਦਗੀ ਦੇ ਵਾ ਵਰੋਲੇ ਨੇ ਬੱਚੀ ਗਗਨਦੀਪ ਦੀਆਂ ਬਚਪਨ ਦੀਆਂ ਸੱਧਰਾਂ ਹੀ ਖ਼ਤਮ ਕਰ ਦਿੱਤੀਆਂ ਹਨ। ਉਸ ਦੇ ਬਚਪਨ ਦੇ ਚਾਅ ਮਲ੍ਹਾਰ ਤਾਂ ਕਰਜ਼ੇ ਦੇ ਚੱਕਰਵਿਊਹ ਵਿੱਚ ਫਸ ਕੇ ਰਹਿ ਗਏ ਹਨ। ਜ਼ਿੰਦਗੀ ਦੇ ਹਲੂਣੇ ਨੇ ਇਸ ਬੱਚੀ ਨੂੰ ਨਿਆਣੀ ਉਮਰੇ ਸਿਆਣੀ ਬਣਾ ਦਿੱਤਾ ਹੈ। ਹੋਸ਼ ਸੰਭਲਣ ਤੋਂ ਪਹਿਲਾਂ ਹੀ ਉਸ ਨੂੰ ਸੱਥਰ ਵੇਖਣਾ ਪੈ ਗਿਆ। ਪਿੰਡ ਕੋਟੜਾ ਕੌੜਿਆਂ ਵਾਲੀ ਦੀ 12 ਵਰ੍ਹਿਆਂ ਦੀ ਇਹ ਬੱਚੀ ਉਦੋਂ ਸਿਰਫ਼ ਇਕ ਸਾਲ ਦੀ ਸੀ, ਜਦੋਂ ਬਾਪ ਰਾਜ ਸਿੰਘ ਕਰਜ਼ੇ ਦਾ ਬੋਝ ਨਾ ਝੱਲਦਾ ਹੋਇਆ ਖ਼ੁਦਕੁਸ਼ੀ ਕਰ ਗਿਆ। ਇਸ ਖ਼ੁਦਕੁਸ਼ੀ ਨੇ ਉਸ ਤੋਂ ਮਮਤਾ ਖੋਹ ਲਈ ਤੇ ਇਹੋ ਖ਼ੁਦਕੁਸ਼ੀ ਉਸ ਦੀਆਂ ਰੀਝਾਂ ਨੂੰ ਵੀ ਮਾਰ ਗਈ। ਬਾਪ ਦੇ ਖ਼ੁਦਕੁਸ਼ੀ ਕਰਨ ਮਗਰੋਂ ਉਸ ਦੀ ਮਾਂ ਉਸ ਨੂੰ ਛੱਡ ਕੇ ਚਲੀ ਗਈ। ਹੁਣ ਗਗਨਦੀਪ ਦਾ ਪਾਲਣ-ਪੋਸ਼ਣ ਉਸ ਦੀ ਤਾਈ ਜਸਵੀਰ ਕੌਰ ਕਰ ਰਹੀ ਹੈ। ਇਹ ਬੱਚੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੀ ਹੈ। ਹੁਣ ਇਹ ਬੱਚੀ ਸਰਕਾਰ ਤੋਂ ਮਦਦ ਉਡੀਕ ਰਹੀ ਹੈ। ਹੱਕ ਲੈਣ ਲਈ ਉਸ ਨੂੰ ਵੀ ਸੰਘਰਸ਼ ਦੇ ਰਾਹ ਤੁਰਨਾ ਪਿਆ ਹੈ।ਪੰਜਾਬ ਸਰਕਾਰ ਪਿੰਡ ਜੇਠੂਕੇ ਦੀ ਬੱਚੀ ਅਮਰਜੀਤ ਦੇ ਜਜ਼ਬਾਤ ਸਮਝਦੀ ਤਾਂ ਉਸ ਨੂੰ ਸਕੂਲ ਜਾਣ ਦੀ ਥਾਂ ਸੜਕਾਂ 'ਤੇ ਨਾ ਉਤਰਨਾ ਪੈਂਦਾ। ਕਰਜ਼ੇ ਦੇ ਜਾਲ ਨੇ ਐਸੀ ਕੁੰਡਲੀ ਮਾਰੀ ਕਿ ਇਸ ਬੱਚੀ ਦਾ ਪਿਤਾ ਗੁਰਚਰਨ ਸਿੰਘ ਖ਼ੁਦਕੁਸ਼ੀ ਕਰ ਗਿਆ। ਸਿਰਫ਼ ਡੇਢ ਏਕੜ ਜ਼ਮੀਨ ਹੁਣ ਪਰਿਵਾਰ ਕੋਲ ਬਚੀ ਹੈ। ਘਰ ਦੀ ਛੱਤ ਡਿੱਗ ਗਈ ਹੈ ਅਤੇ ਕੰਧ ਡਿੱਗਣ ਵਾਲੀ ਹੈ। ਇਹ ਬੱਚੀ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਦੇ ਦੋ ਛੋਟੇ ਭਰਾ ਵੀ ਹਨ। ਇਨ੍ਹਾਂ ਬੱਚਿਆਂ ਦੀਆਂ ਕਿਲਕਾਰੀਆਂ ਤਾਂ ਰੁੱਸੇ ਹੋਏ ਖੇਤਾਂ ਅਤੇ ਸ਼ਾਹੂਕਾਰ ਦੇ ਦਬਕਿਆਂ ਵਿੱਚ ਦਬ ਕੇ ਰਹਿ ਗਈਆਂ ਸਨ। ਇਨ੍ਹਾਂ ਬੱਚਿਆਂ ਕੋਲ ਹੁਣ ਕੋਈ ਰਾਹ ਨਹੀਂ ਬਚਿਆ।
ਜ਼ਿੰਦਗੀ ਦੀ ਜੰਗ ਤਾਂ ਪੰਜਵੀਂ ਕਲਾਸ ਵਿੱਚ ਪੜ੍ਹਦਾ ਪਿੰਡ ਮਹਿਮਾ ਭਗਵਾਨਾ ਦਾ ਸਿਕੰਦਰ ਸਿੰਘ ਵੀ ਹਾਰ ਗਿਆ ਹੈ। ਉਸ ਦਾ ਬਾਪ ਨਿਰਮਲ ਸਿੰਘ 5 ਮਈ 2003 ਨੂੰ ਖ਼ੁਦਕੁਸ਼ੀ ਕਰ ਗਿਆ ਸੀ। ਉਸ ਦੀ ਮਾਂ ਲਵਪ੍ਰੀਤ ਕੌਰ ਨੂੰ ਸਿਰਫ਼ ਢਾਈ ਸੌ ਰੁਪਏ ਵਿਧਵਾ ਪੈਨਸ਼ਨ ਮਿਲਦੀ ਹੈ, ਜੋ ਹੁਣ ਛੇ ਮਹੀਨੇ ਤੋਂ ਨਹੀਂ ਮਿਲੀ। ਮਾਂ ਦੀ ਦਿਹਾੜੀ ਹੀ ਦੋ ਵਕਤ ਦੀ ਰੋਟੀ ਦਾ ਢਾਰਸ ਬਣਦੀ ਹੈ। ਸਿਕੰਦਰ ਸਿੰਘ ਅਤੇ ਉਸ ਦਾ ਭਰਾ ਸੁਖਵਿੰਦਰ ਹੁਣ ਸਰਕਾਰ ਦੇ ਬੂਹੇ ਵੱਲ ਝਾਕ ਰਹੇ ਹਨ।ਪਿੰਡ ਕੋਠਾ ਗੁਰੂ ਦੇ ਕਿਸਾਨ ਪਿਆਰਾ ਸਿੰਘ ਦੀ ਸਾਰੀ ਪੰਜ ਏਕੜ ਜ਼ਮੀਨ ਦੀ ਰਜਿਸਟਰੀ ਸਰਦਾਰਾਂ ਨੇ ਕਰਾ ਲਈ ਤਾਂ ਉਸ ਕੋਲ ਜ਼ਹਿਰ ਖਾਣ ਜੋਗੇ ਹੀ ਪੈਸੇ ਬਚੇ ਸਨ। ਉਸ ਨੇ ਜ਼ਹਿਰ ਲਈ ਅਤੇ ਆਪਣੇ ਘਰ ਆ ਕੇ ਮਾਂ ਨੂੰ ਇਹ ਆਖ ਕੇ ਜ਼ਹਿਰ ਖਾ ਗਿਆ, 'ਮਾਂ, ਹੁਣ ਸੱਥ ਵਿੱਚੋਂ ਦੀ ਲੰਘਿਆ ਨਹੀਂ ਜਾਂਦਾ।' ਕਿਸਾਨ ਪਿਆਰਾ ਸਿੰਘ ਦਾ ਇਸ ਜਹਾਨੋਂ ਰੁਖਸਤ ਹੋ ਗਿਆ ਪਰ ਹੁਣ ਉਸ ਦੀ 80 ਵਰ੍ਹਿਆਂ ਦੀ ਮਾਂ ਬਸੰਤ ਕੌਰ ਆਪਣੇ ਜਵਾਨ ਪੋਤੇ ਲਈ ਦਰ ਦਰ ਭਟਕ ਰਹੀ ਹੈ। ਬਜ਼ੁਰਗ ਬਸੰਤ ਕੌਰ ਨੇ ਦੱਸਿਆ ਕਿ ਜਦੋਂ ਪੁੱਤ ਖ਼ੁਦਕੁਸ਼ੀ ਕਰ ਗਿਆ ਤਾਂ ਨੂੰਹ ਵੀ ਘਰ ਛੱਡ ਕੇ ਚਲੀ ਗਈ। ਜ਼ਮੀਨਾਂ ਦੇ ਮਾਲਕਾਂ ਨੂੰ ਕਰਜ਼ੇ ਦੀ ਪੰਡ ਨੇ ਸਰਕਾਰਾਂ ਦੇ ਮੂੰਹਾਂ ਵੱਲ ਵੇਖਣ ਲਾ ਦਿੱਤਾ ਹੈ।
ਪਿੰਡ ਮਹਿਮਾ ਭਗਵਾਨਾ ਦੀ ਬੱਚੀ ਕਿਰਨਜੀਤ ਹੁਣ ਭਗਵਾਨ ਤੋਂ ਹੀ ਘਰ ਦੀ ਸੁੱਖ ਮੰਗਦੀ ਹੈ। ਉਸ ਦੀ ਮਾਂ ਰਾਜਵੀਰ ਕੌਰ ਘਰ 'ਤੇ ਪਈ ਕਰਜ਼ੇ ਦੀ ਮਾਰ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਗਈ। ਇਹ ਬੱਚੀ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਅੱਜ ਇਸ ਨੰਨ੍ਹੀ ਬੱਚੀ ਤੋਂ ਛਾਂ ਖੁਸ ਗਈ ਹੈ। ਤਾਈ ਜਸਵੀਰ ਕੌਰ ਉਸ ਨੂੰ ਪਾਲ ਰਹੀ ਹੈ। ਬਠਿੰਡਾ ਪੱਟੀ ਵਿੱਚ ਹਜ਼ਾਰਾਂ ਏਦਾਂ ਦੇ ਪਰਿਵਾਰ ਹਨ, ਜਿਨ੍ਹਾਂ ਵਿੱਚ ਨੰਨ੍ਹੀਆਂ ਬੱਚੀਆਂ ਨੂੰ ਬਚਪਨ ਉਮਰੇ ਵਿਆਜ ਦੀਆਂ ਜਰਬਾਂ ਨੇ ਦੱਬ ਲਿਆ ਹੈ। ਇਨ੍ਹਾਂ ਬੱਚਿਆਂ ਦਾ ਕਹਿਣਾ ਸੀ ਕਿ ਸਰਕਾਰ ਨੇ ਖ਼ੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਜੋ ਮੁਆਵਜ਼ਾ ਦਿੱਤਾ ਹੈ, ਉਸ ਤੋਂ ਉਨ੍ਹਾਂ ਨੂੰ ਵਾਂਝੇ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਏਨਾ ਹੀ ਕਸੂਰ ਹੈ ਕਿ ਉਨ੍ਹਾਂ ਦੇ ਬਾਪ ਨੇ ਸਰਕਾਰੀ ਸਰਵੇਖਣ ਵਾਲੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਖ਼ੁਦਕੁਸ਼ੀ ਕੀਤੀ ਸੀ।ਪਿੰਡ ਜੇਠੂਕੇ ਦੀ ਬੱਚੀ ਅਮਨਦੀਪ ਕੌਰ ਨੂੰ ਹੁਣ ਸੰਘਰਸ਼ੀ ਰਾਹਾਂ 'ਤੇ ਚੱਲਣ ਦੀ ਜਾਂਚ ਆ ਗਈ ਹੈ। ਉਹ ਸਕੂਲੋਂ ਛੁੱਟੀ ਲੈ ਕੇ ਹਰ ਸੰਘਰਸ਼ ਵਿੱਚ ਜਾਂਦੀ ਹੈ। ਇਸ ਬੱਚੀ ਦਾ ਪਿਤਾ ਗੁਰਦੀਪ ਸਿੰਘ ਸਾਲ 2006 ਵਿੱਚ ਖ਼ੁਦਕੁਸ਼ੀ ਕਰ ਗਿਆ ਸੀ। ਹੁਣ ਉਸ ਦੀ ਮਾਂ ਪਰਮਜੀਤ ਕੌਰ ਦਿਹਾੜੀ ਕਰ ਕੇ ਪਰਿਵਾਰ ਪਾਲ ਰਹੀ ਹੈ। ਇਸ ਬੱਚੀ ਦਾ ਕਹਿਣਾ ਸੀ ਕਿ ਵਕਤ ਨੇ ਉਨ੍ਹਾਂ ਨੂੰ ਤਾਂ ਹੁਣ ਹਕੂਮਤਾਂ ਦੀ ਚਾਲ ਢਾਲ ਦੀ ਸਮਝ ਵੀ ਸਿਖਾ ਦਿੱਤੀ ਹੈ।
ਪਿੰਡ ਬਾਘਾ ਦੇ ਦੋ ਬੱਚਿਆਂ ਨੂੰ ਤਾਂ ਬਾਪ ਦੀ ਖ਼ੁਦਕੁਸ਼ੀ ਮਗਰੋਂ ਇਕ ਗੁਰਦੁਆਰੇ ਵਿੱਚ ਪਨਾਹ ਲੈਣੀ ਪਈ ਹੈ। ਇਨ੍ਹਾਂ ਬੱਚਿਆਂ ਦਾ ਕੋਈ ਸਹਾਰਾ ਨਹੀਂ ਬਚਿਆ ਸੀ। ਕਿਸਾਨ ਧਿਰਾਂ ਵੱਲੋਂ ਮਾਲਵਾ ਖ਼ਿੱਤੇ ਵਿੱਚ ਜੋ ਕਿਸਾਨ ਮੰਗਾਂ ਅਤੇ ਖਾਸ ਕਰ ਕੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚ ਸਕੂਲ ਪੜ੍ਹਦੇ ਅਜਿਹੇ ਬੱਚਿਆਂ ਦੀ ਕਾਫ਼ੀ ਗਿਣਤੀ ਹੁੰਦੀ ਹੈ। ਇੱਥੋਂ ਤਕ ਕਿ ਦੁੱਧ ਚੁੰਘਦੇ ਬੱਚੇ ਵੀ ਮਾਂ ਦੀ ਗੋਦ ਵਿੱਚ ਬੈਠ ਕੇ ਜੋਸ਼ ਨਾਲ ਉੱਠਦੇ ਹੱਥਾਂ ਵੱਲ ਵੇਖਦੇ ਹਨ। ਜਦੋਂ ਵੱਡੇ ਹੋਣਗੇ ਤਾਂ ਉਹ ਵੀ ਇਨ੍ਹਾਂ ਉੱਠਦੇ ਹੱਥਾਂ ਦੇ ਮਾਇਨੇ ਸਮਝ ਜਾਣਗੇ।

so sad very heart touching
ReplyDelete