Monday, June 13, 2016

                               ਕਿਰਤ ਨੂੰ ਸਲਾਮ
        ਬੇਲਦਾਰ ਬਣਿਆ ਪੀ.ਸੀ.ਐਸ ਅਫਸਰ
                                ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਕੋਟਫੱਤਾ ਦਾ ਬੇਲਦਾਰ ਹੁਣ ਪੀ.ਸੀ.ਐਸ ਅਫਸਰ ਬਣ ਗਿਆ ਹੈ। ਜਦੋਂ ਗੁਰਬਤ ਨੇ ਉਸ ਦੇ ਰਾਹ ਰੋਕੇ ਤਾਂ ਉਸ ਨੇ ਨਵੇਂ ਰਾਹ ਬਣਾ ਲਏ। ਜ਼ਿੰਦਗੀ ਨੇ ਹਰ ਮੌੜ ਤੇ ਪਰਖਿਆ ਪ੍ਰੰਤੂ ਉਸ ਨੇ ਹੌਸਲਾ ਨਾ ਹਾਰਿਆ। ਹੁਣ ਉਨ•ਾਂ ਪਲਾਂ ਨੂੰ ਕਿਵੇਂ ਭੁੱਲੇ ਜਦੋਂ ਫੀਸ ਨਾ ਤਾਰਨ ਕਰਕੇ ਉਸ ਨੂੰ ਛੇਵੀਂ ਕਲਾਸ ਚੋਂ ਹਟਣਾ ਪਿਆ ਸੀ। ਉਹ ਦਿਨ ਵੀ ਹਲੂਣਦਾ ਹੈ ਜਦੋਂ ਮਾਂ ਨੇ ਖੇਸ ਵੇਚ ਕੇ ਉਸ ਦੀ ਜੇਬ ਬੱਸ ਦਾ ਕਿਰਾਇਆ ਪਾਇਆ ਸੀ। ਕੋਟਫੱਤਾ ਦੇ ਗੋਪਾਲ ਸਿੰਘ ਨੇ ਜ਼ਿੰਦਗੀ ਨੂੰ ਆਪਣਾ ਜੇਰਾ ਦਿਖਾਇਆ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਦੋ ਦਿਨ ਪਹਿਲਾਂ ਪੀ.ਸੀ.ਐਸ (ਐਗਜੈਕਟਿਵ) ਦੇ ਐਲਾਨੇ ਨਤੀਜੇ ਵਿਚ ਗੋਪਾਲ ਸਿੰਘ ਨੇ ਰਜਿਸਟਰ ਏ-2 ਕੈਟਾਗਿਰੀ ਵਿਚ ਪੰਜਾਬ ਭਰ ਚੋਂ ਟਾਪ ਕੀਤਾ ਹੈ। ਕੋਟਫੱਤਾ ਦੇ ਮਜ਼ਦੂਰ ਬਾਪ ਬਾਬੂ ਸਿੰਘ ਦੀ ਖੁਸ਼ੀ ਨੂੰ ਅੱਜ ‘ਪਾਲ’ ਨੇ ਖੰਭ ਲਾ ਦਿੱਤੇ ਜਦੋਂ ਕਿ ਮਾਂ ਭੋਲੋ ਕੌਰ ਦਾ ਵਰਿ•ਆਂ ਪਹਿਲਾ ਵੇਚੇ ਖੇਸ ਨੇ ਉਲਾਂਭਾ ਲਾਹ ਦਿੱਤਾ। ਗੋਪਾਲ ਸਿੰਘ ਨੇ ਪਿੰਡ ਕੋਟਫੱਤਾ ਦੇ ਸਰਕਾਰੀ ਸਕੂਲ ਚੋਂ ਦਸਵੀਂ ਪਾਸ ਕੀਤੀ। ਉਸ ਮਗਰੋਂ ਵੀ ਉਸ ਨੂੰ ਗਰੀਬੀ ਪੈਰ ਪੈਰ ਤੇ ਟੱਕਰੀ। ਉਹ ਕਿਰਤ ਦਾ ਅਲਬੇਲਾ ਰਾਹੀਂ ਬਣ ਕੇ ਤੁਰਿਆ ਜਿਸ ਵਜੋਂ ਉਸ ਨੂੰ ਲੋਕ ਨਿਰਮਾਣ ਵਿਭਾਗ ਵਿਚ ਡੇਲੀ ਵੇਜ਼ ਬੇਲਦਾਰ ਬਣਨ ਦਾ ਮੌਕਾ ਮਿਲ ਗਿਆ। ਉਹ ਸੜਕਾਂ ਦੇ ਕਿਨਾਰੇ ਤਾਂ ਮਿੱਟੀ ਨਾਲ ਭਰਦਾ ਪ੍ਰੰਤੂ ਉਸ ਨੂੰ ਅੰਦਰੋਂ ਖਾਲੀਪਣ ਦਾ ਅਹਿਸਾਸ ਬੇਚੈਨ ਕਰੀ ਰੱਖਦਾ। ਕਦੇ ਅਫਸਰਾਂ ਨੂੰ ਦੇਖਦਾ ਤਾਂ ਸੁਪਨਿਆਂ ਦੇ ਜਗਤ ਵਿਚ ਗੁਆਚ ਜਾਂਦਾ।
                     ਉਸ ਨੇ ਨਾਲੋਂ ਨਾਲ ਪੜਾਈ ਜਾਰੀ ਰੱਖੀ। ਇੱਕ ਵਕਤ ਉਹ ਵੀ ਸੀ ਜਦੋਂ ਗੋਰਾਇਆ ਕਮੇਟੀ ਦੇ ਕਲਰਕ ਦੀ ਅਸਾਮੀ ਦੀ ਇੰਟਰਵਿਊ ਤੇ ਜਾਣ ਸਮੇਂ ਗੋਪਾਲ ਸਿੰਘ ਕੋਲ ਬੱਸ ਕਿਰਾਇਆ ਨਹੀਂ ਸੀ, ਮਾਂ ਨੇ ਖੇਸ ਵੇਚ ਕੇ ਕਿਰਾਏ ਦਾ ਪ੍ਰਬੰਧ ਕੀਤਾ। ਨੇੜਲੇ ਦੋਸਤਾਂ ਨੇ ਦੱਸਿਆ ਕਿ ਗੋਪਾਲ ਸਿੰਘ ਨੂੰ ਇੱਕ ਇੰਟਰਵਿਊ ਦੇਣ ਸਮੇਂ ਲੁਧਿਆਣਾ ਦੇ ਬੱਸ ਅੱਡੇ ਤੇ ਇੱਕ ਮੰਗਤੇ ਦੇ ਨਾਲ ਵਾਲੀ ਜਗ•ਾ ਤੇ ਰਾਤ ਕੱਟਣੀ ਪਈ ਸੀ। ਸਕੂਲੀ ਫੀਸਾਂ ਤਾਰਨ ਲਈ ਉਹ ਮਾਪਿਆ ਨਾਲ ਖੇਤਾਂ ਵਿਚ ਦਿਹਾੜੀ ਵੀ ਕਰਦਾ ਰਿਹਾ। ਉਸ ਦੀ ਮਿਹਨਤ ਤੇ ਸਿਰੜ ਨੇ ਹੌਸਲਾ ਟੁੱਟਣ ਨਾ ਦਿੱਤਾ। ਉਸ ਤੋਂ ਲੋਕ ਨਿਰਮਾਣ ਮਹਿਕਮੇ ਨੇ ਬੇਲਦਾਰੀ ਦੇ ਨਾਲ ਨਾਲ ਦਫਤਰੀ ਕੰਮ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਕੋਲ ਪੰਜਾਬੀ ਤੇ ਅੰਗਰੇਜ਼ੀ ਦੀ ਸਟੈਨੋਗਰਾਫੀ ਦੀ ਯੋਗਤਾ ਸੀ। ਉਸ ਦੀ ਸਾਲ 1986 ਵਿਚ ਇੱਕੋ ਵੇਲੇ ਜ਼ਿਲ•ਾ ਅਦਾਲਤਾਂ ਅਤੇ ਲੋਕ ਨਿਰਮਾਣ ਵਿਭਾਗ ਵਿਚ ਕਰਮਵਾਰ ਸਟੈਨੋ ਅਤੇ ਕਲਰਕ ਦੀ ਅਸਾਮੀ ਤੇ ਨਿਯੁਕਤੀ ਹੋ ਗਈ। ਲੋਕ ਨਿਰਮਾਣ ਵਿਚ ਕਲਰਕ ਲੱਗਣ ਮਗਰੋਂ ਜੂਨ 1993 ਵਿਚ ਉਹ ਐਸ.ਡੀ.ਐਮ ਦਫਤਰ ਤਲਵੰਡੀ ਸਾਬੋ ਵਿਚ ਬਤੌਰ ਸਟੈਨੋ ਨਿਯੁਕਤ ਹੋ ਗਿਆ। ਫਿਰ ਉਹ ਸੀਨੀਅਰ ਸਕੇਲ ਸਟੈਨੋਗਰਾਫਰ ਬਣਿਆ ਅਤੇ ਸਾਲ 2003 ਵਿਚ ਡਿਪਟੀ ਕਮਿਸ਼ਨਰ ਦੇ ਪੀ.ਏ ਵਜੋਂ ਨਿਯੁਕਤ ਹੋ ਗਿਆ। ਮਾਰਚ 2013 ਵਿਚ ਉਹ ਸੁਪਰਡੈਂਟ (ਮਾਲ) ਬਣ ਗਿਆ।
                    ਹੁਣ ਉਹ ਪੀ.ਸੀ.ਐਸ ਚੋਂ ਟਾਪਰ ਬਣਿਆ ਹੈ। ਉਸ ਨੇ ਨਾਲੋਂ ਨਾਲ ਐਮ.ਏ (ਪੰਜਾਬੀ,ਰਾਜਨੀਤੀ ਸ਼ਾਸਤਰ) ਅਤੇ ਐਮ.ਬੀ.ਏ ਕਰ ਲਈ ਸੀ। ਗੋਪਾਲ ਸਿੰਘ ਕਵਿਤਾ ਤੇ ਵਾਰਤਕ ਲਿਖਦਾ ਹੈ ਅਤੇ ਹਰ ਵੰਨਗੀ ਤੇ ਭਾਸ਼ਾ ਦਾ ਉਸ ਨੇ ਸਾਹਿਤ ਪੜਿਆ ਹੋਇਆ ਹੈ। ਉਨ•ਾਂ ਦੀ ਪਤਨੀ ਸੁਰਿੰਦਰ ਕੌਰ ਜੋ ਵਿਆਹ ਸਮੇਂ ਬਾਰਵੀਂ ਪਾਸ ਸੀ, ਹੁਣ ਐਮ.ਏ, ਬੀ.ਐਡ,ਯੂ.ਜੀ.ਸੀ ਅਤੇ ਟੈੱਟ ਪਾਸ ਕਰਨ ਮਗਰੋਂ ਸਰਕਾਰੀ ਰਜਿੰਦਰਾ ਕਾਲਜ ਵਿਚ ਸਹਾਇਕ ਪ੍ਰੋਫੈਸਰ ਹੈ। ਉਹ ਆਪਣੇ ਮਾਪਿਆ, ਪਤਨੀ, ਬੱਚਿਆਂ (ਮਿਰਾਜਇੰਦਰ ਤੇ ਨੂਰਇੰਦਰ) ਤੇ ਦੋਸਤਾਂ ਨੂੰ ਆਪਣੀ ਕਾਮਯਾਬੀ ਦਾ ਸਿਹਰਾ ਦਿੰਦਾ ਹੈ। ਸੇਵਾ ਮੁਕਤ ਆਮਦਨ ਕਰ ਕਮਿਸ਼ਨਰ ਬੀ.ਐਸ.ਰਤਨ ਨੂੰ ਆਪਣੇ ਮਾਰਗ ਦਰਸ਼ਕ ਮੰਨਦਾ ਹੈ। ਗੋਪਾਲ ਸਿੰਘ ਦੀ ਦਿਆਨਤਕਾਰੀ ਤੇ ਕਿਰਤ ਵਿਚ ਭਰੋਸਾ ਉਸ ਦੀ ਹਮੇਸ਼ਾ ਬਾਂਹ ਬਣਿਆ ਹੈ। ਉਹ ਆਖਦਾ ਹੈ ਕਿ ਪੇਂਡੂ ਮੁਸ਼ਕਲਾਂ ਨਾਲ ਦੋ ਚਾਰ ਹੁੰਦੇ ਬੇਸਮਝ ਲੋਕਾਂ ਨੂੰ ਸੁਣਨਾ ਤੇ ਸਮਝਾਉਣਾ ਤੇ ਉਨ•ਾਂ ਦੀ ਤਕਲੀਫ ਦਾ ਨਿਵਾਰਨ ਕਰਨਾ ਹੀ ਉਸ ਦੀ ਜ਼ਿੰਦਗੀ ਦਾ ਹਮੇਸ਼ਾ ਨਿਸ਼ਾਨਾ ਰਿਹਾ ਹੈ। 

7 comments: