Thursday, June 16, 2016

                           ਨੌਕਰੀ ਘੁਟਾਲਾ 
   ਉਮੀਦਵਾਰਾਂ ਨੂੰ ਦਿਵਾਏ ਜਹਾਜ਼ਾਂ ਦੇ ਝੂਟੇ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਨੌਕਰੀ ਘੁਟਾਲੇ ਵਿਚ ਆਏ ਉਮੀਦਵਾਰਾਂ ਨੂੰ  'ਵਾਇਆ ਏਅਰ' ਸਫਰ ਕਰਾਇਆ ਜਾਂਦਾ ਸੀ ਤਾਂ ਜੋ ਕਿਸੇ ਨੂੰ ਪੇਪਰ ਲੀਕ ਦੀ ਭਿਣਕ ਨਾ ਪੈ ਸਕੇ। ਮਲੋਟ ਦੇ ਅਕਾਲੀ ਕੌਂਸਲਰ ਸ਼ਾਮ ਲਾਲ ਉਰਫ ਡੱਡੀ ਤਰਫੋਂ ਵੀ ਉਮੀਦਵਾਰਾਂ ਨੂੰ 'ਵਾਇਆ ਏਅਰ' ਸਫਰ ਦੀ ਸਹੂਲਤ ਦਿੱਤੀ ਗਈ ਸੀ। ਵਿਜੀਲੈਂਸ ਦੀ ਪੜਤਾਲ ਇਹ ਗੱਲ ਬੇਪਰਦ ਹੋਈ ਹੈ ਕਿ ਜਿਨ•ਾਂ ਉਮੀਦਵਾਰਾਂ ਤੋਂ ਪੈਸਾ ਲਿਆ ਜਾਂਦਾ ਸੀ, ਉਨ•ਾਂ ਨੂੰ ਪੰਜਾਬ ਚੋਂ ਸੜਕੀ ਰਸਤੇ ਲਖਨਊ ਲਿਜਾਇਆ ਜਾਂਦਾ ਸੀ। ਲਖਨਊ ਵਿਚ ਇਨ•ਾਂ ਨੂੰ ਪੇਪਰ ਦਿੱਤਾ ਜਾਂਦਾ ਸੀ ਤੇ ਤਿਆਰੀ ਕਰਾਈ ਜਾਂਦੀ ਸੀ। ਲਿਖਤੀ ਪ੍ਰੀਖਿਆ ਤੋਂ ਐਨ ਪਹਿਲਾਂ ਉਮੀਦਵਾਰਾਂ ਨੂੰ ਲਖਨਊ ਤੋਂ 'ਵਾਇਆ ਏਅਰ' ਲਿਆਂਦਾ ਜਾਂਦਾ ਸੀ ਤਾਂ ਜੋ ਪੇਪਰ ਲੀਕੀਜ ਦਾ ਪਰਦਾ ਬਣਿਆ ਰਹੇ। ਅਹਿਮ ਸੂਤਰ ਦੱਸਦੇ ਹਨ ਕਿ ਵਿਜੀਲੈਂਸ ਕੋਲ ਮਲੋਟ ਦੇ ਅਮਿਤ ਸਾਗਰ ਜੋ ਕਿ ਕੌਂਸਲਰ ਡੱਡੀ ਦੇ ਪੀ.ਏ ਵਜੋਂ ਵਿਚਰਦਾ ਸੀ, ਨੇ ਵੀ ਇਹ ਗੱਲ ਕਬੂਲੀ ਸੀ। ਮਲੋਟ ਤੋਂ ਵੀ ਕਈ ਉਮੀਦਵਾਰ ਸੜਕੀ ਅਤੇ ਰੇਲ ਰਸਤੇ ਲਖਨਊ ਗਏ ਸਨ ਅਤੇ ਉਧਰੋਂ ਲਖਨਊ ਤੋਂ ਉਹ ਪ੍ਰੀਖਿਆ ਤੋਂ ਪਹਿਲਾਂ 'ਵਾਇਆ ਏਅਰ' ਪੁੱਜੇ ਸਨ। ਵਿਜੀਲੈਂਸ ਤਰਫੋਂ ਹਵਾਈ ਟਿਕਟਾਂ ਅਤੇ ਸਫਰ ਦੀ ਛਾਣਬੀਣ ਵੀ ਕੀਤੀ ਗਈ ਹੈ। ਵਿਜੀਲੈਂਸ ਨੂੰ ਪੁਸ਼ਟੀ ਹੋਈ ਹੈ ਕਿ ਪੈਸੇ ਦੀ ਅਗਾਊ ਅਦਾਇਗੀ ਮਲੋਟ ਵਿਚ ਹੁੰਦੀ ਰਹੀ ਹੈ। ਸਥਾਨਿਕ ਸਰਕਾਰਾਂ ਵਿਭਾਗ,ਪਨਸਪ ਅਤੇ ਪੂਡਾ ਵਿਚ ਕਾਫੀ ਉਮੀਦਵਾਰ ਮਾਲਵਾ ਖਿੱਤੇ ਦੇ ਨੌਕਰੀ ਲੈਣ ਵਿਚ ਸਫਲ ਹੋਏ ਹਨ। ਕਈ ਉਮੀਦਵਾਰਾਂ ਨੇ ਮੰਨਿਆ ਕਿ ਉਨ•ਾਂ ਨੇ ਪਹਿਲੀ ਦਫਾ ਹੀ 'ਹਵਾਈ ਸਫਰ' ਕੀਤਾ ਸੀ।
                       ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਹੁਣ ਮਲੋਟ ਦੇ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ ਦੀਆਂ ਛੁਪਣਗਾਹਾਂ ਦੀ ਸਨਾਖਤ ਕਰ ਲਈ ਹੈ ਜਿਨ•ਾਂ ਨੇ ਸੂਹੀਏ ਨਜ਼ਰਸਾਨੀ ਕਰ ਰਹੇ ਹਨ। ਜਦੋਂ ਵੀ ਉਪਰੋਂ ਝੰਡੀ ਮਿਲੀ ਤਾਂ ਵਿਜੀਲੈਂਸ ਡੱਡੀ ਨੂੰ ਗ੍ਰਿਫਤਾਰ ਕਰਨ ਲਈ ਫੌਰੀ ਕਾਰਵਾਈ ਵਿਚ ਜੁੱਟੇਗੀ। ਕੈਪਟਨ ਅਮਰਿੰਦਰ ਦੇ 18 ਜੂਨ ਦੇ ਲੰਬੀ ਧਰਨੇ ਕਾਰਨ ਵੀ ਵਿਜੀਲੈਂਸ ਕਾਫੀ ਸਰਗਰਮ ਹੋ ਗਈ ਹੈ। ਵਿਜੀਲੈਂਸ ਟੀਮਾਂ ਨੇ ਅੱਜ ਬਠਿੰਡਾ ਦੇ ਤਿੰਨ ਉਮੀਦਵਾਰਾਂ ਦੇ ਘਰਾਂ ਤੇ ਛਾਪੇ ਮਾਰੇ ਹਨ ਪ੍ਰੰਤੂ ਛਾਪਿਆਂ ਤੋਂ ਪਹਿਲਾਂ ਹੀ ਇਹ ਉਮੀਦਵਾਰ ਫਰਾਰ ਹੋ ਗਏ ਹਨ। ਪਤਾ ਲੱਗਾ ਹੈ ਕਿ ਦਰਜਨਾਂ ਹੋਰ ਉਮੀਦਵਾਰ ਵੀ ਹਨ ਜੋ ਵਿਜੀਲੈਂਸ ਦੇ ਡਰੋਂ ਇੱਧਰ ਉਧਰ ਹੋ ਗਏ ਹਨ। ਟੀਮ ਨੇ ਅੱਜ ਤਲਵੰਡੀ ਸਾਬੋ ਦੇ ਹਰਮਨਜੋਤ ਸਿੰਘ ਪੁੱਤਰ ਜਗਜੀਤ ਸਿੰਘ ਦੇ ਘਰ ਛਾਪਾ ਮਾਰਿਆ ਪ੍ਰੰਤੂ ਅਸਫਲਤਾ ਮਿਲੀ। ਹਰਮਨਜੋਤ ਸਿੰਘ ਸਥਾਨਿਕ ਸਰਕਾਰਾਂ ਵਿਭਾਗ ਵਿਚ ਐਸ.ਡੀ.ਓ ਭਰਤੀ ਹੋਇਆ ਹੈ। ਬਠਿੰਡਾ ਦੀ ਅਗਰਵਾਲ ਕਲੋਨੀ ਦੇ ਕਪਲ ਗਰਗ ਪੁੱਤਰ ਚਮਨ ਲਾਲ ਦੇ ਘਰ ਵੀ ਛਾਪਾ ਮਾਰਿਆ ਪ੍ਰੰਤੂ ਉਹ ਵੀ ਹੱਥ ਨਹੀਂ ਆਇਆ। ਇਵੇਂ ਹੀ ਵਿਜੀਲੈਂਸ ਨੇ ਸਥਾਨਿਕ ਪਰਸ ਰਾਮ ਨਗਰ ਦੇ ਰੌਬਿਨ ਗੋਇਲ ਪੁੱਤਰ ਸੁਰਿੰਦਰ ਦੇ ਘਰ ਛਾਪਾ ਮਾਰਿਆ ਪ੍ਰੰਤੂ ਉਹ ਵੀ ਹੱਥ ਨਹੀਂ ਲੱਗਾ। ਰੌਬਿਨ ਗੋਇਲ ਅਤੇ ਕਪਲ ਗਰਗ ਪਨਸਪ ਵਿਚ ਸੀਨੀਅਰ ਸਹਾਇਕ ਭਰਤੀ ਹੋਏ ਹਨ।
                    ਵਿਜੀਲੈਂਸ ਵਲੋਂ ਨੌਕਰੀ ਘੁਟਾਲੇ ਦੇ ਸਬੰਧ ਵਿਚ ਤਿੰਨ ਕੇਸ ਦਰਜ ਕੀਤੇ ਹਨ ਜਿਨ•ਾਂ ਵਿਚ ਹੁਣ ਤੱਕ 15 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਨੇ ਅੱਜ ਤਹਿਸੀਲਦਾਰ ਬਠਿੰਡਾ ਦੇ ਰੀਡਰ ਭਾਰਤ ਭੂਸ਼ਨ ਦੀ ਚੰਡੀਗੜ• ਵਿਚ ਪੁੱਛਗਿੱਛ ਕੀਤੀ ਹੈ ਜਿਸ ਖਿਲਾਫ ਹਾਲੇ ਕੋਈ ਕੇਸ ਦਰਜ ਨਹੀਂ ਹੈ। ਉਨ•ਾਂ ਨੂੰ ਸਿਰਫ ਪੁੱਛਗਿੱਛ ਵਾਸਤੇ ਹੀ ਸੱਦਿਆ ਗਿਆ ਹੈ। ਇਸ ਤੋਂ ਇਲਾਵਾ ਵਿਜੀਲੈਂਸ ਵਲੋਂ ਨੌਕਰੀ ਘੁਟਾਲੇ ਦੇ ਦਲਾਲਾਂ ਦਾ ਪਿਛਾ ਕੀਤਾ ਜਾ ਰਿਹਾ ਹੈ। ਆਉਂਦੇ ਦਿਨਾਂ ਵਿਚ ਵਿਜੀਲੈਂਸ ਕਿਸੇ ਵੱਡੇ ਨੂੰ ਵੀ ਹੱਥ ਪਾ ਸਕਦੀ ਹੈ ਬਸ਼ਰਤੇ ਕਿ ਸਰਕਾਰ ਇਸ਼ਾਰਾ ਕਰੇ। ਇਸ ਮਾਮਲੇ ਤੇ ਕਿਸੇ ਵੀ ਵਿਜੀਲੈਂਸ ਅਧਿਕਾਰੀ ਨੇ ਟਿੱਪਣੀ ਨਾ ਕੀਤੀ।
                                      ਵਿਜੀਲੈਂਸ ਵਲੋਂ ਅਕਾਲੀ ਕੌਂਸਲਰ ਡੱਡੀ ਦੀ ਘੇਰਾਬੰਦੀ ਸ਼ੁਰੂ
ਵਿਜੀਲੈਂਸ ਪੰਜਾਬ ਨੇ ਹੁਣ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਅਫਸਰਾਂ ਨੇ ਬਠਿੰਡਾ ਜ਼ਿਲ•ੇ ਵਿਚੋਂ ਤਿੰਨ ਉਮੀਦਵਾਰ ਹਿਰਾਸਤ ਵਿਚ ਲਏ ਹਨ ਜਦੋਂ ਕਿ ਇੱਕ ਹੋਰ ਉਮੀਦਵਾਰ ਫਰਾਰ ਹੋ ਗਿਆ ਹੈ। ਇਨ•ਾਂ ਚਾਰੇ ਉਮੀਦਵਾਰਾਂ ਨੇ ਮੋਟੀ ਰਿਸ਼ਵਤ ਦੇ ਕੇ ਨੌਕਰੀਆਂ ਹਾਸਲ ਕੀਤੀਆਂ ਹਨ ਅਤੇ ਇਨ•ਾਂ ਉਮੀਦਵਾਰਾਂ ਦੇ ਤਾਰ ਵੀ ਅਕਾਲੀ ਕੌਂਸਲਰ ਡੱਡੀ ਨਾਲ ਜੁੜਨ ਲੱਗੇ ਹਨ। ਅਹਿਮ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਹੁਣ ਕੈਪਟਨ ਅਮਰਿੰਦਰ ਦੇ 18 ਜੂਨ ਦੇ ਲੰਬੀ ਵਾਲੇ ਧਰਨੇ ਤੋਂ ਪਹਿਲਾਂ ਪਹਿਲਾਂ ਕੋਈ ਵੱਡਾ ਧਮਾਕਾ ਕਰਨ ਦੇ ਮੂਡ ਵਿਚ ਹੈ। ਇੰਜ ਜਾਪਦਾ ਹੈ ਕਿ ਸਰਕਾਰ ਅਕਾਲੀ ਕੌਂਸਲਰ ਨੂੰ ਧਰਨੇ ਤੋਂ ਪਹਿਲਾ ਗ੍ਰਿਫ਼ਤਾਰ ਕਰੇਗੀ। ਦੱਸਣਯੋਗ ਹੈ ਕਿ ਵਿਜੀਲੈਂਸ ਨੇ ਨੌਕਰੀ ਘੁਟਾਲੇ ਦੇ ਸਬੰਧ ਵਿਚ ਮਲੋਟ ਦੇ ਅਕਾਲੀ ਕੌਂਸਲਰ ਸ਼ਾਮ ਲਾਲ ਉਰਫ ਡੱਡੀ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ ਜਿਸ ਵਾਰੇ ਉਸ ਦੇ ਪ੍ਰਾਈਵੇਟ ਪੀ.ਏ ਅਮਿਤ ਸਾਗਰ ਨੇ ਅਹਿਮ ਖ਼ੁਲਾਸੇ ਕੀਤੇ ਸਨ। ਵਿਜੀਲੈਂਸ ਅਨੁਸਾਰ ਕੌਂਸਲਰ ਡੱਡੀ ਵਲੋਂ ਮੋਟੀਆਂ ਰਕਮਾਂ ਲੈ ਕੇ ਨੌਕਰੀਆਂ ਦਿਵਾਏ ਦੀ ਮੁੱਖ ਭੂਮਿਕਾ ਨਿਭਾਈ ਗਈ ਹੈ ਅਤੇ ਡੱਡੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਤੇ ਅਹਿਮ ਨੇਤਾ ਨਾਲ ਨੇੜਤਾ ਹੈ। ਪਿਛਲੇ ਕੁਝ ਦਿਨਾਂ ਤੋਂ ਵਿਜੀਲੈਂਸ ਨੇ ਡੱਡੀ ਖ਼ਿਲਾਫ਼ ਨਰਮੀ ਵਰਤਣੀ ਸ਼ੁਰੂ ਕਰ ਦਿੱਤੀ ਸੀ ਪ੍ਰੰਤੂ ਹੁਣ ਸਿਆਸੀ ਤੌਰ ਤੇ ਮਾਮਲਾ ਭਖਣ ਕਰਕੇ ਵਿਜੀਲੈਂਸ ਨੇ ਮੁੜ ਰਫਤਾਰ ਫੜ ਲਈ ਹੈ। ਵਿਜੀਲੈਂਸ ਅਫਸਰ ਹੁਣ ਕੌਂਸਲਰ ਡੱਡੀ ਦੇ ਦੁਆਲੇ ਜਾਲ ਬੁਣਨ ਵਿਚ ਡਟ ਗਏ ਹਨ।
                   ਵੇਰਵਿਆਂ ਅਨੁਸਾਰ ਵਿਜੀਲੈਂਸ ਟੀਮ ਨੇ ਛਾਪਾ ਮਾਰ ਕੇ ਤਲਵੰਡੀ ਸਾਬੋ ਦੇ ਪ੍ਰਵੀਨ ਕੁਮਾਰ ਪੁੱਤਰ ਮੋਹਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ ਕਿ ਮੌੜ ਮੰਡੀ ਵਿਖੇ ਪਨਸਪ ਇੰਸਪੈਕਟਰ ਵਜੋਂ ਤਾਇਨਾਤ ਸੀ। ਵਿਜੀਲੈਂਸ ਨੇ ਬਠਿੰਡਾ ਦੇ ਆੜ•ਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਬਾਂਸਲ ਉਰਫ ਬੱਬੂ ਦੇ ਲੜਕੇ ਗੌਰਵ ਬਾਂਸਲ ਨੂੰ ਵੀ ਹਿਰਾਸਤ ਵਿਚ ਲਿਆ ਹੈ ਜਿਸ ਦਾ ਪੂਡਾ ਵਿਚ ਜੇ.ਈ ਦੀ ਸੂਚੀ ਵਿਚ ਨਾਮ ਹੈ। ਇਵੇਂ ਹੀ ਪੂਡਾ ਵਿਚ ਜੇ.ਈ ਵਜੋਂ ਭਰਤੀ ਹੋਏ ਪਿੰਡ ਗੁਲਾਬਗੜ ਦੇ ਗੁਰਸੇਵਕ ਸਿੰਘ ਨੂੰ ਵੀ ਹਿਰਾਸਤ ਵਿਚ ਲਿਆ ਹੈ। ਵਿਜੀਲੈਂਸ ਦੇ ਹੱਥ ਬਠਿੰਡਾ ਦਾ ਵਸਨੀਕ ਭਰਤ ਕਾਕੜੀਆ ਨਹੀਂ ਆ ਸਕਿਆ ਜੋ ਕਿ ਪੂਡਾ ਵਿਚ ਜੇ.ਈ ਭਰਤੀ ਹੋਇਆ ਹੈ। ਉਸ ਦੇ ਭਰਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਨੌਕਰੀ ਘੁਟਾਲੇ ਵਿਚ ਚਾਰ ਹੋਰ ਨਵੇਂ ਨਾਮ ਜੁੜ ਗਏ ਹਨ। ਸੂਤਰ ਦੱਸਦੇ ਹਨ ਕਿ ਇਨ•ਾਂ ਉਮੀਦਵਾਰਾਂ ਦੀ ਵੀ ਕੌਂਸਲਰ ਡੱਡੀ ਨਾਲ ਤਾਰ ਜੁੜ ਰਹੀ ਹੈ। ਆੜ•ਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਬਾਂਸਲ ਦਾ ਕਹਿਣਾ ਸੀ ਕਿ ਵਿਜੀਲੈਂਸ ਨੇ ਅੱਜ ਸਵੇਰ ਵਕਤ ਉਸ ਦੇ ਲੜਕੇ ਨੂੰ ਹਿਰਾਸਤ ਵਿਚ ਲਿਆ ਹੈ। ਉਨ•ਾਂ ਆਖਿਆ ਕਿ ਪੂਡਾ ਦਾ ਤਾਂ ਹਾਲੇ ਨਤੀਜਾ ਵੀ ਨਹੀਂ ਆਇਆ ਹੈ ਅਤੇ ਨਾ ਹੀ ਉਨ•ਾਂ ਨੇ ਕੋਈ ਲਾਭ ਲਿਆ ਹੈ ਪ੍ਰੰਤੂ ਫਿਰ ਵੀ ਵਿਜੀਲੈਂਸ ਨੇ ਪਤਾ ਨਹੀਂ ਕਿਉਂ ਏਦਾ ਕੀਤਾ ਹੈ। ਉਨ•ਾਂ ਆਖਿਆ ਕਿ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਹੈ। ਦੂਸਰੀ ਤਰਫ਼ ਵਿਜੀਲੈਂਸ ਦੇ ਅਧਿਕਾਰੀ ਵੀ ਇਸ ਮਾਮਲੇ ਤੇ ਕੋਈ ਟਿੱਪਣੀ ਕਰਨ ਨੂੰ ਤਿਆਰ ਨਹੀਂ ਹਨ।
                  ਇਸ ਮਾਮਲੇ ਵਿਚ ਕੌਂਸਲਰ ਡੱਡੀ ਦੇ ਪਰਿਵਾਰ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਅਹਿਮ ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੂੰ ਗੁਪਤ ਹਦਾਇਤਾਂ ਹਨ ਕਿ ਕੈਪਟਨ ਦੇ ਲੰਬੀ ਧਰਨੇ ਤੋਂ ਪਹਿਲਾਂ ਪਹਿਲਾਂ ਕਿਸੇ ਵੱਡੇ ਦੀ ਗ੍ਰਿਫਤਾਰੀ ਕੀਤੀ ਜਾਵੇ। ਅੰਦਾਜ਼ੇ ਹਨ ਕਿ ਕੌਂਸਲਰ ਡੱਡੀ ਦੀ ਗ੍ਰਿਫਤਾਰੀ ਹੋ ਸਕਦੀ ਹੈ।

2 comments: