Saturday, June 25, 2016

                                         ਨਾਇਕ                 
                  ਯਸ਼ਵੀਰ ਤੁਰਿਆ ਤਾਂ ਰਾਹ ਬਣੇ...
                                    ਚਰਨਜੀਤ ਭੁੱਲਰ
ਬਠਿੰਡਾ  : ਯਸ਼ਵੀਰ ਨਾ ਬੋਲ ਸਕਦਾ ਹੈ ਤੇ ਨਾ ਸੁਣ ਸਕਦਾ ਹੈ। ਬੱਸ ਉਸ ਦਾ ਕੰਮ ਬੋਲਦਾ ਹੈ ਤੇ ਅੱਜ ਜ਼ਮਾਨਾ ਸੁਣਦਾ ਹੈ। ਨਾ ਉਹ ਤਰਸ ਦਾ ਪਾਤਰ ਬਣਿਆ ਤੇ ਨਾ ਉਸ ਨੇ ਜਨੂਨ ਤੇ ਜਿੱਦ ਨੂੰ ਛੱਡਿਆ। ਕੁਦਰਤ ਨੇ ਉਸ ਦੀ ਪ੍ਰੀਖਿਆ ਲਈ, ਉਸ ਦੇ ਹੌਸਲੇ ਨੇ ਉਡਾਣ ਭਰ ਲਈ । ਜ਼ਮਾਨੇ ਨੇ ਪਾਸਾ ਵੱਟਿਆ ਤਾਂ ਉਸ ਦਾ ਜਜ਼ਬਾ ਢਾਲ ਬਣ ਗਿਆ। ਉਲਟਾ ਯਸ਼ਵੀਰ ਨੇ ਜ਼ਮਾਨੇ ਨੂੰ ਕੁਝ ਬੋਲਣ ਜੋਗਾ ਨਹੀਂ ਛੱਡਿਆ। ਯਸ਼ਵੀਰ ਗੋਇਲ ਅੱਜ ਗੂੰਗੇ ਬੋਲੇ ਬੱਚਿਆਂ ਦੇ ਸਮਾਜ ਦਾ ਨਾਇਕ ਹੈ ਜੋ ਆਮ ਸਮਾਜ ਦੀ ਔਕਾਤ ਦੱਸਣ ਵਿਚ ਸਫਲ ਹੋਇਆ ਹੈ। ਬਠਿੰਡਾ ਸ਼ਹਿਰ ਦਾ 16 ਵਰਿ•ਆਂ ਦਾ ਇਹ ਬੱਚਾ ਜ਼ਿੰਦਗੀ ਦੇ ਅਖਾੜੇ ਦਾ ਸਨਮਾਨ ਚਿੰਨ• ਬਣ ਗਿਆ ਹੈ। ਭਾਵੇਂ ਉਹ ਜਮਾਂਦਰੂ ਤੌਰ ਤੇ ਬੋਲ ਸੁਣ ਨਹੀਂ ਸਕਦਾ ਪ੍ਰੰਤੂ ਉਸ ਦਾ ਸਿਰੜ ਤੇ ਇਰਾਦਾ ਨੌ ਬਰ ਨੌ ਹੈ। ਤਾਹੀਓਂ  ਉਹ ਸਮਾਜ ਦੀ ਮੁੱਖ ਧਾਰਾ ਵਿਚ ਰਹਿਣ ਲਈ ਅੜਿਆ। ਪੰਜਾਬ ਸਰਕਾਰ ਨੇ ਤਾਂ ਗੂੰਗੇ ਬੋਲੇ ਬੱਚਿਆਂ ਲਈ ਵੱਖਰੇ ਸਕੂਲ ਬਣਾ ਕੇ ਪੱਲਾ ਝਾੜ ਲਿਆ ਪ੍ਰੰਤੂ ਉਸ ਨੇ ਇਸ ਸਕੂਲ ਵਿਚ ਵੱਲ ਮੂੰਹ ਨਾ ਕੀਤਾ। ਉਸ ਨੇ ਆਪਣੀ ਬਾਰ•ਵੀਂ ਕਲਾਸ ਤੱਕ ਦੀ ਪੜ•ਾਈ ਆਮ ਸਕੂਲ ਵਿਚ ਕੀਤੀ। ਚੰਗੇ ਭਲੇ ਬੱਚਿਆਂ ਨੂੰ ਪਛਾੜ ਕੇ ਉਹ ਵਿੱਦਿਅਕ ਨਕਸ਼ੇ ਤੇ ਚਮਕਿਆ। ਸ਼ਹਿਰ ਦੇ ਐਮ.ਐਚ.ਆਰ ਸਕੂਲ ਵਿਚ ਉਸ ਨੇ ਪੰਜਵੀਂ ਕਲਾਸ ਚੋਂ 91.3 ਫੀਸਦੀ ਅੰਕ ਲੈ ਕੇ ਪੰਜਾਬ ਦੇ ਆਮ ਮੋਹਰੀ ਬੱਚਿਆਂ ਦੀ ਕਤਾਰ ਵਿਚ ਖੜਿਆਂ ਤਾਂ ਸਮਾਜ ਨੂੰ ਉਹ ਚੁਣੌਤੀ ਲੱਗਿਆ। ਉਸ ਨੇ ਹਰ ਪੈਰ ਤੇ ਆਮ ਬੱਚਿਆਂ ਨਾਲ ਮੁਕਾਬਲਾ ਕੀਤਾ। ਦਸਵੀਂ ਕਲਾਸ ਚੋਂ ਉਸ ਨੇ 80 ਫੀਸਦੀ ਤੋਂ ਜਿਆਦਾ ਨੰਬਰ ਲਏ। ਹੁਣ ਬਾਰ•ਵੀਂ ਕਲਾਸ ਚੋਂ ਉਹ 86 ਫੀਸਦੀ ਅੰਕ ਲੈ ਕੇ ਸਕੂਲ ਦਾ ਟਾਪਰ ਬਣ ਬਣਿਆ ਹੈ।
                       ਵਿੱਦਿਅਕ ਪ੍ਰਾਪਤੀ ਅਹਿਮ ਨਹੀਂ, ਵੱਡੀ ਗੱਲ ਹੈ ਉਸ ਦਾ ਮੁੱਖ ਧਾਰਾ ਵਿਚ ਰਹਿ ਕੇ ਆਮ ਸਕੂਲ ਦੇ ਬੱਚਿਆਂ ਨਾਲ ਕਲਾਸ ਵਿਚ ਬੈਠ ਕੇ ਪੜ•ਨਾ। ਇਕੱਲਾ ਪੜ•ਨਾ ਨਹੀਂ ਬਲਕਿ ਸਮਾਜ ਨੂੰ ਅਹਿਸਾਸ ਕਰਾਉਣਾ ਕਿ ਉਹ ਵੀ ਇਸੇ ਮਿੱਟੀ ਦਾ ਪੁੱਤ ਹੈ, ਕਿਸੇ ਬਿਗਾਨੀ ਮਾਂ ਦਾ ਨਹੀਂ। ਮਾਂ ਨੀਤੂ ਗੋਇਲ ਯਸ਼ਵੀਰ ਨੂੰ ਵਡਮੁੱਲੀ ਦਾਤ ਮੰਨਦੀ ਹੈ ਜਿਸ ਨੇ ਇਸ ਦਾਤ ਦੇ ਅੰਦਰਲੇ ਨੂੰ ਜਾਗਦਾ ਰੱਖਿਆ। ਪਿਤਾ ਚੰਦਰ ਪ੍ਰਕਾਸ਼ (ਸੂਚਨਾ ਕਮਿਸ਼ਨਰ)  ਨੇ ਇੱਕ ਅਜਿਹਾ ਮਾਹੌਲ ਸਿਰਜਿਆ ਜਿਸ ਨੇ ਹੀਣਤਾ ਨੂੰ ਕਦੇ ਯਸ਼ਵੀਰ ਦੇ ਨੇੜੇ ਢੁਕਣ ਨਾ ਦਿੱਤਾ। ਬਾਪ ਦੀ ਹੱਲਾਸ਼ੇਰੀ ਤੇ ਮਾਂ ਦੀ ਦ੍ਰਿੜ•ਤਾ ਯਸ਼ਵੀਰ ਲਈ ਖੰਭ ਬਣ ਗਈ। ਸਰਕਾਰ ਨੇ ਤਾਂ ਸਿਰਫ਼ ਇਹੋ ਕਿਹਾ ,ਯਸ਼ਵੀਰ, ਤੂੰ ਗੂੰਗਾ ਹੈ, ਬੋਲਾ ਹੈ, ਭਾਣਾ ਮੰਨ ਪ੍ਰੰਤੂ ਯਸ਼ਵੀਰ ਭਾਣਾ ਮੰਨਣ ਵਾਲਾ ਕਿਥੇ। ਉਹ ਗੂੰਗੇ ਬੋਲੇ ਬੱਚਿਆਂ ਵਾਲੀ ਸੰਕੇਤਕ ਭਾਸ਼ਾ ਹੀ ਨਹੀਂ ਜਾਣਦਾ ਬਲਕਿ ਉਸ ਕੋਲ ਲਿਪ ਆਰਟ ਹੈ ਮਤਲਬ ਕਿ ਉਸ ਕੋਲ ਦੂਸਰਿਆਂ ਦੇ ਬੁੱਲ•ਾਂ ਤੋਂ ਹੀ ਸਭ ਸਮਝਣ ਦੀ ਸਮਰੱਥਾ ਹੈ। ਉਸ ਦੀ ਜ਼ਿੰਦਗੀ ਸੰਵਾਰਨ ਵਿਚ ਅਧਿਆਪਕ ਰਜਨੀਸ਼ ਭਾਰਦਵਾੜ ਦਾ ਵੀ ਵੱਡਾ ਰੋਲ ਹੈ। ਯਸ਼ਵੀਰ ਕਲਾਤਮਕ ਫਿਲਮਾਂ ਵੇਖ ਕੇ ਭਾਵੁਕ ਵੀ ਹੁੰਦਾ ਹੈ ਤੇ ਟੀ.ਵੀ ਤੇ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਵੇਖ ਕੇ ਹੱਸਦਾ ਵੀ ਹੈ। ਬੈਡਮਿੰਟਨ ਦਾ ਚੰਗਾ ਖਿਡਾਰੀ ਵੀ ਹੈ ਅਤੇ ਫੋਟੋਗਰਾਫੀ ਦਾ ਉਸ ਨੂੰ ਜਨੂਨ ਹੈ। ਉਹ ਹੁਣ ਪੁਰਾਣੇ ਸਿੱਕਿਆਂ ਅਤੇ ਨੋਟਾਂ ਦਾ ਭੰਡਾਰ ਇਕੱਠਾ ਕਰਨ ਵਿਚ ਜੁਟਿਆ ਹੋਇਆ ਹੈ। ਪੂਰੇ ਸਕੂਲ ਵਿਚ ਉਹ ਇਕੱਲਾ ਬੱਚਾ ਸੀ, ਜੋ ਨਾ ਬੋਲ ਸਕਦਾ ਸੀ ਤੇ ਨਾ ਸੁਣ ਸਕਦਾ ਸੀ।
                    ਆਮ ਬੱਚਿਆਂ ਨਾਲ ਸਕੂਲ ਦੇ ਕਲਾਸ ਰੂਮ ਵਿਚ ਬੈਠ ਕੇ ਉਸ ਨੇ ਹਰ ਅਧਿਆਪਕ ਨੂੰ ਇਸ਼ਾਰੇਨੁਮਾ ਭਾਸ਼ਾ ਵਿਚ ਸੁਆਲ ਵੀ ਕੀਤੇ ਅਤੇ ਅਧਿਆਪਕਾਂ ਦੇ ਬੁੱਲ•ਾਂ ਦੀ ਭਾਸ਼ਾ ਪੜ• ਕੇ ਉਸ ਨੇ ਦੂਸਰੇ ਬੱਚਿਆਂ ਨੂੰ ਪਿਛਾਂਹ ਛੱਡ ਦਿੱਤਾ। ਹੁਣ ਉਹ ਕਾਲਜ ਦੇ ਵਿਦਿਆਰਥੀਆਂ ਨਾਲ ਲੋਹਾ ਲੈਣ ਦੀ ਤਿਆਰੀ ਵਿਚ ਹੈ।ਆਲ ਇੰਡੀਆ ਡੀ.ਏ.ਵੀ ਕਾਲਜ ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ਨੇ ਯਸ਼ਵੀਰ ਦੇ ਹੁਨਰ ਤੇ ਪ੍ਰਾਪਤੀ ਨੂੰ ਵੇਖ ਕੇ 3 ਮਈ 2009 ਨੂੰ ਉਸ ਨੂੰ ਵਿਸ਼ੇਸ਼ ਸਨਮਾਨ ਦਿੱਤਾ। ਨਵੀਂ ਦਿੱਲੀ ਵਿਚ ਦੇਸ਼ ਭਰ ਚੋਂ ਆਏ 10 ਬੱਚਿਆਂ ਵਿਚ ਯਸ਼ਵੀਰ ਵੀ ਸ਼ਾਮਲ ਸੀ ਜਿਸ ਨੂੰ ਕਮੇਟੀ ਦੇ ਪ੍ਰਧਾਨ ਪਦਮ ਸ੍ਰੀ ਜੀ.ਪੀ.ਚੋਪੜਾ ਜੋ ਹੁਣ ਨਹੀਂ ਰਹੇ, ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਪਹਿਲਾਂ ਸਕੂਲ ਮੈਨੇਜਮੈਂਟ ਕਮੇਟੀ ਅਤੇ ਹੁਣ ਉਸ ਨੂੰ ਸਿੱਖਿਆ ਵਿਭਾਗ ਨੇ ਵੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਹੈ। ਯਸ਼ਵੀਰ ਕਈ ਸੂਬਿਆਂ ਵਿਚ ਘੁੰਮ ਚੁੱਕਾ ਹੈ ਅਤੇ ਉਸ ਨੇ ਕਦੇ ਵੀ ਆਪਣੇ ਆਪ ਨੂੰ ਅਧੂਰਾ ਨਹੀਂ ਸਮਝਿਆ। ਉਸ ਦੇ ਬਹੁਤ ਸਾਰੇ ਦੋਸਤ ਹਨ ਅਤੇ ਉਸ ਦਾ ਇੱਕ ਛੋਟਾ ਭਰਾ ਵੰਸ਼ ਗੋਇਲ ਹੈ ਜਿਸ ਲਈ ਉਹ ਚਾਨਣ ਮੁਨਾਰਾ ਹੈ। ਉਹ ਆਧੁਨਿਕ ਤਕਨੀਕਾਂ ਨੂੰ ਉਂਗਲਾਂ ਤੇ ਘੁੰਮਾ ਦਿੰਦਾ ਹੈ ਅਤੇ ਹਾਈਟੈਕ ਜ਼ਮਾਨੇ ਦਾ ਉਹ ਵੀ ਅਗਲੇਰਾ ਹੁਨਰਬਾਜ ਹੈ। ਪਿਤਾ ਚੰਦਰ ਪ੍ਰਕਾਸ਼ ਆਖਦਾ ਹੈ ਕਿ ਗੂੰਗੇ ਬੋਲੇ ਬੱਚਿਆਂ ਨੂੰ ਅਲਹਿਦਾ ਸਮਾਜ ਵਿਚ ਭੇਜਣ ਦੀ ਸੋਚ ਨੂੰ ਮੋੜਾ ਦੇਣ ਦੀ ਲੋੜ ਹੈ। ਉਨ•ਾਂ ਨੂੰ ਤਰਸ ਦੀ ਨਹੀਂ, ਮੁੱਖ ਧਾਰਾ ਦੇ ਸਮਾਜ ਵਿਚ ਹਿੱਸੇਦਾਰੀ ਦੀ ਜਰੂਰਤ ਹੈ। ਹਰ ਖੇਤਰ ਵਿਚ ਉਨ•ਾਂ ਨੂੰ ਬਣਦੀ ਪ੍ਰਤੀਨਿਧਤਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਵਰਗੇ ਹੋਰਨਾਂ ਲਈ ਕੁਝ ਬਿਹਤਰ ਸਿਰਜ ਸਕਣ।
        

No comments:

Post a Comment