ਮੁਫ਼ਤ ਅਨਾਜ ਕਰਕੇ
ਪੰਜਾਬ ’ਚ ਖਾਲੀ ਹੋਣ ਲੱਗੇ ਗੁਦਾਮ
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਅਨਾਜ ਦੇ ਗੁਦਾਮ ਹੁਣ ਖਾਲੀ ਹੋਣ ਲੱਗ ਪਏ ਹਨ। ਲਗਾਤਾਰ ਬਣੀ ਹੋਈ ਤਪਸ਼ ਕਰਕੇ ਝੋਨੇ ਦੀ ਫ਼ਸਲ ਵੀ ਪ੍ਰਭਾਵਿਤ ਹੋਣ ਲੱਗ ਪਈ ਹੈ। ਕੋਵਿਡ ਦੀ ਪ੍ਰਕੋਪੀ ਮਗਰੋਂ ਪੰਜਾਬ ’ਚੋਂ ਅਨਾਜ ਦੀ ਮੂਵਮੈਂਟ ਤੇਜ਼ ਹੋਈ ਸੀ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਵੰਡੇ ਜਾਂਦੇ ਮੁਫ਼ਤ ਅਨਾਜ ਕਰਕੇ ਪੰਜਾਬ ਦੇ ਗੁਦਾਮਾਂ ਨੂੰ ਸਾਹ ਆਉਣ ਲੱਗਾ ਹੈ। ਐਤਕੀਂ ਸੂਬੇ ਵਿਚ ਅਨਾਜ ਭੰਡਾਰਨ ਦੀ ਕੋਈ ਸਮੱਸਿਆ ਨਹੀਂ ਰਹੇਗੀ। ਪਹਿਲੀ ਦਫ਼ਾ ਹੈ ਕਿ ਪੰਜਾਬ ’ਚੋਂ ਛੇ ਮਹੀਨੇ ਪਹਿਲਾਂ ਖ਼ਰੀਦ ਕੀਤੀ ਗਈ ਕਣਕ ’ਚੋਂ ਵੀ 50 ਫ਼ੀਸਦੀ ਕਣਕ ਦੀ ਮੂਵਮੈਂਟ ਹੋ ਚੁੱਕੀ ਹੈ। ਵੇਰਵਿਆਂ ਅਨੁਸਾਰ ਹਰ ਵਰ੍ਹੇ ਇਨ੍ਹਾਂ ਦਿਨਾਂ ਵਿਚ ਕਣਕ ਦਾ ਸੂਬੇ ਦੇ ਗੁਦਾਮਾਂ ਵਿਚ 150 ਲੱਖ ਮੀਟਰਿਕ ਟਨ ਤੋਂ ਜ਼ਿਆਦਾ ਸਟਾਕ ਪਿਆ ਹੁੰਦਾ ਸੀ ਪ੍ਰੰਤੂ ਹੁਣ ਇਸ ਵੇਲੇ ਸਿਰਫ਼ 58 ਲੱਖ ਮੀਟਰਿਕ ਟਨ ਕਣਕ ਹੀ ਗੁਦਾਮਾਂ ਵਿਚ ਪਈ ਹੈ ਜੋ ਜਨਤਕ ਵੰਡ ਪ੍ਰਣਾਲੀ ਵਾਸਤੇ ਰਾਖਵੀਂ ਰੱਖੀ ਗਈ ਹੈ।
ਉਂਜ, ਸੂਬੇ ਦੇ ਗੁਦਾਮਾਂ ਵਿਚ ਤਿੰਨ ਵਰ੍ਹਿਆਂ ਦੀ ਫ਼ਸਲ ਪਈ ਰਹਿੰਦੀ ਸੀ। ਵਰ੍ਹਾ 2022-23 ਵਿਚ 96 ਲੱਖ ਮੀਟਰਿਕ ਟਨ ਕਣਕ ਖ਼ਰੀਦ ਕੀਤੀ ਗਈ ਸੀ ਜਿਸ ’ਚੋਂ 54.16 ਲੱਖ ਟਨ ਕਣਕ ਭੇਜੀ ਚੁੱਕੀ ਹੈ। ਵਰ੍ਹਾ 2019-20 ਦੀ ਸਿਰਫ਼ 70 ਹਜ਼ਾਰ ਮੀਟਰਿਕ ਟਨ ਕਣਕ ਹੀ ਗੁਦਾਮਾਂ ਵਿਚ ਪਈ ਰਹਿ ਗਈ ਹੈ ਜਦੋਂ ਕਿ 2020-21 ਦੀ 1.95 ਲੱਖ ਅਤੇ 2021-22 ਦੀ 11.33 ਲੱਖ ਮੀਟਰਿਕ ਟਨ ਕਣਕ ਪਈ ਹੈ। ਓਪਨ ਪਲੰਥਾਂ ’ਤੇ ਸਟੋਰ ਕਣਕ 30 ਸਤੰਬਰ ਤੱਕ ਭੇਜੀ ਜਾਵੇਗੀ ਅਤੇ ਇਸ ਵੇਲੇ ਹਰ ਮਹੀਨੇ ਛੇ ਲੱਖ ਦੇ ਕਰੀਬ ਕਣਕ ਜੰਮੂ ਕਸ਼ਮੀਰ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾ ਰਹੀ ਹੈ। ਮਾਹਿਰਾਂ ਮੁਤਾਬਕ ਗ਼ਰੀਬ ਕਲਿਆਣ ਯੋਜਨਾ ਦੇ ਮੁਫ਼ਤ ਅਨਾਜ ਕਰਕੇ ਦੇਸ਼ ਵਿਚ ਅਨਾਜ ਦੀ ਜ਼ਿਆਦਾ ਮੂਵਮੈਂਟ ਹੋਈ ਹੈ ਅਤੇ ਕਣਕ ਤੇ ਝੋਨੇ ਦਾ ਝਾੜ ਪ੍ਰਭਾਵਿਤ ਹੋਣ ਕਰਕੇ ਵੀ ਅਨਾਜ ਦੀ ਥੁੜ ਵਾਲੇ ਹਾਲਾਤ ਬਣਨ ਲੱਗ ਪਏ ਹਨ। ਪੰਜਾਬ ਦੇ ਗੁਦਾਮਾਂ ’ਚ ਇਸ ਵੇਲੇ 75 ਲੱਖ ਮੀਟਰਿਕ ਟਨ ਚੌਲ ਪਿਆ ਹੈ ਜਦੋਂ ਕਿ ਪਹਿਲਾਂ 100 ਲੱਖ ਮੀਟਰਿਕ ਟਨ ਤੋਂ ਇਹ ਸਟਾਕ ਕਦੇ ਘਟਿਆ ਹੀ ਨਹੀਂ ਸੀ।
ਅਗਲੇ ਸੀਜ਼ਨ ਵਿਚ ਮੰਡੀਆਂ ਵਿਚ 127 ਲੱਖ ਮੀਟਰਿਕ ਟਨ ਝੋਨਾ ਆਉਣ ਦਾ ਅਨੁਮਾਨ ਹੈ। ਸੂਬੇ ਵਿਚ ਇਸ ਵਾਰ 31 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਂਦ ਹੋਈ ਹੈ ਜਿਸ ’ਚੋਂ 5 ਲੱਖ ਹੈਕਟੇਅਰ ਵਿਚ ਬਾਸਮਤੀ ਹੈ। ਦਿਨ ਦਾ ਤਾਪਮਾਨ ਜ਼ਿਆਦਾ ਹੋਣ ਕਰਕੇ ਫ਼ਸਲਾਂ ’ਤੇ ਅਸਰ ਦਿੱਖਣ ਲੱਗ ਪਿਆ ਹੈ। ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ ਸੂਰਜੀ ਤਪਸ਼ ਸਿੱਧੀ ਝੋਨੇ ਦੀਆਂ ਮੁੰਜਰਾਂ ’ਤੇ ਪੈ ਰਹੀ ਹੈ ਜਿਸ ਕਰਕੇ ਦਾਣਾ ਥੋਥਾ ਰਹਿਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਅਗੇਤੀਆਂ ਕਿਸਮਾਂ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਹਨ। ਪਿੰਡ ਚੁੱਘੇ ਕਲਾਂ ਦੇ ਕਿਸਾਨ ਗੁਰਦੀਪ ਸਿੰਘ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਪਾਰਾ ਉੱਚਾ ਰਿਹਾ ਤਾਂ ਝੋਨੇ ਦਾ ਝਾੜ ਘਟੇਗਾ। ਮੁਕਤਸਰ ਖ਼ਿੱਤੇ ਵਿਚ ਬਾਰਸ਼ਾਂ ਜ਼ਿਆਦਾ ਹੋਣ ਕਰਕੇ ਝੋਨੇ ਅਤੇ ਨਰਮੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਰੋਪੜ ਤੋਂ ਪਠਾਨਕੋਟ ਵਾਲੇ ਖ਼ਿੱਤੇ ਵਿਚ ਝੋਨੇ ਦੀ ਫ਼ਸਲ ’ਤੇ ਚੀਨੀ ਵਾਇਰਸ ਦਾ ਹਮਲਾ ਹੋਇਆ ਹੈ। ਪਟਿਆਲਾ ਖ਼ਿੱਤੇ ਵਿਚ ਝੋਨੇ ਦੀ ਫ਼ਸਲ ਬੌਣੀ ਰਹਿਣ ਦੀ ਸ਼ਿਕਾਇਤ ਵੀ ਹੈ।
ਹਾਲੇ ਝਾੜ ਘਟਣ ਦਾ ਅਨੁਮਾਨ ਨਹੀਂ: ਡਾਇਰੈਕਟਰ
ਖੇਤੀ ਮਹਿਕਮੇ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਕੁੱਝ ਥਾਵਾਂ ’ਤੇ ਝੋਨਾ ਪੀਲਾ ਜ਼ਰੂਰ ਪਿਆ ਹੈ ਅਤੇ ਚੀਨੀ ਵਾਇਰਸ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਿਆ ਹੈ ਪ੍ਰੰਤੂ ਝੋਨੇ ਦਾ ਝਾੜ ਘਟਣ ਦਾ ਫ਼ਿਲਹਾਲ ਕੋਈ ਅਨੁਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵਾਇਰਸ ਦਾ ਹੱਲਾ ਸੀ, ਉੱਥੇ ਮਾਹਿਰਾਂ ਦੀਆਂ ਟੀਮਾਂ ਖੇਤ ਦੇਖ ਚੁੱਕੀਆਂ ਹਨ। ਸਮੁੱਚੀ ਫ਼ਸਲ ਕੰਟਰੋਲ ਹੇਠ ਹੈ। ਜੇਕਰ ਤਾਪਮਾਨ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਫਿਰ ਅਸਰ ਪੈੈਣ ਦਾ ਡਰ ਹੈ।
No comments:
Post a Comment