ਪਰਾਲੀ ’ਤੇ ਸਬਸਿਡੀ
ਗਰਾਮ ਪੰਚਾਇਤ ਬੱਲ੍ਹੋ ਦਾ ਕੰਮ ਬੋਲਦਾ ਹੈ..!
ਚਰਨਜੀਤ ਭੁੱਲਰ
ਚੰਡੀਗੜ੍ਹ : ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦੀ ਗਰਾਮ ਪੰਚਾਇਤ ਨੇ ਉਨ੍ਹਾਂ ਕਿਸਾਨਾਂ ਨੂੰ ਪੰਜ ਸੌ ਰੁਪਏ ਪ੍ਰਤੀ ਏਕੜ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ ਜਿਹੜੇ ਕਿਸਾਨ ਐਤਕੀਂ ਪਰਾਲੀ ਨੂੰ ਅੱਗ ਨਹੀਂ ਲਾਉਣਗੇ। ਬੇਸ਼ੱਕ ਕੇਂਦਰ ਅਤੇ ਪੰਜਾਬ ਸਰਕਾਰ ਨੇ ਤਾਂ ਕਿਸਾਨਾਂ ਨੂੰ ਪਹਿਲਾਂ ਵਿਉਂਤੀ ਯੋਜਨਾ ਤਹਿਤ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਬਸਿਡੀ ਦੇਣ ਤੋਂ ਹੱਥ ਪਿਛਾਂਹ ਖਿੱਚ ਲਏ ਹਨ ਪ੍ਰੰਤੂ ਗਰਾਮ ਪੰਚਾਇਤ ਬੱਲ੍ਹੋ ਨੇ ਸਬਸਿਡੀ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਕੰਮ ਬੋਲੇਗਾ।ਕਿਸਾਨਾਂ ਨੂੰ ਸਬਸਿਡੀ ਦੇਣ ਦਾ ਫ਼ੈਸਲਾ ਗਰਾਮ ਪੰਚਾਇਤ ਦਾ ਹੈ ਜਦੋਂ ਕਿ ਸਬਸਿਡੀ ਦੀ ਸਮੁੱਚੀ ਰਾਸ਼ੀ ਸਵਰਗੀ ਗੁਰਬਚਨ ਸਿੰਘ ਬੱਲ੍ਹੋ ਸੇਵਾ ਸੁਸਾਇਟੀ ਵੱਲੋਂ ਦਿੱਤੀ ਜਾਵੇਗੀ। ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਸ਼ਨਾਖ਼ਤ ਕਰੇਗੀ ਅਤੇ ਸਬਸਿਡੀ ਦੀ ਵੰਡ ਕਰੇਗੀ। ਗਰਾਮ ਪੰਚਾਇਤ ਅਤੇ ਸੇਵਾ ਸੁਸਾਇਟੀ ਨੇ ਕੁੱਝ ਸਮੇਂ ਤੋਂ ਪਿੰਡ ਬੱਲ੍ਹੋ ਨੂੰ ਹਰਾ ਭਰਾ ਬਣਾਉਣ ਦਾ ਬੀੜਾ ਚੁੱਕਿਆ ਹੈ।
ਸਵਰਗੀ ਗੁਰਬਚਨ ਸਿੰਘ ਬੱਲ੍ਹੋ ਸੇਵਾ ਸੁਸਾਇਟੀ ਦੇ ਸਰਪ੍ਰਸਤ ਨੌਜਵਾਨ ਗੁਰਮੀਤ ਸਿੰਘ ਬੱਲ੍ਹੋ ਦਾ ਕਹਿਣਾ ਸੀ ਕਿ ਸੁਸਾਇਟੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਬਸਿਡੀ ਦੇਣ ਦਾ ਸਮੁੱਚਾ ਖਰਚਾ ਚੁੱਕੇਗੀ। ਉਹ ਹਰਿਆਣਾ ਵਿਚ ਪਰਾਲੀ ਪ੍ਰਬੰਧਨ ਲਈ ਪਲਾਂਟ ਲਗਾ ਰਹੇ ਹਨ ਅਤੇ ਅਗਲੇ ਵਰ੍ਹੇ ਤੋਂ ਉਹ ਸਮੁੱਚੇ ਬੱਲ੍ਹੋ ਪਿੰਡ ਦੀ ਪਰਾਲੀ ਹਰਿਆਣਾ ਵਿਚਲੇ ਪਲਾਂਟ ਵਿਚ ਲੈ ਕੇ ਜਾਣਗੇ ਤਾਂ ਜੋ ਕਿਸੇ ਕਿਸਾਨ ਨੂੰ ਪਰਾਲੀ ਸਾੜਨ ਦੀ ਲੋੜ ਹੀ ਨਾ ਪਵੇ। ਉਨ੍ਹਾਂ ਦੱਸਿਆ ਕਿ ਅਗਲੇ ਵਰ੍ਹੇ ਤੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇਨਾਮ ਵੀ ਦਿੱਤੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡ ਨੂੰ ਸਿਹਤਮੰਦ ਬਣਾਉਣਾ ਅਤੇ ਨਮੂਨੇ ਦਾ ਪਿੰਡ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਗਰਾਮ ਪੰਚਾਇਤ ਬੱਲ੍ਹੋ ਦੀ ਸਰਪੰਚ ਪ੍ਰੀਤਮ ਕੌਰ (ਅਧਿਕਾਰਤ ਪੰਚ) ਦਾ ਕਹਿਣਾ ਹੈ ਕਿ ਪਿੰਡ ਵਾਸੀ ਸਾਫ਼ ਸੁਥਰੇ ਵਾਤਾਵਰਨ ਵਿਚ ਸਾਹ ਲੈਣ ਸਕਣ, ਇਸ ਲਈ ਇਹ ਉੱਦਮ ਕੀਤਾ ਗਿਆ ਹੈ। ਪੰਚਾਇਤ ਚਾਹੁੰਦੀ ਹੈ ਕਿ ਬੱਲ੍ਹੋ ਦੀ ਹਦੂਦ ਵਿਚ ਖੇਤਾਂ ਵਿਚ ਕਿਧਰੇ ਵੀ ਪਰਾਲੀ ਨਾ ਸੜੇ।
ਦੱਸਣਯੋਗ ਹੈ ਕਿ ਪਿੰਡ ਬੱਲ੍ਹੋ ਦਾ ਕੁੱਲ 3276 ਏਕੜ ਰਕਬਾ ਹੈ ਅਤੇ ਪਿਛਲੇ ਸੀਜ਼ਨ ਵਿਚ 2430 ਏਕੜ ਵਿਚ ਪਰਾਲੀ ਨੂੰ ਕਿਸਾਨਾਂ ਨੇ ਸਾੜਿਆ ਸੀ ਅਤੇ ਕਰੀਬ 250 ਏਕੜ ਰਕਬੇ ਵਿਚ ਕਣਕ ਦੀ ਸਿੱਧੀ ਬਿਜਾਈ ਹੋਈ ਸੀ। ਸਹਿਕਾਰੀ ਸਭਾ ਬੱਲ੍ਹੋ ਦੇ ਸਕੱਤਰ ਭੁਪਿੰਦਰ ਸਿੰਘ ਚਾਉਕੇ ਨੇ ਦੱਸਿਆ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸੇਵਾ ਸੁਸਾਇਟੀ ਤਰਫ਼ੋਂ ਸਨਮਾਨਿਤ ਕੀਤਾ ਗਿਆ ਸੀ ਅਤੇ ਪਿੰਡ ਵਿਚ ਹੁਣ ਰੁੱਖ ਲਗਾਓ ਮੁਹਿੰਮ ਚੱਲ ਰਹੀ ਹੈ। ਇੱਕ ਸੁੰਦਰ ਪਾਰਕ ਵੀ ਬਣਾਇਆ ਜਾ ਰਿਹਾ ਹੈ। ਸੇਵਾ ਸੁਸਾਇਟੀ ਦੇ ਮੈਂਬਰ ਕਰਮਜੀਤ ਸਿੰਘ ਦੱਸਦੇ ਹਨ ਕਿ ਪਿੰਡ ਵਿਚ ਛੱਪੜਾਂ ਦੇ ਸੁਧਾਰ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਤੋਂ ਪਹਿਲਾਂ ਗਰਾਮ ਪੰਚਾਇਤ ਤੇ ਸੁਸਾਇਟੀ ਤਰਫ਼ੋਂ ਪਿੰਡ ਵਿਚ ਬਿਨਾਂ ਸਰਕਾਰੀ ਮਦਦ ਤੋਂ ਨਵਾਂ ਹਸਪਤਾਲ ਬਣਾਇਆ ਗਿਆ ਹੈ। ਗਰਾਮ ਪੰਚਾਇਤ ਵੱਲੋਂ ਝੋਨੇ ਦੀ ਕਟਾਈ ਸ਼ੁਰੂ ਹੋਣ ਮਗਰੋਂ ਪਿੰਡ ਵਿਚ ਰੋਜ਼ਾਨਾ ਪਰਾਲੀ ਨਾ ਸਾੜਨ ਦੀ ਮੁਨਿਆਦੀ ਕਰਾਈ ਜਾਵੇਗੀ ਅਤੇ ਘਰੋਂ ਘਰ ਜਾ ਕੇ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ। ਪਿੰਡ ਬੱਲ੍ਹੋ ਦੀ ਫਿਰਨੀ ’ਤੇ ਰੁੱਖ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਦਰਖ਼ਤਾਂ ਦੀ ਸਾਂਭ ਸੰਭਾਲ ਵੀ ਸੁਸਾਇਟੀ ਵੱਲੋਂ ਕੀਤੀ ਜਾਣੀ ਹੈ। ਪਿੰਡ ਬੱਲ੍ਹੋ ਦੇ ਡੇਅਰੀ ਕਾਰੋਬਾਰੀ ਜਸਵਿੰਦਰ ਸਿੰਘ ਸਿੰਦਾ ਦਾ ਕਹਿਣਾ ਸੀ ਕਿ ਇਹ ਉੱਦਮ ਕੋਈ ਹਵਾਈ ਨਹੀਂ ਹੈ ਬਲਕਿ ਹਕੀਕਤ ਵਿਚ ਸਭ ਨੂੰ ਦਿਖੇਗਾ।
No comments:
Post a Comment