ਛੁਪੇ ਰੁਸਤਮ
ਤੁਸੀਂ ਤਾਂ ਗਰੇਟ ਹੋ ਜੀ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਏਦਾਂ ਦੇ ਵੀ ਗੁਰੂ ਹਨ ਜਿਨ੍ਹਾਂ ਦੇ ਮਨ ’ਚ ਨਾ ਰੁਤਬੇ ਦੀ ਭੁੱਖ ਤੇ ਨਾ ਦੌਲਤ ਲਈ ਦੌੜ। ਉਨ੍ਹਾਂ ਲਈ ਬੱਸ ‘ਸ਼ਿਸ਼’ ਹੀ ਸਭ ਕੁਝ ਹਨ। ਅਧਿਆਪਨ ਦਾ ਅਜਿਹਾ ਜਨੂੰਨ ਹੈ ਕਿ ਉਹ ਬੱਚਿਆਂ ਵਿਚ ਹੀ ਰੱਬ ਦੇਖਦੇ ਹਨ। ਭਲਕੇ ਕੌਮੀ ਅਧਿਆਪਕ ਦਿਵਸ ਹੈ ਤੇ ਇਸ ਦਿਨ ਅਜਿਹੇ ਅਧਿਆਪਕਾਂ ਅੱਗੇ ਸੱਚਮੁਚ ਸਿਰ ਝੁਕਦਾ ਹੈ। ਬੋਪਾਰਾਏ ਕਲਾਂ (ਲੁਧਿਆਣਾ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਅਮਨਦੀਪ ਸਿੰਘ 2012 ਵਿਚ ਪੀਸੀਐੱਸ ਅਫ਼ਸਰ ਬਣਿਆ ਅਤੇ ਈਟੀਓ ਵਜੋਂ ਨੌਕਰੀ ਜੁਆਇਨ ਕੀਤੀ। ਜਦੋਂ ਦੇਖਿਆ ਕਿ ਮਹਿਕਮੇ ’ਚ ਸੇਵਾ ਘੱਟ ਤੇ ਮੇਵਾ ਵੱਧ ਹੈ ਤਾਂ ਨੌਕਰੀ ਛੱਡ ਕੇ ਪ੍ਰਿੰਸੀਪਲ ਬਣ ਗਿਆ। ਉਹ ਆਖਦਾ ਹੈ ਕਿ ਜਦੋਂ ਆਬਕਾਰੀ ਮਹਿਕਮੇ ’ਚ ਅਸੂਲ ਤਿੜਕਦੇ ਨਜ਼ਰ ਆਏ ਤੇ ਉਪਰੋਂ ਸਕੂਲੀ ਬੱਚਿਆਂ ਦੇ ਸੁਫਨੇ ਆਉਣ ਲੱਗੇ ਤਾਂ ਉਸ ਨੇ 2019 ਵਿਚ ਪ੍ਰਿੰਸੀਪਲ ਵਜੋਂ ਜੁਆਇਨ ਕਰ ਲਿਆ। ਉਸ ਦਾ ਮਿਸ਼ਨ ਹੈ ਕਿ ਗ਼ਰੀਬ ਘਰਾਂ ਦੇ ਬੱਚਿਆਂ ਦੇ ਚਿਹਰੇ ’ਤੇ ਖ਼ੁਸ਼ੀ ਦੇਖਣਾ ਤੇ ਬੱਚਿਆਂ ਨਾਲ ਬੱਚੇ ਬਣ ਕੇ ਰਹਿਣਾ। ਉਹ ਦੱਸਦਾ ਹੈ ਕਿ ਜਦੋਂ ਉਸ ਨੇ ਈਟੀਓ ਦੀ ਨੌਕਰੀ ਛੱਡੀ ਤਾਂ ਲੋਕ ਟਿੱਚਰਾਂ ਕਰਨ ਲੱਗੇ।
ਮੌੜ ਮੰਡੀ ਦਾ ਭੁਪਿੰਦਰ ਸਿੰਘ ਮਾਨ ਅਧਿਆਪਕ ਸੀ ਤੇ 2016 ਵਿਚ ਉਸ ਦੀ ਕੇਂਦਰ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ’ਚ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤੀ ਹੋਈ। ਡੇਢ ਸਾਲ ਮਗਰੋਂ ਮੁੜ ਅਧਿਆਪਨ ’ਚ ਪਰਤ ਆਇਆ। ਸਰਕਾਰੀ ਕੰਨਿਆ ਸੀਨੀਅਰ ਸਕੂਲ ਮੌੜ ਮੰਡੀ ’ਚ ਹੁਣ ਉਹ ਅੰਗਰੇਜ਼ੀ ਦਾ ਲੈਕਚਰਾਰ ਹੈ। ਭੁਪਿੰਦਰ ਆਖਦਾ ਹੈ ਕਿ ਕੋਆਰਡੀਨੇਟਰ ਵਜੋਂ ਰੁਤਬਾ ਵੱਡਾ ਸੀ ਤੇ ਤਨਖ਼ਾਹ ਵੱਧ ਸੀ ਪਰ ਉੱਥੇ ਕੁਰਸੀ ਨੂੰ ਸਤਿਕਾਰ ਸੀ, ਇਥੇ ਕੰਮ ਨੂੰ ਮਿਲਦਾ ਹੈ। ਬਠਿੰਡਾ ਦੇ ਪਿੰਡ ਪੂਹਲਾ ਦੇ ਸਕੂਲ ’ਚ ਲੈਕਚਰਾਰ ਵਜੋਂ ਤਾਇਨਾਤ ਮਨਦੀਪ ਸਿੰਘ ਨੇ ਪਹਿਲਾਂ ਬਤੌਰ ਪ੍ਰਾਇਮਰੀ ਅਧਿਆਪਕ ਨੌਕਰੀ ਸ਼ੁਰੂ ਕੀਤੀ। 2010 ਵਿਚ ਉਹ ਖ਼ੁਰਾਕ ਤੇ ਸਪਲਾਈ ਵਿਭਾਗ ਵਿਚ ਫੂਡ ਇੰਸਪੈਕਟਰ ਵਜੋਂ ਤਾਇਨਾਤ ਹੋ ਗਿਆ। 2016 ਵਿਚ ਉਸ ਨੇ ਫੂਡ ਇੰਸਪੈਕਟਰੀ ਛੱਡ ਕੇ ਸਰਕਾਰੀ ਸਕੂਲ ਵਿਚ ਲੈਕਚਰਾਰ ਵਜੋਂ ਜੁਆਇਨ ਕਰ ਲਿਆ। ਮਨਦੀਪ ਆਖਦਾ ਹੈ ਕਿ ਉਹ ਤਾਂ ਬਣਿਆ ਹੀ ਅਧਿਆਪਨ ਲਈ ਹੈ। ਇਹੋ ਕਹਾਣੀ ਫ਼ਾਜ਼ਿਲਕਾ ਦੇ ਪਿੰਡ ਅਸਲਾਮ ਵਾਲਾ ਦੇ ਅਧਿਆਪਕ ਸੰਦੀਪ ਕੁਮਾਰ ਆਰੀਆ ਦੀ ਹੈ। ਉਹ ਦੂਰਦਰਸ਼ਨ ਦੇ ਫ਼ਾਜ਼ਿਲਕਾ ਰਿਲੇਅ ਕੇਂਦਰ ਵਿਚ ਰੈਗੂਲਰ ਤਕਨੀਸ਼ੀਅਨ ਵਜੋਂ ਕੰਮ ਕਰਦਾ ਸੀ।
ਛੇ ਸਾਲ ਮਗਰੋਂ ਉਸ ਨੇ ਪ੍ਰਾਇਮਰੀ ਅਧਿਆਪਕ ਦੀ ਨੌਕਰੀ ਲੈ ਲਈ। ਉਹ ਬਤੌਰ ਤਕਨੀਸ਼ੀਅਨ ਰੈਗੂਲਰ ਸੀ, ਤਨਖ਼ਾਹ ਜ਼ਿਆਦਾ ਸੀ, ਨੌਕਰੀ ਵੀ ਘਰ ਦੇ ਨੇੜੇ ਸੀ ਪਰ ਉਹ ਸਭ ਕੁਝ ਤਿਆਗ ਕੇ ਫ਼ਾਜ਼ਿਲਕਾ ਤੋਂ 60 ਕਿਲੋਮੀਟਰ ਦੂਰ ਪੜ੍ਹਾਉਣ ਚਲਾ ਗਿਆ। ਉਹ 18 ਸਾਲ ਪਿੰਡ ਕੇਰੀਆਂ (ਫ਼ਾਜ਼ਿਲਕਾ) ਦੇ ਸਕੂਲ ਵਿੱਚ ਤਾਇਨਾਤ ਰਿਹਾ। ਉਹ ਦੱਸਦਾ ਹੈ ਕਿ ਅਕਤੂਬਰ ਤੋਂ ਮਾਰਚ ਤੱਕ ਉਹ ਪੰਜਵੀਂ ਜਮਾਤ ਨੂੰ ਦੀਵਾਲੀ, ਦਸਹਿਰੇ ਸਣੇ ਹਰ ਛੁੱਟੀ ਵਾਲੇ ਦਿਨ ਪੜ੍ਹਾਉਂਦਾ ਹੈ। ਉਹ ਦੱਸਦਾ ਹੈ ਕਿ ਉਸ ਅੰਦਰਲਾ ਅਧਿਆਪਕ ਉਸ ਨੂੰ ਇਨ੍ਹਾਂ ਬੱਚਿਆਂ ਤੱਕ ਖਿੱਚ ਲਿਆਇਆ। ਇਨ੍ਹਾਂ ਅਧਿਆਪਕਾਂ ਨੇ ਕਦੇ ਕਿਸੇ ਐਵਾਰਡ ਦੀ ਮੰਗ ਨਹੀਂ ਕੀਤੀ। ਉਹ ਆਪਣਾ ਜਨੂਨ ਪੁਗਾ ਰਹੇ ਹਨ, ਇੱਕ ਛੁਪੇ ਰੁਸਤਮ ਵਾਂਗ।ਬਠਿੰਡਾ ਦੇ ਪਿੰਡ ਲਹਿਰਾ ਸੌਂਧਾ ਦਾ ਹਿੰਦੀ ਅਧਿਆਪਕ ਸੰਦੀਪ ਕੁਮਾਰ ਰਾਮਪੁਰਾ ਵੀ ਅਧਿਆਪਨ ਦਾ ਸ਼ੁਦਾਈ ਹੈ। ਉਹ 2010 ’ਚ ਫੂਡ ਇੰਸਪੈਕਟਰ ਲੱਗ ਗਿਆ। ਉਹ ਆਖਦਾ ਹੈ ਕਿ ਫੂਡ ਇੰਸਪੈਕਟਰੀ ਨੇ ਪੜ੍ਹਨ ਦਾ ਸ਼ੌਕ ਹੀ ਮਾਰ ਦਿੱਤਾ। ਉਹ ਮੁੜ ਅਧਿਆਪਕ ਭਰਤੀ ਹੋ ਗਿਆ। ਪ੍ਰਿੰਸੀਪਲ ਦੀ ਭਰਤੀ ਲਈ ਹੋਈ ਪ੍ਰੀਖਿਆ ਵਿਚ ਉਹ ਸਿਖਰਲਿਆਂ ਵਿਚ ਹੈ। ਅਜਿਹੇ ਅਧਿਆਪਕ ਪੈਸੇ ਦੀ ਦੌੜ ਛੱਡ ਕੇ ਬੱਚਿਆਂ ਦੇ ਦਿਲਾਂ ’ਚ ਦਾਖਲ ਹੋ ਗਏ ਹਨ।
ਜਿਨ੍ਹਾਂ ਅਧਿਆਪਕਾਂ ਪਿੱਛੇ ਐਵਾਰਡ ਦੌੜਦੇ ਹਨ..!
ਜਦੋਂ ਅਧਿਆਪਕ ਪੁਰਸਕਾਰ ਲੈਣ ਲਈ ਦੌੜ ਲਾ ਰਹੇ ਹੋਣ ਤਾਂ ਅਜਿਹੇ ਅਧਿਆਪਕ ਵੀ ਹਨ ਜਿਨ੍ਹਾਂ ਨੂੰ ਸਰਕਾਰ ਘਰੋਂ ਆਵਾਜ਼ਾਂ ਮਾਰ ਕੇ ਐਵਾਰਡ ਦਿੰਦੀ ਹੈ। ਫ਼ਾਜ਼ਿਲਕਾ ਦੇ ਪਿੰਡ ਢਾਣੀ ਨੱਥਾ ਸਿੰਘ ਦਾ ਅਧਿਆਪਕ ਪ੍ਰਭਦੀਪ ਸਿੰਘ ਜਿਸ ਨੇ ਕਦੇ ਐਵਾਰਡ ਲਈ ਅਪਲਾਈ ਹੀ ਨਹੀਂ ਕੀਤਾ। ਪਹਿਲਾਂ ਸਰਕਾਰ ਨੇ 2018 ਵਿਚ ਐਵਾਰਡ ਲਈ ਹਾਕ ਮਾਰੀ ਪਰ ਉਹ ਨਾ ਆਇਆ। ਹੁਣ ਸਰਕਾਰ ਨੇ ਉਸ ਦਾ ਬਿਨਾਂ ਅਪਲਾਈ ਕੀਤੇ ਐਵਾਰਡ ਐਲਾਨਿਆ ਹੈ। ਕੌਮਾਂਤਰੀ ਸੀਮਾ ’ਤੇ ਪੈਂਦੇ ਇਸ ਸਕੂਲ ’ਚ ਜਾਣ ਲਈ ਕਈ ਵਾਰੀ ਕਿਸ਼ਤੀ ਵਿਚ ਬੈਠ ਕੇ ਜਾਣਾ ਪੈਂਦਾ ਹੈ। ਇਸ ਸਕੂਲ ’ਚ ਪੰਜ ਅਧਿਆਪਕ ਹਨ ਅਤੇ ਸਾਰੇ ਅਧਿਆਪਕ ਪ੍ਰਤੀ ਮਹੀਨਾ ਇੱਕ-ਇੱਕ ਹਜ਼ਾਰ ਰੁਪਏ ਸਕੂਲ ਨੂੰ ਦਸਵੰਧ ਵਜੋਂ ਦਿੰਦੇ ਹਨ। ਉਨ੍ਹਾਂ ਮੁੱਲ ਜਗ੍ਹਾ ਲੈ ਕੇ ਸਕੂਲ ਖੜ੍ਹਾ ਕਰ ਦਿੱਤਾ। ਇਸ ਦਾ ਇੰਨਾ ਨਾਂ ਹੋਇਆ ਕਿ ਲੋਕ ਇਸ ਸਕੂਲ ਵਿਚ ਸੈਲਫੀ ਲੈਣ ਲਈ ਵੀ ਆਉਂਦੇ ਹਨ। ਇਸ ਸਕੂਲ ਦੀ ਇੰਨੀ ਦੇਣ ਹੈ ਕਿ ਪਿੰਡ ਸ਼ਰਾਬ, ਜੂਏ ਅਤੇ ਲੜਾਈ ਝਗੜੇ ਤੋਂ ਦੂਰ ਹੋਣ ਲੱਗਾ ਹੈ। ਇਸੇ ਤਰ੍ਹਾਂ ‘ਪੜ੍ਹੋ ਪੰਜਾਬ’ ਦੇ ਜ਼ਿਲ੍ਹਾ ਪਟਿਆਲਾ ਦੇ ਕੋਆਰਡੀਨੇਟਰ ਰਾਜਵੰਤ ਸਿੰਘ ਨੂੰ ਵੀ ਬਿਨਾਂ ਅਪਲਾਈ ਕੀਤੇ ਭਲਕੇ ਐਵਾਰਡ ਦਿੱਤਾ ਜਾਣਾ ਹੈ। ਏਦਾਂ ਦੇ ਕਿੰਨੇ ਹੀ ਅਧਿਆਪਕ ਹਨ ਜਿਨ੍ਹਾਂ ਦਾ ਕੰਮ ਦੇਖ ਕੇ ਮਹਿਕਮੇ ਦਾ ਸਿਰ ਉੱਚਾ ਹੁੰਦਾ ਹੈ।
No comments:
Post a Comment