Friday, November 25, 2022

                                             ਜੇਹੀ ਫਰਾਰੀ, ਤੇਹਾ ਸਰਾਰੀ..
ਚਰਨਜੀਤ ਭੁੱਲਰ

ਸੌ ਹੱਥ ਰੱਸਾ ਸਿਰੇ ’ਤੇ ਗੰਢ। ਜਿੱਦਾਂ ਲੱਖਾਂ ਚੋਂ ਇੱਕੋ ਗੱਡੀ ‘ਫਰਾਰੀ’ ਹੈ। ਬੱਸ ਉਦਾਂ ਹੀ ‘ਰੰਗਲੇ ਪੰਜਾਬ’ ਕੋਲ ‘ਸਰਾਰੀ’ ਹੈ। ਨਾ ਕੋਈ ਵਿੰਗ-ਵਲ, ਨਾ ਕੋਈ ਗਰੂਰ। ਓਹ ਸੱਤਾ ਹੀ ਕਾਹਦੀ, ਜਿਹੜੀ ਦੇਵੇ ਨਾ ਸਰੂਰ। ਜ਼ਰੂਰ ਲਾਡ ’ਚ ਮਾਪੇ ‘ਬੀਬਾ ਰਾਣਾ’ ਆਖਦੇ ਹੋਣਗੇ। ਤਾਹੀਂ ਪਿੰਡ ਰਾਣਾ ਪੰਜ ਗਰਾਈਂ (ਗੁਰੂਹਰਸਹਾਏ) ਵਾਲੇ ਮਾਣ ਨਾਲ ‘ਫੌਜਾ ਸਿੰਘ ਰਾਣਾ’ ਆਖ ਬੁਲਾਉਂਦੇ ਨੇ। ਅਸਾਡੇ ਕੈਬਨਿਟ ਮੰਤਰੀ ਨੇ, ਆਪਾਂ ਤਾਂ ‘ਫੌਜਾ ਸਿੰਘ ਸਰਾਰੀ’ ਹੀ ਆਖਾਂਗੇ।
ਸ਼ੇਕਸਪੀਅਰ ਸੱਚ ਆਖਦੈ ਕਿ ਬਈ ‘ਨਾਮ ’ਚ ਕੀ ਰੱਖਿਆ’। ਗੁਲਾਬ ਨੂੰ ਕੁਝ ਵੀ ਆਖੋ, ਖ਼ੁਸ਼ਬੂ ਤਾਂ ਉਹੀ ਰਹੇਗੀ। ਸਰਾਰੀ ਬਾਗ਼ਬਾਨੀ ਮੰਤਰੀ ਹੋਣ, ਕੋਈ ਮਹਿਕ ਨਾ ਛੱਡਣ, ਏਹ ਕਿਵੇਂ ਹੋ ਸਕਦੈ। ਚਲੋ ਤੁਸੀਂ ਹੀ ਦੱਸੋ, ਮਾਇਆ ਦੇ ਦਰਿਆ ਵਗਦੇ ਪਏ ਹੋਣ, ਸਰਾਰੀ ਸਾਹਿਬ ਕਿਨਾਰੇ ਖੜ੍ਹੇ ਹੋਣ, ਫੇਰ ਵੀ ਹੱਥ ਨਾ ਧੋਣ, ਤੁਸੀਂ ਫੇਰ ਮੂਰਖ ਆਖਣਾ ਸੀ। ਓਸ ਭਲੇ ਬੰਦੇ ਨੇ ਹੱਥ ਤਾਂ ਦੂਰ , ਹਾਲੇ ਦਰਿਆ ’ਚ ਉਂਗਲ ਡਬੋਣ ਦਾ ਮਨ ਹੀ ਬਣਾਇਆ ਸੀ। ਵਿਰੋਧੀਆਂ ਨੇ ਪੰਜਾਬ ਸਿਰ ’ਤੇ ਚੁੱਕ ਲਿਐ, ਅਖੇ ਸਰਾਰੀ ਨੂੰ ਕੈਬਨਿਟ ਚੋਂ ਕੱਢੋ।
ਮੂਰਖ ਦਾਸੋ! ਉਸ ਨੇਕ ਰੂਹ ਨੇ ਕਿਹੜਾ ਮਾਇਆ ਦੇ ਦਰਿਆ ’ਚ ਡੁਬਕੀ ਮਾਰ ਲਈ। ਬੱਸ ਆਪਣੇ ਨੇੜਲੇ ਤਰਸੇਮ ਕਪੂਰ ਨਾਲ ‘ਪੰਜ ਇਸ਼ਨਾਨਾਂ’ ਕਰਨ ਦਾ ਮਸ਼ਵਰਾ ਹੀ ਕੀਤਾ ਸੀ। ਤਰਸੇਮ ਕਪੂਰ, ਤੂੰ ਜ਼ਰੂਰ ਭੁਗਤੇਗਾ, ਸਰਾਰੀ ’ਤੇ ਇਲਜ਼ਾਮ ਲਾ’ਤੇ। ਆਡੀਓ ਕਲਿੱਪ ਵਾਇਰਲ ਕਰਤੀ ਅਖੇ ਸਰਾਰੀ ਤਾਂ ਪੈਸਿਆਂ ਦੀ ਸੌਦੇਬਾਜ਼ੀ ਕਰਦੈ। ਸਿਆਣੇ ਆਖਦੇ ਨੇ ਕਿ ਸਨਮਾਨ ਦੀਆਂ ਕੁਰਸੀਆਂ ’ਤੇ ਬੈਠੇ ਸਾਰੇ ਮਾਣਯੋਗ ਨਹੀਂ ਹੁੰਦੇ। ਚੰਦਰੇ ਕਪੂਰ ਨੇ ਸਰਾਰੀ ਦੀ ਝੋਲੀ ਬਦਨਾਮੀ ਦੀਆਂ ਮੀਂਗਣਾ ਪਾਉਣ ਦੀ ਬਥੇਰੀ ਕੋਸ਼ਿਸ਼ ਕੀਤੀ। ਕਪੂਰ ਕੀ ਜਾਣੇ, ਜਿਹਦਾ ਤਪ ਤੇਜ਼ ਹੁੰਦੈ, ਉਹਨੂੰ ਕੇਜਰੀਵਾਲ ਹੱਥ ਦੇ ਕੇ ਰੱਖ ਲੈਂਦੇ।
ਮਾਨਸਾ ਵਾਲਾ ਡਾ.ਵਿਜੇ ਸਿੰਗਲਾ ਜ਼ਰੂਰ ਸੋਚਦਾ ਹੋਊ ਕਿ ਸਾਡੇ ਵਾਰੀ ਕੀ ਬਿੱਲੀ ਛਿੱਕ ਗਈ ਸੀ। ਦੱਸੋਂ ਭਲਾ, ਏਸ ਡਾ.ਵਿਜੇ ਨੂੰ ਕੌਣ ਸਮਝਾਏ। ਕੇਜਰੀਵਾਲ ਕਿੰਨੇ ਵੱਡੇ ਜੌਹਰੀ ਨੇ, ਜਿਨ੍ਹਾਂ ਝੱਟ ਪਛਾਣ ਲਿਆ ਕਿ ਸਰਾਰੀ ਵਰਗਾ ਹੀਰਾ ਪੰਜਾਬ ਨੂੰ ਮੁੜ ਨਹੀਓਂ ਲੱਭਣਾ। ਵਿਰੋਧੀਓ! ਛੱਜ ਤਾਂ ਬੋਲੇ.. ਛਾਨਣੀ ਵੀ, ਚਲੋ ਛੱਡੋ ਜੀ..। ਰਾਘਵ ਚੱਡਾ ਨੇ ਕੇਜਰੀਵਾਲ ਦੇ ਜ਼ਰੂਰ ਕੰਨ ’ਚ ਕਿਹਾ ਹੋਊ, ‘ਸਰਾਰੀ ਦੀ ਛੁੱਟੀ ਕਰ’ਤੀ ਤਾਂ ਪੰਜਾਬ ਦੇ ਬਾਗ ਉਜੜ ਜਾਣਗੇ।’ ‘ਸੱਚ ਕਹੇ ਮੈਂ ਨੰਗਾ ਚੰਗਾ’।
ਬਾਗਬਾਨੀ ਮੰਤਰੀ ਸਰਾਰੀ ਨੂੰ ਬਿਨਾਂ ਮੰਗੀ ਸਲਾਹ ਦਿੰਦੇ ਹਾਂ। ਮੰਤਰੀ ਸਾਹਿਬ, ਦੱਬ ਕੇ ਕਰੋ ਉਦਘਾਟਨ, ਨਾਲੇ ਮੀਟਿੰਗਾਂ, ਹੁਣ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ, ਥੋਡੀ ਹਵਾ ਵੱਲ ਵੀ ਝਾਕ ਜਾਏ। ਵਾਲ ਵਿੰਗਾਂ ਨਹੀਂ ਹੋਣ ਦਿਆਂਗੇ, ਏਨਾ ਕੁ ਖਿਆਲ ਰੱਖਣਾ ਕਿ ਜਦੋਂ ਦਰਿਆ ਕੋਲ ਜਾਣ ਨੂੰ ਦਿਲ ਕਰੇ, ਥੋੜਾ ਰਾਤ ਬਰਾਤੇ ਗੇੜਾ ਮਾਰ ਆਇਓ। ਪੰਜ ਦਰਿਆਵਾਂ ਨੂੰ ਛੱਡੋ, ਪੰਜਾਬ ’ਚ ਬੇਈਮਾਨੀ ਦਾ ਦਰਿਆ ਜ਼ਰੂਰ ਸ਼ੂਕਣ ਲੱਗਿਐ। ਨਾਲੇ ਵਿਰੋਧੀਆਂ ਨੂੰ ਵੱਧ ਪਤੈ ਕਿ ਸ਼ੂਕਦੇ ਦਰਿਆਵਾਂ ਨੂੰ ਠੱਲ ਨਹੀਂ ਪੈਂਦੀ।
ਮੁੱਖ ਮੰਤਰੀ ਨੇ ਵਚਨ ਦਿੱਤਾ ਸੀ, ‘ਤੁਸੀਂ ਵੀ ਦੀਵਾਲੀ ਮਨਾਓ, ਸਰਾਰੀ ਨੂੰ ਵੀ ਮਨਾਉਣ ਦਿਓ।’ ਏਹ ਪੰਜਾਬ ਐ, ਇੰਗਲੈਂਡ ’ਚ ਆਖਿਐ ਜਾਂਦੈ, ‘ਮਲਕਾ ਦਾ ਰਾਜ ਸਲਾਮਤ ਰਹੇ।’ ਫੌਜਾ ਸਿੰਘ ਜੀ, ਯੁੱਗ ਯੁਗ ਜੀਵੋ, ਹਰ ਸਾਲ ਵਿਸਾਖੀ ਵੀ ਮਨਾਓ,ਦੀਵਾਲ਼ੀ ਵੀ ਮਨਾਓ। ਤੁਸੀਂ ਪੰਜਾਬ ਦੇ ਕੋਹੇਨੂਰ ਹੀਰੇ ਹੋ, ਰੱਖਿਆ ਮਹਿਕਮੇ ਦੇ ਵੀ ਮੰਤਰੀ ਹੋ, ਨਾਲੇ ਤੁਸੀਂ ਕਿਹੜਾ ਤਾਬੂਤਾਂ ਚੋਂ ਪੈਸੇ ਖਾ ਲਏ ਨੇ। ਐਵੇਂ ਤਰਸੇਮ ਕਪੂਰ ਨਾਲ ਮਸ਼ਵਰਾ ਕਰਨ ਦੀ ਭੁੱਲ ਕਰ ਬੈਠੇ।
ਅੱਗੇ ਠੰਡ ਵਧਣੀ ਐ। ਕਿਤੇ ਚਰਨਜੀਤ ਚੰਨੀ ਵਾਂਗੂ ਚਿੱਟੀ ਚਾਦਰ ਨਾ ਲੈ ਲੈਣਾ। ਪਾਲਾ ਲੱਗੇ ਤਾਂ ਲੋਈ ਲੈਣਾ, ਲੋਈ ’ਤੇ ਕੋਈ ਦਾਗ ਨਹੀਂ ਚਮਕਣਾ। ਸਾਈਂ ਸਾਹ ਹੁਸੈਨ ਦਾ ਮਸ਼ਵਰਾ ਪੱਲੇ ਬੰਨ੍ਹ ਰੱਖਣਾ, ‘ਚਿੱਟੀ ਚਾਦਰ ਲਾਹ ਸੁੱਟ ਕੁੜੀਏ, ਪਹਿਨ ਫਕੀਰਾਂ ਦੀ ਲੋਈ, ਚਿੱਟੀ ਚਾਦਰ ਨੂੰ ਦਾਗ ਹਜ਼ਾਰਾਂ, ਲੋਈ ਨੂੰ ਦਾਗ ਨਾ ਕੋਈ।’
(24 ਨਵੰਬਰ 2022)

No comments:

Post a Comment