Monday, November 28, 2022

                                                     ਕਿਫ਼ਾਇਤੀ ਮੁਹਿੰਮ
                         ਵਜ਼ੀਰਾਂ ਨੂੰ ਸਰਕਟ ਹਾਊਸਾਂ ’ਚ ਠਹਿਰਨ ਦੇ ਹੁਕਮ
                                                     ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਸਰਕਾਰ ਕਿਫ਼ਾਇਤੀ ਮੁਹਿੰਮ ਤਹਿਤ ਹੁਣ ਪੰਜ ਤਾਰਾ ਹੋਟਲ ਸੱਭਿਆਚਾਰ ਨੂੰ ਖ਼ਤਮ ਕਰੇਗੀ ਤਾਂ ਜੋ ਸਰਕਾਰੀ ਖ਼ਜ਼ਾਨੇ ਤੋਂ ਬੋਝ ਘਟਾਇਆ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਸਾਰੇ ਵਜ਼ੀਰਾਂ ਨੂੰ ਹੁਕਮ ਦਿੱਤਾ ਹੈ ਕਿ ਜਦੋਂ ਵੀ ਫ਼ੀਲਡ ਵਿੱਚ ਜਾਣ ਤਾਂ ਉਹ ਸਰਕਟ ਹਾਊਸਾਂ ਜਾਂ ਸਰਕਾਰੀ ਗੈਸਟ ਹਾਊਸਾਂ ’ਚ ਠਹਿਰਨ। ਕੈਬਨਿਟ ਵਜ਼ੀਰਾਂ ਨੂੰ ਪੰਜ ਤਾਰਾ ਹੋਟਲਾਂ ’ਚ ਠਹਿਰਨ ਤੋਂ ਗੁਰੇਜ਼ ਕਰਨ ਵਾਸਤੇ ਆਖਿਆ ਹੈ। ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਦਫ਼ਤਰ ਵੱਲੋਂ ਲਿਖਤੀ ਹੁਕਮ ਵੀ ਜਾਰੀ ਕੀਤੇ ਜਾਣੇ ਹਨ। ਮੁੱਖ ਮੰਤਰੀ ਦਫ਼ਤਰ ਨੇ ਸਾਰੇ ਸਰਕਟ ਹਾਊਸਾਂ ਤੇ ਸਰਕਾਰੀ ਗੈਸਟ ਹਾਊਸਾਂ ਨੂੰ ਸੁਰਜੀਤ ਕਰਨ ਦੀ ਵਿਉਂਤਬੰਦੀ ਕੀਤੀ ਹੈ। ਸਾਰੇ ਵਿਭਾਗਾਂ ਤੋਂ ਰੈਸਟ ਹਾਊਸਾਂ ਦੇ ਵੇਰਵੇ ਹਾਸਲ ਕੀਤੇ ਗਏ ਹਨ। ਖੰਡਰ ਬਣ ਰਹੇ ਰੈਸਟ ਹਾਊਸਾਂ ਦੀ ਮੁਰੰਮਤ ਕੀਤੀ ਜਾਣੀ ਹੈ। ਕੈਬਨਿਟ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਸਰਕਾਰੀ ਕੰਮਕਾਰ ਸਰਕਟ ਹਾਊਸਾਂ ’ਚੋਂ ਕਰਨ ਵਾਸਤੇ ਕਿਹਾ ਗਿਆ ਹੈ।

         ਨਵੀਂ ਯੋਜਨਾਬੰਦੀ ਵਿੱਚ ਰੈਸਟ ਹਾਊਸਾਂ ਨੂੰ ਆਮ ਲੋਕਾਂ ਲਈ ਵੀ ਖੋਲ੍ਹਿਆ ਜਾਣਾ ਹੈ ਤਾਂ ਜੋ ਉਹ ਵੀ ਬੁਕਿੰਗ ਕਰਾ ਸਕਣ। ਸੂਤਰਾਂ ਅਨੁਸਾਰ ਕੈਬਨਿਟ ਮੰਤਰੀਆਂ ਨੂੰ ਸਰਕਟ ਹਾਊਸਾਂ ਦਾ ਗੇੜਾ ਰੱਖਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਵੀ 20 ਅਕਤੂਬਰ ਨੂੰ ਪਟਿਆਲਾ ਦੇ ਸਰਕਟ ਹਾਊਸ ਦਾ ਦੌਰਾ ਕੀਤਾ ਸੀ। ਪੰਜਾਬ ਵਿਚ ਸੱਤ ਸਰਕਟ ਹਾਊਸ ਹਨ ਜਦਕਿ ਰੈਸਟ ਹਾਊਸਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਨਹਿਰ ਮਹਿਕਮੇ ਵੱਲੋਂ ਇਕੱਠੇ ਕੀਤੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ 227 ਰੈਸਟ ਹਾਊਸ ਹਨ ਜੋ ਵਰ੍ਹਿਆਂ ਪੁਰਾਣੇ ਬਣੇ ਹੋਏ ਹਨ। ਇਨ੍ਹਾਂ ’ਚੋਂ 24 ਰੈਸਟ ਹਾਊਸ ਤਾਂ ਕੌਮੀ ਸੜਕ ਮਾਰਗਾਂ ਜਾਂ ਸਟੇਟ ਹਾਈਵੇਅ ’ਤੇ ਬਣੇ ਹੋਏ ਹਨ। 1997-98 ਵਿਚ ਤਤਕਾਲੀ ਸਰਕਾਰ ਨੇ ਕਰੀਬ 14 ਨਹਿਰੀ ਆਰਾਮ ਘਰ ਨਿਲਾਮ ਵੀ ਕਰ ਦਿੱਤੇ ਸਨ। ਅੱਜ ਬਹੁਤੇ ਨਹਿਰੀ ਆਰਾਮ ਘਰ ਖੰਡਰ ਹੋ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਸਰਕਾਰ ਇਨ੍ਹਾਂ ਆਰਾਮ ਘਰਾਂ ਦੀ ਮੁਰੰਮਤ ਕਰਾਉਣ ਦੀ ਯੋਜਨਾ ਬਣਾ ਰਹੀ ਹੈ।

         ਜੰਗਲਾਤ ਵਿਭਾਗ ਦੇ ਕਾਫ਼ੀ ਰੈਸਟ ਹਾਊਸ ਚਾਲੂ ਹਾਲਤ ’ਚ ਹਨ। ਲੋਕ ਨਿਰਮਾਣ ਵਿਭਾਗ ਦੇ 25 ਸਰਕਟ ਹਾਊਸ/ਗੈੱਸਟ ਹਾਊਸ ਮੌਜੂਦ ਹਨ ਜਿਨ੍ਹਾਂ ’ਚੋਂ ਕੁਝ ਕੁ ਪੁਲੀਸ ਦੇ ਕਬਜ਼ੇ ਹੇਠ ਹਨ। ਬਠਿੰਡਾ ਵਿਚਲੇ ਗੈਸਟ ਹਾਊਸ ਪੁਲੀਸ ਅਫ਼ਸਰਾਂ ਦੇ ਕਬਜ਼ੇ ਹੇਠ ਹਨ। ਪੰਜਾਬ ਮੰਡੀ ਬੋਰਡ ਦੇ ਪੁਰਾਣੇ ਕਿਸਾਨ ਆਰਾਮ ਘਰ ਬਣੇ ਹੋਏ ਹਨ ਜਿਨ੍ਹਾਂ ਵਿੱਚ ਹੁਣ ਪੁਲੀਸ ਅਫ਼ਸਰਾਂ ਦੇ ਦਫ਼ਤਰ ਵੀ ਚੱਲ ਰਹੇ ਹਨ। ਇਸੇ ਤਰ੍ਹਾਂ ਪਾਵਰਕੌਮ ਦੇ ਕਈ ਰੈਸਟ ਹਾਊਸ ਸਿਆਸੀ ਆਧਾਰ ’ਤੇ ਬਣੇ ਹੋਣ ਕਰਕੇ ਪੂਰੀ ਤਰ੍ਹਾਂ ਵਰਤੋਂ ਵਿੱਚ ਨਹੀਂ ਆ ਰਹੇ। ਪਿੰਡ ਬਾਦਲ ਵਿਚ 1997-98 ਵਿੱਚ ਪਾਵਰਕੌਮ ਦਾ ਬਹੁ-ਮੰਜ਼ਿਲਾ ਰੈਸਟ ਹਾਊਸ ਬਣਿਆ ਸੀ ਜਿਸ ਦੇ ਨਿਰਮਾਣ ’ਤੇ ਹੁਣ ਤੱਕ ਕਰੀਬ ਦੋ ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ। ਇਸ ਰੈਸਟ ਹਾਊਸ ਵਿੱਚ ਠਹਿਰਨ ਵਾਲੇ ਮਹਿਮਾਨਾਂ ਦੀ ਗਿਣਤੀ ਸਿਫਰ ਵਰਗੀ ਹੈ। ਬਠਿੰਡਾ ਵਿਚ ਪਾਵਰਕੌਮ ਦੇ ਪਹਿਲਾਂ ਹੀ ਗੈੱਸਟ ਹਾਊਸ ਮੌਜੂਦ ਸੀ ਜਿਸ ਦੇ ਨੇੜੇ ਹੀ ਝੀਲਾਂ ’ਤੇ 7 ਕਰੋੜ ਰੁਪਏ ਰੈਨੋਵੇਸ਼ਨ ’ਤੇ ਖ਼ਰਚ ਕਰਕੇ ਲੇਕਵਿਊ ਗੈਸਟ ਹਾਊਸ ਬਣਾਇਆ ਗਿਆ ਹੈ। 

         ਲਹਿਰਾ ਮੁਹੱਬਤ ਤਾਪ ਬਿਜਲੀ ਘਰ ’ਚ ਗੈਸਟ ਹਾਊਸ ਸੀ ਅਤੇ ਇਸ ਦੇ ਨੇੜੇ ਭਗਤਾ ਭਾਈਕਾ ’ਚ ਪਾਵਰਕੌਮ ਨੇ ਗੈੱਸਟ ਹਾਊਸ ਦਿੱਤਾ। ਪਾਵਰਕੌਮ ਦੇ ਬਹੁਤੇ ਗੈਸਟ ਹਾਊਸ ਅੱਜ ਖ਼ਰਚੇ ਦਾ ਘਰ ਬਣੇ ਹੋਏ ਹਨ ਜਿੱਥੇ ਠਹਿਰਨ ਵਾਲੇ ਮਹਿਮਾਨਾਂ ਦੀ ਗਿਣਤੀ ਨਾਮਾਤਰ ਹੈ। ਪੰਜਾਬ ਸਰਕਾਰ ਇਨ੍ਹਾਂ ਸਾਰੇ ਰੈਸਟ ਹਾਊਸਾਂ ਨੂੰ ਵਰਤੋਂ ਵਿਚ ਲਿਆਉਣਾ ਚਾਹੁੰਦੀ ਹੈ।ਇੱਕ ਸਮਾਂ ਸੀ ਜਦੋਂ ਮੁੱਖ ਮੰਤਰੀ ਅਤੇ ਵਜ਼ੀਰ ਸ਼ਹਿਰਾਂ ਦੇ ਦੌਰਿਆਂ ਮੌਕੇ ਸਭ ਤੋਂ ਪਹਿਲਾਂ ਸਰਕਟ ਹਾਊਸ ਜਾਂਦੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਸਰਕਟ ਹਾਊਸ ਵਿੱਚ ਠਹਿਰਦੇ ਰਹੇ ਹਨ ਪਰ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਪੰਜ ਤਾਰਾ ਹੋਟਲਾਂ ਨੂੰ ਤਰਜੀਹ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਅਰਸਾ ਪਹਿਲਾਂ ਕੇਂਦਰੀ ਵਜ਼ੀਰਾਂ ਅਤੇ ਅਫ਼ਸਰਾਂ ਨੂੰ ਪੰਜ ਤਾਰਾ ਹੋਟਲਾਂ ਤੋਂ ਦੂਰ ਰਹਿਣ ਦੇ ਫ਼ਰਮਾਨ ਦਿੱਤੇ ਸਨ।

                              ਆਮ ਆਦਮੀ ਸੱਭਿਆਚਾਰ ਮਜ਼ਬੂਤ ਹੋਵੇਗਾ: ਧਾਲੀਵਾਲ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਕੈਬਨਿਟ ਦੇ ਸਾਰੇ ਮੰਤਰੀ ਇਸ ਫ਼ੈਸਲੇ ਨੂੰ ਮੰਨਣ ਲਈ ਪਾਬੰਦ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਆਦਮੀ ਦਾ ਸੱਭਿਆਚਾਰ ਮਜ਼ਬੂਤ ਹੋਵੇਗਾ ਅਤੇ ਕਿਸੇ ਤਰ੍ਹਾਂ ਦਾ ਵਾਧੂ ਬੋਝ ਵੀ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਬਹੁਤੇ ਮੰਤਰੀ ਤਾਂ ਪਹਿਲਾਂ ਹੀ ਸਰਕਟ ਹਾਊਸਾਂ ਵਿਚ ਠਹਿਰਦੇ ਹਨ।

No comments:

Post a Comment